Breaking News
Home / ਹਫ਼ਤਾਵਾਰੀ ਫੇਰੀ / ਟੋਰਾਂਟੋ ਹਵਾਈ ਅੱਡੇ ‘ਤੇ ਬਰਫੀਲੇ ਤੂਫਾਨ ਕਾਰਨ ਪਲਟਿਆ ਜਹਾਜ਼-18 ਜ਼ਖ਼ਮੀ

ਟੋਰਾਂਟੋ ਹਵਾਈ ਅੱਡੇ ‘ਤੇ ਬਰਫੀਲੇ ਤੂਫਾਨ ਕਾਰਨ ਪਲਟਿਆ ਜਹਾਜ਼-18 ਜ਼ਖ਼ਮੀ

ਅਮਰੀਕਾ ਤੋਂ ਆਇਆ ਸੀ ਜਹਾਜ਼; ਰਨਵੇਅ ‘ਤੇ ਤਿਲਕਣ ਕਾਰਨ ਵਾਪਰਿਆ ਹਾਦਸਾ
ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਦੇ ਸਭ ਤੋਂ ਵੱਡੇ ਹਵਾਈ ਅੱਡੇ ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਦੀ ਪਟੜੀ ਬਰਫੀਲੀ ਹੋਣ ਕਾਰਨ ਅਮਰੀਕਾ ਦੇ ਮਿਨਿਆਪਲਸ ਸ਼ਹਿਰ ਤੋਂ ਆ ਰਿਹਾ ਡੈਲਟਾ ਏਅਰਲਾਈਨਜ਼ ਦਾ ਜਹਾਜ਼ (4819) ਉਤਰਦੇ ਸਮੇਂ ਬੇਕਾਬੂ ਹੋ ਕੇ ਪਲਟ ਗਿਆ। ਹਵਾਈ ਪਟੜੀ ਨਾਲ ਟਕਰਾ ਕੇ ਜਹਾਜ਼ ਦੇ ਕਈ ਹਿੱਸੇ ਟੁੱਟ ਗਏ, ਜਿਨ੍ਹਾਂ ‘ਚ ਪਹੀਏ ਅਤੇ ਖੰਭ ਲੱਥਣਾ ਸ਼ਾਮਿਲ ਹੈ। ਜਹਾਜ਼ ਉਤਰਨ ਸਮੇਂ ਤੇਜ਼ ਹਵਾ ਵਗ ਰਹੀ ਸੀ ਅਤੇ ਹਵਾਈ ਪਟੜੀ ਉਪਰ ਬਰਫ਼ ਦੀ ਪਰਤ ਜੰਮੀ ਹੋਈ ਸੀ। ਘਟਨਾ ਸਮੇਂ ਜਹਾਜ਼ ‘ਚ ਅਮਲੇ ਦੇ 4 ਮੈਂਬਰਾਂ ਸਮੇਤ ਕੁੱਲ 80 ਵਿਅਕਤੀ ਸਵਾਰ ਸਨ, ਜਿਨ੍ਹਾਂ ‘ਚੋਂ 1 ਬੱਚੇ ਸਮੇਤ ਲਗਭਗ 18 ਵਿਅਕਤੀ ਜ਼ਖ਼ਮੀ ਹੋਏ ਹਨ। 3 ਜ਼ਖ਼ਮੀਆਂ ਨੂੰ ਹੈਲੀਕਾਪਟਰ ਰਾਹੀਂ ਹਸਪਤਾਲ ਲਿਜਾਇਆ ਗਿਆ, ਜਿਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਪਤਾ ਲੱਗਾ ਹੈ ਕਿ ਜਹਾਜ਼ ਦੇ ਉਤਰ ਸਮੇਂ ਸਵਾਰਾਂ ਦੀਆਂ ਸੀਟ ਬੈਲਟਾਂ ਲੱਗੀਆਂ ਹੋਣ ਕਰਕੇ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਅਤੇ ਪੁੱਠੇ ਪਏ ਜਹਾਜ਼ ‘ਚੋਂ ਮੁਸਾਫਿਰ ਆਪ ਬਾਹਰ ਨਿਕਲ ਕੇ ਆਏ। ਹਵਾਈ ਪਟੜੀ ‘ਤੇ ਮੂਧਾ ਹੋਣ ਮਗਰੋਂ ਜਹਾਜ਼ ਨੂੰ ਅੱਗ ਲੱਗ ਗਈ ਸੀ, ਜਿਸ ਉਪਰ ਅੱਗ ਬੁਝਾਊ ਅਮਲੇ ਅਤੇ ਐਮਰਜੈਂਸੀ ਅਮਲੇ ਨੇ ਮੌਕੇ ‘ਤੇ ਪੁੱਜ ਕੇ ਕਾਬੂ ਪਾਇਆ ਅਤੇ ਮੁਸਾਫਿਰਾਂ ਨੂੰ ਬੱਸਾਂ ‘ਚ ਸਵਾਰ ਕਰਕੇ ਟਰਮੀਨਲ ਦੇ ਅੰਦਰ ਲਿਜਾਇਆ ਗਿਆ। ਦਿਨ ਵੇਲੇ ਬਾਅਦ ਦੁਪਹਿਰ ਸਵਾ ਦੋ ਕੁ ਵਜੇ ਇਹ ਘਟਨਾ ਵਾਪਰਨ ਤੋਂ ਬਾਅਦ ਕੁਝ ਸਮੇਂ ਲਈ ਹਵਾਈ ਅੱਡੇ ਤੋਂ ਜਹਾਜ਼ਾਂ ਦੀ ਸਾਰੀ ਆਵਾਜਾਈ ਠੱਪ ਕਰ ਦਿੱਤੀ ਗਈ ਸੀ ਅਤੇ ਤੁਰੰਤ ਉਤਰਨ ਵਾਲੇ ਜਹਾਜ਼ ਨੇੜਲੇ ਸ਼ਹਿਰਾਂ ਦੇ ਹਵਾਈ ਅੱਡਿਆਂ ਵੱਲ ਭੇਜੇ ਗਏ। ਕੁਝ ਘੰਟਿਆਂ ਬਾਅਦ ਹਵਾਈ ਅੱਡੇ ਤੋਂ ਜਹਾਜ਼ਾਂ ਦੀ ਆਵਾਜਾਈ ਪੜਾਅਵਾਰ ਬਹਾਲ ਕੀਤੀ ਜਾ ਸਕੀ। ਇਸ ਘਟਨਾ ਦੇ ਕਾਰਨਾਂ ਦਾ ਪਤਾ ਕਰਨ ਲਈ ਮੌਸਮ ਦੀ ਖਰਾਬੀ ਅਤੇ ਹੋਰ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ। ਗ੍ਰੇਟਰ ਟੋਰਾਂਟੋ ਏਅਰਪੋਰਟ ਦੇ ਮੁੱਖ ਕਾਰਜਕਾਰੀ ਡੈਬੋਰਾ ਫਲਿੰਟ ਨੇ ਹਾਦਸੇ ‘ਤੇ ਦੁੱਖ ਪ੍ਰਗਟਾਇਆ।
ਡੈਲਟਾ ਨੇ ਹਾਦਸੇ ਵਿਚ ਜ਼ਖ਼ਮੀਆਂ ਨੂੰ ਕੀਤੀ 30 ਹਜ਼ਾਰ ਡਾਲਰ ਦੀ ਪੇਸ਼ਕਸ਼
ਟੋਰਾਂਟੋ : ਡੈਲਟਾ ਕੰਪਨੀ ਨੇ ਟੋਰਾਂਟੋ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਹੋਏ ਹਾਦਸੇ ਵਿਚ ਜ਼ਖ਼ਮੀ ਵਿਅਕਤੀਆਂ ਨੂੰ 30 ਹਜ਼ਾਰ ਡਾਲਰ ਦੀ ਪੇਸ਼ਕਸ਼ ਕੀਤੀ ਹੈ। ਜਾਂਚ ਕਰਤਾਵਾਂ ਨੇ ਹਾਦਸਾਗ੍ਰਸਤ ਹੋਏ ਜਹਾਜ਼ ਦੇ ਮਲਬੇ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ ਹੈ। ਹਾਦਸੇ ਮਗਰੋਂ ਹਵਾਈ ਅੱਡੇ ਦੇ ਪੰਜ ਰਨਵੇਅ ਵਿੱਚੋਂ ਦੋ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਦੇ ਨਤੀਜੇ ਵਜੋਂ ਕਈ ਉਡਾਣਾਂ ਵਿੱਚ ਦੇਰੀ ਹੋਈ ਹੈ ਅਤੇ ਕਈਆਂ ਨੂੰ ਲਗਾਤਾਰ ਰੱਦ ਕੀਤਾ ਗਿਆ ਹੈ।

 

Check Also

ਕੈਨੇਡਾ ਸਰਕਾਰ ਨੇ ਇਮੀਗ੍ਰੇਸ਼ਨ ਅਧਿਕਾਰੀਆਂ ਦੀ ਵਧਾਈ ਤਾਕਤ

ਸਟੱਡੀ ਤੇ ਵਰਕ ਪਰਮਿਟ ਹੁਣ ਰੱਦ ਕਰਨਾ ਹੋਇਆ ਆਸਾਨ ਓਟਾਵਾ/ਬਿਊਰੋ ਨਿਊਜ਼ : ਕੈਨੇਡਾ ਸਰਕਾਰ ਨੇ …