7.9 C
Toronto
Wednesday, October 29, 2025
spot_img
Homeਹਫ਼ਤਾਵਾਰੀ ਫੇਰੀਸ਼ਰਦ ਪਵਾਰ ਦੀ ਅਗਵਾਈ 'ਚ ਨਵੀਂ ਸਫਬੰਦੀ ਦੇ ਸੰਕੇਤ

ਸ਼ਰਦ ਪਵਾਰ ਦੀ ਅਗਵਾਈ ‘ਚ ਨਵੀਂ ਸਫਬੰਦੀ ਦੇ ਸੰਕੇਤ

ਭਾਜਪਾ ਖਿਲਾਫ ਤੀਜਾ ਫਰੰਟ ਬਣਾਉਣ ਦੀ ਤਿਆਰੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਤ੍ਰਿਣਮੂਲ ਕਾਂਗਰਸ, ਸਮਾਜਵਾਦੀ ਪਾਰਟੀ, ਆਮ ਆਦਮੀ ਪਾਰਟੀ ਤੇ ਰਾਸ਼ਟਰੀ ਲੋਕ ਦਲ ਸਣੇ ਹੋਰਨਾਂ ਵਿਰੋਧੀ ਦਲਾਂ ਤੇ ਖੱਬੇ ਪੱਖੀ ਪਾਰਟੀਆਂ ਦੇ ਆਗੂ ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਨਸੀਪੀ) ਦੇ ਮੁਖੀ ਸ਼ਰਦ ਪਵਾਰ ਦੀ ਰਿਹਾਇਸ਼ ‘ਤੇ ਇਕੱਠੇ ਹੋਏ ਤੇ ਉਨ੍ਹਾਂ ਨੇ ਮੁਲਕ ਨਾਲ ਸਬੰਧਤ ਕਈ ਮੁੱਦਿਆਂ ‘ਤੇ ਗੱਲਬਾਤ ਕੀਤੀ। ਸੱਤਾਧਾਰੀ ਭਾਜਪਾ ਖਿਲਾਫ ਤੀਜਾ ਫਰੰਟ ਬਣਾਉਣ ਦੀਆਂ ਚਰਚਾਵਾਂ ਦੌਰਾਨ ਇਹ ਮੀਟਿੰਗ ਕੀਤੀ ਗਈ ਹੈ, ਜੋ ਲਗਪਗ ਦੋ ਘੰਟੇ ਚੱਲੀ।
ਦੂਜੇ ਪਾਸੇ ਬੈਠਕ ‘ਚ ਸ਼ਾਮਲ ਹੋਏ ਆਗੂਆਂ ਨੇ ਇਸ ਨੂੰ ਗ਼ੈਰ-ਸਿਆਸੀ ਦੱਸਿਆ ਹੈ। ਮੀਟਿੰਗ ਵਿੱਚ ਸ਼ਾਮਲ ਹੋਏ ਸੀਪੀਆਈਐੱਮ ਦੇ ਆਗੂ ਨੀਲੋਤਪਾਲ ਬਾਸੂ ਨੇ ਕਿਹਾ ਕਿ ਇਹ ਸਿਆਸੀ ਬੈਠਕ ਨਹੀਂ ਸੀ, ਸਗੋਂ ਇੱਕੋ ਜਿਹੇ ਵਿਚਾਰਾਂ ਵਾਲੇ ਲੋਕਾਂ ਵਿਚਕਾਰ ਗੱਲਬਾਤ ਸੀ।
ਉਨ੍ਹਾਂ ਨੇ ਕਿਹਾ, ‘ਬੈਠਕ ਵਿੱਚ ਕੋਵਿਡ ਪ੍ਰਬੰਧਾਂ, ਸੰਸਥਾਵਾਂ ‘ਤੇ ਹਮਲਿਆਂ ਤੇ ਬੇਰੁਜ਼ਗਾਰੀ ਵਰਗੇ ਮੁੱਦਿਆਂ ‘ਤੇ ਚਰਚਾ ਕੀਤੀ ਗਈ।’ ਇਸੇ ਤਰ੍ਹਾਂ ਐੱਨਸੀਪੀ ਦੇ ਆਗੂ ਮਾਜਿਦ ਮੈਨਨ ਨੇ ਕਿਹਾ ਕਿ ਇਹ ਮੀਟਿੰਗ ਭਾਜਪਾ ਜਾਂ ਕਾਂਗਰਸ ਵਿਰੋਧੀ ਫਰੰਟ ਤਿਆਰ ਕਰਨ ਲਈ ਨਹੀਂ ਕੀਤੀ ਗਈ। ਉਨ੍ਹਾਂ ਨੇ ਦੱਸਿਆ ਕਿ ਮੀਟਿੰਗ ਵਿੱਚ ਪੰਜ ਕਾਂਗਰਸੀ ਸੰਸਦ ਮੈਂਬਰਾਂ ਕਪਿਲ ਸਿੱਬਲ, ਵਿਵੇਕ ਤਨਖਾ, ਮਨੀਸ਼ ਤਿਵਾੜੀ ਤੇ ਅਭਿਸ਼ੇਕ ਮਨੂ ਸਿੰਘਵੀ ਆਦਿ ਨੂੰ ਵੀ ਸੱਦਿਆ ਗਿਆ ਸੀ ਪਰ ਉਹ ਕੁਝ ਕਾਰਨਾਂ ਕਰਕੇ ਨਹੀਂ ਆ ਸਕੇ।
ਇਸ ਮੀਟਿੰਗ ‘ਚ ਟੀਐੱਮਸੀ ਆਗੂ ਯਸ਼ਵੰਤ ਸਿਨਹਾ, ਐੱਸਪੀ ਦੇ ਘਣਸ਼ਿਆਮ ਤਿਵਾੜੀ, ਆਰਜੇਡੀ ਦੇ ਪ੍ਰਧਾਨ ਜੈਯੰਤ ਚੌਧਰੀ, ‘ਆਪ’ ਦੇ ਸੁਸ਼ੀਲ ਗੁਪਤਾ, ਸੀਪੀਆਈ ਦੇ ਬਿਨੋਏ ਵਿਸਵਮ ਤੇ ਸੀਪੀਆਈਐੱਮ ਦੇ ਨੀਲੋਤਪਾਲ ਬਾਸੂ ਤੋਂ ਇਲਾਵਾ ਨੈਸ਼ਨਲ ਕਾਨਫਰੰਸ ਦੇ ਆਗੂ ਤੇ ਜੰਮੂ ਤੇ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲ੍ਹਾ, ਸਾਬਕਾ ਕਾਂਗਰਸੀ ਆਗੂ ਸੰਜੈ ਝਾਅ ਤੇ ਜਨਤਾ ਦਲ (ਯੂਨਾਈਟਿਡ) ਦੇ ਸਾਬਕਾ ਆਗੂ ਪਵਨ ਵਰਮਾ ਪੁੱਜੇ।
ਇਸ ਮੌਕੇ ਜਸਟਿਸ ਏ ਪੀ ਸ਼ਾਹ, ਜਾਵੇਦ ਅਖ਼ਤਰ ਤੇ ਕੇ ਸੀ ਸਿੰਘ ਵੀ ਮੌਜੂਦ ਸਨ। ਇਸ ਤੋਂ ਪਹਿਲਾਂ ਐੱਨਸੀਪੀ ਦੇ ਇੱਕ ਸੀਨੀਅਰ ਆਗੂ ਨੇ ਨਾਮ ਨਾ ਲਿਖਣ ਦੀ ਸ਼ਰਤ ‘ਤੇ ਦੱਸਿਆ ਕਿ ਪਵਾਰ ਨੇ ਭਾਵੇਂ ਇਸ ਮੀਟਿੰਗ ਦੀ ਮੇਜ਼ਬਾਨੀ ਕੀਤੀ ਹੈ ਪਰ ਇਹ ਮੀਟਿੰਗ ਰਾਸ਼ਟਰ ਮੰਚ ਦੇ ਕਨਵੀਨਰ ਤੇ ਤ੍ਰਿਣਮੂਲ ਕਾਂਗਰਸ ਦੇ ਆਗੂ ਯਸ਼ਵੰਤ ਸਿਨਹਾ ਵੱਲੋਂ ਸੱਦੀ ਗਈ ਸੀ। ਸਿਨਹਾ ਨੇ 2018 ਵਿੱਚ ‘ਰਾਸ਼ਟਰ ਮੰਚ’ ਬਣਾਇਆ ਸੀ, ਜਿਸ ਨੇ ਭਾਜਪਾ ਦੀ ਅਗਵਾਈ ਵਾਲੀ ਸਰਕਾਰ ‘ਤੇ ਨਿਸ਼ਾਨਾ ਸਾਧਿਆ।
ਰਾਹੁਲ ਵੱਲੋਂ ਵਿਰੋਧੀ ਦਲਾਂ ਦੀ ਬੈਠਕ ਬਾਰੇ ਟਿੱਪਣੀ ਕਰਨ ਤੋਂ ਇਨਕਾਰ
ਨਵੀਂ ਦਿੱਲੀ : ਕਾਂਗਰਸ ਦੇ ਆਗੂ ਰਾਹੁਲ ਗਾਂਧੀ ਨੇ ਸ਼ਰਦ ਪਵਾਰ ਦੇ ਘਰ ਵਿਰੋਧੀ ਦਲਾਂ ਦੇ ਆਗੂਆਂ ਵੱਲੋਂ ਕੀਤੀ ਮੀਟਿੰਗ ਬਾਰੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ ਸਿਆਸਤ ‘ਤੇ ਚਰਚਾ ਕਰਨ ਦਾ ਸਹੀ ਸਮਾਂ ਨਹੀਂ ਹੈ। ਕਰੋਨਾ ਮਹਾਮਾਰੀ ਸਬੰਧੀ ਵਰਚੁਅਲ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਸਿਰਫ਼ ਕੋਵਿਡ ਦੇ ਹਾਲਾਤ ਤੇ ਤੀਜੀ ਲਹਿਰ ਦੇ ਖ਼ਦਸ਼ੇ ਦੇ ਮੱਦੇਨਜ਼ਰ ਕੀਤੀਆਂ ਜਾਣ ਵਾਲੀਆਂ ਤਿਆਰੀਆਂ ‘ਤੇ ਚਰਚਾ ਕਰਨਗੇ। ਉਨ੍ਹਾਂ ਕਿਹਾ, ‘ਮੇਰਾ ਇਰਾਦਾ ਕੋਵਿਡ ਦੀ ਸਥਿਤੀ ਨੂੰ ਕੇਂਦਰ ‘ਚ ਲਿਆਉਣਾ ਹੈ। ਮੇਰਾ ਇਰਾਦਾ ਸਿਰਫ਼ ਇਹ ਹੈ ਕਿ ਸਰਕਾਰ ਨੂੰ ਇਸ ਸਬੰਧੀ ਕਦਮ ਚੁੱਕਣ ਵੱਲ ਮੋੜਿਆ ਜਾ ਸਕੇ। ਇਸ ਲਈ ਮੈਂ ਖ਼ੁਦ ਨੂੰ ਤੇ ਤੁਹਾਨੂੰ ਮੁੱਦੇ ਤੋਂ ਭਟਕਾਉਣਾ ਨਹੀਂ ਚਾਹੁੰਦਾ।’

RELATED ARTICLES
POPULAR POSTS