ਹਵਾਈ ਅੱਡਿਆਂ ‘ਤੇ ਲੁੱਕਆਊਟ ਨੋਟਿਸ ਜਾਰੀ ਕਰਕੇ ਫੜਨ ਵਾਲੇ ਕਦਮ ਚੁੱਕੇ ਜਾਣਗੇ
ਨਵੀਂ ਦਿੱਲੀ : ਅਕਸਰ ਅਜਿਹੀਆਂ ਸ਼ਿਕਾਇਤਾਂ ਮਿਲਦੀਆਂ ਰਹਿੰਦੀਆਂ ਹਨ ਕਿ ਐਨ ਆਰ ਆਈ ਲਾੜੀ ਦੀ ਭਾਲ ‘ਚ ਭਾਰਤ ਆਉਂਦੇ ਹਨ। ਵਿਦੇਸ਼ ‘ਚ ਆਪਣੀ ਹੈਸੀਅਤ ਦਾ ਜ਼ਿਕਰ ਕਰਕੇ ਲੜਕੀ ਵਾਲਿਆਂ ਨੂੰ ਧੋਖਾ ਦੇ ਕੇ ਵਿਆਹ ਕਰ ਲੈਂਦੇ ਹਨ, ਪ੍ਰੰਤੂ ਕੁਝ ਦਿਨ ਲੰਘਣ ਤੋਂ ਬਾਅਦ ਇਹ ਨਵ ਵਿਆਹੀ ਲਾੜੀ ਨੂੰ ਛੱਡ ਕੇ ਭਾਰਤ ਤੋਂ ਰਫੂਚੱਕਰ ਹੋ ਜਾਂਦੇ ਹਨ ਜਾਂ ਫਿਰ ਉਨ੍ਹਾਂ ਨੂੰ ਵਿਦੇਸ਼ ਲਿਜਾ ਕੇ ਉਨ੍ਹਾਂ ‘ਤੇ ਜ਼ੁਲਮ ਕਰਦੇ ਹਨ। ਗੁੰਝਲਦਾਰ ਲੰਬੀ ਕਾਨੂੰਨੀ ਪ੍ਰਕਿਰਿਆ ਦੇ ਕਾਰਨ ਜਦੋਂ ਸਾਰੀਆਂ ਆਸਾਂ ਮੱਧਮ ਹੋ ਜਾਂਦੀਆਂ ਹਨ ਤਾਂ ਲਾੜੀ ਨੂੰ ਦੁੱਖ-ਸੁੱਖ ਨਾਲ ਸਮਝੌਤਾ ਕਰਨਾ ਪੈਂਦਾ ਹੈ। ਅਜਿਹੇ ਧੋਖੇਬਾਜ਼ ਐਨ ਆਰ ਆਈ ਪਤੀਆਂ ਤੋਂ ਪ੍ਰੇਸ਼ਾਨ ਮਹਿਲਾਵਾਂ ਦੀ ਮਦਦ ਦੇ ਲਈ ਸਰਕਾਰ ਨੇ ਠੋਸ ਯੋਜਨਾ ਬਣਾਉਣ ਦਾ ਫੈਸਲਾ ਕੀਤਾ ਹੈ। ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਅਜਿਹੀ ਵਿਵਸਥਾ ਕਰਨ ਜਾ ਰਿਹਾ ਹੈ ਜਿਸ ਨਾਲ ਐਨ ਆਰ ਆਈ ਲਾੜਿਆਂ ਵੱਲੋਂ ਛੱਡੀਆਂ ਗਈਆਂ ਮਹਿਲਾਵਾਂ ਨੂੰ ਤੁਰੰਤ ਰਾਹਤ ਮਿਲ ਸਕੇ। ਮੌਜੂਦਾ ਕਾਨੂੰਨ ਪ੍ਰਕਿਰਿਆਵਾਂ ਨਾਲ ਭਰਿਆ ਪਿਆ ਹੈ, ਜਿਨ੍ਹਾਂ ਦਾ ਫਾਇਦਾ ਉਠਾ ਕੇ ਅਪਰਵਾਸੀ ਖੁਦ ਨੂੰ ਬਚਾਅ ਲੈਂਦੇ ਹਨ। ਜਿਸ ਤਰ੍ਹਾਂ ਕਈ ਐਨ ਆਰ ਆਈ ਪਤੀ ਦੇਸ਼ ‘ਚ ਆਪਣੀ ਪਤੀਆਂ ਨੂੰ ਛੱਡ ਕੇ ਵਿਦੇਸ਼ ਭੱਜ ਜਾਂਦੇ ਹਨ। ਜਿੱਥੇ ਉਨ੍ਹਾਂ ਨੂੰ ਫੜਨਾ ਜਾਂ ਕਾਰਵਾਈ ਕਰਨਾ ਮੁਸ਼ਕਿਲ ਹੁੰਦਾ ਹੈ। ਇਨ੍ਹਾਂ ਨੂੰ ਵਿਦੇਸ਼ ਜਾਣ ਤੋਂ ਰੋਕਣ ਦੇ ਲਈ ਅਦਾਲਤ ਦੇ ਹੁਕਮ ਜ਼ਰੂਰੀ ਹੁੰਦੇ ਹਨ। ਜਦੋਂ ਤੱਕ ਹੁਕਮ ਜਾਰੀ ਹੁੰਦਾ ਹੈ, ਉਦੋਂ ਤੱਕ ਪ੍ਰਦੇਸੀ ਪਤੀ ਰੂਫਚੱਕਰ ਹੋ ਜਾਂਦੇ ਹਨ। ਮਹਿਲਾ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨੇ ਕਿਹਾ ਕਿ ਅਸੀਂ ਐਨ ਆਰ ਆਈ ਪਤੀਆਂ ਦੀ ਧੋਖੇਬਾਜ਼ੀ ਦੀ ਸ਼ਿਕਾਰ ਮਹਿਲਾਵਾਂ ਨੂੰ ਤੁਰੰਤ ਰਾਹਤ ਅਤੇ ਕਾਨੂੰਨੀ ਹੱਕ ਦੇਣ ਦੇ ਲਈ ਅਜਿਹਾ ਸੰਸਥਾਗਤ ਤੰਤਰ ਤਿਆਰ ਕਰਨਾ ਚਾਹੁੰਦੇ ਹਾਂ।
ਫੌਰੀ ਰਾਹਤ ਦੇ ਲਈ ਸਰਕਾਰ ਨੇ ਬਣਾਈ ਕਮੇਟੀ
ਸਰਕਾਰ ਨੇ ਅਪਰਵਾਸੀ ਪਤੀਆਂ ਵੱਲੋਂ ਪ੍ਰੇਸ਼ਾਨੀਆਂ ਕੀਤੀਆਂ ਮਹਿਲਾਵਾਂ ਦੀ ਮਦਦ ਦੇ ਲਈ ਇਕ ਕਮੇਟੀ ਬਣਾਈ ਹੈ। ਕਮੇਟੀ ਅਜਿਹੀ ਵਿਵਸਥਾ ਬਣਾਉਣ ਦੀ ਸਿਫ਼ਾਰਸ਼ ਕਰ ਰਹੀ ਹੈ, ਜਿਸ ‘ਚ ਦੇਸ਼ ਛੱਡ ਕੇ ਭੱਜਣ ਵਾਲੇ ਐਨ ਆਰ ਆਈ ਲਾੜਿਆਂ ਨੂੰ ਫੜਨ ਦੇ ਲਈ ਬਿਨਾ ਕੋਰਟ ਦੇ ਹੁਕਮ ਦੇ ਹੀ ਏਅਰਪੋਰਟ ‘ਤੇ ਲੁੱਕ ਆਊਟ ਨੋਟਿਸ ਜਾਰੀ ਕੀਤਾ ਜਾ ਸਕੇ। ਇਸ ਤਰ੍ਹਾਂ ਇਨ੍ਹਾਂ ਦੇ ਲਈ ਦੇਸ਼ ਛੱਡ ਕੇ ਭੱਜਣਾ ਮੁਸ਼ਕਿਲ ਹੋਵੇਗਾ। ਸਰਕਾਰ ਅਪਰਵਾਸੀ ਪਤੀਆਂ ਨਾਲ ਵਿਆਹ ਕਰਨ ਵਾਲੀਆਂ ਮਹਿਲਾਵਾਂ ਨੂੰ ਦੋ ਪਾਸਪੋਰਟ ਜਾਰੀ ਕਰਨ, ਵਿੱਤੀ ਅਤੇ ਕਾਨੂੰਨੀ ਮਦਦ ਦੇਣ ਜਿਹੇ ਮਾਮਲਿਆਂ ‘ਤੇ ਵਿਚਾਰ ਕਰ ਰਹੀ ਹੈ। ਇਕ ਸਟੈਂਡਰਡ ਅਪਰੇਟਿੰਗ ਪ੍ਰੋਸੀਜਰ ਵਿਕਸਤ ਕਰਨ ਜਾ ਰਹੀ ਹੈ। ਕਮੇਟੀ ‘ਚ ਗ੍ਰਹਿ, ਵਿਦੇਸ਼ ਤੇ ਮਹਿਲਾ-ਬਾਲ ਵਿਕਾਸ ਮੰਤਰਾਲੇ ਦੇ ਅਧਿਕਾਰੀ ਸ਼ਾਮਲ ਹਨ।
ਪੰਜਾਬ ‘ਚ ਅਜਿਹੇ 25 ਹਜ਼ਾਰ ਮਾਮਲੇ
ਪੰਜਾਬ ਯੂਨੀਵਰਸਿਟੀ ਦੇ 2017 ‘ਚ ਇਕ ਅਧਿਐਨ ‘ਚ ਪਤਾ ਚਲਿਆ ਕਿ ਪੰਜਾਬ ਰਾਜ ‘ਚ ਲਗਭਗ 25 ਹਜ਼ਾਰ ਪਤਨੀਆਂ ਨੂੰ ਉਨ੍ਹਾਂ ਦੇ ਐਨ ਆਰ ਆਈ ਪਤੀਆਂ ਨੇ ਛੱਡ ਦਿੱਤਾ ਹੈ। ਪੰਜਾਬ ਇਸ ਮਾਮਲੇ ‘ਚ ਇੰਨੀ ਵੱਡੀ ਗਿਣਤੀ ਨੂੰ ਲੈ ਕੇ ਪੂਰੀ ਤਰ੍ਹਾਂ ਬਦਨਾਮ ਹੋ ਚੁੱਕਾ ਹੈੇ। ਇਸ ਤਰ੍ਹਾਂ ਨੀਤੀ ਆਯੋਗ ਦੀ ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਸਾਲ 2008 ‘ਚ ਮੌਜੂਦਾ ਵਿਦੇਸ਼ ਮੰਤਰੀ ਨੇ ਦੱਸਿਆ ਕਿ ਐਨ ਆਰ ਆਈ ਪਤੀਆਂ ਦੇ ਖਿਲਾਫ਼ 20 ਹਜ਼ਾਰ ਕੇਸ ਕੇਵਲ ਪੰਜਾਬ ‘ਚ ਪੈਂਡਿੰਗ ਸਨ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …