15.6 C
Toronto
Saturday, September 13, 2025
spot_img
Homeਹਫ਼ਤਾਵਾਰੀ ਫੇਰੀਧੋਖੇ ਦਾ ਸ਼ਿਕਾਰ ਵਿਦਿਆਰਥੀਆਂ ਨੂੰ ਰਾਹਤ ਪਰ ਹੇਰਾਫੇਰੀ ਕਰਨ ਵਾਲਿਆਂ ਨੂੰ ਕੀਤਾ...

ਧੋਖੇ ਦਾ ਸ਼ਿਕਾਰ ਵਿਦਿਆਰਥੀਆਂ ਨੂੰ ਰਾਹਤ ਪਰ ਹੇਰਾਫੇਰੀ ਕਰਨ ਵਾਲਿਆਂ ਨੂੰ ਕੀਤਾ ਜਾਵੇਗਾ ਡਿਪੋਰਟ

ਮੰਤਰੀ ਸ਼ੌਨ ਫਰੇਜ਼ਰ ਨੇ ਸੰਸਦ ਵਿਚ ਦਿੱਤੀ ਜਾਣਕਾਰੀ
ਵਿਦਿਆਰਥੀਆਂ ਨੂੰ ਕੈਨੇਡਾ ‘ਚ ਰਹਿਣ ਦਾ ਮੌਕਾ ਦੇਣ ਲਈ ਵਿਕਸਿਤ ਕੀਤੀ ਜਾਵੇਗੀ ਪ੍ਰਕਿਰਿਆ
ਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ : ਕੈਨੇਡਾ ਤੋਂ ਡਿਪੋਰਟ ਹੋਣ ਦੇ ਜੋਖ਼ਮ ਦਾ ਸਾਹਮਣਾ ਕਰ ਰਹੇ ਵੱਡੀ ਗਿਣਤੀ ਭਾਰਤੀ ਵਿਦਿਆਰਥੀਆਂ ਨੂੰ ਰਾਹਤ ਮਿਲੀ ਹੈ ਪਰ ਹੇਰਾਫੇਰੀ ਕਰਨ ਵਾਲਿਆਂ ਨੂੰ ਡਿਪੋਰਟ ਵੀ ਕੀਤਾ ਜਾ ਸਕਦਾ ਹੈ। ਇਹ ਐਲਾਨ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਨੇ ਕੀਤਾ ਹੈ। ਇਸੇ ਦੌਰਾਨ ਧੋਖੇ ਦਾ ਸ਼ਿਕਾਰ ਹੋਏ ਭਾਰਤੀ ਵਿਦਿਆਰਥੀਆਂ ਦੀ ਵਤਨ ਵਾਪਸੀ ਰੋਕਣ ਲਈ ਜਸਟਿਨ ਟਰੂਡੋ ਸਰਕਾਰ ਇਕ ਪ੍ਰਕਿਰਿਆ ਉਤੇ ਕੰਮ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਇਹ ਵਿਦਿਆਰਥੀ ਜਿਨ੍ਹਾਂ ਵਿਚ ਬਹੁਤੇ ਪੰਜਾਬੀ ਹਨ, ‘ਤੇ ਫ਼ਰਜ਼ੀ ਦਾਖ਼ਲਾ ਪੱਤਰਾਂ ਰਾਹੀਂ ਵੀਜ਼ਾ ਲੈਣ ਦੇ ਆਰੋਪ ਲੱਗੇ ਹਨ।
ਆਵਾਸ ਮੰਤਰੀ ਸ਼ੌਨ ਫਰੇਜ਼ਰ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਹੁਣ ਇਹ ਸਾਬਿਤ ਕਰਨ ਦਾ ਮੌਕਾ ਦਿੱਤਾ ਜਾਵੇਗਾ ਕਿ ਉਨ੍ਹਾਂ ਦਾ ਫਾਇਦਾ ਉਠਾਇਆ ਗਿਆ ਹੈ। ਵਿਦਿਆਰਥੀਆਂ ਦੇ ਦਾਖ਼ਲਾ ਪੱਤਰ (ਐਡਮਿਸ਼ਨ ਲੈਟਰ) ਜਾਅਲੀ ਹੋਣ ਬਾਰੇ ਪ੍ਰਸ਼ਾਸਨ ਨੂੰ ਮਾਰਚ ਵਿਚ ਪਤਾ ਲੱਗਾ ਸੀ ਜਦ ਇਹ ਪੱਕੀ ਰਿਹਾਇਸ਼ (ਪੀਆਰ) ਲਈ ਅਪਲਾਈ ਕਰ ਰਹੇ ਸਨ।
ਸੰਸਦ ਵਿਚ ਜਵਾਬ ਦਿੰਦਿਆਂ ਫਰੇਜ਼ਰ ਨੇ ਕਿਹਾ ਕਿ ‘ਬੇਕਸੂਰ ਵਿਦਿਆਰਥੀ, ਜੋ ਕਿ ਧੋਖਾਧੜੀ ਦੇ ਸ਼ਿਕਾਰ ਹਨ’, ਨੂੰ ਇਹ ਸਾਬਿਤ ਕਰਨ ਦਾ ਮੌਕਾ ਦਿੱਤਾ ਜਾਵੇਗਾ ਕਿ ਉਨ੍ਹਾਂ ਦਾ ਫਾਇਦਾ ਉਠਾਇਆ ਗਿਆ ਹੈ। ਸਰਕਾਰ ਇਸ ਲਈ ਇਕ ‘ਢੁੱਕਵਾਂ ਹੱਲ’ ਉਪਲਬਧ ਕਰਾਏਗੀ। ਉਨ੍ਹਾਂ ਨਾਲ ਹੀ ਕਿਹਾ ਕਿ ਭਵਿੱਖ ਬਾਰੇ ਬਣੀ ਇਸ ਬੇਯਕੀਨੀ ਕਾਰਨ ਕਈ ਵਿਦਿਆਰਥੀ ਮਾਨਸਿਕ ਤਣਾਅ ਦਾ ਸ਼ਿਕਾਰ ਹਨ।
ਐੱਨਡੀਪੀ ਮੈਂਬਰ ਜੇਨੀ ਕਵਾਨ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿਚ ਫਰੇਜ਼ਰ ਨੇ ਇਹ ਟਿੱਪਣੀ ਕੀਤੀ ਹੈ। ਹਾਲਾਂਕਿ ਮੰਤਰੀ ਨੇ ਨਾਲ ਹੀ ਕਿਹਾ ਕਿ ਧੋਖੇਬਾਜ਼ਾਂ ਜਾਂ ਇਸ ਸਾਜਿਸ਼ ਵਿਚ ਸ਼ਾਮਲ ਵਿਅਕਤੀਆਂ ਨੂੰ ਕੈਨੇਡਾ ਦੇ ਕਾਨੂੰਨ ਦੀ ਪਾਲਣਾ ਨਾ ਕਰਨ ਦਾ ਨਤੀਜਾ ਭੁਗਤਣਾ ਪਏਗਾ।
ਦੱਸਣਯੋਗ ਹੈ ਕਿ ਭਾਰਤ ਕਈ ਵਾਰ ਇਨ੍ਹਾਂ ਵਿਦਿਆਰਥੀਆਂ ਦਾ ਮੁੱਦਾ ਕੈਨੇਡੀਅਨ ਅਥਾਰਿਟੀ ਕੋਲ ਉਠਾ ਚੁੱਕਾ ਹੈ ਤੇ ਮਨੁੱਖੀ ਪਹੁੰਚ ਅਪਨਾਉਣ ਦਾ ਸੱਦਾ ਦਿੱਤਾ ਹੈ ਕਿਉਂਕਿ ਵਿਦਿਆਰਥੀ ਏਜੰਟ ਦੀ ਧੋਖਾਧੜੀ ਦੇ ਪੀੜਤ ਹਨ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਸੀ ਕਿ ਉਨ੍ਹਾਂ ਇਹ ਮਾਮਲਾ ਕੈਨੇਡੀਅਨ ਸਰਕਾਰ ਕੋਲ ਉਠਾਇਆ ਹੈ। ਉਨ੍ਹਾਂ ਕਿਹਾ ਸੀ ਕਿ ਗੁੰਮਰਾਹ ਕਰਨ ਵਾਲੇ ਲੋਕਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ, ਚੰਗੀ ਭਾਵਨਾ ਨਾਲ ਪੜ੍ਹਾਈ ਪੂਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਸਜ਼ਾ ਦੇਣਾ ਸਹੀ ਨਹੀਂ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਕੈਨੇਡਾ ਦੀ ਸੰਸਦੀ ਕਮੇਟੀ ਨੇ ਸਰਬਸੰਮਤੀ ਨਾਲ ਵੋਟ ਪਾ ਕੇ ਬਾਰਡਰ ਸਰਵਿਸ ਏਜੰਸੀ ਨੂੰ ਬੇਨਤੀ ਕੀਤੀ ਸੀ ਕਿ ਏਜੰਟ ਦੀ ਧੋਖਾਧੜੀ ਦੇ ਪੀੜਤ ਵਿਦਿਆਰਥੀਆਂ ਨੂੰ ਡਿਪੋਰਟ ਨਾ ਕੀਤਾ ਜਾਵੇ।
ਪਿਛਲੇ ਹਫ਼ਤੇ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਕਿਹਾ ਸੀ ਕਿ ਉਨ੍ਹਾਂ ਨੂੰ ਇਸ ਮਾਮਲੇ ਬਾਰੇ ਪੂਰੀ ਜਾਣਕਾਰੀ ਹੈ, ਤੇ ਪੀੜਤਾਂ ਨੂੰ ਸਜ਼ਾ ਨਹੀਂ ਦਿੱਤੀ ਜਾ ਰਹੀ, ਸਾਰਾ ਧਿਆਨ ਧੋਖਾਧੜੀ ਕਰਨ ਵਾਲਿਆਂ ਉਤੇ ਲੱਗਾ ਹੈ।
ਪੜ੍ਹਾਈ ਲਈ ਆਏ ਵਿਦਿਆਰਥੀਆਂ ਨੂੰ ਮਿਲੇਗੀ ਪੀ ਆਰ : ਸ਼ੌਨ ਫਰੇਜ਼ਰ
ਕੈਨੇਡਾ ਸਰਕਾਰ ਨੇ ਫਰਜ਼ੀ ਇਮੀਗਰੇਸ਼ਨ ਮਾਮਲੇ ਵਿਚ ਫਿਲਹਾਲ ਭਾਰਤੀ ਵਿਦਿਆਰਥੀਆਂ ਨੂੰ ਵਾਪਸ ਨਾ ਭੇਜਣ ਦਾ ਫੈਸਲਾ ਕੀਤਾ ਹੈ। ਇਕ ਟਾਸਕ ਫੋਰਸ ਇਸ ਮਾਮਲੇ ਦੀ ਜਾਂਚ ਕਰੇਗੀ। ਇਮੀਗਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਨੇ ਕਿਹਾ ਕਿ ਇਸ ਮਾਮਲੇ ਨੂੰ ਦੇਖਣ ਲਈ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ। ਮੰਤਰੀ ਫਰੇਜ਼ਰ ਨੇ ਕਿਹਾ ਹੈ ਕਿ ਜੋ ਭਾਰਤੀ ਵਿਦਿਆਰਥੀ ਪੜ੍ਹਾਈ ਦੇ ਮਕਸਦ ਨਾਲ ਕੈਨੇਡਾ ਪਹੁੰਚੇ ਸਨ, ਉਨ੍ਹਾਂ ਨੂੰ ਪੀਆਰ ਦੀ ਸਹੂਲਤ ਦਿੱਤੀ ਜਾਵੇਗੀ। ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਵਿਦਿਆਰਥੀਆਂ ਨੂੰ ਵਾਪਸ ਭੇਜਿਆ ਜਾਏਗਾ, ਜਿਨ੍ਹਾਂ ਦਾ ਮਕਸਦ ਕੈਨੇਡਾ ਪਹੁੰਚ ਕੇ ਪੜ੍ਹਾਈ ਕਰਨਾ ਨਹੀਂ ਸੀ।

 

 

RELATED ARTICLES
POPULAR POSTS