ਦਿੱਲੀ ਦੇ ਉਪ ਰਾਜਪਾਲ ਨੂੰ ਲਿਖੇ ਪੱਤਰ ‘ਚ ਕੀਤਾ ਦਾਅਵਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਹਵਾਲਾ ਮਾਮਲੇ ‘ਚ ਜੇਲ੍ਹ ਵਿਚ ਬੰਦ ਸੁਕੇਸ਼ ਚੰਦਰਸ਼ੇਖਰ ਨੇ ਉਪ-ਰਾਜਪਾਲ ਨੂੰ ਲਿਖੀ ਚਿੱਠੀ ‘ਚ ਦਿੱਲੀ ਦੇ ਮੰਤਰੀ ਸਤੇਂਦਰ ਜੈਨ ਬਾਰੇ ਸਨਸਨੀਖੇਜ਼ ਖੁਲਾਸੇ ਕੀਤੇ ਹਨ। ਚੰਦਰਸ਼ੇਖਰ ਨੇ ਜੇਲ੍ਹ ਤੋਂ ਉਪ-ਰਾਜਪਾਲ ਵੀ.ਕੇ. ਸਕਸੈਨਾ ਨੂੰ ਚਿੱਠੀ ਲਿਖ ਕੇ ਆਰੋਪ ਲਾਇਆ ਹੈ ਕਿ ਉਸ (ਚੰਦਰਸ਼ੇਖਰ) ਨੇ ਦਿੱਲੀ ਸਰਕਾਰ ਦੇ ਮੰਤਰੀ ਜੈਨ ਨੂੰ ਜੇਲ੍ਹ ‘ਚ ਉਸ ਦੀ ਸੁਰੱਖਿਆ ਯਕੀਨੀ ਬਣਾਉਣ ਲਈ 10 ਕਰੋੜ ਰੁਪਏ ਦੇਣ ਲਈ ਮਜਬੂਰ ਕੀਤਾ।
ਚੰਦਰਸ਼ੇਖਰ ਨੇ ਇਸ ਮਾਮਲੇ ਦੀ ਜਾਂਚ ਉਪ-ਰਾਜਪਾਲ ਨੂੰ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਸਤੇਂਦਰ ਜੈਨ ਨੇ ਲਗਾਤਾਰ ਪੈਸੇ ਦੇਣ ਲਈ ਉਨ੍ਹਾਂ ਨੂੰ ਮਜਬੂਰ ਕੀਤਾ ਅਤੇ ਦਬਾਅ ਦੇ ਚੱਲਦਿਆਂ 23 ਮਹੀਨਿਆਂ ‘ਚ 10 ਕਰੋੜ ਰੁਪਏ ਦੀ ਰਾਸ਼ੀ ਮੇਰੇ ਕੋਲੋਂ ਵਸੂਲ ਕੀਤੀ ਗਈ। ਸੁਕੇਸ਼ ਚੰਦਰਸ਼ੇਖਰ ਨੇ ਦਾਅਵਾ ਕੀਤਾ ਕਿ ਪੂਰਾ ਪੈਸਾ ਕੋਲਕਾਤਾ ਵਿਚ ਸਤੇਂਦਰ ਜੈਨ ਦੇ ਕਰੀਬੀ ਚਤੁਰਵੇਦੀ ਨੇ ਲਿਆ। ਚੰਦਰਸ਼ੇਖਰ ਨੇ ਇਹ ਵੀ ਕਿਹਾ ਕਿ ਮੰਤਰੀ ਸਤਿੰਦਰ ਜੈਨ ਪਿਛਲੇ 7 ਮਹੀਨਿਆਂ ਤੋਂ ਤਿਹਾੜ ਜੇਲ੍ਹ ‘ਚ ਬੰਦ ਹੈ ਅਤੇ ਉਨ੍ਹਾਂ ਨੇ ਡੀ.ਜੀ. ਜੇਲ੍ਹ ਸੰਦੀਪ ਗੋਇਲ ਅਤੇ ਜੇਲ੍ਹ ਪ੍ਰਸ਼ਾਸਨ ਦੁਆਰਾ ਮੈਨੂੰ ਧਮਕਾਇਆ।
18 ਅਕਤੂਬਰ ਨੂੰ ਲਿਖੀ ਗਈ ਇਸ ਚਿੱਠੀ ਬਾਰੇ ਉਪ-ਰਾਜਪਾਲ ਨੇ ਜਾਂਚ ਦੇ ਆਦੇਸ਼ ਦਿੱਤੇ ਹਨ। ਇਸ ਸਨਸਨੀਖੇਜ ਚਿੱਠੀ ਦੀ ਖ਼ਬਰ ਤੋਂ ਬਾਅਦ ਭਾਜਪਾ ਨੇ ‘ਆਪ’ ਉਤੇ ਸਿਆਸੀ ਹਮਲਾ ਬੋਲਿਆ। ਭਾਜਪਾ ਆਈ. ਟੀ. ਵਿਭਾਗ ਦੇ ਮੁਖੀ ਅਮਿਤ ਮਾਵੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਜਬਰਨ ਵਸੂਲੀ ਕਰ ਰਹੇ ਹਨ। ਭਾਜਪਾ ਦੇ ਕੌਮੀ ਬੁਲਾਰੇ ਸੰਬਿਤ ਪਾਤਰਾ ਨੇ ਕਾਨਫ਼ਰੰਸ ‘ਚ ਤਨਜ਼ ਕੱਸਦਿਆਂ ਕਿਹਾ ਕਿ ਠੱਗ ਦੇ ਘਰ ਠੱਗੀ ਹੋ ਗਈ। ਉਨ੍ਹਾਂ ਕਿਹਾ ਠੱਗ ਦਾ ਨਾਂਅ ਹੈ ਸੁਕੇਸ਼ ਚੰਦਰਸ਼ੇਖਰ ਤੇ ਮਹਾਂਠੱਗ ਦਾ ਨਾਂਅ ਹੈ ਆਮ ਆਦਮੀ ਪਾਰਟੀ ਤੇ ਸਤੇਂਦਰ ਜੈਨ। ਦੂਜੇ ਪਾਸੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਖ਼ਬਰ ਨੂੰ ਫਰਜ਼ੀ ਕਰਾਰ ਦਿੱਤਾ ਹੈ।
ਮੋਰਬੀ ਘਟਨਾ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼: ਕੇਜਰੀਵਾਲ
ਕੇਜਰੀਵਾਲ ਨੇ ਇਨ੍ਹਾਂ ਆਰੋਪਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਪੰਜਾਬ ਚੋਣਾਂ ਤੋਂ ਪਹਿਲਾ ਉਹ ਕੁਮਾਰ ਵਿਸ਼ਵਾਸ ਨਾਲ ਆਏ। ਹੁਣ ਭਾਜਪਾ ਨੇ ਗੁਜਰਾਤ ‘ਚ ਆਪਣੀ ਖਰਾਬ ਹਾਲਤ ਕਾਰਨ ਸੁਕੇਸ਼ ਨੂੰ ਖੜ੍ਹਾ ਕੀਤਾ ਹੈ। ਇਹ ਮੋਰਬੀ ਘਟਨਾ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਹੈ। ਇਸੇ ਦੌਰਾਨ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦਾਅਵਾ ਕੀਤਾ ਕਿ ਭਾਜਪਾ ਗੁਜਰਾਤ ‘ਚ ਆਪਣੀ ਸਰਕਾਰ ਦੇ ਭ੍ਰਿਸ਼ਟਾਚਾਰ ਕਾਰਨ ਸ਼ਰਮਿੰਦਗੀ ਦਾ ਸਾਹਮਣਾ ਕਰ ਰਹੀ ਹੈ। ਇਸ ਲਈ ਉਸ ਨੇ ਜਨਤਾ ਦਾ ਧਿਆਨ ਭਟਕਾਉਣ ਲਈ ਸੁਕੇਸ਼ ਚੰਦਰਸ਼ੇਖਰ ਨੂੰ ਅੱਗੇ ਕੀਤਾ ਹੈ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …