Breaking News
Home / ਫ਼ਿਲਮੀ ਦੁਨੀਆ / ਮਨਮੋਹਨ ਢਿੱਲੋਂ ਦੀ ਪੁਸਤਕ ‘ਜ਼ਿੰਦਗੀ ਦੇ ਆਰ-ਪਾਰ’

ਮਨਮੋਹਨ ਢਿੱਲੋਂ ਦੀ ਪੁਸਤਕ ‘ਜ਼ਿੰਦਗੀ ਦੇ ਆਰ-ਪਾਰ’

ਸਾਹਿਤਕ-ਪੱਤਰਕਾਰੀ ਦਾ ਸ਼ਾਨਦਾਰ ਹਸਤਾਖ਼ਰ
ਮਨਮੋਹਨ ਢਿੱਲੋਂ ਪਿਛਲੇ ਲੰਮੇਂ ਸਮੇਂ ਤੋਂ ਪੱਤਰਕਾਰੀ ਨਾਲ ਜੁੜਿਆ ਹੋਇਆ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਚ ਪਹਿਲਾਂ ਯੂਨੀਵਰਸਿਟੀ ਦੇ ਪ੍ਰੈੱਸ ਐਂਡ ਪਬਲੀਕੇਸ਼ਨ ਵਿਭਾਗ ਵਿਚ ਬਤੌਰ ਪਰੂਫ਼-ਰੀਡਰ ਅਤੇ ਬਾਅਦ ਵਿਚ ਉੱਥੇ ਲੋਕ ਸੰਪਰਕ ਵਿਭਾਗ ਵਿਚ ਸਹਾਇਕ ਲੋਕ ਸੰਪਰਕ ਅਫ਼ਸਰ ਵਜੋਂ ਕੰਮ ਕਰਦਿਆਂ ਉਸ ਨੇ ਪੱਤਰਕਾਰੀ ਨੂੰ ਸ਼ੌਕ ਵਜੋਂ ਅਪਨਾਈ ਰੱਖਿਆ ਅਤੇ ‘ਪੰਜਾਬੀ ਟ੍ਰਿਬਿਊਨ’ ਅਖ਼ਬਾਰ ਲਈ ਪੱਤਰਕਾਰ ਵਜੋਂ ਕੰਮ ਕਰਦਾ ਰਿਹਾ। ਇਸ ਸਮੇਂ ਦੌਰਾਨ ਇਸ ਦੇ ਲਈ ਉਹ ਅਖਬ ਵੱਲੋਂ ਕੋਈ ਮਿਹਨਤਾਨਾ ਨਹੀਂ ਲੈਂਦਾ ਸੀ, ਸਗੋਂ ਆਪਣੇ ਸ਼ੌਕ ਨੂੰ ਹੀ ਅੰਜਾਮ ਦਿੰਦਾ ਸੀ। ਪਰ ਫਿਰ ਵੀ ਕਿਸੇ ઑਖ਼ੈਰ-ਖੁ ਨੇ ਯੂਨੀਵਰਸਿਟੀ ਦੇ ਸਰਵ ਉੱਚ-ਅਧਿਕਾਰੀ (ਵਾਈਸ-ਚਾਂਸਲਰ) ਨੂੰ ਉਸ ਦੀ ਸ਼ਿਕਾਇਤ ਕਰ ਦਿੱਤੀ ਕਿ ਇਹ ਯੂਨੀਵਰਸਿਟੀ ਦੀ ਨੌਕਰੀ ਦੇ ਨਾਲ਼ ਫਲਾਣੀ ਅਖ਼ਬਾਰ ਲਈ ਵੀ ਕੰਮ ਕਰਦਾ ਹੈ ਜਿਸ ਦੀ ਇਸ ਪੁਸਤਕ ਵਿਚਲੇ ਲੇਖ ઑਆਪਣਿਆਂ ਤੋਂ ਬਚੋ਼ ਵਿਚਲੇ ਸ਼ਬਦਾਂ ਅਨੁਸਾਰ ਬਾ-ਕਾਇਦਾ ਇਨਕੁਆਇਰੀ ਹੋਈ ਅਤੇ ਉੱਚ-ਅਧਿਕਾਰੀ ਵੱਲੋਂ ਉਸ ਸ਼ਿਕਾਇਤ ਵਾਲੇ ਵਰਕੇ ਨੂੰ ਮਨਮੋਹਨ ਢਿੱਲੋਂ ਦੇ ਸਾਹਮਣੇ ਟੁਕੜੇ-ਟੁਕੜੇ ਕਰ ਦਿੱਤਾ ਗਿਆ। (ਪੰਨਾ: 32)
ਬੀਤੇ ਦਿਨੀਂ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਹੋਏ ਇਕ ਪ੍ਰਭਾਵਸ਼ਾਲੀ ਸਮਾਗ਼ਮ ਵਿਚ ਉਸ ਦੀ ਨਵ-ਪ੍ਰਕਾਸ਼ਿਤ ਵਾਰਤਕ ਪੁਸਤਕ ‘ਜ਼ਿੰਦਗੀ ਦੇ ਆਰ-ਪਾਰ’ ਬਾਰੇ ਭਰਪੂਰ ਚਰਚਾ ਹੋਈ ਜੋ ਇਕ ਵਧੀਆ ਸਾਹਿਤਕ-ਗੋਸ਼ਟੀ ਦਾ ਰੂਪ ਧਾਰਨ ਕਰ ਗਈ। ਇਸ ਵਿਚ ਹਿੱਸਾ ਲੈਂਦੇ ਹੋਇਆਂ ਵੱਖ-ਵੱਖ ਬੁਲਾਰਿਆਂ ਨੇ ਪੁਸਤਕ ਨੂੰ ਸਾਹਿਤਕ ਪੱਤਰਕਾਰੀ ਦਾ ਸ਼ਾਨਦਾਰ ਹਸਤਾਖ਼ਰ ਕਿਹਾ ਅਤੇ ਇਸ ਵਿਚ ਸ਼ਾਮਲ ਵੱਖ-ਵੱਖ ਲਘੂ-ਨਿਬੰਧਾਂ ਉੱਪਰ ਆਪਣੇ ਵਿਚਾਰ ਪੇਸ਼ ਕੀਤੇ। ਇਨ੍ਹਾਂ ਬੁਲਾਰਿਆਂ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਦੇ ਸਾਬਕਾ ਪ੍ਰੋ.(ਡਾ.) ਪਰਮਿੰਦਰ ਸਿੰਘ, ਡਾ. ਭੁਪਿੰਦਰ ਸਿੰਘ, ਡਾ. ਆਤਮ ਰੰਧਾਵਾ, ਸ਼ਾਇਰ ਮਲਵਿੰਦਰ, ਉੱਘੇ ਪੰਜਾਬੀ ਨਾਟਕ ਨਿਦੇਸ਼ਕ ਕੇਵਲ ਧਾਲੀਵਾਲ ਅਤੇ ਇਨ੍ਹਾਂ ਸਤਰਾਂ ਦੇ ਲੇਖਕ ਸਮੇਤ ਕਈ ਹੋਰ ਸ਼ਾਮਲ ਸਨ।
104 ਪੰਨਿਆਂ ਦੀ ਇਸ ਪੁਸਤਕ ਵਿਚ ਮਨਮੋਹਨ ਢਿੱਲੋਂ ਵੱਲੋਂ 22 ਵੱਖ-ਵੱਖ ਵਿਸ਼ਿਆਂ ਸਬੰਧਿਤ ਛੋਟੇ-ਛੋਟੇ ਲੇਖ ਸ਼ਾਮਲ ਕੀਤੇ ਗਏ ਹਨ। ਦੋ ਤੋ ਚਾਰ ਸਫ਼ਿਆਂ ਦੇ ਇਨ੍ਹਾਂ ਲੇਖਾਂ ਦੀ ਖ਼ੂਬਸੂਰਤੀ ਇਸ ਗੱਲ ਵਿਚ ਹੈ ਕਿ ਲੰਬਾਈ ਵਿਚ ਛੋਟੇ ਹੋਣ ਦੇ ਬਾਵਜੂਦ ਇਨ੍ਹਾਂ ਵਿਚ ਬਹੁਤ ਕੁਝ ਕਿਹਾ ਗਿਆ ਹੈ ਜੋ ਸਾਡੀ ਜ਼ਿੰਦਗੀ ਦੇ ਬਹੁਤ ਨੇੜੇ ਹੋਣ ਕਾਰਨ ਸਾਡੇ ਸਮਾਜ ਉੱਪਰ ਆਪਣਾ ਗਹਿਰਾ ਪ੍ਰਭਾਵ ਛੱਡਦਾ ਹੈ। ਉਦਾਹਰਣ ਵਜੋਂ, ਪੁਸਤਕ ਦੇ ਪਹਿਲੇ ਲੇਖ ਵਿਚ ਹੀ ਸਮੇਂ ਦੀ ਪਾਬੰਦੀ ਬਾਰੇ ਬੜੇ ਖ਼ੂਬਸੂਰਤ ਢੰਗ ਨਾਲ ਦਰਸਾਇਆ ਗਿਆ ਹੈ ਕਿ ਕਿਵੇਂ ਇਸ ਆਰਟੀਕਲ ਦੇ ਮੁੱਖ-ਪਾਤਰ ਕਰਨਲ ਸਾਹਿਬ ਨੇ ਆਪਣੀ ਲੜਕੀ ਦੀ ਬਰਾਤ ਸਮੇਂ-ਸਿਰ ਨਾ ਆਉਣ ਕਾਰਨ ਬਰੇਕ-ਫ਼ਾਸਟ ਕੈਂਸਲ ਕਰਕੇ ਉਸ ਨੂੰ ਅਨੰਦ-ਕਾਰਜ ਲਈ ਸਿੱਧਾ ਗੁਰਦੁਆਰੇ ਹੀ ਲੈ ਗਏ। ਏਸੇ ਤਰ੍ਹਾਂ ਇਕ ਹੋਰ ਲੇਖ ਵਿਚ ਸ਼ਗਨ ਤੋਂ ਬਿਨਾਂ ਵਿਆਹ ਦੀ ਗੱਲ ਬਹੁਤ ਵਧੀਆ ਅੰਦਾਜ਼ ਵਿਚ ਕੀਤੀ ਗਈ ਹੈ। ‘ਪੰਜਾਬੀ ਮੇਰੀ ਮਾਂ-ਬੋਲੀ ਏ’ ਆਰਟੀਕਲ ਵਿਚ ਰਾਜਸਥਾਨ ਦੇ ਸ਼ਹਿਰ ਜੈਪੁਰ ਰਹਿੰਦੇ ਪਰਿਵਾਰ ਦੇ ਮੈਂਬਰ ਪੰਜਾਬੀ ਮਾਂ-ਬੋਲੀ ਨੂੰ ਪਿਆਰ ਕਰਦੇ ਹਨ ਤੇ ਪੰਜਾਬੀ ਬੋਲਦੇ ਹਨ, ਅਤੇ ਅਗਲੀ ਪੀੜ੍ਹੀ ਦੇ ਜੀਅ ਵੀ ਠੇਠ-ਪੰਜਾਬੀ ਵਿਚ ਗੱਲ-ਬਾਤ ਕਰਦੇ ਹਨ ਭਾਵੇਂ ਇਹ ਉਨ੍ਹਾਂ ਨੂੰ ਲਿਖਣੀ ਤੇ ਪੜ੍ਹਨੀ ਨਹੀਂ ਵੀ ਆਉਂਦੀ।
ਪੁਸਤਕ ਦੇ ਚਾਰ ਲੇਖ ‘ਸਾਡਾ ਕੀ ਹੈ ਦੋਸ਼ ਵੇ ਲੋਕੋ’, ‘ਆਪਣਾ ਦੇਸ਼ ਅੰਮ੍ਰਿਤਸਰ’, ‘ਬਿੰਦੀ ਦੇ ਜਾਓ ਨਿਸ਼ਾਨੀ ਥੋਡੀ ਮਿਹਰਬਾਨੀ’ ਅਤੇ ‘ਮਿੱਟੀ ਦਾ ਮੋਹ ਅਜੇ ਵੀ ਸਤਾਉਂਦੈ’ ਭਾਰਤ-ਪਾਕਿਸਤਾਨ ਦੀ 1947 ਦੀ ਵੰਡ ਤੋਂ ਬਾਅਦ ਪੂਰਬੀ ਤੇ ਪੱਛਮੀ ਪੰਜਾਬ ਵਿਚ ਵੱਸੇ ਲੋਕਾਂ ਦੀ ਆਪਸ ਵਿਚ ਮਿਲਣ ਦੀ ਤਾਂਘ ਨੂੰ ਬੜੀ ਸ਼ਿੱਦਤ ਨਾਲ ਦਰਸਾਉਂਦੇ ਹਨ, ਜਦ ਕਿ ‘ਬਾਬੂ ਸੁੰਦਰ ਲਾਲ’, ‘ਮੇਰਾ ਦਾਗ਼ਿਸਤਾਨ ਦਾ ਅਨੁਵਾਦਕ -ਡਾ. ਫ਼ਰੈਂਕ’, ‘ਅਨੂਠਾ ਮੰਗਤਾ -ਕੇਵਲ ਧਾਲੀਵਾਲ’ ਅਤੇ ‘ਕੋਲੇ ਦੀ ਖਾਨ ‘ਚੋਂ ਕੀਮਤੀ ਜਾਨਾਂ ਬਚਾਉਣ ਵਾਲਾ ਨਾਇਕ -ਇੰਜੀ. ਗਿੱਲ’ ਇਨ੍ਹਾਂ ਵਿਚਲੇ ਵਿਅਕਤੀਆਂ ਦੇ ਵਚਿੱਤਰ ਕਿਰਦਾਰਾਂ ਨੂੰ ਖ਼ੂਬਸੂਰਤੀ ਨਾਲ ਵਰਨਣ ਕਰਦੇ ਹਨ। ਬੇਸ਼ਕ, ਪੁਸਤਕ ਦੇ ਹੋਰ ਲੇਖ ਵੀ ਇੰਜ ਹੀ ਕਾਫ਼ੀ ਰੌਚਕ ਹਨ ਪਰ ਇਸ ਦੇ ਅਖ਼ੀਰਲਾ ਜਾਣਕਾਰੀ ਭਰਪੂਰ ਲੇਖ ਪੱਥਰ ਦੇ ਛਾਪੇਖ਼ਾਨੇ ਤੋਂ ਸ਼ੁਰੂ ਹੋ ਕੇ ਅੱਜ ਦੇ ਕੰਪਿਊਟਰ ਯੁੱਗ ਦੀ ਵਿਸਥਾਰ ਸਹਿਤ ਬਾਤ ਪਾਉਂਦਾ ਹੈ। (ਪੰਨੇ: 83-102)
ਇਸ ਪੁਸਤਕ ਦਾ ਮੈਂ ਅੱਖਰ-ਅੱਖਰ ਪੜ੍ਹਿਆ ਤੇ ਵਾਚਿਆ ਹੈ ਅਤੇ ਇਹ ਮੈਨੂੰ ਇਹ ਸਭ ਬਹੁਤ ਹੀ ਭਾਵਪੂਰਤ, ਦਿਲਚਸਪ ਅਤੇ ਜਾਣਕਾਰੀ ਨਾਲ ਲਿਬਰੇਜ਼ ਲੱਗਿਆ ਹੈ। ਸੰਖੇਪਤਾ ਇਸ ਪੁਸਤਕ ਦੀ ਖ਼ਾਸ ਵਿਸ਼ੇਸ਼ਤਾ ਹੈ। ਦੋ ਤੋ ਚਾਰ ਸਫ਼ਿਆਂ ਦੇ ਵਿਚ-ਵਿਚ ਹੀ ਵੱਖ-ਵੱਖ ਲੇਖ ਲਿਖ ਕੇ ਲੇਖਕ ਨੇ ‘ਕੁੱਜੇ ਵਿਚ ਸਮੁੰਦਰ’ ਬੰਦ ਕਰਨ ਵਾਲੀ ਗੱਲ ਕੀਤੀ ਹੈ। ਹਰੇਕ ਆਰਟੀਕਲ ਨੂੰ ਮਿੰਨੀ-ਕਹਾਣੀ ਵਾਂਗ ਸ਼ੁਰੂ ਕਰਕੇ ਉਸ ਨੂੰ ਖ਼ੂਬਸੂਰਤੀ ਨਾਲ ਨਿਭਾਇਆ ਹੈ। ਪੜ੍ਹਨ ਲੱਗਿਆਂ ਕਿਧਰੇ ਕੋਈ ਵੀ ਦੁਹਰਾਅ ਤੇ ਅਕੇਵਾਂ ਪ੍ਰਤੀਤ ਨਹੀਂ ਹੁੰਦਾ, ਸਗੋਂ ਉਸ ਨੂੰ ਅੱਗੋਂ ਹੋਰ ਪੜ੍ਹਨ ਦੀ ਜਗਿਆਸਾ ਪੈਦਾ ਹੁੰਦੀ ਹੈ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਵਾਈਸ-ਚਾਂਸਲਰ ਡਾ. ਐੱਸ.ਪੀ. ਸਿੰਘ ਵੱਲੋਂ ਲਿਖਿਆ ਗਿਆ ਮੁੱਖ-ਬੰਦ ‘ਸੁਹਿਰਦ ਪਾਤਰ ਦੀ ਸੰਵੇਦਨਸ਼ੀਲ ਲੇਖਣੀ’ ਇਸ ਪੁਸਤਕ ਨੂੰ ਹੋਰ ਵੀ ਚਾਰ-ਚੰਨ ਲਾਉਂਦਾ ਹੈ ਜਿਸ ਵਿਚ ਉਹ ਕਹਿੰਦੇ ਹਨ, ”ਮਨਮੋਹਨ ਸਿੰਘ ਢਿੱਲੋਂ ਵਾਸਤਵ ਵਿਚ ਪੱਤਰਕਾਰ ਹੁੰਦਾ ਹੋਇਆ ਵੀ ਪੱਤਰਕਾਰ ਭਾਈਚਾਰੇ ਨਾਲੋਂ ਹਟ ਕੇ, ਮਨ ਦੀ ਸਾਫ਼ਗੋਈ, ਮਾਨਵੀ ਸੋਚ ਪ੍ਰਤੀ ਸੁਹਿਰਦ ਤੇ ਜੀਵਨ ਵਿਚ ਆਲੇ-ਦੁਆਲੇ ਵਾਪਰ ਰਹੀਆਂ ਘਟਨਾਵਾਂ ਨੂੰ ਬਾਰੀਕੀ ਨਾਲ ਦੇਖਣ ਦੇ ਸਮਰਥ ਤੇ ਉਨ੍ਹਾਂ ਨੂੰ ਸਾਂਬਦਿਕ ਰੂਪ ਪ੍ਰਦਾਨ ਕਰਨ ਵਾਲਾ ਸਮਰੱਥ ਲੇਖਕ ਹੈ।” (ਪੰਨਾ: 8)
ઑਆਜ਼ਾਦ ਬੁੱਕ ਡਿਪੂ਼ ਅੰਮ੍ਰਿਤਸਰ ਵੱਲੋਂ ਪ੍ਰਕਾਸ਼ਿਤ ਅਤੇ ઑਪ੍ਰਿੰਟਵੈੱਲ਼ ਵੱਲੋਂ ਛਾਪੀ ਗਈ ਮਨਮੋਹਨ ਢਿੱਲੋਂ ਨੂੰ ਇਹ ਖ਼ੂਬਸੂਰਤ ਵਾਰਤਕ ਪੁਸਤਕ ਪੰਜਾਬੀ ਮਾਂ-ਬੋਲੀ ਦੀ ਝੋਲੀ ਪਾਉਣ ‘ਤੇ ਹਾਰਦਿਕ ਵਧਾਈ ਪੇਸ਼ ਕਰਦਾ ਹਾਂ ਅਤੇ ਪਾਠਕਾਂ ਨੂੰ ਇਸ ਦੇ ਪੜ੍ਹਨ ਦੀ ਸਿਫ਼ਾਰਿਸ਼ ਕਰਦਾ ਹਾਂ। ਇਸ ਦੇ ਨਾਲ ਹੀ ਇਹ ਆਸ ਕਰਦਾ ਹਾਂ ਕਿ ਉਹ ਇੰਜ ਹੀ ਆਪਣੇ ਲਿਖਣ ਦੇ ਸ਼ੌਕ ਨੂੰ ਬਰਕਰਾਰ ਰੱਖੇਗਾ।
-ਡਾ. ਸੁਖਦੇਵ ਸਿੰਘ ਝੰਡ
ਫ਼ੋਨ: 84377-27375

Check Also

ਅਖਿਲ ਭਾਰਤੀ 5ਵਾਂ ਚਿੱਤਰ ਭਾਰਤੀ ਫਿਲਮ ਫੈਸਟੀਵਲ ਪੰਚਕੂਲਾ ‘ਚ ਕੀਤਾ ਗਿਆ ਆਯੋਜਿਤ

ਕੇਂਦਰੀ ਮੰਤਰੀ ਅਨੁਰਾਗ ਠਾਕੁਰ, ਬਾਲੀਵੁੱਡ ਅਦਾਕਾਰਾ ਈਸ਼ਾ ਗੁਪਤਾ ਅਤੇ ਯੋਗੇਸ਼ਵਰ ਦੱਤ ਨੇ ਦਿੱਤੇ ਐਵਾਰਡ ਪੰਚਕੂਲਾ/ਬਿਊਰੋ …