ਟੋਰਾਂਟੋ/ਬਿਊਰੋ ਨਿਊਜ਼ : ਫਾਈਜ਼ਰ ਵੈਕਸੀਨ ਦੀ ਸਪਲਾਈ ਵਿੱਚ ਕਮੀ ਆਉਣ ਕਾਰਨ ਇਸ ਹਫਤੇ ਟੋਰਾਂਟੋ ਤੇ ਪੀਲ ਇਲਾਕੇ ਵਿੱਚ ਉਨਟਾਰੀਓ ਵਾਸੀਆਂ ਲਈ ਮੌਡਰਨਾ ਵੈਕਸੀਨ ਹੀ ਟੀਕਾਕਰਣ ਲਈ ਉਪਲਬਧ ਹੋਵੇਗੀ।
ਟੋਰਾਂਟੋ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਿਛਲੇ ਦਿਨੀਂ ਇਸ ਸਬੰਧ ਵਿੱਚ ਜਾਣਕਾਰੀ ਹਾਸਲ ਹੋਈ ਸੀ ਕਿ ਇਸ ਹਫਤੇ ਫਾਈਜ਼ਰ ਵੈਕਸੀਨ ਦੀਆਂ 162,000 ਡੋਜ਼ਾਂ ਮਿਲਣ ਵਿੱਚ ਦੇਰ ਹੋ ਜਾਵੇਗੀ। ਅਗਲੇ ਕੁੱਝ ਹਫਤਿਆਂ ਲਈ ਸਿਟੀ ਵੱਲੋਂ ਚਲਾਏ ਜਾਣ ਵਾਲੇ ਕਲੀਨਿਕਸ ਵਿੱਚ ਪਹਿਲਾਂ ਤੋਂ ਹੀ ਬੁੱਕ ਅਪੁਆਇੰਟਮੈਂਟਸ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਟੋਰਾਂਟੋ ਪਬਲਿਕ ਹੈਲਥ ਦਾ ਕਹਿਣਾ ਹੈ ਕਿ ਉਹ ਮੌਡਰਨਾ ਵੈਕਸੀਨ ਦੀ ਵਰਤੋਂ ਵਿੱਚ ਇਜ਼ਾਫਾ ਕਰੇਗਾ। ਸਿਟੀ ਦਾ ਕਹਿਣਾ ਹੈ ਕਿ ਫਾਈਜ਼ਰ ਡੋਜ਼ਾਂ ਦੀ ਸੀਮਤ ਸਪਲਾਈ 18 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਵੈਕਸੀਨੇਟ ਕਰਨ ਲਈ ਕਾਫੀ ਹੋਵੇਗੀ। ਇੱਥੇ ਦੱਸਣਾ ਬਣਦਾ ਹੈ ਕਿ ਕੈਨੇਡਾ ਵਿੱਚ 18 ਸਾਲ ਤੋਂ ਘੱਟ ਉਮਰ ਵਰਗ ਦੇ ਲੋਕਾਂ ਲਈ ਫਾਈਜ਼ਰ ਵੈਕਸੀਨ ਨੂੰ ਹੀ ਮਨਜ਼ੂਰੀ ਮਿਲੀ ਹੋਈ ਹੈ।
ਨੈਸ਼ਨਲ ਐਡਵਾਈਜ਼ਰੀ ਕਮੇਟੀ ਆਨ ਇਮਿਊਨਾਈਜੇਸ਼ਨ (ਐਨਏਸੀਆਈ ) ਅਨੁਸਾਰ ਫਾਈਜ਼ਰ ਤੇ ਮੌਡਰਨਾ ਦੋਵੇਂ ਹੀ ਐਮਆਰਐਨਏ ਵੈਕਸੀਨਜ਼ ਹਨ ਤੇ ਪਬਲਿਕ ਹੈਲਥ ਅਧਿਕਾਰੀਆਂ ਵੱਲੋਂ ਜ਼ੋਰ ਦੇ ਕੇ ਇਹ ਆਖਿਆ ਜਾ ਰਿਹਾ ਹੈ ਕਿ ਇਨ੍ਹਾਂ ਦੋਵਾਂ ਦਰਮਿਆਨ ਕੋਈ ਬਹੁਤਾ ਫਰਕ ਨਹੀਂ ਹੈ। ਟੋਰਾਂਟੋ ਦੀ ਮੈਡੀਕਲ ਆਫੀਸਰ ਆਫ ਹੈਲਥ ਡਾ. ਐਲੀਨ ਡੀ ਵਿੱਲਾ ਦਾ ਕਹਿਣਾ ਹੈ ਕਿ ਟੋਰਾਂਟੋ ਵਿੱਚ ਡੈਲਟਾ ਵੇਰੀਐਂਟ ਬਹੁਤ ਹੀ ਤੇਜ਼ੀ ਨਾਲ ਫੈਲ ਰਿਹਾ ਹੈ ਤੇ ਇਸ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਵੱਧ ਤੋਂ ਵੱਧ ਲੋਕਾਂ ਨੂੰ ਵੈਕਸੀਨੇਟ ਕੀਤਾ ਜਾਣਾ ਹੀ ਸੱਭ ਤੋਂ ਬਿਹਤਰ ਰਣਨੀਤੀ ਹੈ। ਉਨ੍ਹਾਂ ਅੱਗੇ ਆਖਿਆ ਕਿ ਫਾਈਜ਼ਰ ਤੇ ਮੌਡਰਨਾ ਦੋਵੇਂ ਹੀ ਐਮਆਰਐਨਏ ਵੈਕਸੀਨਜ਼ ਹਨ ਤੇ ਇਨ੍ਹਾਂ ਨੂੰ ਇੱਕ ਦੂਜੇ ਦੀ ਥਾਂ ਉੱਤੇ ਲਾਇਆ ਜਾ ਸਕਦਾ ਹੈ, ਇਹ ਦੋਵੇਂ ਪ੍ਰਭਾਵਸ਼ਾਲੀ ਹਨ ਤੇ 18 ਸਾਲ ਤੇ ਇਸ ਤੋਂ ਉੱਪਰ ਦੇ ਲੋਕਾਂ ਲਈ ਕਾਰਗਰ ਹਨ। ਜੇ ਤੁਹਾਡੀ ਅਪੁਆਇੰਟਮੈਂਟ ਬੁੱਕ ਹੈ ਤਾਂ ਉਸ ਨੂੰ ਬਰਕਰਾਰ ਰੱਖੋ। ਜੇ ਤੁਹਾਡੀ ਕੋਈ ਅਪੁਆਇੰਟਮੈਂਟ ਨਹੀਂ ਹੈ ਤਾਂ ਜਲਦੀ ਤੋਂ ਜਲਦੀ ਆਪਣੀ ਅਪੁਆਇੰਟਮੈਂਟ ਬੁੱਕ ਕਰਵਾਓ। ਇਸ ਦੌਰਾਨ ਪ੍ਰੋਕਿਓਰਮੈਂਟ ਮੰਤਰੀ ਅਨੀਤਾ ਆਨੰਦ ਨੇ ਸਪਸ਼ਟ ਕੀਤਾ ਕਿ ਫਾਈਜ਼ਰ ਵੱਲੋਂ ਜੁਲਾਈ ਦੇ ਦੂਜੇ ਅੱਧ ਵਿੱਚ ਵਾਅਦੇ ਮੁਤਾਬਕ 9.1 ਮਿਲੀਅਨ ਵੈਕਸੀਨ ਦੀ ਸਪਲਾਈ ਭੇਜੀ ਜਾਵੇਗੀ।
Home / ਜੀ.ਟੀ.ਏ. ਨਿਊਜ਼ / ਟੋਰਾਂਟੋ ਤੇ ਪੀਲ ਰੀਜਨ ‘ਚ ਇਸ ਹਫਤੇ ਟੀਕਾਕਰਣ ਲਈ ਫਾਈਜ਼ਰ ਦੀ ਥਾਂ ਮੌਡਰਨਾ ਵੈਕਸੀਨ ਹੋਵੇਗੀ ਉਪਲਬਧ
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …