Breaking News
Home / ਹਫ਼ਤਾਵਾਰੀ ਫੇਰੀ / ਓਨਟਾਰੀਓ ਇਲੈਕਸ਼ਨ 2022

ਓਨਟਾਰੀਓ ਇਲੈਕਸ਼ਨ 2022

ਪੀਸੀ ਪਾਰਟੀ ਦੀ ਲੀਡ ਬਰਕਰਾਰ-ਡੈਲ ਡੂਕਾ ਦੇ ਸਮਰਥਨ ਵਿਚ ਹੋ ਰਿਹਾ ਹੈ ਇਜਾਫ਼ਾ : ਨੈਨੋਜ
ਓਨਟਾਰੀਓ/ਬਿਊਰੋ ਨਿਊਜ਼ : ਨਵੇਂ ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ ਪ੍ਰੋਗਰੈਸਿਵ ਕੰਸਰਵੇਟਿਵ ਇੱਕ ਹਫਤੇ ਤੋਂ ਚੱਲ ਰਹੀ ਕੈਂਪੇਨਿੰਗ ਵਿੱਚ ਹੋਰਨਾਂ ਪਾਰਟੀਆਂ ਦੇ ਮੁਕਾਬਲੇ ਲੀਡ ਵਿੱਚ ਹੀ ਬਣੇ ਹੋਏ ਹਨ। ਦੂਜੇ ਪਾਸੇ ਲਿਬਰਲ ਆਗੂ ਵੱਲੋਂ ਕੀਤੀ ਜਾ ਰਹੀ ਅਪੀਲ ਦਾ ਕਾਫੀ ਅਸਰ ਵੇਖਣ ਨੂੰ ਮਿਲ ਰਿਹਾ ਹੈ।
ਨੈਨੋਜ ਵੱਲੋਂ ਕਰਵਾਏ ਗਏ ਸਰਵੇਖਣ ਅਨੁਸਾਰ 29 ਫੀਸਦੀ ਲੋਕਾਂ ਦਾ ਕਹਿਣਾ ਹੈ ਕਿ ਪ੍ਰੀਮੀਅਰ ਵਜੋਂ ਅਜੇ ਵੀ ਲੋਕਾਂ ਦੀ ਪਹਿਲੀ ਪਸੰਦ ਫੋਰਡ ਬਣੇ ਹੋਏ ਹਨ ਜਦਕਿ ਲਿਬਰਲ ਆਗੂ ਡੈਲ ਡੂਕਾ ਨੂੰ 24.1 ਫੀਸਦੀ ਲੋਕ ਪ੍ਰੀਮੀਅਰ ਵਜੋਂ ਵੇਖਣਾ ਚਾਹੁੰਦੇ ਹਨ, 20.3 ਫੀ ਸਦੀ ਲੋਕ ਐਨਡੀਪੀ ਆਗੂ ਐਂਡਰੀਆ ਹੌਰਵਥ ਨੂੰ ਪ੍ਰੀਮੀਅਰ ਵਜੋਂ ਵੇਖਣਾ ਚਾਹੁੰਦੇ ਹਨ ਤੇ ਚਾਰ ਫੀਸਦੀ ਗ੍ਰੀਨ ਆਗੂ ਮਾਈਕ ਸਰੇਨਰ ਨੂੰ ਆਪਣਾ ਆਗੂ ਬਣਿਆ ਵੇਖਣਾ ਚਾਹੁੰਦੇ ਹਨ।
ਡੈਲ ਡੂਕਾ ਨੂੰ 17 ਫੀਸਦੀ ਸਮਰਥਨ ਹੀ ਮਿਲ ਰਿਹਾ ਸੀ ਤੇ ਹੁਣ ਉਨ੍ਹਾਂ ਨੂੰ ਮਿਲਣ ਵਾਲੇ ਸਮਰਥਨ ਵਿੱਚ ਸੱਤ ਅੰਕਾਂ ਦਾ ਇਜਾਫਾ ਹੋਇਆ ਹੈ। ਉਦੋਂ ਤੋਂ ਹੀ ਫੋਰਡ ਦੇ ਸਮਰਥਨ ਵਿੱਚ ਇੱਕ ਅੰਕ ਦੀ ਤੇ ਹੌਰਵਥ ਦੇ ਸਮਰਥਨ ਵਿੱਚ 2.5 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਨੈਨੋਜ ਰਿਸਰਚ ਦੇ ਚੀਫ ਡਾਟਾ ਸਾਇੰਟਿਸਟ ਨਿੱਕ ਨੈਨੋਜ ਨੇ ਇੱਕ ਬਿਆਨ ਵਿੱਚ ਆਖਿਆ ਕਿ ਭਾਵੇਂ ਅਜੇ ਵੀ ਫੋਰਡ ਹੀ ਅੱਗੇ ਚੱਲ ਰਹੇ ਹਨ ਪਰ ਡੈਲ ਡੂਕਾ ਦੇ ਸਮਰਥਨ ਵਿੱਚ ਵੀ ਸਕਾਰਾਤਮਕ ਵਾਧਾ ਹੋਇਆ ਹੈ। ਪੀਸੀ ਪਾਰਟੀ ਦੇ ਸਮਰਥਨ ਵਿੱਚ 36.9 ਫੀਸਦੀ ਦੇ ਮੁਕਾਬਲੇ 35.4 ਫੀਸਦੀ ਨਾਲ ਥੋੜ੍ਹੀ ਗਿਰਾਵਟ ਦਰਜ ਕੀਤੀ ਗਈ ਹੈ ਜਦਕਿ ਲਿਬਰਲ ਤੇ ਐਨਡੀਪੀ ਪਾਰਟੀ ਦੇ ਸਮਰਥਨ ਵਿੱਚ ਕੋਈ ਵਾਧਾ ਘਾਟਾ ਵੇਖਣ ਨੂੰ ਨਹੀਂ ਮਿਲਿਆ।
ਗ੍ਰੀਨ ਪਾਰਟੀ ਦੇ ਸਮਰਥਨ ਵਿੱਚ 4.3 ਫੀ ਸਦੀ ਤੋਂ 4.2 ਫੀਸਦੀ ਦੀ ਗਿਰਾਵਟ ਵੇਖਣ ਨੂੰ ਮਿਲੀ ਹੈ। ਜੀਟੀਏ ਵਿੱਚ ਪੀਸੀ ਤੇ ਲਿਬਰਲਾਂ ਦਰਮਿਆਨ ਕਾਂਟੇ ਦੀ ਟੱਕਰ ਹੈ ਜਦਕਿ ਬਾਕੀ ਦੇ ਓਨਟਾਰੀਓ ਵਿੱਚ ਪੀਸੀ 35.9 ਫੀ ਸਦੀ ਨਾਲ ਲਿਬਰਲ (24.6 ਫੀ ਸਦੀ) ਤੇ ਐਨਡੀਪੀ (28.9 ਫੀ ਸਦੀ) ਤੋਂ ਅੱਗੇ ਹੈ।

ਮੁੜ ਜਿੱਤ ਦੇ ਰਾਹ ਵੱਲ ਵੱਧ ਰਹੀ ਹੈ ਪੀਸੀ ਪਾਰਟੀ : ਰਿਪੋਰਟ
ਓਨਟਾਰੀਓ : ਆਉਂਦੀਆਂ ਪ੍ਰੋਵਿੰਸੀਅਲ ਚੋਣਾਂ ਵਿੱਚ ਪ੍ਰੋਗਰੈਸਿਵ ਕੰਸਰਵੇਟਿਵ ਪਾਰਟੀ ਇੱਕ ਵਾਰੀ ਫਿਰ ਬਹੁਮਤ ਹਾਸਲ ਕਰਨ ਵੱਲ ਵਧਦੀ ਹੋਈ ਨਜ਼ਰ ਆ ਰਹੀ ਹੈ। ਐਬੇਕਸ ਡਾਟਾ ਵੱਲੋਂ 1500 ਵੋਟਰਜ਼ ਉੱਤੇ ਕੀਤੇ ਗਏ ਸਰਵੇਖਣ ਅਨੁਸਾਰ ਡੱਗ ਫੋਰਡ ਦੀ ਅਗਵਾਈ ਵਾਲੀ ਪੀਸੀ ਪਾਰਟੀ ਜੂਨ ਮਹੀਨੇ ਹੋਣ ਜਾ ਰਹੀਆਂ ਪ੍ਰੋਵਿੰਸੀਅਲ ਚੋਣਾਂ ਵਿੱਚ ਜਿੱਤ ਹਾਸਲ ਕਰੇਗੀ ਜਦਕਿ ਦੂਜੇ ਸਥਾਨ ਉੱਤੇ ਲਿਬਰਲ ਪਾਰਟੀ ਰਹੇਗੀ। ਐਬੇਕਸ ਦੇ ਸੀਈਓ ਡੇਵਿਡ ਕੋਲੈਟੋ ਨੇ ਆਖਿਆ ਕਿ ਇਸ ਸਮੇਂ ਪੀਸੀ ਪਾਰਟੀ ਚੰਗੀ ਲੀਡ ਨਾਲ ਅੱਗੇ ਚੱਲ ਰਹੀ ਹੈ ਤੇ ਪਾਰਟੀ ਵੋਟਰਾਂ ਨੂੰ ਦਰਪੇਸ਼ ਮੁੱਦੇ ਹੀ ਚੁੱਕ ਰਹੀ ਹੈ। ਉਨ੍ਹਾਂ ਇਹ ਵੀ ਆਖਿਆ ਕਿ ਜੇ ਹੁਣ ਤੇ ਜੂਨ ਦੇ ਮਾਹੌਲ ਵਿੱਚ ਕੋਈ ਫਰਕ ਨਾ ਆਇਆ ਤਾਂ ਪੀਸੀ ਇੱਕ ਵਾਰੀ ਫਿਰ ਜਿੱਤ ਹਾਸਲ ਕਰੇਗੀ। ਸਰਵੇਖਣ ਵਿੱਚ 38 ਫੀਸਦੀ ਵੋਟਰਾਂ ਨੇ ਆਖਿਆ ਕਿ ਜੇ ਅੱਜ ਹੀ ਚੋਣਾਂ ਹੁੰਦੀਆਂ ਹਨ ਤਾਂ ਉਹ ਪੀਸੀ ਪਾਰਟੀ ਲਈ ਵੋਟ ਕਰਨਗੇ। 29 ਫੀਸਦੀ ਨੇ ਲਿਬਰਲਾਂ ਦਾ ਸਾਥ ਦੇਣ ਤੇ 22 ਫੀਸਦੀ ਨੇ ਐਨਡੀਪੀ ਦਾ ਸਾਥ ਦੇਣ ਦੀ ਗੱਲ ਕੀਤੀ। ਰੀਜਨਲ ਪੱਧਰ ਉੱਤੇ ਟੋਰਾਂਟੋ ਵਿੱਚ 42 ਫੀਸਦੀ ਵੋਟਰ ਲਿਬਰਲਾਂ ਦੇ ਹੱਕ ਵਿੱਚ ਭੁਗਤ ਰਹੇ ਹਨ ਤੇ ਗ੍ਰੇਟਰ ਟੋਰਾਂਟੋ ਤੇ ਹੈਮਿਲਟਨ ਏਰੀਆ ਵਿੱਚ 40 ਫੀਸਦੀ ਪੀਸੀ ਦੇ ਸਮਰਥਨ ਵਿੱਚ ਭੁਗਤਦੇ ਨਜਰ ਆ ਰਹੇ ਹਨ।

 

 

Check Also

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਖੁੱਲ੍ਹੇ

ਅੰਮ੍ਰਿਤਸਰ : ਉੱਤਰਾਖੰਡ ਵਿਖੇ 15 ਹਜ਼ਾਰ ਫੁੱਟ ਦੀ ਉਚਾਈ ‘ਤੇ ਸਥਾਪਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ …