Breaking News
Home / ਹਫ਼ਤਾਵਾਰੀ ਫੇਰੀ / ਸੰਸਦੀ ਚੋਣਾਂ ‘ਚ ਹਾਰੇ, ਵਿਧਾਨ ਸਭਾ ‘ਚ ਜਿੱਤੇ, ਹੁਣ ਦੁਬਾਰਾ ਅਜਮਾ ਰਹੇ ਲੋਕ ਸਭਾ ਚੋਣਾਂ ‘ਚ ਕਿਸਮਤ

ਸੰਸਦੀ ਚੋਣਾਂ ‘ਚ ਹਾਰੇ, ਵਿਧਾਨ ਸਭਾ ‘ਚ ਜਿੱਤੇ, ਹੁਣ ਦੁਬਾਰਾ ਅਜਮਾ ਰਹੇ ਲੋਕ ਸਭਾ ਚੋਣਾਂ ‘ਚ ਕਿਸਮਤ

ਰਾਜਾ ਵੜਿੰਗ, ਸੁਖਪਾਲ ਖਹਿਰਾ, ਡਾ. ਚੱਬੇਵਾਲ ਤੇ ਧਾਲੀਵਾਲ ਮੁੜ ਚੋਣ ਮੈਦਾਨ ‘ਚ ਨਿੱਤਰੇ
ਵਿਧਾਨ ਸਭਾ ਦੀ ਚੋਣ ਜਿੱਤਣ ਵਾਲਿਆਂ ਦੀ ਹੁਣ ਲੋਕ ਸਭਾ ਚੋਣਾਂ ‘ਚ ਪ੍ਰੀਖਿਆ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਲੋਕ ਸਭਾ ਚੋਣਾਂ ਲਈ ਨਾਮਜ਼ਦਗੀਆਂ ਸ਼ੁਰੂ ਹੋਣ ਦੇ ਨਾਲ ਸਾਰੀਆਂ ਸਿਆਸੀਆਂ ਪਾਰਟੀਆਂ ਨੇ ਆਪਣੀਆਂ-ਆਪਣੀਆਂ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਹਨ। ਆਮ ਆਦਮੀ ਪਾਰਟੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਵਿਚ ਵੀ ਚੋਣ ਰੈਲੀਆਂ ਦੀਆਂ ਤਿਆਰੀਆਂ ਜ਼ੋਰ ਫੜ ਰਹੀਆਂ ਹਨ। ਸਾਰੇ ਰਾਜਨੀਤਕ ਦਲਾਂ ਨੇ ਇਸ ਵਾਰ ਲੋਕ ਸਭਾ ਚੋਣਾਂ ਵਿਚ ਸੀਨੀਅਰ ਆਗੂਆਂ ‘ਤੇ ਹੀ ਵਿਸ਼ਵਾਸ ਜਤਾਇਆ ਹੈ। ਇਥੋਂ ਤੱਕ ਕਿ ਲੋਕ ਸਭਾ ‘ਚ ਵੱਖ-ਵੱਖ ਰਾਜਨੀਤਕ ਪਾਰਟੀਆਂ ਵਲੋਂ ਪੰਜਾਬ ‘ਚ ਕੁੱਲ 12 ਵਿਧਾਇਕਾਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਇਸ ਵਿਚ ਅਜਿਹੇ ਵੀ ਉਮੀਦਵਾਰ ਹਨ, ਜੋ ਪਹਿਲਾਂ ਸੰਸਦੀ ਚੋਣਾਂ ਹਾਰੇ ਚੁੱਕੇ ਹਨ, ਫਿਰ ਵਿਧਾਨ ਸਭਾ ਚੋਣ ਜਿੱਤ ਕੇ, ਹੁਣ ਲੋਕ ਸਭਾ ਚੋਣਾਂ ਵਿਚ ਦੁਬਾਰਾ ਫਿਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਅਜਿਹੇ ਸਾਰੇ ਉਮੀਦਵਾਰਾਂ ਦੇ ਲਈ ਲੋਕ ਸਭਾ ਚੋਣਾਂ ਇਕ ਪ੍ਰੀਖਿਆ ਬਣ ਗਈਆਂ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਿਛਲੀਆਂ ਲੋਕ ਸਭਾ ਚੋਣਾਂ ਬਠਿੰਡਾ ਸੀਟ ਤੋਂ ਲੜੀਆਂ ਸਨ। ਇਨ੍ਹਾਂ ਚੋਣਾਂ ਵਿਚ ਉਹ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਕੋਲੋਂ 21,772 ਵੋਟਾਂ ਨਾਲ ਹਾਰ ਗਏ ਸਨ। ਇਸ ਤੋਂ ਬਾਅਦ ਉਹ ਸਾਲ 2022 ਵਿਚ ਵਿਧਾਨ ਸਭਾ ਦੀ ਚੋਣ ਗਿੱਦੜਬਾਹਾ ਤੋਂ ਜਿੱਤ ਗਏ ਸਨ। ਇਥੋਂ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ 1349 ਵੋਟਾਂ ਨਾਲ ਹਰਾ ਦਿੱਤਾ ਸੀ। ਹੁਣ ਦੁਬਾਰਾ ਵੜਿੰਗ ਲੁਧਿਆਣਾ ਤੋਂ ਲੋਕ ਸਭਾ ਚੋਣ ਲੜ ਰਹੇ ਹਨ ਅਤੇ ਉਨ੍ਹਾਂ ਦੇ ਸਾਹਮਣੇ ਚੋਣ ਮੈਦਾਨ ਵਿਚ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਰਵਨੀਤ ਸਿੰਘ ਬਿੱਟੂ, ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਰਣਜੀਤ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਲੁਧਿਆਣਾ ਸੈਂਟਰਲ ਤੋਂ ਵਿਧਾਇਕ ਅਸ਼ੋਕ ਕੁਮਾਰ ਪੱਪੀ ਪਰਾਸ਼ਰ ਚੋਣ ਮੈਦਾਨ ਵਿਚ ਹਨ।
ਇਸੇ ਤਰ੍ਹਾਂ ‘ਆਪ’ ਦੇ ਉਮੀਦਵਾਰ ਡਾ. ਰਾਜ ਕੁਮਾਰ ਚੱਬੇਵਾਲ ਨੇ ਪਿਛਲੀਆਂ ਲੋਕ ਸਭਾ ਚੋਣਾਂ ਕਾਂਗਰਸ ਪਾਰਟੀ ਵਲੋਂ ਹੁਸ਼ਿਆਰਪੁਰ ਸੀਟ ਤੋਂ ਲੜੀਆਂ ਸਨ, ਇਥੋਂ ਉਹ ਭਾਜਪਾ ਦੇ ਉਮੀਦਵਾਰ ਸੋਮ ਪ੍ਰਕਾਸ਼ ਕੋਲੋਂ ਹਾਰ ਗਏ ਸਨ। ਇਸ ਤੋਂ ਬਾਅਦ ਉਹ ਹਲਕਾ ਚੱਬੇਵਾਲ ਤੋਂ ਵਿਧਾਨ ਸਭਾ ਦੀ ਚੋਣ ਜਿੱਤ ਗਏ ਸਨ। ਹੁਣ ਉਹ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਸਨ ਅਤੇ ‘ਆਪ’ ਨੇ ਉਨ੍ਹਾਂ ਨੂੰ ਹੁਸ਼ਿਆਰਪੁਰ ਤੋਂ ਲੋਕ ਸਭਾ ਦਾ ਉਮੀਦਵਾਰ ਬਣਾਇਆ ਹੋਇਆ ਹੈ।
ਇਸੇ ਤਰ੍ਹਾਂ ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿਚ ਕੁਲਦੀਪ ਸਿੰਘ ਧਾਲੀਵਾਲ ਅੰਮ੍ਰਿਤਸਰ ਸੀਟ ਤੋਂ ਹਾਰ ਗਏ ਸਨ। ਇਸ ਤੋਂ ਬਾਅਦ ਧਾਲੀਵਾਲ 2022 ਵਿਚ ਅਜਨਾਲਾ ਹਲਕੇ ਤੋਂ ਵਿਧਾਨ ਸਭਾ ਦੀ ਚੋਣ ਜਿੱਤ ਗਏ ਸਨ। ਹੁਣ ਆਮ ਆਦਮੀ ਪਾਰਟੀ ਨੇ ਧਾਲੀਵਾਲ ਨੂੰ ਅੰਮ੍ਰਿਤਸਰ ਤੋਂ ਲੋਕ ਸਭਾ ਦਾ ਉਮੀਦਵਾਰ ਦਾ ਬਣਾਇਆ ਹੋਇਆ ਹੈ।
ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੀ ਕਾਂਗਰਸ ਦੀ ਟਿਕਟ ‘ਤੇ ਸੰਗਰੂਰ ਤੋਂ ਚੋਣ ਲੜ ਰਹੇ ਹਨ। ਪਿਛਲੀਆਂ ਲੋਕ ਸਭਾ ਚੋਣਾਂ ਖਹਿਰਾ ਨੇ ‘ਪੰਜਾਬ ਏਕਤਾ ਪਾਰਟੀ’ ਵਲੋਂ ਬਠਿੰਡਾ ਸੀਟ ਤੋਂ ਲੜੀਆਂ ਸਨ ਅਤੇ ਉਹ ਚੋਣ ਹਾਰ ਗਏ ਸਨ।
ਇਹ ਵਿਧਾਇਕ ਵੀ ਲੜ ਰਹੇ ਹਨ ਚੋਣਾਂ
ਪੰਜਾਬ ਦੇ ਕਈ ਵਿਧਾਇਕ ਵੀ ਇਸ ਵਾਰ ਲੋਕ ਸਭਾ ਦੀ ਚੋਣ ਲੜ ਰਹੇ ਹਨ। ਇਸ ਵਿਚ ਕਾਂਗਰਸ ਪਾਰਟੀ ਦੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਗੁਰਦਾਸਪੁਰ ਤੋਂ, ‘ਆਪ’ ਦੇ ਵਿਧਾਇਕ ਅਸ਼ੋਕ ਪੱਪੀ ਪਰਾਸ਼ਰ ਲੁਧਿਆਣਾ ਤੋਂ, ‘ਆਪ’ ਦੇ ਵਿਧਾਇਕ ਜਗਦੀਪ ਕਾਕਾ ਬਰਾੜ ਫਿਰੋਜ਼ਪੁਰ ਤੋਂ, ‘ਆਪ’ ਦੇ ਵਿਧਾਇਕ ਅਮਨਸ਼ੇਰ ਸਿੰਘ ਕਲਸੀ ਗੁਰਦਾਸਪੁਰ ਤੋਂ ਅਤੇ ਸੰਗਰੂਰ ਲੋਕ ਸਭਾ ਸੀਟ ਤੋਂ ‘ਆਪ’ ਦੇ ਮੰਤਰੀ ਮੀਤ ਹੇਅਰ ਵੀ ਚੋਣ ਲੜ ਰਹੇ ਹਨ।
ਪੰਜਾਬ ਵਿੱਚ 2.14 ਕਰੋੜ ਵੋਟਰ ਕਰਨਗੇ ਉਮੀਦਵਾਰਾਂ ਦਾ ਫ਼ੈਸਲਾ
ਚੰਡੀਗੜ੍ਹ : ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਪ੍ਰੀਕਿਰਿਆ ਸ਼ੁਰੂ ਹੋ ਚੁੱਕੀ ਹੈ। ਇਸ ਵਾਰ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ 2 ਕਰੋੜ 14 ਲੱਖ 21 ਹਜ਼ਾਰ 555 ਵੋਟਰ ਕਰਨਗੇ। ਇਸ ਵਿਚ 1 ਕਰੋੜ 12 ਲੱਖ 67 ਹਜ਼ਾਰ 19 ਮਰਦ ਵੋਟਰ ਤੇ 1 ਕਰੋੜ 1 ਲੱਖ 53 ਹਜ਼ਾਰ 767 ਮਹਿਲਾ ਵੋਟਰ ਤੇ 769 ਹੋਰ ਵੋਟਰ ਹਨ। ਹਾਲਾਂਕਿ ਚੋਣ ਵਿਭਾਗ ਵੱਲੋਂ ਵੋਟਰਾਂ ਦੀ ਫਾਈਨਲ ਸੂਚੀ 14 ਮਈ ਤੋਂ ਬਾਅਦ ਜਾਰੀ ਕੀਤੀ ਜਾਵੇਗੀ।
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਸੂਬੇ ਦੇ 5 ਲੱਖ 28 ਹਜ਼ਾਰ 864 ਵੋਟਰ ਪਹਿਲੀ ਵਾਰ ਵੋਟ ਪਾਉਣਗੇ। ਇਸ ਵਿੱਚ 3 ਲੱਖ 16 ਹਜ਼ਾਰ 670 ਲੜਕੇ ਤੇ 2 ਲੱਖ 12 ਹਜ਼ਾਰ 178 ਕੁੜੀਆਂ ਅਤੇ 16 ਹੋਰ ਵੋਟਰ ਹਨ। ਇਸੇ ਤਰ੍ਹਾਂ 1 ਲੱਖ 89 ਹਜ਼ਾਰ 832 ਵੋਟਰ 85 ਸਾਲ ਤੋਂ ਜ਼ਿਆਦਾ ਉਮਰ ਦੇ ਹਨ, ਜਿਨ੍ਹਾਂ ਵਿਚ 88,169 ਮਰਦ, 1,01,661 ਮਹਿਲਾਵਾਂ ਅਤੇ 2 ਹੋਰ ਵੋਟਰ ਹਨ। ਉਨ੍ਹਾਂ ਕਿਹਾ ਕਿ 13 ਲੋਕ ਸਭਾ ਸੀਟਾਂ ਲਈ ਕੁੱਲ 24,451 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਇਸ ਵਿੱਚੋਂ 16,517 ਪਿੰਡਾਂ ਅਤੇ 7,934 ਸ਼ਹਿਰਾਂ ਵਿਚ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ‘ਇਸ ਵਾਰ 70 ਪਾਰ’ ਦੇ ਟੀਚੇ ਦੀ ਪੂਰਤੀ ਲਈ ਪੋਲਿੰਗ ਬੂਥਾਂ ਉੱਤੇ ਵੋਟਰਾਂ ਦੀ ਸਹੂਲਤ ਲਈ ਸਾਰੇ ਬੰਦੋਬਸਤ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕ ਸਭਾ ਹਲਕਾ ਗੁਰਦਾਸਪੁਰ ‘ਚ 16 ਲੱਖ 3 ਹਜ਼ਾਰ 628 , ਅੰਮ੍ਰਿਤਸਰ ‘ਚ 16 ਲੱਖ 8 ਹਜ਼ਾਰ 391, ਖਡੂਰ ਸਾਹਿਬ ‘ਚ 16 ਲੱਖ 64 ਹਜ਼ਾਰ 199, ਜਲੰਧਰ ‘ਚ 16 ਲੱਖ 50 ਹਜ਼ਾਰ 849, ਹੁਸ਼ਿਆਰਪੁਰ ਵਿੱਚ 16 ਲੱਖ 43 ਅਤੇ ਆਨੰਦਪੁਰ ਸਾਹਿਬ ਵਿਖੇ 17 ਲੱਖ 27 ਹਜ਼ਾਰ 844 ਵੋਟਰ ਹਨ। ਲੁਧਿਆਣਾ ਵਿੱਚ 17 ਲੱਖ 54 ਹਜ਼ਾਰ 11, ਫਤਿਹਗੜ੍ਹ ਸਾਹਿਬ ਵਿੱਚ 15 ਲੱਖ 50 ਹਜ਼ਾਰ 734 ਵੋਟਰ ਹਨ।

 

Check Also

PM ਜਸਟਿਨ ਟਰੂਡੋ ਨੇ ਜਿੱਤਿਆ ਭਰੋਸੇ ਦਾ ਵੋਟ

ਸਦਨ ਵਿਚ ਫੇਲ੍ਹ ਹੋਇਆ ਵਿਰੋਧੀ ਧਿਰ ਕੰਸਰਵੇਟਿਵ ਦਾ ਮਤਾ ਓਟਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ …