ਆਪਣੇ ਨਾਮ ਪਿੱਛੇ ਲਾਇਆ ‘ਸਮੁੰਦਰੀ’; ਗੁਰਦੁਆਰਾ ਸੁਧਾਰ ਲਹਿਰ ਦੇ ਮੁੱਖ ਆਗੂ ਤੇਜਾ ਸਿੰਘ ਸਮੁੰਦਰੀ ਦੇ ਹਨ ਪੋਤੇ
ਅੰਮ੍ਰਿਤਸਰ/ਬਿਊਰੋ ਨਿਊਜ਼ : ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ (ਸਾਬਕਾ ਰਾਜਦੂਤ) ਨੂੰ ਦੂਜੇ ਉਮੀਦਵਾਰਾਂ ਵੱਲੋਂ ਬਾਹਰੋਂ ਆਇਆ ਦੱਸਿਆ ਜਾ ਰਿਹਾ ਹੈ। ਤਰਨਜੀਤ ਸੰਧੂ ਦਾ ਅੰਮ੍ਰਿਤਸਰ ਨਾਲ ਆਪਣਾ ਪੁਰਾਣਾ ਰਿਸ਼ਤਾ ਸਾਬਤ ਕਰਨ ਵਿੱਚ ਵਧੇਰੇ ਜ਼ੋਰ ਲੱਗ ਰਿਹਾ ਹੈ। ਉਹ ਇਸ ਵੇਲੇ ਇਹ ਸਾਬਤ ਕਰਨ ਦਾ ਯਤਨ ਕਰ ਰਹੇ ਹਨ ਕਿ ਉਹ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ, ਉਨ੍ਹਾਂ ਦਾ ਜੱਦੀ ਘਰ ਅੰਮ੍ਰਿਤਸਰ ਵਿੱਚ ਹੈ ਅਤੇ ਉਹ ਗੁਰਦੁਆਰਾ ਸੁਧਾਰ ਲਹਿਰ ਦੇ ਮੁੱਖ ਆਗੂ ਤੇਜਾ ਸਿੰਘ ਸਮੁੰਦਰੀ ਦੇ ਪੋਤੇ ਹਨ। ਉਹ ਆਪਣੇ ਪਰਿਵਾਰ ਅਤੇ ਪੰਥਕ ਪਿਛੋਕੜ ਬਾਰੇ ਵੀ ਲੋਕਾਂ ਨੂੰ ਲਗਾਤਾਰ ਦੱਸ ਰਹੇ ਹਨ।
ਸੰਧੂ ਦੇ ਚੋਣ ਪ੍ਰਚਾਰ ਵਾਸਤੇ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ‘ਤੇ ਲਾਏ ਗਏ ਹੋਰਡਿੰਗ ਵਿੱਚ ਵੀ ਉਨ੍ਹਾਂ ਨੂੰ ਨਵਾਂ ਨਾਂ ‘ਸੰਧੂ ਸਮੁੰਦਰੀ’ ਦਿੱਤਾ ਗਿਆ ਹੈ। ਸ਼ਹਿਰ ਵਿੱਚ ਲੱਗੇ ਹੋਰਡਿੰਗਾਂ ‘ਤੇ ਲਿਖਿਆ ਗਿਆ ਹੈ ‘ਅੰਮ੍ਰਿਤਸਰ ਦੀ ਪੁਕਾਰ, ਸੰਧੂ ਸਮੁੰਦਰੀ ਇਸ ਵਾਰ।’ ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੇ ਅੰਮ੍ਰਿਤਸਰ ਸਥਿਤ ਮੁੱਖ ਦਫਤਰ ਵਿਚ ਤੇਜਾ ਸਿੰਘ ਸਮੁੰਦਰੀ ਹਾਲ ਸਥਾਪਿਤ ਹੈ। ਇਹ ਸਿੱਖ ਸੰਸਥਾ ਵੱਲੋਂ ਮਰਹੂਮ ਸਿੱਖ ਆਗੂ ਨੂੰ ਦਿੱਤਾ ਗਿਆ ਸਨਮਾਨ ਹੈ। ਤਰਨਜੀਤ ਸਿੰਘ ਸੰਧੂ ਹਾਲ ਹੀ ਵਿੱਚ ਭਾਰਤੀ ਰਾਜਦੂਤ ਵਜੋਂ ਸੇਵਾਮੁਕਤ ਹੋਏ ਹਨ। ਸੰਧੂ ਨੇ ਉਮੀਦਵਾਰ ਐਲਾਨੇ ਜਾਣ ਤੋਂ ਪਹਿਲਾਂ ਹੀ ਆਪਣਾ ਅੰਮ੍ਰਿਤਸਰ ਨਾਲ ਪੁਰਾਣਾ ਰਿਸ਼ਤਾ ਸਾਬਤ ਕਰਨ ਲਈ ਇੱਥੇ ਗਰੀਨ ਐਵੇਨਿਊ ਵਿਚ ਆਪਣੇ ਜੱਦੀ ਘਰ ਸਮੁੰਦਰੀ ਨਿਵਾਸ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਸੀ। ਮੀਡੀਆ ਨੇ ਜਦੋਂ ਵੀ ਉਨ੍ਹਾਂ ਨੂੰ ਇਸ ਬਾਰੇ ਪੁੱਛਿਆ ਤਾਂ ਉਨ੍ਹਾਂ ਇਹੀ ਜਵਾਬ ਦਿੱਤਾ ਕਿ ਉਹ ਸੇਵਾਮੁਕਤ ਹੋਣ ਮਗਰੋਂ ਆਪਣੇ ਘਰ ਪਰਤ ਆਏ ਹਨ। ਉਹ ਹਰ ਵਾਰ ਦੱਸਦੇ ਹਨ ਕਿ ਉਨ੍ਹਾਂ ਦੇ ਪਿਤਾ ਬਿਸ਼ਨ ਸਿੰਘ ਸਮੁੰਦਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਸਨ ਅਤੇ ਉਨ੍ਹਾਂ ਦੇ ਮਾਤਾ ਇੱਥੇ ਸਰਕਾਰੀ ਕਾਲਜ ਵਿੱਚ ਅਧਿਆਪਕ ਰਹੇ ਹਨ। ਉਨ੍ਹਾਂ ਆਪਣੀ ਮੁੱਢਲੀ ਸਕੂਲੀ ਵਿੱਦਿਆ ਵੀ ਅੰਮ੍ਰਿਤਸਰ ਤੋਂ ਹੀ ਪ੍ਰਾਪਤ ਕੀਤੀ ਸੀ। ਸੰਧੂ ਦਾ ਪਰਿਵਾਰ ਤਰਨ ਤਰਨ ਜ਼ਿਲ੍ਹੇ ਦੇ ਪਿੰਡ ਰਾਏ ਬੁੜੀ ਦਾ ਰਹਿਣ ਵਾਲਾ ਹੈ, ਜੋ ਪਹਿਲਾਂ ਅੰਮ੍ਰਿਤਸਰ ਜ਼ਿਲ੍ਹੇ ਦਾ ਹਿੱਸਾ ਹੁੰਦਾ ਸੀ।
ਪਰਿਵਾਰ ਦੇ ਪਿਛੋਕੜ ਬਾਰੇ ਦੱਸਣ ਲਈ ਸਮੁੰਦਰੀ ਸ਼ਬਦ ਵਰਤਿਆ : ਮੀਡੀਆ ਸਲਾਹਕਾਰ
ਤਰਨਜੀਤ ਸਿੰਘ ਸੰਧੂ ਦੇ ਮੀਡੀਆ ਸਲਾਹਕਾਰ ਨੇ ਆਖਿਆ ਕਿ ਸੰਧੂ ਵੱਲੋਂ ਹਾਲ ਹੀ ਵਿੱਚ ਆਪਣੇ ਨਾਂ ਨਾਲ ਸਮੁੰਦਰੀ ਸ਼ਬਦ ਦੀ ਵਰਤੋਂ ਇਸ ਕਰਕੇ ਕੀਤੀ ਗਈ ਹੈ ਤਾਂ ਕਿ ਉਨ੍ਹਾਂ ਦੇ ਪਰਿਵਾਰਕ ਪਿਛੋਕੜ ਬਾਰੇ ਪਤਾ ਲੱਗ ਸਕੇ। ਸਮੁੰਦਰੀ ਸ਼ਬਦ ਉਸ ਦੇ ਪੜਦਾਦਾ ਦੇਵਾ ਸਿੰਘ ਨਾਲ ਸਬੰਧਿਤ ਹੈ ਜਿਨ੍ਹਾਂ ਨੇ ਦੇਸ਼ ਵੰਡ ਤੋਂ ਪਹਿਲਾਂ ਫੌਜ ਵਿੱਚ ਨੌਕਰੀ ਕੀਤੀ। ਜਦੋਂ ਉਹ ਸੇਵਾ ਮੁਕਤ ਹੋਏ ਤਾਂ ਉਨ੍ਹਾਂ ਨੂੰ ਸਮੁੰਦਰੀ ਖੇਤਰ ਵਿੱਚ ਨਿਭਾਈਆਂ ਬਿਹਤਰ ਸੇਵਾਵਾਂ ਕਰਕੇ ਪੰਜ ਮੁਰੱਬਾ ਜ਼ਮੀਨ ਐਵਾਰਡ ਵਜੋਂ ਦਿੱਤੀ ਗਈ ਅਤੇ ਉਸ ਵੇਲੇ ਤੋਂ ਹੀ ਪਰਿਵਾਰ ਨਾਲ ਸਮੁੰਦਰੀ ਸ਼ਬਦ ਜੁੜ ਗਿਆ।
Check Also
ਕੈਨੇਡਾ ‘ਚ ਭਾਰਤੀਆਂ ਸਾਹਮਣੇ ਵੱਡਾ ਸੰਕਟ
50 ਲੱਖ ਵਿਦੇਸ਼ੀਆਂ ਦੇ ਆਰਜ਼ੀ ਪਰਮਿਟਾਂ ਦੀ ਮਿਆਦ ਖਤਮ -ਛੱਡਣਾ ਪੈ ਸਕਦਾ ਹੈ ਕੈਨੇਡਾ ਓਟਾਵਾ/ਬਿਊਰੋ …