Breaking News
Home / ਹਫ਼ਤਾਵਾਰੀ ਫੇਰੀ / ਮੋਦੀ ਸਰਕਾਰ ‘ਚ 39 ਫੀਸਦੀ ਮੰਤਰੀ ਹਨ ਕ੍ਰਿਮੀਨਲ ਕੇਸਾਂ ਵਾਲੇ

ਮੋਦੀ ਸਰਕਾਰ ‘ਚ 39 ਫੀਸਦੀ ਮੰਤਰੀ ਹਨ ਕ੍ਰਿਮੀਨਲ ਕੇਸਾਂ ਵਾਲੇ

ਨਵੀਂ ਦਿੱਲੀ/ਬਿਊਰੋ ਨਿਊਜ਼ : ਨਰਿੰਦਰ ਮੋਦੀ ਸਰਕਾਰ ਵਿਚ 39 ਫੀਸਦੀ ਮੰਤਰੀ ਕ੍ਰਿਮੀਨਲ ਕੇਸਾਂ ਵਾਲੇ ਹਨ। ਕੁੱਲ 543 ਸੰਸਦ ਮੈਂਬਰਾਂ ਵਿਚੋਂ 251 ਖਿਲਾਫ ਅਪਰਾਧਕ ਮਾਮਲੇ ਵੀ ਚੱਲ ਰਹੇ ਹਨ। ਚੋਣ ਅਧਿਕਾਰ ਸੰਸਥਾ ਐਸੋਸੀਏਸ਼ਨ ਆਫ ਡੈਮੋਕਰੈਟਿਕ ਰਿਫਾਰਮਜ਼ (ਏਡੀਆਰ) ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਨਵੀਂ ਸਰਕਾਰ ਦੇ 28 ਮੰਤਰੀਆਂ ਖਿਲਾਫ ਅਪਰਾਧਿਕ ਕੇਸ ਦਰਜ ਹਨ। ਇਨ੍ਹਾਂ ਵਿੱਚੋਂ 19 ਮੰਤਰੀਆਂ ‘ਤੇ ਹੱਤਿਆ ਦੀ ਕੋਸ਼ਿਸ਼, ਮਹਿਲਾਵਾਂ ਖਿਲਾਫ ਅਪਰਾਧ ਅਤੇ ਨਫਰਤ ਫੈਲਾਉਣ ਵਾਲੇ ਭਾਸ਼ਣ ਵਰਗੇ ਗੰਭੀਰ ਕੇਸ ਦਰਜ ਹਨ। ਸਭ ਤੋਂ ਗੰਭੀਰ ਦੋਸ਼ਾਂ ਦਾ ਸਾਹਮਣਾ ਕਰਨ ਵਾਲੇ ਮੰਤਰੀਆਂ ‘ਚੋਂ ਦੋ ਨੇ ਆਈਪੀਸੀ ਦੀ ਧਾਰਾ 307 ਤਹਿਤ ਹੱਤਿਆ ਦੀ ਕੋਸ਼ਿਸ਼ ਨਾਲ ਸਬੰਧਤ ਮਾਮਲੇ ਐਲਾਨੇ ਹਨ। ਇਨ੍ਹਾਂ ਵਿੱਚ ਬੰਦਰਗਾਹ, ਸ਼ਿਪਿੰਗ ਤੇ ਜਲਮਾਰਗਾਂ ਬਾਰੇ ਰਾਜ ਮੰਤਰੀ ਸ਼ਾਂਤਨੂ ਠਾਕੁਰ ਅਤੇ ਉੱਤਰ-ਪੂਰਬੀ ਖੇਤਰ ਸਿੱਖਿਆ ਤੇ ਵਿਕਾਸ ਰਾਜ ਮੰਤਰੀ ਸੁਕਾਂਤ ਮਜੂਮਦਾਰ ਸ਼ਾਮਲ ਹਨ।
ਏਡੀਆਰ ਦੀ ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਪੰਜ ਮੰਤਰੀਆਂ ‘ਤੇ ਔਰਤਾਂ ਖਿਲਾਫ ਅਪਰਾਧਾਂ ਨਾਲ ਸਬੰਧਤ ਮਾਮਲੇ ਹਨ। ਇਨ੍ਹਾਂ ਵਿੱਚ ਗ੍ਰਹਿ ਰਾਜ ਮੰਤਰੀ ਬੰਡੀ ਸੰਜੇ ਕੁਮਾਰ, ਠਾਕੁਰ, ਮਜੂਮਦਾਰ, ਪੈਟਰੋਲੀਅਮ ਤੇ ਕੁਦਰਤੀ ਗੈਸ ਅਤੇ ਸੈਰ-ਸਪਾਟ ਰਾਜ ਮੰਤਰੀ ਸੁਰੇਸ਼ ਗੋਪੀ ਤੇ ਜਨਜਾਤੀ ਮਾਮਲਿਆਂ ਬਾਰੇ ਮੰਤਰੀ ਜੁਆਲ ਓਰਾਮ ਸ਼ਾਮਲ ਹਨ। ਏਡੀਆਰ ਰਿਪੋਰਟ ‘ਚ ਅਜਿਹੇ ਅੱਠ ਮੰਤਰੀਆਂ ਦੀ ਪਛਾਣ ਵੀ ਕੀਤੀ ਗਈ ਹੈ ਜਿਨ੍ਹਾਂ ਖਿਲਾਫ ਮਾਮਲੇ ਨਫਰਤ ਫੈਲਾਉਣ ਵਾਲੇ ਭਾਸ਼ਣ ਨਾਲ ਸਬੰਧਤ ਹਨ। ਕੇਂਦਰੀ ਮੰਤਰੀ ਮੰਡਲ ‘ਚ ਸ਼ਾਮਲ 71 ਮੰਤਰੀਆਂ ‘ਚੋਂ 28 (39 ਫੀਸਦ) ਨੇ ਅਪਰਾਧਿਕ ਕੇਸ ਐਲਾਨੇ ਹਨ।
ਨਵੀਂ ਕੈਬਨਿਟ ‘ਚ ਬਾਰ੍ਹਵੀਂ ਪਾਸ 11 ਅਤੇ ਗ੍ਰੈਜੂਏਟ ਜਾਂ ਵੱਧ ਪੜ੍ਹੇ-ਲਿਖੇ 57 ਮੰਤਰੀ
ਨਵੀਂ ਦਿੱਲੀ : ਨਵੇਂ ਕੇਂਦਰੀ ਮੰਤਰੀ ਮੰਡਲ ਦੇ ਕੁੱਲ 71 ਮੰਤਰੀਆਂ ਵਿੱਚੋਂ 11 ਨੇ ਆਪਣੀ ਵਿਦਿਅਕ ਯੋਗਤਾ ਬਾਰ੍ਹਵੀਂ ਪਾਸ ਜਦਕਿ 57 ਮੰਤਰੀਆਂ ਨੇ ਆਪਣੀ ਵਿਦਿਅਕ ਯੋਗਤਾ ਗ੍ਰੈਜੂਏਟ ਜਾਂ ਇਸ ਤੋਂ ਵੱਧ ਐਲਾਨੀ ਹੈ। ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਫਾਰਮਜ਼ (ਏਡੀਆਰ) ਵੱਲੋਂ ਭਾਰਤ ਸਰਕਾਰ ਦੇ ਮੰਤਰੀਆਂ ਦੀ ਵਿਦਿਅਕ ਯੋਗਤਾ ਦਾ ਵਿਆਪਕ ਵਿਸ਼ਲੇਸ਼ਣ ਕਰਦੀ ਇਕ ਰਿਪੋਰਟ ਹਾਲ ਹੀ ਵਿੱਚ ਜਾਰੀ ਕੀਤੀ ਗਈ ਹੈ। ਇਸ ਰਿਪੋਰਟ ਰਾਹੀਂ ਦੇਸ਼ ਦੀ ਸਿਆਸੀ ਲੀਡਰਸ਼ਿਪ ਦੇ ਅਕਾਦਮਿਕ ਪਿਛੋਕੜ ਦੀਆਂ ਵਿਭਿੰਨ ਸ਼੍ਰੇਣੀਆਂ ਦਾ ਖੁਲਾਸਾ ਹੋਇਆ ਹੈ। ਇਹ ਮੁਲਾਂਕਣ ਦਰਸਾਉਂਦਾ ਹੈ ਕਿ ਨਵੇਂ ਕੇਂਦਰੀ ਮੰਤਰੀਆਂ ‘ਚੋਂ 11 (15 ਫੀਸਦ) ਨੇ ਆਪਣੀ ਵੱਧ ਤੋਂ ਵੱਧ ਵਿਦਿਅਕ ਯੋਗਤਾ ਬਾਰ੍ਹਵੀਂ ਐਲਾਨੀ ਹੈ। ਰਿਪੋਰਟ ਮੁਤਾਬਕ 80 ਫੀਸਦ ਤੋਂ ਵੱਧ ਮੰਤਰੀਆਂ ਮਤਲਬ 57 ਮੰਤਰੀਆਂ ਦੀ ਵਿਦਿਅਕ ਯੋਗਤਾ ਗ੍ਰੈਜੂਏਟ ਜਾਂ ਇਸ ਤੋਂ ਵੱਧ ਹੈ। ਇਹ ਸਮੂਹ ਵੀ ਅੱਗੇ ਜਾ ਕੇ ਵੱਖ-ਵੱਖ ਕੈਟਾਗਰੀਆਂ ਵਿੱਚ ਵੰਡਿਆ ਜਾਂਦਾ ਹੈ। ਖਾਸ ਕਰਕੇ, 14 ਮੰਤਰੀਆਂ ਨੇ ਆਪਣੇ ਆਪ ਨੂੰ ਗ੍ਰੈਜੂਏਟ ਐਲਾਨਿਆ ਹੈ ਜਿਨ੍ਹਾਂ ਕੋਲ ਯੂਨੀਵਰਸਿਟੀ ਦੀ ਬੁਨਿਆਦੀ ਡਿਗਰੀ ਹੈ। 10 ਮੰਤਰੀ ਪੇਸ਼ੇਵਰ ਗ੍ਰੈਜੂਏਟ ਡਿਗਰੀਆਂ ਵਾਲੇ ਹਨ ਜਿਨ੍ਹਾਂ ਵਿੱਚ ਕਾਨੂੰਨ, ਇੰਜਨੀਅਰਿੰਗ ਜਾਂ ਮੈਡੀਸਨ ਦੀਆਂ ਡਿਗਰੀਆਂ ਸ਼ਾਮਲ ਹਨ। ਸਭ ਤੋਂ ਵੱਡਾ ਉਪ ਸਮੂਹ ਪੋਸਟ ਗ੍ਰੈਜੂਏਟ ਡਿਗਰੀ ਵਾਲਿਆਂ ਦਾ ਹੈ। ਅਜਿਹੇ ਮੰਤਰੀਆਂ ਦੀ ਗਿਣਤੀ 26 ਹੈ।

 

Check Also

ਮੌਤ ਦਾ ਸਤਸੰਗ ਜ਼ਿੰਮੇਵਾਰ ਕੌਣ?

‘ਭੋਲੇ ਬਾਬਾ’ ਦੇ ਨਾਮ ਨਾਲ ਮਸ਼ਹੂਰ ਸੂਰਜਪਾਲ ਹੋਇਆ ਫਰਾਰ, ਪ੍ਰਬੰਧਕਾਂ ‘ਤੇ ਐਫਆਈਆਰ ਲਖਨਊ/ਬਿਊਰੋ ਨਿਊਜ਼ : …