ਜਸਮਿੰਦਰ ਸਿੰਘ ਤੇ ਜਗਜੀਤ ਸਿੰਘ ਸੋਹਲ ਨੂੰ ਵੀ ਮਿਲਿਆ ਇਨਾਮ
ਲੰਡਨ : ਬਰਤਾਨਵੀ ਸਿਨੇਮਾ ਵਿੱਚ ਪਾਏ ਯੋਗਦਾਨ ਕਰਕੇ ਭਾਰਤੀ ਮੂਲ ਦੀ ਬ੍ਰਿਟਿਸ਼ ਨਿਰਦੇਸ਼ਕ ਗੁਰਿੰਦਰ ਚੱਢਾ ਨੂੰ 2017 ਦੇ ਸਿੱਖ ਜਿਊਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਗੁਰਿੰਦਰ ਚੱਢਾ ਜੋ ਹੁਣ ਤੱਕ ‘ਭਾਜੀ ਔਨ ਦਿ ਬੀਚ’, ‘ਬੈੱਂਡ ਇਟ ਲਾਈਕ ਬੈਕਹਮ’ ਤੇ ‘ਬਰਾਈਡ ਐਂਡ ਪ੍ਰੈਜੂਡਿਸ’ ਫਿਲਮਾਂ ਦਾ ਨਿਰਮਾਣ ਕਰ ਚੁੱਕੀ ਹੈ, ਨੂੰ ਬਰਤਾਨੀਆ ਦੇ ਰੱਖਿਆ ਸਕੱਤਰ ਮਾਈਕਲ ਫੈਲਨ ਨੇ ਬ੍ਰਿਟਿਸ਼ ਸਿੱਖ ਐਸੋਸੀਏਸ਼ਨ ਵੱਲੋਂ ਰੱਖੇ ਵਿਸਾਖੀ ਦੇ ਰਾਤ ਦੇ ਭੋਜਨ ਦੌਰਾਨ ਇਹ ਐਵਾਰਡ ਦਿੱਤਾ। ਇਸ ਮੌਕੇ ਭਾਰਤ ਦੇ ਬਰਤਾਨੀਆ ਵਿੱਚ ਹਾਈ ਕਮਿਸ਼ਨਰ ਵਾਈ ਕੇ ਸਿਨਹਾ ਵੀ ਹਾਜ਼ਰ ਸਨ। ਚੱਢਾ ਦੀ ਨਵੀਂ ਫਿਲਮ ‘ਵਾਇਸਰਾਏ’ਜ਼ ਹਾਊਸ’ ਵਿੱਚ ਭਾਰਤ ਵਿਚ ਬਰਤਾਨਵੀ ਰਾਜ ਦੇ ਆਖ਼ਰੀ ਪੰਜ ਮਹੀਨਿਆਂ ਤੇ ਪਾਕਿਸਤਾਨ ਦੇ ਨਿਰਮਾਣ ਦੀ ਅਸਲ ਕਹਾਣੀ ਨੂੰ ਦਰਸਾਇਆ ਗਿਆ ਹੈ। ਇਹ ਐਵਾਰਡ ਹਾਸਲ ਕਰਨ ਮੌਕੇ ਚੱਢਾ ਨੇ ਕਿਹਾ, ”ਕੁਝ ਲੋਕ ਧਰਮ ਦਾ ਸਹਾਰਾ ਲੈ ਕੇ ਦੂਜਿਆਂ ਨੂੰ ਵੰਡਦੇ ਹਨ। ਮੇਰੀ ਫਿਲਮ ਦਾ ਇਹੀ ਵਿਸ਼ਾ ਹੈ। ਇਹ ਇੱਕ ਚੰਗੀ ਫਿਲਮ ਹੈ।” ਐਡਵਰਡੀਅਨ ਹੋਟਲਜ਼ ਦੇ ਚੇਅਰਮੈਨ ਤੇ ਨਿਰਮਾਤਾ ਜਸਮਿੰਦਰ ਸਿੰਘ, ਲੇਖਕ ਤੇ ਖ਼ਾਲਸਾ ਏਡ ਦੇ ਨਿਰਮਾਤਾ ਜਗਜੀਤ ਸਿੰਘ ਸੋਹਲ ਨੂੰ ਵੀ ਇਹ ਐਵਾਰਡ ਦਿੱਤਾ ਗਿਆ। ਫੈਲਨ ਨੇ ਕਿਹਾ ਕਿ ਉਹ ਅਗਲੇ ਮਹੀਨੇ ਹੀ ਭਾਰਤ ਦੇ ਦੌਰੇ ‘ਤੇ ਜਾਵੇਗਾ ਤੇ ਭਾਰਤ ਅਤੇ ਬਰਤਾਨੀਆ ਦਰਮਿਆਨ ਸੁਰੱਖਿਆ ਸਹਿਯੋਗ ਲਈ ਯਤਨ ਕਰੇਗਾ। ਬ੍ਰਿਟਿਸ਼ ਸਿੱਖ ਐਸੋਸੀਏਸ਼ਨ ਦੇ ਚੇਅਰਮੈਨ ਡਾ. ਰਾਮੀ ਨੇ ਕਿਹਾ ਕਿ ਇਹ ਦੁਖ ਦੀ ਗੱਲ ਹੈ ਕਿ ਬ੍ਰਿਟਿਸ਼ ਸਕੂਲਾਂ ਵਿੱਚ ਭਾਰਤੀਆਂ ਵੱਲੋਂ ਯੁੱਧਾਂ ਵਿੱਚ ਪਾਏ ਯੋਗਦਾਨ ਬਾਰੇ ਨਹੀਂ ਪੜ੍ਹਾਇਆ ਜਾਂਦਾ। ਉਨ੍ਹਾਂ ਰੱਖਿਆ ਸਕੱਤਰ ਨੂੰ ਅਪੀਲ ਕੀਤੀ ਉਹ ਸਿੱਖਿਆ ਸਕੱਤਰ ਨੂੰ ਸਕੂਲਾਂ ਵਿੱਚ ਦੇਸ਼ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲਿਆਂ ਬਾਰੇ ਪੜ੍ਹਾਉਣ ਲਈ ਕਹਿਣ। ਇਸ ਮੌਕੇ ਬ੍ਰਿਟਿਸ਼ ਸਿੱਖ ਐਸੋਸੀਏਸ਼ਨ ਨੇ ਫੈਲਨ ਨਾਲ ਸਿੱਖਾਂ ਤੇ ਫ਼ੌਜ ਦਰਮਿਆਨ ਚੰਗੇ ਸਬੰਧਾਂ ਲਈ ਇੱਕ ਸਮਝੌਤੇ ‘ਤੇ ਦਸਤਖ਼ਤ ਵੀ ਕੀਤੇ।
Check Also
ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ
ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ ਲੁਧਿਆਣਾ – ਲੁਧਿਆਣਾ ਦੇ ਪ੍ਰਮੁੱਖ ਸ਼ਾਪਿੰਗ …