ਛੋਟਾ ਮੂਸੇਵਾਲਾ ਜੰਮਣ ‘ਤੇ ਸਵਾਲ ਕਰਨ ਵਾਲੀ ਸਰਕਾਰ ਦੀ ਹੋ ਰਹੀ ਕਿਰਕਰੀ
ਕੇਂਦਰ ਨੇ ਪੰਜਾਬ ਸਰਕਾਰ ਕੋਲੋਂ ਮੰਗਿਆ ਜਵਾਬ
ਚੰਡੀਗੜ੍ਹ/ਬਿਊਰੋ ਨਿਊਜ਼ : ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ 58 ਸਾਲ ਦੀ ਉਮਰ ਵਿਚ ਆਈ.ਵੀ.ਐਫ. ਤਕਨੀਕ ਨਾਲ ਬੇਟੇ ਨੂੰ ਜਨਮ ਦਿੱਤਾ ਹੈ। ਇਸ ‘ਤੇ ਕੇਂਦਰੀ ਸਿਹਤ ਮੰਤਰਾਲੇ ਨੇ ਪੰਜਾਬ ਸਰਕਾਰ ਨੂੰ ਪੱਤਰ ਭੇਜ ਕੇ ਇਸ ਸਬੰਧ ਵਿਚ ਜਵਾਬ ਮੰਗਿਆ ਹੈ। ਕੇਂਦਰ ਵਲੋਂ ਲਿਖੇ ਪੱਤਰ ਵਿਚ ਕਿਹਾ ਗਿਆ ਹੈ ਕਿ ਇਨ ਵਿਟਰੋ ਫਰਟੀਲਾਈਜੇਸ਼ਨ (ਆਈ.ਵੀ.ਐਫ.) ਦੇ ਨਿਯਮਾਂ ਦੇ ਮੁਤਾਬਕ 21 ਤੋਂ 50 ਸਾਲ ਦੀ ਮਹਿਲਾ ਇਸ ਤਕਨੀਕ ਨਾਲ ਮਾਂ ਬਣ ਸਕਦੀ ਹੈ, ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਦੀ ਉਮਰ ਇਸ ਤੋਂ ਜ਼ਿਆਦਾ ਹੈ। ਇਸ ਲਈ ਕੇਂਦਰ ਸਰਕਾਰ ਨੇ ਚਰਨ ਕੌਰ ਦੀ ਉਮਰ ਨੂੰ ਲੈ ਕੇ ਹੋਰ ਗੱਲਾਂ ਦੀ ਡਿਟੇਲ ਦੀ ਰਿਪੋਰਟ ਪੰਜਾਬ ਸਰਕਾਰ ਤੋਂ ਮੰਗੀ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਦੇ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇ ਉਹ ਕਿਸੇ ਵੀ ਤਰ੍ਹਾਂ ਦੇ ਕਾਨੂੰਨ ਤੋਂ ਬਾਹਰ ਗਏ ਹਨ ਤਾਂ ਸਰਕਾਰ ਉਨ੍ਹਾਂ ਨੂੰ ਸਲਾਖਾਂ ਪਿੱਛੇ ਸੁੱਟ ਦੇਵੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੂੰ ਯਕੀਨ ਨਹੀਂ ਹੈ ਤਾਂ ਉਨ੍ਹਾਂ ਦੇ ਖਿਲਾਫ ਪਹਿਲਾਂ ਮਾਮਲਾ ਦਰਜ ਕਰ ਦੇਵੇ ਅਤੇ ਉਨ੍ਹਾਂ ਨੂੰ ਜੇਲ੍ਹ ਵਿਚ ਸੁੱਟ ਕੇ ਫਿਰ ਮਾਮਲੇ ਦੀ ਜਾਂਚ ਕਰ ਲਵੇ। ਬਲਕੌਰ ਸਿੰਘ ਨੇ ਕਿਹਾ ਕਿ ਟ੍ਰੀਟਮੈਂਟ ਪੂਰਾ ਹੋਣ ‘ਤੇ ਉਹ ਲੀਗਰ ਡਾਕੂਮੈਂਟ ਪੇਸ਼ ਕਰਨਗੇ। ਉਧਰ, ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਅਸੀਂ ਅਜਿਹੀ ਕੋਈ ਚਿੱਠੀ ਨਹੀਂ ਕੱਢੇ ਹੈ, ਬਲਕਿ ਕੇਂਦਰ ਸਰਕਾਰ ਹੀ ਅਜਿਹੇ ਪੱਤਰ ਜਾਰੀ ਕਰਕੇ ਚਲਾਕੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਅਸੀਂ ਮੂਸੇਵਾਲਾ ਦੇ ਪਰਿਵਾਰ ਨੂੰ ਨਾ ਕੋਈ ਪੱਤਰ ਭੇਜਿਆ ਅਤੇ ਨਾ ਹੀ ਇਸ ਸਬੰਧੀ ਪੁੱਛਿਆ ਹੈ ਅਤੇ ਨਾ ਕੋਈ ਪ੍ਰਸ਼ਾਸਨਿਕ ਅਧਿਕਾਰੀ ਉਨ੍ਹਾਂ ਨੂੰ ਪ੍ਰੇਸ਼ਾਨ ਕਰੇਗਾ। ਦੱਸਿਆ ਗਿਆ ਹੈ ਕਿ ਮੂਸੇਵਾਲਾ ਨੇ 2022 ਵਿਚ ਮਾਨਸਾ ਤੋਂ ਕਾਂਗਰਸ ਦੀ ਟਿਕਟ ‘ਤੇ ਚੋਣ ਲੜੀ ਸੀ ਅਤੇ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਕਵਰਿੰਗ ਕੈਂਡੀਡੇਟ ਦੇ ਤੌਰ ‘ਤੇ ਐਫੀਡੇਵਿਟ ਭਰਿਆ ਸੀ। ਉਸ ਸਮੇਂ ਚਰਨ ਕੌਰ ਨੇ ਆਪਣੀ ਉਮਰ 56 ਸਾਲ ਦੱਸੀ ਸੀ। ਇਸਦੇ ਅਨੁਸਾਰ ਚਰਨ ਕੌਰ ਦੀ ਉਮਰ 58 ਸਾਲ ਹੈ ਅਤੇ ਬਲਕੌਰ ਸਿੰਘ ਦੀ ਉਮਰ ਕਰੀਬ 60 ਸਾਲ ਹੈ। ਇਸਦੇ ਚੱਲਦਿਆਂ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੇ ਆਗੂ ਸੂਬੇ ਦੀ ‘ਆਪ’ ਸਰਕਾਰ ‘ਤੇ ਸਵਾਲ ਵੀ ਚੁੱਕ ਰਹੀਆਂ ਹਨ।
ਪੰਜਾਬ ਸਰਕਾਰ ਨੇ ਸਿਹਤ ਸਕੱਤਰ ਤੋਂ ਜਵਾਬ ਮੰਗਿਆ
ਸਿੱਧੂ ਮੂਸੇਵਾਲਾ ਦੇ ਨਵ-ਜਨਮੇ ਭਰਾ ਬਾਰੇ ਉਸਦੇ ਮਾਪਿਆਂ ਪਾਸੋਂ ਦਸਤਾਵੇਜ਼ ਮੰਗਣ ਦੇ ਮਾਮਲੇ ਵਿਚ ਪੰਜਾਬ ਸਰਕਾਰ ਨੇ ਕੇਂਦਰੀ ਸਿਹਤ ਵਿਭਾਗ ਦੇ ਸਕੱਤਰ ਅਜੋਏ ਸ਼ਰਮਾ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਤੁਸੀਂ ਮੁੱਖ ਮੰਤਰੀ ਜਾਂ ਸਬੰਧਤ ਸਿਹਤ ਮੰਤਰੀ ਦੇ ਧਿਆਨ ਵਿੱਚ ਲਿਆਏ ਬਗ਼ੈਰ ਇਹ ਜਾਣਕਾਰੀ ਕਿਉਂ ਮੰਗੀ। ਜ਼ਿਕਰਯੋਗ ਹੈ ਕਿ ਮੂਸੇਵਾਲਾ ਦੀ ਮਾਂ ਨੇ 17 ਮਾਰਚ ਨੂੰ ਆਈਵੀਐੱਫ ਵਿਧੀ ਰਾਹੀਂ ਬੱਚੇ ਨੂੰ ਜਨਮ ਦਿੱਤਾ ਹੈ ਅਤੇ ਹੁਣ ਕੇਂਦਰੀ ਸਿਹਤ ਮੰਤਰਾਲੇ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਇਸ ਸਬੰਧੀ ਰਿਪੋਰਟ ਮੰਗੀ ਹੈ।
ਇਹ ਕਹਿੰਦਾ ਹੈ ਨਿਯਮ
21 ਤੋਂ 50 ਸਾਲ ਦੀ ਮਹਿਲਾ ਇਸ ਤਕਨੀਕ ਨਾਲ ਬਣ ਸਕਦੀ ਹੈ ਮਾਂ ਅਸਿਸਟੇਡ ਰਿਪ੍ਰੋਡਕਟਿਵ ਟੈਕਨਾਲੋਜੀ ਰੈਗੂਲੇਸ਼ਨ ਐਕਟ ਦੇ ਮੁਤਾਬਕ ਭਾਰਤ ਵਿਚ 21 ਤੋਂ 50 ਸਾਲ ਦੀ ਮਹਿਲਾ ਆਈ.ਵੀ.ਐਫ. ਕਰਵਾ ਸਕਦੀ ਹੈ। ਪੁਰਸ਼ਾਂ ਦੇ ਲਈ ਇਸਦੀ ਉਮਰ ਹੱਦ 21 ਤੋਂ 55 ਸਾਲ ਹੈ। ਇਸ ਤੋਂ ਉਪਰ ਦੀ ਉਮਰ ਵਾਲਿਆਂ ਲਈ ਇਹ ਕਾਨੂੰਨੀ ਅਪਰਾਧ ਹੈ। ਇਸ ਬਾਰੇ ਵਿਚ 2022 ਵਿਚ ਪਾਸ ਕਾਨੂੰਨ ਦੇ ਤਹਿਤ ਸਖਤ ਸਜ਼ਾ ਹੋ ਸਕਦੀ ਹੈ। ਪਰ ਜਦੋਂ ਕੋਈ ਮਹਿਲਾ ਗਰਭਵਤੀ ਹੋਵੇ ਤਾਂ ਉਸਦੀ ਦੇਸ਼ ਵਿਚ ਡਿਲਵਰੀ ਹੋ ਸਕਦੀ ਹੈ। ਅਜਿਹੇ ਵਿਚ ਬੱਚੇ ਦੀਆਂ ਇਛੁਕ ਮਹਿਲਾਵਾਂ ਵਿਦੇਸ਼ ਜਾਣ ਦਾ ਰਸਤਾ ਅਪਣਾ ਰਹੀਆਂ ਹਨ। ਭਾਰਤ ਵਿਚ ਜੇਕਰ 50 ਸਾਲ ਤੋਂ ਜ਼ਿਆਦਾ ਉਮਰ ਦੀ ਮਹਿਲਾ ਨੂੰ ਆਈਵੀਐਫ ਦੇ ਜ਼ਰੀਏ ਬੱਚਾ ਚਾਹੀਦਾ ਹੈ ਤਾਂ ਹਾਈਕੋਰਟ ਦਾ ਦਰਵਾਜ਼ਾ ਖੜਕਾਉਣਾ ਪਵੇਗਾ। ਇਸ ਕਾਨੂੰਨੀ ਝੰਜਟ ਤੋਂ ਹਰ ਕੋਈ ਬਚਣਾ ਚਾਹੁੰਦਾ ਹੈ। ਇਸ ਕਾਨੂੰਨ ਦੀ ਉਲੰਘਣਾ ‘ਤੇ 5 ਤੋਂ 20 ਲੱਖ ਰੁਪਏ ਤੱਕ ਜੁਰਮਾਨਾ ਹੋ ਸਕਦਾ ਹੈ। ਇਸ ਤੋਂ ਇਲਾਵਾ 3 ਤੋਂ 8 ਸਾਲ ਦੀ ਸਜ਼ਾ ਵੀ ਹੋ ਸਕਦੀ ਹੈ।