Breaking News
Home / ਫ਼ਿਲਮੀ ਦੁਨੀਆ / ਰੇਡੀਓ ਦੀ ਦਮਦਾਰ ਆਵਾਜ਼ ਅਮੀਨ ਸਯਾਨੀ ਦਾ ਦਿਹਾਂਤ

ਰੇਡੀਓ ਦੀ ਦਮਦਾਰ ਆਵਾਜ਼ ਅਮੀਨ ਸਯਾਨੀ ਦਾ ਦਿਹਾਂਤ

ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦੁੱਖ ਦਾ ਪ੍ਰਗਟਾਵਾ
ਮੁੰਬਈ/ਬਿਊਰੋ ਨਿਊਜ਼ : ਆਪਣੀ ਦਮਦਾਰ ਆਵਾਜ਼ ਅਤੇ ਹਰ ਹਫ਼ਤੇ ਬਿਨਾਕਾ ਗੀਤਮਾਲਾ ਰਾਹੀਂ ਲੱਖਾਂ ਸਰੋਤਿਆਂ ਨੂੰ ਕੀਲਣ ਵਾਲੇ ਰੇਡੀਓ ਪੇਸ਼ਕਾਰ ਅਮੀਨ ਸਯਾਨੀ (91) ਦਾ ਦਿਲ ਦਾ ਦੌਰਾ ਪੈਣ ਕਾਰਨ ਮੁੰਬਈ ‘ਚ ਦਿਹਾਂਤ ਹੋ ਗਿਆ। ਉਨ੍ਹਾਂ ਦੇ ਬੇਟੇ ਰਾਜਿਲ ਨੇ ਦੱਸਿਆ ਕਿ ਅਮੀਨ ਸਯਾਨੀ ਨੂੰ ਮੰਗਲਵਾਰ ਰਾਤ ਦਿਲ ਦਾ ਦੌਰਾ ਪਿਆ ਸੀ ਜਿਸ ਮਗਰੋਂ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਨ੍ਹਾਂ ਦੀ ਮੌਤ ਹੋ ਗਈ। ਅਮੀਨ ਸਯਾਨੀ ਦੇ ਦਿਹਾਂਤ ‘ਤੇ ਰਾਸ਼ਟਰਪਤੀ ਦਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਟੀਐੱਮਸੀ ਆਗੂ ਡੈਰੇਕ ਓ’ਬ੍ਰਾਇਨ ਅਤੇ ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਅਫ਼ਸੋਸ ਪ੍ਰਗਟ ਕੀਤਾ ਹੈ।
ਰੇਡੀਓ ਸੁਣਨ ਦਾ ਸ਼ੌਕ ਰੱਖਣ ਵਾਲੇ ਲੋਕਾਂ ਦੇ ਕੰਨਾਂ ‘ਚ ਅੱਜ ਵੀ ਸਯਾਨੀ ਦੀ ਆਵਾਜ਼ ‘ਨਮਸਕਾਰ ਬਹਿਨੋ ਔਰ ਭਾਈਓ, ਮੈਂ ਆਪਕਾ ਦੋਸਤ ਅਮੀਨ ਸਯਾਨੀ ਬੋਲ ਰਹਾ ਹੂੰ’ ਗੂੰਜਦੀ ਹੈ। ਉਹ 1952 ਤੋਂ 1988 ਤੱਕ ਰੇਡੀਓ ਸੀਲੋਨ ਨਾਲ ਜੁੜੇ ਰਹੇ ਸਨ। ਮੁੰਬਈ ‘ਚ 21 ਦਸੰਬਰ, 1932 ‘ਚ ਜਨਮੇ ਸਯਾਨੀ ਨੇ ਆਪਣੇ 42 ਸਾਲਾਂ ਦੇ ਕਾਰਜਕਾਲ ‘ਚ 50 ਹਜ਼ਾਰ ਤੋਂ ਵੱਧ ਪ੍ਰੋਗਰਾਮ ਪੇਸ਼ ਕੀਤੇ ਅਤੇ ਉਨ੍ਹਾਂ ਨੂੰ ਆਪਣੀ ਆਵਾਜ਼ ਦਿੱਤੀ। ਉਨ੍ਹਾਂ ਨੂੰ ਬਚਪਨ ਤੋਂ ਹੀ ਲਿਖਣ ਦਾ ਚਾਅ ਸੀ ਅਤੇ ਸਿਰਫ਼ 13 ਸਾਲਾਂ ਦੀ ਉਮਰ ‘ਚ ਹੀ ਉਨ੍ਹਾਂ ਆਪਣੀ ਮਾਂ ਦੀ ਮੈਗਜ਼ੀਨ ‘ਰਹਿਬਰ’ ਲਈ ਲਿਖਣਾ ਸ਼ੁਰੂ ਕਰ ਦਿੱਤਾ ਸੀ। ਉਹ ਅੰਗਰੇਜ਼ੀ ਜ਼ੁਬਾਨ ਦੇ ਵੀ ਮਾਹਿਰ ਪੇਸ਼ਕਾਰ ਬਣ ਗਏ ਸਨ ਅਤੇ ਆਕਾਸ਼ਵਾਣੀ ਮੁੰਬਈ ਦੀ ਅੰਗਰੇਜ਼ੀ ਸੇਵਾ ‘ਚ ਬੱਚਿਆਂ ਦੇ ਪ੍ਰੋਗਰਾਮਾਂ ‘ਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਆਕਾਸ਼ਵਾਣੀ ਦੀ ਹਿੰਦੀ ਸੇਵਾ ਲਈ ਆਡੀਸ਼ਨ ਦਿੱਤਾ ਸੀ ਪਰ ਆਵਾਜ਼ ‘ਚ ਗੁਜਰਾਤੀ ਲਹਿਜ਼ਾ ਹੋਣ ਕਾਰਨ ਉਨ੍ਹਾਂ ਦੀ ਚੋਣ ਨਹੀਂ ਹੋ ਸਕੀ ਸੀ। ਜਦੋਂ ਤਤਕਾਲੀ ਸੂਚਨਾ ਤੇ ਪ੍ਰਸਾਰਣ ਮੰਤਰੀ ਬੀ ਵੀ ਕੇਸਕਰ ਨੇ ਆਕਾਸ਼ਵਾਣੀ ਤੋਂ ਹਿੰਦੀ ਫਿਲਮਾਂ ਦੇ ਗੀਤਾਂ ਦੇ ਪ੍ਰਸਾਰਣ ‘ਤੇ ਪਾਬੰਦੀ ਲਗਾ ਦਿੱਤੀ ਤਾਂ ਰੇਡੀਓ ਸੀਲੋਨ ਮਸ਼ਹੂਰ ਹੋ ਗਿਆ। ਸਯਾਨੀ ਨੂੰ ਦਸੰਬਰ 1952 ‘ਚ ਰੇਡੀਓ ਸੀਲੋਨ ‘ਤੇ ਬਿਨਾਕਾ ਗੀਤਮਾਲਾ ਪੇਸ਼ ਕਰਨ ਦਾ ਮੌਕਾ ਮਿਲਿਆ ਤੇ ਫਿਰ ਉਨ੍ਹਾਂ ਪਿੱਛੇ ਮੁੜ ਕੇ ਨਹੀਂ ਦੇਖਿਆ।

Check Also

ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ

ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ ਲੁਧਿਆਣਾ – ਲੁਧਿਆਣਾ ਦੇ ਪ੍ਰਮੁੱਖ ਸ਼ਾਪਿੰਗ …