ਪੰਜਾਬ ਦੇ ਦੋ ਕਾਰੋਬਾਰੀਆਂ ਨੇ ਕਸ਼ਮੀਰ ਦੇ ਸ਼ਾਹਿਦ ਨੂੰ ਸੌਂਪਿਆ ਚੈੱਕ
ਕਸ਼ਮੀਰ ਤੋਂ ਆਏ ਟਰੱਕ ਪਲਟਣ ਮੌਕੇ ਲੋਕ ਚੁੱਕ ਕੇ ਲੈ ਗਏ ਸਨ ਸੇਬਾਂ ਦੀਆਂ ਪੇਟੀਆਂ
ਫਤਹਿਗੜ੍ਹ ਸਾਹਿਬ/ਬਿਊਰੋ ਨਿਊਜ਼ : ਸੜਕ ਹਾਦਸੇ ਤੋਂ ਬਾਅਦ ਪਲਟੇ ਟਰੱਕ ਕਰਕੇ ਜਿਸ ਵਪਾਰੀ ਦੇ ਸੇਬ ਲੁੱਟੇ ਗਏ ਸਨ, ਉਸਦੀ ਮੱਦਦ ਲਈ ਪੰਜਾਬ ਦੇ ਦੋ ਕਾਰੋਬਾਰੀ ਅੱਗੇ ਆਏ ਹਨ। ਪਟਿਆਲਾ ਦੇ ਰਾਜਵਿੰਦਰ ਸਿੰਘ ਅਤੇ ਮੋਹਾਲੀ ਦੇ ਗੁਰਪ੍ਰੀਤ ਸਿੰਘ ਨੇ ਜੰਮੂ-ਕਸ਼ਮੀਰ ਦੇ ਸੋਪੋਰ ਨਿਵਾਸੀ ਸ਼ਾਹਿਦ ਨੂੰ ਹੋਏ ਨੁਕਸਾਨ ਦੀ ਭਰਪਾਈ ਲਈ 9 ਲੱਖ 12 ਹਜ਼ਾਰ ਰੁਪਏ ਦਾ ਚੈਕ ਦੇ ਕੇ ਦੁਨੀਆ ਨੂੰ ਪੰਜਾਬੀਅਤ ਦਾ ਸੰਦੇਸ਼ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਸ੍ਰੀਨਗਰ ਤੋਂ ਬਿਹਾਰ ਜਾ ਰਿਹਾ ਸੇਬਾਂ ਨਾਲ ਭਰਿਆ ਟਰੱਕ ਫਤਹਿਗੜ੍ਹ ਸਾਹਿਬ ਦੇ ਪਿੰਡ ਰਾਜਿੰਦਰਗੜ੍ਹ ਨੇੜੇ ਹਾਈਵੇ ‘ਤੇ ਪਲਟ ਗਿਆ ਸੀ। ਇਸ ਹਾਦਸੇ ਵਿਚ ਟਰੱਕ ਡਰਾਈਵਰ ਜ਼ਖ਼ਮੀ ਹੋ ਗਿਆ ਅਤੇ ਸੇਬਾਂ ਦੀਆਂ ਪੇਟੀਆਂ ਸੜਕ ‘ਤੇ ਆ ਗਈਆਂ। ਇਸ ਦੌਰਾਨ ਰਾਹਗੀਰ ਅਤੇ ਨੇੜਲੇ ਪਿੰਡਾਂ ਦੇ ਲੋਕ ਸੇਬਾਂ ਦੀਆਂ ਪੇਟੀਆਂ ਚੁੱਕ ਲੈ ਕੇ ਲੈ ਗਏ। ਇਕ ਵਾਇਰਲ ਹੋਈ ਵੀਡੀਓ ਵਿਚ ਲੋਕ ਸੇਬਾਂ ਦੀਆਂ ਪੇਟੀਆਂ ਲਿਜਾਂਦੇ ਦਿਖਾਏ ਗਏ ਸਨ। ਵੀਡੀਓ ਵਿਚ ਮੱਦਦ ਦੀ ਬਜਾਏ ਸੇਬ ਦੀਆਂ ਪੇਟੀਆਂ ਚੁੱਕ ਕੇ ਲਿਜਾਂਦੇ ਲੋਕਾਂ ਨੂੰ ਦੇਖ ਕੇ ਵਿਦੇਸ਼ਾਂ ਤੱਕ ਚਰਚਾ ਹੋ ਗਈ। ਇਸ ਘਟਨਾ ਨੂੰ ਦੇਖ ਕੇ ਪੰਜਾਬ ਦੇ ਵਸਨੀਕਾਂ ਨੇ ਕਿਹਾ ਕਿ ਇਹ ਪੰਜਾਬੀਅਤ ਦਾ ਅਪਮਾਨ ਹੈ। ਵੀਡੀਓ ਦੇਖਣ ਤੋਂ ਬਾਅਦ ਰਾਜਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਪੁਲਿਸ ਨਾਲ ਸੰਪਰਕ ਕੀਤਾ ਅਤੇ ਟਰੱਕ ਦੇ ਮਾਲਕ ਨੂੰ ਹੋਏ ਨੁਕਸਾਨ ਦੀ ਭਰਪਾਈ ਕਰਨ ਦੀ ਗੱਲ ਕੀਤੀ।
ਸੋਮਵਾਰ ਨੂੰ ਦੋਵੇਂ ਕਾਰੋਬਾਰੀਆਂ ਨੇ ਐਸਐਸਪੀ ਡਾ. ਰਵਜੋਤ ਗਰੇਵਾਲ ਦੀ ਮੌਜੂਦਗੀ ਵਿਚ ਸ਼ਾਹਿਦ ਨੂੰ ਚੈਕ ਸੌਂਪਿਆ।
ਸੇਬਾਂ ਦੀਆਂ ਪੇਟੀਆਂ ਚੁੱਕਣ ਦੇ ਮਾਮਲੇ ‘ਚ 10 ਗ੍ਰਿਫਤਾਰ
ਸੇਬਾਂ ਦੇ ਭਰੇ ਟਰੱਕ ਦੇ ਪਲਟਣ ਤੋਂ ਬਾਅਦ ਫਲਾਂ ਦੀਆਂ ਪੇਟੀਆਂ ਚੁੱਕ ਕੇ ਲਿਜਾਣ ਦੇ ਮਾਮਲੇ ਵਿਚ ਪੁਲਿਸ ਨੇ ਕੇਸ ਦਰਜ ਕਰਕੇ 10 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਫੌਰੀ ਕਾਰਵਾਈ ਕਰਦਿਆਂ ਧਾਰਾ 379 ਅਧੀਨ ਮੁਕੱਦਮਾ ਦਰਜ ਕਰ ਕੇ ਤਕਨੀਕੀ ਟੀਮ ਦੀ ਸਹਾਇਤਾ ਨਾਲ 10 ਕਥਿਤ ਆਰੋਪੀਆਂ ਨੂੰ ਕਾਬੂ ਕਰ ਲਿਆ। ਪੁਲਿਸ ਮੁਖੀ ਨੇ ਕਿਹਾ ਕਿ ਇਸ ਘਟਨਾ ਨੇ ਪੰਜਾਬ ਦੇ ਲੋਕਾਂ ਦੀ ਗਲਤ ਤਸਵੀਰ ਪੇਸ਼ ਕੀਤੀ ਤੇ ਇਹ ਸ਼ਰਮਨਾਕ ਸੀ। ਐੱਸਐੱਸਪੀ ਨੇ ਕਿਹਾ ਕਿ ਪੰਜਾਬੀਆਂ ਨੇ ਹਮੇਸ਼ਾ ਮੁਸ਼ਕਲ ਵਿਚ ਫ਼ਸੇ ਲੋਕਾਂ ਦੀ ਮਦਦ ਕੀਤੀ ਹੈ, ਪਰ ਇਸ ਘਟਨਾ ਨੇ ਸ਼ਰਮਸਾਰ ਕੀਤਾ ਹੈ।