Breaking News
Home / ਫ਼ਿਲਮੀ ਦੁਨੀਆ / ਗਿੱਪੀ ਗਰੇਵਾਲ ਦੀ ਫਿਲਮ ‘ઑਅਰਦਾਸ ਕਰਾਂ’ ਵੇਖਦਿਆਂ

ਗਿੱਪੀ ਗਰੇਵਾਲ ਦੀ ਫਿਲਮ ‘ઑਅਰਦਾਸ ਕਰਾਂ’ ਵੇਖਦਿਆਂ

ਪੂਰਨ ਸਿੰਘ ਪਾਂਧੀ
ਲੰਘੇ ਬੁੱਧਵਾਰ ਸਕਾਈਡੋਮ ਗਰੁੱਪ ਆਫ਼ ਕੰਪਨੀਜ਼ ਦੇ ਮਾਲਕ ਦਲਜੀਤ ਸਿੰਘ ਗੈਧੂ ਦੇ ਉੱਦਮ ਤੇ ਪ੍ਰੇਰਨਾ ਨਾਲ ਟ੍ਰਿਨਟੀ ਦੇ ਸਿਲਵਰ ਸਿਟੀ ਥੇਟਰ ਵਿਚ ਸ਼ਾਮ 7 ਤੋਂ 9 ਵਜੇ ਤੱਕ ਗਿੱਪੀ ਗਰੇਵਾਲ ਦੀ ਫਿਲਮ ઑਅਰਦਾਸ਼ ਦੇਖਣ ਦਾ ਸੁਭਾਗ ਪ੍ਰਾਪਤ ਹੋਇਆ। ਖੇਡ ਲੇਖਕ ਪ੍ਰਿੰਸੀਪਲ ਸਰਵਣ ਸਿੰਘ, ਸਮਾਜ ਸੇਵੀ ਗੁਰਦੇਵ ਸਿੰਘ ਮਾਨ, ਹਰਿੰਦਰ ਸਿੰਘ ਮੱਲ੍ਹੀ ਆਦਿ ਅਸੀਂ ਸਾਰੇ ਸਮੇ ਸਿਰ ਵਿਸ਼ਾਲ ਥੇਟਰ ਵਿਚ ਪਹੁੰਚੇ। ਸਾਡੇ ਦੇਖਦਿਆਂ ਕੁਝ ਹੀ ਮਿੰਟਾਂ ਵਿਚ ਦਰਸ਼ਕ ਵੱਡੀ ਗਿਣਤੀ ਵਿਚ ਆ ਜੁੜੇ। ਮੇਲੇ ਵਰਗਾ ਮਾਹੌਲ ਬਣ ਗਿਆ। ਬੜੇ ਤਰੀਕੇ, ਸਲੀਕੇ ਤੇ ਡਸਿਪਲਨ ਨਾਲ਼ ਪਾਸ ਲੈ ਕੇ ਥੇਟਰ ਹਾਲ ਦੀਆਂ ਸਭ ਨੇ ਕੁਰਸੀਆਂ ਜਾ ਮੱਲੀਆਂ। ਦਰਸ਼ਕਾਂ ਦਾ ਉਤਸ਼ਾਹ ਦੇਖਣਾ ਬਣਦਾ ਸੀ। ਹਾਲ ਦੀਆਂ ਕੁੱਲ ਚਾਰ ਸੌ ਸੀਟਾਂ, ਸਾਰੀਆਂ ਭਰ ਹੋਈਆਂ ਸਨ। ਆਰੰਭ ਵਿਚ ਰਾਜਵੀਰ ਸਿੰਘ ਬੋਪਾਰਾਏ ਨੇ ਅੱਜ ਦੇ ਇਸ ਸਮਾਗਮ ਦੀ ਭੁਮਕਾ ਬੰਨ੍ਹੀ, ਫਿਲਮ ਦੇ ਪ੍ਰਮੋਟਰ ਦਲਜੀਤ ਸਿੰਘ ਗੈਧੂ ਤੇ ਡਾਇਰੈਕਟਰ ਗਿੱਪੀ ਗਰੇਵਾਲ ਨੇ ਕੁਝ ਬੋਲ ਸਾਂਝੇ ਕੀਤੇ ਤੇ ਫਿਰ ਫਿਲਮ ਦੀਆਂ ਵੱਖ ਵੱਖ ਝਾਕੀਆਂ ਨਾਲ਼ ਸਕਰੀਨ ਜਗਮਗਾ ਉੱਠੀ।
ਕਿਸੇ ਵੀ ਫਿਲਮ ਦੀ ਸਟੋਰੀ ਤੇ ਉਸ ਦੀਆਂ ਝਾਕੀਆਂ ਵਿਚ ਹਾਲਾਤ ਦਾ ਸਹੀ, ਢੁਕਵਾਂ ਤੇ ਜੀਵਨ ਦੇ ਯਥਾਰਥ ਨਾਲ਼ ਮੇਲ ਖਾਂਦਾ ਕਲਾ ਪੱਖ ਦੇਖਿਆ ਜਾਂਦਾ ਹੈ। ਡਾਇਰੈਕਟਰ ਦੀ ਖੂਬੀ ਇਸ ਗੱਲ ਵਿਚ ਆਂਕੀ ਜਾਂਦੀ ਹੈ ਕਿ ਉਸ ਦੀ ਪੇਸ਼ਕਾਰੀ ਵਿਚ ਜੀਵਨ ਦੇ ਯਥਾਰਥ ਤੇ ਸਚਾਈ ਨੂੰ ਕਿੰਨੀ ਡੂੰਘਾਈ ਤੇ ਬਰੀਕੀ ਨਾਲ ਬਿਆਨਿਆ ਗਿਆ ਹੈ। ਪਾਤਰਾਂ ਦੇ ਕਿੰਨੇ ਢੁਕਵੇਂ ਡਾਇਲਾਗ ਹਨ, ਦਰਸ਼ਕਾਂ ‘ਤੇ ਕੀ ਪ੍ਰਭਾਵ ਪਾਉਂਦੇ ਹਨ ਤੇ ਕਹਾਣੀ ਕੀ ਸੰਦੇਸ਼ ਦਿੰਦੀ ਹੈ। ਇੱਕ ਸਧਾਰਨ ਦਰਸ਼ਕ ਵਾਂਗ ਮੈ ਤੇ ਮੇਰੇ ਅਨੁਭਵੀ ਸਾਥੀਆਂ ਨੇ ਇਸ ਫਿਲਮ ਵਿਚੋਂ ਜੋ ਪ੍ਰਭਾਵ ਗ੍ਰਹਿਣ ਕੀਤਾ; ਉਸ ਪੱਖ ਤੋਂ ઑਅਰਦਾਸ ਕਰਾਂ਼ ਫਿਲਮ ਆਪਣੇ ਆਸ਼ੇ, ਉਦੇਸ਼ ਤੇ ਸੰਦੇਸ਼ ਦੇਣ ਵਿਚ ਪੂਰੀ ਤਰ੍ਹਾਂ ਸਫਲ ਹੈ। ਇਸ ਦੀ ਕਹਾਣੀ ਆਪਸੀ ਜੀਆਂ ਦੀ ਬੇਵਿਸ਼ਵਾਸੀ, ਪਰਵਾਰਾਂ ਦੀ ਟੁਟ-ਭੱਜ, ਖਿਚਾਅ ਤੇ ਤੜਪਦੇ ਜੀਵਨ ਦੀ ਸਚੀ ਤੇ ਢੁਕਵੀਂ ਤਸਵੀਰ ਉਭਾਰਨ ਵਿਚ ਪੂਰੀ ਤਰ੍ਹਾਂ ਸਫਲ ਹੈ। ਇਸ ਦੇ ਮੁੱਖ ਪਾਤਰ ਮੈਜਿਕ (ਘੁੱਗੀ) ਦਾ ਰੋਲ ਬਹੁਤ ਸਹੀ, ਢੁਕਵਾਂ ਤੇ ਜੀਵਨ ਦੇ ਯਥਾਰਥ ਨਾਲ਼ ਮੇਲ ਖਾਂਦਾ ਹੈ।
ਇਸ ਦੀ ਕਹਾਣੀ ਇੱਕ ਪਰਿਵਾਰ ਦੇ ਅਜੋੜ/ਵਿਗੜੇ ਹਾਲਾਤ ਤੋਂ ਤੁਰਦੀ ਹੈ। ਇਹ ਅਜੋਕੇ ਪੀੜ੍ਹੀ ਦੇ ਪਾੜੇ ਦੀਆਂ ਸੋਚਾਂ ਤੇ ਵਰਤ ਵਰਤਾਰੇ ਦਾ ਦੁਖਾਂਤ ਹੈ। ਇੱਕ ਪਾਸੇ ਘਰ ਦਾ ਸਿਹਤਮੰਦ ਬਜ਼ੁਰਗ ਪਰਿਵਾਰ ਦੇ ਅਜਿਹੇ ਹਾਲਾਤ ਤੋਂ ਦੁਖੀ ਹੋਇਆ ਮੌਤ ਦੇ ਰਾਹ ਪੈਂਦਾ ਖੁਦਕੁਸ਼ੀ ਕਰਨ ਤੱਕ ਜਾਂਦਾ ਹੈ। ਦੂਜੇ ਪਾਸੇ ਇੱਕ ਪਾਤਰ ਮੈਜਿਕ (ਘੁੱਗੀ) ਕੈਂਸਰ ਦਾ ਮਰੀਜ ਬਣਿਆ ਮੌਤ ਦੇ ਮੂੰਹ ਵਿਚ ਆਇਆ, ਆਖ਼ਰੀ ਸਾਹ ਤੱਕ ਉਦਾਸ/ਨਿਰਾਸ਼ ਨਹੀਂ ਹੁੰਦਾ; ਸਗੋਂ ਖੁਸ਼ੀਆਂ ਤੇ ਖੇੜੇ ਭਰੀ ਜ਼ਿੰਦਗੀ ਜਿਉਣ ਦਾ ਸੁਨੇਹਾ ਦਿੰਦਾ, ਬਚਦੀ ਜ਼ਿੰਦਗੀ ਦਾ ਹਰ ਪਲ ਹੱਸ ਖੇਡ ਕੇ ਮਾਣਦਾ ਹੈ। ਮੈਜਿਕ (ਘੁੱਗੀ) ਦੇ ਦਾਰਸ਼ਨਿਕ ਡਾਇਲਾਗ ਤੇ ਗੁਰਬਾਣੀ ਦੀਆਂ ਢੁਕਵੀਆਂ ਤੁਕਾਂ ਦਾ ਸੁ ਉਚਾਰਣ ਇੱਕ ਆਸ਼ਾਵਾਦੀ, ਆਦਰਸ਼ਕ ਤੇ ਚੜ੍ਹਦੀ ਕਲਾ ਵਾਲਾ ਪ੍ਰਭਾਵ ਸਿਰਜਦਾ ਹੈ। ਉਸ ਦਾ ਇਹ ਆਖਣਾ ਬਹੁਤ ਢੁਕਵਾਂ ਲੱਗਾ ਕਿ ”ਪਵਣ ਗੁਰੂ ਪਾਣੀ ਪਿਤਾ” ਦਾ ਸਿਧਾਂਤ ਸਾਡੇ ਗੁਰੂ ਨੇ ਪੇਸ਼ ਕੀਤਾ ਸੀ ਪਰ ਇਸ ਨੂੰ ਅਮਲੀ ਰੂਪ ਵਿਚ ਲਾਗੂ ਕੀਤਾ ਕਨੇਡਾ ਅਤੇ ਪੱਛਮ ਦੇ ਲੋਕਾਂ ਨੇ। ਗੁਰਬਾਣੀ ਦੀਆਂ ਅਜਿਹੀਆਂ ਅਟੱਲ ਤੇ ਸੱਚੀਆਂ ਕੁਟੇਸ਼ਨਾ ਫਿਲਮ ਵਿਚ ਕਈ ਥਾਈਂ, ਕਈ ਪਾਤਰਾਂ ਦੇ ਮੂਹੋਂ ਬਹੁਤ ਢੁਕਵੇਂ ਸਮੇ ਅਖਵਾਈਆਂ ਗਈਆਂ ਹਨ; ਜੋ ਪਾਤਰ ਦੀ ਗੱਲ ਨੂੰ ਬਹੁਤ ਜ਼ੋਰਦਾਰ ਤੇ ਪ੍ਰਭਾਵਕਾਰੀ ਬਣਾਉਂਦੀਆਂ ਹਨ। ਲਾਹੌਰੀ ਮੁਸਲਮਾਨ ਤੇ ਸੰਗਰੂਰੀਏ ਪੰਡਤ ਦੀ ਭੂਮਿਕਾ ਵੀ ਸਲਾਹੁਣਯੋਗ ਹੈ। ਬਾਕੀ ਪਾਤਰਾਂ ਦੇ ਵਿਹਾਰ ਤੇ ਕਿਰਦਾਰ ਸਾਊ ਤੇ ਸਾਰਥਕ ਹਨ, ਡਾਇਲਾਗ ਢੁਕਵੇਂ, ਰੌਚਕ ਤੇ ਪ੍ਰਭਾਵਸ਼ਾਲੀ ਹਨ। ઑਅਰਦਾਸ ਕਰਾਂ਼ ਫਿਲਮ ਦੀ ਪਰਸੰਸਾਯੋਗ ਤੇ ਸਿਫਤਯੋਗ ਗੱਲ ਇਹ ਵੀ ਹੈ ਕਿ ਇਸ ਵਿਚ ਅਸ਼ਲੀਲ ਨਾਂ ਦੀ ਕੋਈ ਚੀਜ਼ ਬੋ ਨਹੀਂ ਮਾਰਦੀ। ਰਵਾਇਤੀ ਫਿਲਮਾਂ ਵਾਂਗ ਇਸ ਵਿਚ ਹਥਿਆਰਾਂ, ਲੜਾਈਆਂ ਜਾਂ ਨਸ਼ਿਆਂ ਆਦਿ ਦੀ ਵੀ ਭਰਮਾਰ ਨਹੀਂ। ਲੱਚਰ ਹਰਕਤਾਂ, ਫਿੱਕੇ ਹਾਸੇ, ਗੈਰ ਕੁਦਰਤੀ ਨੱਚਣ/ਟੱਪਣ ਤੇ ਭੜਕੀਲੇ ਵਰਤਣ ਵਿਹਾਰ ਵਲੋਂ ਵੀ ਪਾਕ ਪਵਿੱਤਰ ਹੈ। ਇਹ ਇੱਕ ਸਾਫ, ਸੁਥਰੇ ਤੇ ਸਚਿਆਰੇ ਮਾਹੌਲ ਦੀ ਸਿਰਜਣਾ ਕਰਦੀ ਪਰਵਾਰਕ ਫਿਲਮ ਹੈ। ਇਸ ਵਿਚੋਂ ਉਸਾਰੂ ਕਿਸਮ ਦੀ ਸਿਖਿਆ, ਸੇਧ ਤੇ ਪ੍ਰੇਰਨਾ ਮਿਲਦੀ ਹੈ। ਜ਼ਿੰਦਗੀ ਦੇ ਅਕੇਵੇਂ ਤੇ ਕੁੜੱਤਣ ਭਰੇ ਹਾਲਾਤ ਤੋਂ ਨਿਰਾਸ, ਉਦਾਸ ਤੇ ਉਪਰਾਮ ਕਰਦਾ ਮਾਹੌਲ ਖਤਮ ਕਰਦੀ, ਜੀਵਨ ਵਿਚ ਚਾਅ, ਉਤਸ਼ਾਹ, ਖੁਸ਼ੀਆਂ ਤੇ ਖੇੜਾ ਪੈਦਾ ਕਰਦੀ ਅਤੇ ਹਰ ਹਾਲਾਤ ਨਾਲ਼ ਜੂਝਣ ਤੇ ਸੰਘਰਸ਼ ਦੇ ਰਾਹ ਤੋਰਦੀ ਹੈ। ਇਸ ਵਿਚਲਾ ਬੱਚਾ ਬਹੁਤ ਹੋਣਹਾਰ ਹੈ ਪਰ ਇੰਜ ਲੱਗਾ ਜਿਵੇਂ ਉਮਰ ਛੋਟੀ ਹੈ ਪਰ ਉਸ ਦੀਆਂ ਗੱਲਾਂ ਸਿਆਣੀ ਉਮਰ ਦੀਆਂ ਹੋਣ। ਫਿਲਮ ਦਾ ਨਾਂ ઑਅਰਦਾਸ ਕਰਾਂ਼ ਦੀ ਥਾਂ ઑਜ਼ਿੰਦਗੀ ਜ਼ਿੰਦਾਬਾਦ਼ ਵਧੇਰੇ ਢੁਕਵਾਂ ਹੋਣਾ ਸੀ। ਕੁੱਲ ਮਿਲਾ ਕੇ ਫਿਲਮ ઑਅਰਦਾਸ ਕਰਾਂ਼ ਸਿਨਮਾ ਦੀ ਖਿੜਕੀ ‘ਤੇ ਚੱਲਣ ਵਾਲੀ ਇੱਕ ਸਫਲ ਫਿਲਮ ਹੈ। ਇਸ ਦਾ ਡਾਇਰੈਕਟਰ ਗਿੱਪੀ ਗਰੇਵਾਲ ਤੇ ਇਸ ਦੇ ਪ੍ਰਮੋਟਰ ਸਕਾਈਡੋਮ ਗਰੁੱਪ ਆਫ ਕੰਪਨੀਜ਼ ਦੇ ਮਾਲਕ ਦਲਜੀਤ ਸਿੰਘ ਗੈਧੂ ਵਧਾਈ ਦੇ ਪਾਤਰ ਹਨ।

Check Also

ਅਖਿਲ ਭਾਰਤੀ 5ਵਾਂ ਚਿੱਤਰ ਭਾਰਤੀ ਫਿਲਮ ਫੈਸਟੀਵਲ ਪੰਚਕੂਲਾ ‘ਚ ਕੀਤਾ ਗਿਆ ਆਯੋਜਿਤ

ਕੇਂਦਰੀ ਮੰਤਰੀ ਅਨੁਰਾਗ ਠਾਕੁਰ, ਬਾਲੀਵੁੱਡ ਅਦਾਕਾਰਾ ਈਸ਼ਾ ਗੁਪਤਾ ਅਤੇ ਯੋਗੇਸ਼ਵਰ ਦੱਤ ਨੇ ਦਿੱਤੇ ਐਵਾਰਡ ਪੰਚਕੂਲਾ/ਬਿਊਰੋ …