21.1 C
Toronto
Saturday, September 13, 2025
spot_img
Homeਹਫ਼ਤਾਵਾਰੀ ਫੇਰੀਮਾਮਲਾ ਭਾਰਤੀ ਕੌਂਸਲੇਟ ਦੇ ਅਧਿਕਾਰੀਆਂ 'ਤੇ ਪਾਬੰਦੀ ਲਗਾਉਣ ਦਾ

ਮਾਮਲਾ ਭਾਰਤੀ ਕੌਂਸਲੇਟ ਦੇ ਅਧਿਕਾਰੀਆਂ ‘ਤੇ ਪਾਬੰਦੀ ਲਗਾਉਣ ਦਾ

ਸਥਾਨਕ ਗੁਰੂਘਰਾਂ ਦੀਆਂ ਕਮੇਟੀਆਂ ‘ਚ ਮਤਭੇਦ ਸਾਹਮਣੇ ਆਉਣ ਲੱਗੇ
ਮਿਸੀਸਾਗਾ/ਪਰਵਾਸੀ ਬਿਊਰੋ : ਜਦੋਂ ਤੋਂ ਓਨਟਾਰੀਓ ਗੁਰਦਵਾਰਾਜ਼ ਕਮੇਟੀ ਅਤੇ ਕੁਝ ਸਥਾਨਕ ਗੁਰੂਘਰਾਂ ਦੇ ਪ੍ਰਬੰਧਕਾਂ ਵੱਲੋਂ ਭਾਰਤੀ ਕੌਂਸਲੇਟ ਦੇ ਅਧਿਕਾਰੀਆਂ ਦੇ ਵੱਖ-ਵੱਖ ਗੁਰੂਘਰਾਂ ਵਿੱਚ ਦਾਖਲੇ ‘ਤੇ ਪਾਬੰਦੀ ਲਗਾਉਣ ਦਾ ਫੈਸਲਾ ਲਿਆ ਗਿਆ ਹੈ, ਇਸ ਦੇ ਖਿਲਾਫ ਹੁਣ ਕਈ ਸਥਾਨਕ ਗੁਰੂਘਰਾਂ ਦੀਆਂ ਕਮੇਟੀਆਂ ਦੇ ਡਾਇਰੈਕਟਰਾਂ ਵੱਲੋਂ ਆਪਣੀ ਵੱਖਰੀ ਰਾਇ ਦਾ ਇਜ਼ਹਾਰ ਵੀ ਕੀਤਾ ਜਾਣ ਲੱਗ ਪਿਆ ਹੈ। ਜਿਸ ਕਾਰਨ ਇਸ ਫੈਸਲੇ ਨੂੰ ਲੈ ਕੇ ਸਥਾਨਕ ਭਾਈਚਾਰੇ ਵਿੱਚ ਦੁਵਿਧਾ ਦਾ ਮਾਹੌਲ ਪੈਦਾ ਹੋ ਗਿਆ ਹੈ।
ਜਿੱਥੇ ਇਸ ਪਾਸੇ 31 ਦਸੰਬਰ ਦੀ ਰਾਤ ਨੂੰ ਨਵੇਂ ਸਾਲ ਦੀ ਆਮਦ ਮੌਕੇ ਡਿਕਸੀ ਗੁਰੂਘਰ ਦੀ ਕਮੇਟੀ ਦੇ ਪ੍ਰਧਾਨ ਸ. ਗੁਰਪ੍ਰੀਤ ਸਿੰਘ ਬੱਲ ਵੱਲੋਂ ਇਸ ਫੈਸਲੇ ਦੀ ਪ੍ਰੋੜਤਾ ਕੀਤੀ ਗਈ ਸੀ, ਇਸ ਤਰ੍ਹਾਂ ਉਨ੍ਹਾਂ ਨੇ 6 ਜਨਵਰੀ ਨੂੰ ਇਸ ਸੰਦਰਭ ਵਿੱਚ ਮਾਲਟਨ ਗੁਰੂਘਰ ਵਿੱਚ ਰੱਖੀ ਗਈ ਪ੍ਰੈੱਸ ਕਾਨਫਰੰਸ ਵਿੱਚ ਵੀ ਇਸ ਗੱਲ ਨੂੰ ਦੁਹਰਾਇਆ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਇਕੱਲੇ ਪ੍ਰਧਾਨ ਵਜੋਂ ਹੀ ਨਹੀਂ ਬਲਕਿ ਸਮੁੱਚੀ ਕਮੇਟੀ ਵੱਲੋਂ ਪ੍ਰਤਿਨਿਧਤਾ ਕਰ ਰਹੇ ਹਨ। ਪ੍ਰੰਤੂ ਹੁਣ ਇਸ ਫੈਸਲੇ ਦੇ ਖਿਲਾਫ ਇਸ ਕਮੇਟੀ ਦੇ ਹੀ ਚਾਰ ਮੈਂਬਰਾਂ ਵੱਲੋਂ ਇਕ ਪ੍ਰੈੱਸ ਨੋਟ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਇਸ ਫੈਸਲੇ ਬਾਰੇ ਕਦੇ ਵੀ ਉਨ੍ਹਾਂ ਦੀ ਕਮੇਟੀ ਵਿਚ ਵਿਚਾਰ ਨਹੀਂ ਕੀਤਾ ਗਿਆ ਅਤੇ ਉਹ ਇਸ ਫੈਸਲੇ ਨਾਲ ਸਹਿਮਤ ਨਹੀਂ ਹਨ। ਇਨ੍ਹਾਂ ਚਾਰ ਡਾਇਰੈਕਟਰਾਂ ਵਿੱਚ ਪਰਮਜੀਤ ਸਿੰਘ ਬੋਲੀਨਾ, ਨਵਜੀਤ ਸਿੰਘ, ਗੁਰਿੰਦਰ ਸਿੰਘ ਭੁੱਲਰ ਅਤੇ ਅਮਰੀਕ ਸਿੰਘ ਦਿਓਲ ਦਾ ਨਾਂਅ ਸ਼ਾਮਲ ਹੈ।
ਇਸੇ ਤਰ੍ਹਾਂ ਦੀ ਹੀ ਇਕ ਪ੍ਰੈੱਸ ਰਿਲੀਜ਼ ਗਲਿਡਨ ਰੋਡ ਗੁਰੂਘਰ ਅਤੇ ਗੁਰਦਵਾਰਾ ਸਿੱਖ ਸੰਗਤ ਦੇ ਪੰਜ ਡਾਇਰੈਕਟਰਾਂ ਵੱਲੋਂ ਵੀ ਜਾਰੀ ਕੀਤੀ ਗਈ ਹੈ। ਇਨ੍ਹਾਂ ਵਿੱਚ ਸੁਖਵੰਤ ਸਿੰਘ ਰਾਏ, ਸਰਵਣ ਸਿੰਘ ਗਿੱਲ, ਸਰਵਣ ਸਿੰਘ ਸੰਧੂ, ਪੁਸ਼ਪਿੰਦਰ ਸਿੰਘ ਅਟਵਾਲ ਅਤੇ ਮਹਿੰਦਰ ਸਿੰਘ ਗਰੇਵਾਲ ਦਾ ਨਾਂਅ ਸ਼ਾਮਲ ਹੈ। ਇਸ ਵਿੱਚ ਵੀ ਇਹ ਸਪਸ਼ਟ ਕੀਤਾ ਗਿਆ ਹੈ ਕਿ ਇਸ ਫੈਸਲੇ ਬਾਰੇ ਇਨ੍ਹਾਂ ਦੋਹਾਂ ਗੁਰੂਘਰਾਂ ਦੀਆਂ ਕਮੇਟੀਆਂ ਦੇ ਪ੍ਰਬੰਧਕਾਂ ਦੀ ਸਹਿਮਤੀ ਲਏ ਬਿਨ੍ਹਾਂ ਉਨ੍ਹਾਂ ਦਾ ਨਾਂਅ ਸ਼ਾਮਲ ਕਰ ਲਿਆ ਗਿਆ ਅਤੇ ਉਕਤ ਫੈਸਲੇ ਵਿੱਚ ਸ਼ਾਮਲ ਨਹੀਂ ਹਨ। ਪਾਠਕਾਂ ਦੀ ਜਾਣਕਾਰੀ ਲਈ ਇਹ ਦੋਵੇਂ ਪ੍ਰੈੱਸ ਨੋਟ ਪ੍ਰਕਾਸ਼ਤ ਕੀਤੇ ਜਾ ਰਹੇ ਹਨ।
ਇਹ ਵੀ ਵਰਨਣਯੋਗ ਹੈ ਕਿ ਓਨਟਾਰੀਓ ਸਿੱਖਸ ਐਂਡ ਗੁਰਦਵਾਰਾਜ਼ ਕੌਂਸਲ ਦੇ ਅਹੁਦੇਦਾਰਾਂ ਵੱਲੋਂ ਪਹਿਲਾਂ ਹੀ ਸਪਸ਼ਟ ਕੀਤਾ ਜਾ ਚੁੱਕਾ ਹੈ ਕਿ ਉਹ ਇਸ ਫੈਸਲੇ ਨਾਲ ਸਹਿਮਤ ਨਹੀਂ ਹਨ ਅਤੇ ਉਨ੍ਹਾਂ ਨੂੰ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ।
ਇੰਝ ਇਹ ਗੱਲ ਸਪਸ਼ਟ ਹੋ ਰਹੀ ਹੈ ਕਿ ਵੱਖ-ਵੱਖ ਗੁਰੂਘਰ ਕਮੇਟੀਆਂ ਵਿੱਚ ਹੁਣ ਇਸ ਫੈਸਲੇ ਨੂੰ ਲੈ ਕੇ ਮਤਭੇਦ ਖੁੱਲ ਕੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਇੰਝ ਦੇ ਨਤੀਜੇ ਦੂਰਗਾਮੀ ਹੋ ਸਕਦੇ ਹਨ।

RELATED ARTICLES
POPULAR POSTS