Breaking News
Home / ਫ਼ਿਲਮੀ ਦੁਨੀਆ / 27 ਮਾਰਚ – ਕੌਮਾਂਤਰੀ ਰੰਗਮੰਚ ਦਿਵਸ ‘ਤੇ ਵਿਸ਼ੇਸ

27 ਮਾਰਚ – ਕੌਮਾਂਤਰੀ ਰੰਗਮੰਚ ਦਿਵਸ ‘ਤੇ ਵਿਸ਼ੇਸ

ਭਾਰਤ ‘ਚ ਰੰਗਮੰਚ ਦਾ ਇਤਿਹਾਸ ਕਾਫ਼ੀ ਪੁਰਾਣਾ
ਹਰ ਸਾਲ 27 ਮਾਰਚ ਨੂੰ ਕੌਮਾਂਤਰੀ ਰੰਗਮੰਚ ਦਿਵਸ (ਵਰਲਡ ਥੀਏਟਰ ਡੇ) ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਜੂਨ 1961 ਵਿੱਚ ‘ਇੰਟਰਨੈਸ਼ਨਲ ਥੀਏਟਰ ਇੰਸਟੀਚਿਊਟ’ ਦੀ ਵਿਆਨਾ ਵਿਖੇ ਹੋਈ ਨੌਂਵੀਂ ਵਿਸ਼ਵ ਕਾਂਗਰਸ ਵਿੱਚ ਸੰਸਥਾ ਦੇ ਪ੍ਰਧਾਨ ਐਰਵੀ ਕਿਵੀਨਾ ਨੇ ਇਸ ਦੇ ਫ਼ਿਨਿਸ਼ ਸੈਂਟਰ ਦੇ ਆਧਾਰ ਤੇ ਇੱਕ ‘ਵਿਸ਼ਵ ਰੰਗਮੰਚ ਦਿਵਸ’ ਮਿਥਣ ਦਾ ਮਤਾ ਰੱਖਿਆ ਜਿਸ ਦੀ ਤਾਈਦ ਸਕੈਂਡੀਨੈਵੀਆਨਾ ਸੈਂਟਰ ਨੇ ਕੀਤੀ, ਕਲਾਕਾਰਾਂ ਨੂੰ ਸਨਮਾਣ ਦੇਣ ਅਤੇ ਉਹਨਾਂ ਦੀ ਕਲਾ ਨੂੰ ਪ੍ਰੋਤਸਾਹਿਤ ਕਰਨ ਦੇ ਲਈ ਰੰਗਮੰਚ ਖੇਤਰ ਵਿੱਚ ਕੰਮ ਕਰਦੇ ਸਭਨਾਂ ਲੋਕਾਂ ਨੇ ਪ੍ਰਵਾਨਗੀ ਦਿੱਤੀ। ਇਸ ਮਗਰੋਂ ਇਹ ਹਰ ਸਾਲ 27 ਮਾਰਚ ਨੂੰ ਮਨਾਇਆ ਜਾਣ ਲੱਗਾ ਅਤੇ ਪਹਿਲੀ ਵਾਰ ਇਸ ਨੂੰ 27 ਮਾਰਚ 1962 ਨੂੰ ਪੈਰਿਸ ਵਿੱਚ ‘ਥੀਏਟਰ ਆਫ਼ ਨੇਸ਼ਨਜ਼’ ਵਿਖੇ ਮਨਾਇਆ ਗਿਆ।
ਇਸ ਦਿਨ ਦਾ ਇੱਕ ਮਹੱਤਵਪੂਰਨ ਆਯੋਜਨ ਕੌਮਾਂਤਰੀ ਰੰਗਮੰਚ ਸੁਨੇਹਾ ਹੈ, ਜਿਹੜਾ ਸੰਸਾਰ ਦੇ ਕਿਸੇ ਪ੍ਰਸਿੱਧ ਰੰਗਕਰਮੀ ਦੁਆਰਾ ਰੰਗਮੰਚ ਅਤੇ ਸ਼ਾਂਤੀ ਦੀ ਸੰਸਕ੍ਰਿਤੀ ਵਿਸ਼ੇ ਉੱਤੇ ਉਸਦੇ ਵਿਚਾਰਾਂ ਨੂੰ ਬਿਆਨਦਾ ਹੈ। ਸਾਲ 1962 ਵਿੱਚ ਪਹਿਲਾਂ ਕੌਮਾਂਤਰੀ ਰੰਗਮੰਚ ਸੁਨੇਹਾ ਫਰਾਂਸ ਦੀ ਜੀਨ ਕਾਕਟੇ ਨੇ ਦਿੱਤਾ ਸੀ ਅਤੇ 2002 ਵਿੱਚ ਇਹ ਸੁਨੇਹਾ ਭਾਰਤ ਦੇ ਪ੍ਰਸਿੱਧ ਰੰਗਕਰਮੀ ਗਿਰੀਸ਼ ਕਰਨਾਰਡ ਦੁਆਰਾ ਦਿੱਤਾ ਗਿਆ।
ਭਾਰਤ ਵਿੱਚ ਰੰਗਮੰਚ ਦਾ ਇਤਿਹਾਸ ਕਾਫ਼ੀ ਪੁਰਾਣਾ ਹੈ, ਅਜਿਹਾ ਮੰਨਿਆਂ ਜਾਂਦਾ ਹੈ ਕਿ ਨਾਟਕਲਾ ਦਾ ਵਿਕਾਸ ਸਭ ਤੋਂ ਪਹਿਲਾਂ ਭਾਰਤ ਵਿੱਚ ਹੀ ਹੋਇਆ। ਪੰਜਾਬੀ ਰੰਗਮੰਚ ਕੋਲ ਆਈ. ਸੀ. ਨੰਦਾ ਤੋਂ ਲੈ ਕੇ ਡਾ.ਗੁਰਦਿਆਲ ਸਿੰਘ ਫੁੱਲ, ਪ੍ਰਿ.ਸੰਤ ਸਿੰਘ ਸੇਖੋਂ, ਡਾ. ਹਰਚਰਨ ਸਿੰਘ, ਹਰਸਰਨ ਸਿੰਘ, ਭਾਅਜੀ ਗੁਰਸ਼ਰਨ ਸਿੰਘ, ਪ੍ਰੋ. ਅਜਮੇਰ ਸਿੰਘ ਔਲਖ, ਡਾ.ਆਤਮਜੀਤ, ਦਵਿੰਦਰ ਦਮਨ, ਜਤਿੰਦਰ ਬਰਾੜ, ਡਾ. ਐੱਸ.ਐੱਨ.ਸੇਵਕ, ਅਤੇ ਉਹਨਾਂ ਤੋਂ ਅਗਲੀ ਪੀੜ੍ਹੀ ਕੇਵਲ ਧਾਲੀਵਾਲ, ਪਾਲੀ ਭੁਪਿੰਦਰ ਸਿੰਘ, ਸਾਹਿਬ ਸਿੰਘ, ਐੱਚ.ਐੱਸ.ਰੰਧਾਵਾ, ਸੋਮਨਾਥ, ਨਿਰਮਲ ਜੋੜਾ, ਜਗਦੀਸ਼ ਸੱਚਦੇਵਾ, ਸਵਰਾਜਬੀਰ, ਤ੍ਰੈਲੋਚਨ ਸਿੰਘ ਆਦਿ ਜਿਹੇ ਨਾਟਕਕਾਰ ਹਨ ਜਿਨ੍ਹਾਂ ਦੀਆਂ ਸਕ੍ਰਿਪਟਾਂ ਦਾ ਮੰਚਣ ਦੇਸ਼ ਵਿਦੇਸ਼ ਵਿੱਚ ਅਕਸਰ ਹੁੰਦਾ ਰਹਿੰਦਾ ਹੈ। ਪੰਜਾਬੀ ਰੰਗਮੰਚ ਵਿੱਚ ਭਾਅਜੀ ਗੁਰਸ਼ਰਨ ਸਿੰਘ ਵੱਲੋਂ ਨਾਟਕ ਨੂੰ ਲੋਕਾਂ ਦੇ ਚੁਲ੍ਹਿਆਂ ਤੱਕ ਪਹੁੰਚਾ ਕੇ ਲੱਗਭੱਗ ਚਾਰ ਦਹਾਕਿਆਂ ਤੱਕ ਕੀਤਾ ਗਿਆ ਜਿਨ੍ਹਾਂ ਦੀ ਘਾਲਣਾ ਨੂੰ ਇੱਕ ਇਤਿਹਾਸਕ ਕਾਰਜ ਕਹਿਣ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ।
ਅਯੋਕੇ ਦੌਰ ਵਿੱਚ ਪੰਜਾਬੀ ਰੰਗਮੰਚ ਵਿੱਤੀ ਕਠਿਨਾਈਆਂ ਵਿੱਚੋਂ ਗੁਜ਼ਰ ਰਿਹਾ ਹੈ, ਇਸਦੇ ਲਈ ਵਿਵਸਥਾ ਨੂੰ ਸੁਚੱਜੇ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜੋ ਸਾਹਿਤ ਦੀ ਇਹ ਵਿਧਾ ਬਣੀ ਰਹੇ ਅਤੇ ਆਪਣੀਆਂ ਲੋਕ ਹਿੱਤ ਪੁਲਾਂਘਾ ਨੂੰ ਹੋਰ ਅਗਾਂਹ ਤੱਕ ਲਿਜਾ ਸਕੇ।
-ਗੋਬਿੰਦਰ ਸਿੰਘ ਢੀਂਡਸਾ

Check Also

ਅਖਿਲ ਭਾਰਤੀ 5ਵਾਂ ਚਿੱਤਰ ਭਾਰਤੀ ਫਿਲਮ ਫੈਸਟੀਵਲ ਪੰਚਕੂਲਾ ‘ਚ ਕੀਤਾ ਗਿਆ ਆਯੋਜਿਤ

ਕੇਂਦਰੀ ਮੰਤਰੀ ਅਨੁਰਾਗ ਠਾਕੁਰ, ਬਾਲੀਵੁੱਡ ਅਦਾਕਾਰਾ ਈਸ਼ਾ ਗੁਪਤਾ ਅਤੇ ਯੋਗੇਸ਼ਵਰ ਦੱਤ ਨੇ ਦਿੱਤੇ ਐਵਾਰਡ ਪੰਚਕੂਲਾ/ਬਿਊਰੋ …