ਬਰੈਂਪਟਨ/ਬਿਊਰੋ ਨਿਊਜ਼ : ਅਲਬਰਟਾ ਸੂਬੇ ਦੇ ਸ਼ਹਿਰ ਕਨਸਕਿਸ ਵਿਖੇ ਹੋਏ ਜੀ-7 2025 ਸੰਮੇਲਨ ਦੌਰਾਨ ਹੋਈਆਂ ਵਿਸ਼ੇਸ਼ ਮੀਟਿੰਗਾਂ ਅਤੇ ਇਸ ਦੌਰਾਨ ਹੋਈ ਗੱਲਬਾਤ ਬਾਰੇ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਅਪਨਾਈਆਂ ਜਾਣ ਵਾਲੀਆਂ ਨੀਤੀਆਂ ਸਪੱਸ਼ਟ ਕੀਤੀਆਂ। ਉਨ੍ਹਾਂ ਕਿਹਾ ਕਿ ਇਸ ਦੌਰਾਨ ਕੈਨੇਡਾ ਦੀ ਵਚਨਬੱਧਤਾ ਅੰਤਰਰਾਸ਼ਟਰੀ ਭਾਈਵਾਲੀ ਅਤੇ ਅਗਲੇਰੀਆਂ ਅਗਾਂਹਵਧੂ ਪ੍ਰਾਥਮਿਕਤਾਵਾਂ ਸਬੰਧੀ ਹੋਵੇਗੀ।
ਇਸ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਿਲੇ ਅਤੇ ਉਨ੍ਹਾਂ ਦੇ ਨਾਲ ਵਿਓਪਾਰ ਦੇ ਵੱਖ-ਵੱਖ ਮੁੱਦਿਆਂ, ਮਜ਼ਬੂਤ ਅਰਥਚਾਰੇ ਅਤੇ ਅਮਰੀਕਾ ਤੇ ਕੈਨੇਡਾ ਵਿਚਕਾਰ ਸੁਰੱਖਿਅਤਾ ਬਾਰੇ ਗੱਲਬਾਤ ਕੀਤੀ। ਦੋਵੇਂ ਨੇਤਾ ਅਗਲੇ 30 ਦਿਨਾਂ ਦੇ ਵਿੱਚ-ਵਿੱਚ ਵਿਓਪਾਰਕ ਸਮਝੌਤੇ ਲਈ ਦੋਪਾਸੜ ਗੱਲਬਾਤ ਲਈ ਰਜ਼ਾਮੰਦ ਹੋਏ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਨਾਜ਼ੁਕ ਖਣਿਜਾਂ, ਸਰਹੱਦਾਂ ਦੀ ਸੁਰੱਖਿਆ ਅਤੇ ਗੰਨਾ ਕਲਚਰ ਤੇ ਨਸ਼ਿਆਂ ਵਿਰੁੱਧ ਲੜਨ ਲਈ ਵੀ ਸਹਿਮਤੀ ਪ੍ਰਗਟਾਈ। ਪ੍ਰਧਾਨ ਮੰਤਰੀ ਕਾਰਨੀ ਨੇ ਯੌਰਪੀਅਨ ਕਮਿਸ਼ਨ ਦੇ ਪ੍ਰੈਜ਼ੀਡੈਂਟ ਉਰਸੁਲਾ ਵੌਨ ਡਰ ਲੇਏਨ ਅਤੇ ਯੌਰਪੀਅਨ ਕੌਂਸਲ ਦੇ ਪ੍ਰਧਾਨ ਐਨਟੋਨੀਓ ਕੋਸਟਾ ਨਾਲ ਵੀ ਉਸਾਰੂ ਗੱਲਬਾਤ ਕੀਤੀ। ਇਨ੍ਹਾਂ ਨੇਤਾਵਾਂ ਨੇ ਕੈਨੇਡਾ-ਯੌਰਪ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ਅਤੇ ਵਿਸ਼ੇਸ਼ ਤੌਰ ‘ਤੇ ਫ਼ਰੀ ਟਰੇਡ ਨੂੰ ਵਧਾਉਣ, ਨਿਯਮਾਂ ਅਧੀਨ ਅੰਤਰਰਾਸ਼ਟਰੀ ਵਿਓਪਾਰ ਦਾ ਵਿਸਥਾਰ ਕਰਨ ਅਤੇ ਸੁਰੱਖਿਆ ਨੂੰ ਦਰਪੇਸ਼ ਚੁਣੌਤੀਆਂ ਦਾ ਮੁਕਾਬਲਾ ਕਰਨ ਉੱਪਰ ਜ਼ੋਰ ਦਿੱਤਾ ਗਿਆ। ਇਨ੍ਹਾਂ ਦੋਪਾਸੜ ਮੀਟਿੰਗਾਂ ਦੇ ਨਾਲ-ਨਾਲ ਪ੍ਰਧਾਨ ਮੰਤਰੀ ਕਰਨੀ ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ, ਫ਼ਰਾਂਸ ਦੇ ਰਾਸ਼ਟਰਪਤੀ ਐਮਗਾਨੁਏਲ ਮੈਕਰੌਨ, ਜਰਮਨੀ ਦੇ ਚਾਂਸਲਰ ਫ਼ਰੈੱਡਰਿਕ ਮਰਜ਼, ਇਟਲੀ ਦੇ ਪ੍ਰਧਾਨ ਮੰਤਰੀ ਜਿਓਰਜੀਆ ਮੈਲੋਨੀ, ਜਪਾਨ ਦੇ ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ੀਬਾ ਅਤੇ ਯੌਰਪੀਨ ਯੂਨੀਅਨ ਦੇ ਨੇਤਾਵਾਂ ਨਾਲ ਵੀ ਗੱਲਬਾਤ ਵਿੱਚ ਕਾਫ਼ੀ ਰੁੱਝੇ ਰਹੇ। ਸਾਰੇ ਨੇਤਾਵਾਂ ਨੇ ਮਿਲ ਕੇ ਅੰਤਰਰਾਸ਼ਟਰੀ ਵਿਓਪਾਰ ਨੂੰ ਵਧਾਉਣ, ਅਰਥਚਾਰੇ ਦੀ ਸਥਿਰਤਾ ਨੂੰ ਗਲੋਬਲ ਪੱਧਰ ‘ਤੇ ਮਜ਼ਬੂਤ ਕਰਨ ਅਤੇ ਵਾਤਾਵਰਣ ਤਬਦੀਲੀਆਂ ਦੀ ਚੁਣੌਤੀ, ਊਰਜਾ ਦੀ ਸੁਰੱਖਿਆ ਅਤੇ ਵਿਸ਼ਵਵਿਆਪੀ ਸਿਆਸੀ ਤਣਾਅ ਨੂੰ ਘਟਾਉਣ ਦੀ ਵਚਨਬੱਧਤਾ ਪ੍ਰਗਟਾਈ। ਇਸ ਉੱਪਰ ਆਪਣਾ ਪ੍ਰਤੀਕਰਮ ਦਿੰਦੇ ਹੋਏ ਸੋਨੀਆ ਸਿੱਧੂ ਨੇ ਕਿਹਾ ਕਿ ਇਹ ਮੀਟਿੰਗਾਂ ਕੈਨੇਡਾ ਵੱਲੋਂ ਵਿਸ਼ਵ ਪੱਧਰ ‘ਤੇ ਦਿੱਤੀ ਜਾ ਰਹੀ ਯੋਗ ਅਗਵਾਈ ਨੂੰ ਭਲੀ-ਭਾਂਤ ਦਰਸਾਉਂਦੀਆਂ ਹਨ। ਇਸ ਦੇ ਨਾਲ ਹੀ ਇਹ ਕੈਨੇਡਾ ਦੀ ਸੁਰੱਖਿਆ, ਖ਼ੁਸ਼ਹਾਲੀ ਅਤੇ ਯਥਾਯੋਗ ਸੁਨਹਿਰਾ ਭਵਿੱਖ ਸਿਰਜਣ ਦੀ ਸਾਡੀ ਪ੍ਰਤੀਬੱਧਤਾ ਪ੍ਰਗਟ ਕਰਦੀਆਂ ਹਨ। ਜੀ-7 2025 ਸਮਿਟ ਦੀਆਂ ਪ੍ਰਤੀਕਿਰਿਆਵਾਂ ਬਰੈਂਪਟਨ ਅਤੇ ਸਮੁੱਚੇ ਕੈਨੇਡਾ ਦੇ ਬਿਜ਼ਨੈੱਸਾਂ ਉੱਪਰ ਬਹੁਤ ਵਧੀਆ ਪ੍ਰਭਾਵ ਪਾਉਣਗੀਆਂ।