ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਅਦਾਕਾਰ ਸਨੀ ਦਿਓਲ
ਫਿਲਮ ਗਦਰ-2 ਦੀ ਕਾਮਯਾਬੀ ਲਈ ਕੀਤੀ ਅਰਦਾਸ
ਅੰਮਿ੍ਰਤਸਰ/ਬਿਊਰੋ ਨਿਊਜ਼ : ਬਾਲੀਵੁੱਡ ਅਦਾਕਾਰ ਅਤੇ ਗੁਰਦਾਸਪੁਰ ਤੋਂ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਸਨੀ ਦਿਓਲ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਸਵੇਰੇ ਰਾਜਾਸਾਂਸੀ ਏਅਰਪੋਰਟ ’ਤੇ ਪਹੁੰਚਣ ਮਗਰੋਂ ਉਹ ਸਿੱਧੇ ਹੋਟਲ ’ਚ ਗਏ ਜਿੱਥੇ ਉਨ੍ਹਾਂ ਗਦਰ ਫ਼ਿਲਮ ਦੇ ਤਾਰਾ ਸਿੰਘ ਦੇ ਅਵਤਾਰ ਵਿਚ ਖੁਦ ਨੂੰ ਢਾਲਿਆ। ਇਸ ਤੋਂ ਬਾਅਦ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਗੁਰੂ ਚਰਨਾਂ ਵਿਚ ਆਪਣਾ ਸ਼ੀਸ਼ ਨਿਵਾਇਆ ਅਤੇ ਗੁਰੂ ਪਾਸੋਂ ਅਸ਼ੀਰਵਾਦ ਲਿਆ। ਇਸ ਮੌਕੇ ਸਨੀ ਦਿਓਲ ਨੇ ਆਪਣੀ ਆਉਣ ਵਾਲੀ ਫਿਲਮ ਗਦਰ-2 ਦੀ ਕਾਮਯਾਬੀ ਲਈ ਅਰਦਾਸ ਵੀ ਕੀਤੀ। ਦਸਤਾਰ ਅਤੇ ਕੁੜਤੇ ਪਜ਼ਾਮੇ ’ਚ ਸਨੀ ਦਿਓਲ ਆਪਣੇ ਪ੍ਰਸੰਸਕਾਂ ਨੂੰ ਵੀ ਮਿਲੇ ਪ੍ਰੰਤੂ ਉਨ੍ਹਾਂ ਦੀ ਸੁਰੱਖਿਆ ਟੀਮ ਨੇ ਉਨ੍ਹਾਂ ਨੂੰ ਘੇਰੀ ਰੱਖਿਆ ਅਤੇ ਲੋਕਾਂ ਉਨ੍ਹਾਂ ਦੇ ਜ਼ਿਆਦਾ ਨੇੜੇ ਨਹੀਂ ਆਉਣ ਦਿੱਤਾ ਗਿਆ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਨੀ ਦਿਓਲ ਨੇ ਕਿਹਾ ਕਿ ਇਥੇ ਗੁਰੂ ਸਾਹਿਬ ਪਾਸੋਂ ਅਸ਼ੀਰਵਾਦ ਲੈਣ ਅਤੇ ਫ਼ਿਲਮ ਦੀ ਕਾਮਯਾਬੀ ਲਈ ਅਰਦਾਸ ਕਰਨ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆ ਕੇ ਮੈਂ ਖੁਦ ਨੂੰ ਗੁਰੂਆਂ ਨਾਲ ਜੁੜਿਆ ਹੋਇਆ ਮਹਿਸੂਸ ਕਰਦਾ ਹਾਂ। ਉਨ੍ਹਾਂ ਦੇਸ਼ ਅੰਦਰ ਫੈਲੀ ਅਰਜਾਕਤਾ ’ਤੇ ਚਿੰਤਾ ਕਰਦਿਆਂ ਕਿਹਾ ਕਿ ਮੈਂ ਸਮੂਹ ਭਾਰਤ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਸ ਵਿਚ ਮਿਲ-ਜੁਲ ਕੇ ਰਹਿਣ।