Breaking News
Home / ਹਫ਼ਤਾਵਾਰੀ ਫੇਰੀ / ਭਾਰਤ ‘ਚ 96 ਫੀਸਦੀ ਆਬਾਦੀ ਲੈਂਦੀ ਹੈ ਗੰਦੀ ਹਵਾ ‘ਚ ਸਾਹ

ਭਾਰਤ ‘ਚ 96 ਫੀਸਦੀ ਆਬਾਦੀ ਲੈਂਦੀ ਹੈ ਗੰਦੀ ਹਵਾ ‘ਚ ਸਾਹ

ਦੁਨੀਆ ਦੇ ਪਹਿਲੇ 4 ਪ੍ਰਦੂਸ਼ਿਤ ਸ਼ਹਿਰ ਭਾਰਤ ਦੇ, ਇਨ੍ਹਾਂ ‘ਚ ਪੰਜਾਬ ਦਾ ਵੀ ਇਕ ਸ਼ਹਿਰ ਸ਼ਾਮਲ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ‘ਚ 96% ਆਬਾਦੀ ਗੰਦੀ ਹਵਾ ‘ਚ ਸਾਹ ਲੈਂਦੀ ਹੈ। ਇਸਦੇ ਚੱਲਦਿਆਂ ਦੁਨੀਆ ਦੇ ਪਹਿਲੇ 4 ਪ੍ਰਦੂਸ਼ਿਤ ਸ਼ਹਿਰ ਭਾਰਤ ਦੇ ਦੱਸੇ ਗਏ ਹਨ ਅਤੇ ਇਨ੍ਹਾਂ ‘ਚ ਪੰਜਾਬ ਦਾ ਵੀ ਇਕ ਸ਼ਹਿਰ ਸ਼ਾਮਲ ਹੈ। ਇਨ੍ਹਾਂ ਪਹਿਲੇ ਚਾਰ ਸ਼ਹਿਰਾਂ ਵਿਚ ਬਿਹਾਰ ਦਾ ਸ਼ਹਿਰ ਬੇਗੂਸਰਾਏ, ਗੁਜਰਾਤ ਦਾ ਗੁਹਾਟੀ, ਦਿੱਲੀ ਅਤੇ ਪੰਜਾਬ ਦਾ ਸ਼ਹਿਰ ਮੁੱਲਾਂਪੁਰ (ਲੁਧਿਆਣਾ) ਸ਼ਾਮਲ ਹੈ।
ਇਸੇ ਦੌਰਾਨ ਭਾਰਤ ਦੁਨੀਆ ਦਾ ਤੀਜਾ ਸਭ ਤੋਂ ਪ੍ਰਦੂਸ਼ਿਤ ਦੇਸ਼ ਬਣ ਗਿਆ ਹੈ। ਖ਼ਰਾਬ ਹਵਾ ਗੁਣਵੱਤਾ ਕਾਰਨ ਭਾਰਤ ਦੇ ਗੁਆਂਢੀ ਮੁਲਕ ਬੰਗਲਾਦੇਸ਼ ਅਤੇ ਪਾਕਿਸਤਾਨ ਕ੍ਰਮਵਾਰ ਸਭ ਤੋਂ ਵੱਧ ਪ੍ਰਦੂਸ਼ਿਤ ਦੇਸ਼ ਹਨ। ਸਵਿੱਸ ਸੰਸਥਾ ‘ਆਈਕਿਊਏਅਰ’ ਵੱਲੋਂ ਜਾਰੀ ‘ਵਿਸ਼ਵ ਹਵਾ ਗੁਣਵੱਤਾ’ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਰਿਪੋਰਟ ਮੁਤਾਬਕ ਭਾਰਤ ਦਾ ਹਵਾ ਪ੍ਰਦੂਸ਼ਣ 54.4 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਹੈ, ਜਿਸ ਦੀ ਸੰਘਣਤਾ ਦਾ ਪੱਧਰ ਪੀਐੱਮ 2.5 ਪਾਇਆ ਗਿਆ ਹੈ। ਇਹ ਹਵਾ ਪ੍ਰਦੂਸ਼ਣ ਵਿਸ਼ਵ ਸਿਹਤ ਸੰਸਥਾ (ਡਬਲਿਊਐੱਚਓ) ਵੱਲੋਂ ਤੈਅ 5 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਦੇ ਮਾਪਦੰਡ ਤੋਂ ਦਸ ਗੁਣਾ ਵੱਧ ਹੈ। ਇਹ ਰਿਪੋਰਟ 134 ਦੇਸ਼ਾਂ ਦੇ 7812 ਸ਼ਹਿਰਾਂ ਦੀ ਹਵਾ ਗੁਣਵਤਾ ਦੇ ਅਧਿਐਨ ‘ਤੇ ਆਧਾਰਿਤ ਹੈ। ਬੰਗਲਾਦੇਸ਼ 79.9 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਨਾਲ ਪਹਿਲੇ ਅਤੇ ਪਾਕਿਸਤਾਨ 73.7 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਨਾਲ ਦੂਸਰੇ ਸਥਾਨ ‘ਤੇ ਹੈ। ਭਾਰਤ 2022 ਵਿੱਚ 53.3 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਦੀ ਔਸਤ ਪੀਐੱਮ 2.5 ਸੰਘਣਤਾ ਨਾਲ ਅੱਠਵਾਂ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਸੀ। ਸਿਖਰਲੇ ਸਭ ਤੋਂ ਪ੍ਰਦੂਸ਼ਿਤ 15 ਸ਼ਹਿਰਾਂ ਦੀ ਆਲਮੀ ਸੂਚੀ ਵਿੱਚ ਭਾਰਤੀ ਸ਼ਹਿਰਾਂ ਦਾ ਦਬਦਬਾ ਹੈ। ਇਸ ਦੇ 12 ਸ਼ਹਿਰਾਂ ਦੀ ਹਵਾ ਗੁਣਵੱਤਾ ਸਭ ਤੋਂ ਖ਼ਰਾਬ ਸ਼੍ਰੇਣੀ ਵਿੱਚ ਹੈ। ਬਿਹਾਰ ਦਾ ਬੇਗੂਸਰਾਏ 118.9 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਨਾਲ ਸਭ ਤੋਂ ਪ੍ਰਦੂਸ਼ਿਤ ਮੈਟਰੋਪੋਲੀਟਨ ਖੇਤਰ ਹੈ। ਕੌਮੀ ਰਾਜਧਾਨੀ ਨਵੀਂ ਦਿੱਲੀ ਨੇ 2018 ਤੋਂ ਲਗਾਤਾਰ ਚੌਥੇ ਸਾਲ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਦਾ ਦਰਜਾ ਬਰਕਰਾਰ ਰੱਖਿਆ ਹੈ।
ਦਿੱਲੀ ਵਿੱਚ ਹਵਾ ਦੀ ਗੁਣਵੱਤਾ ਇਸ ਸਾਲ ਵਿਗੜ ਗਈ ਕਿਉਂਕਿ ਪੀਐਮ 2.5 ਦਾ ਪੱਧਰ 2022 ਵਿੱਚ 89.1 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਤੋਂ 2023 ਵਿੱਚ 92.7 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ‘ਤੇ ਪਹੁੰਚ ਗਿਆ ਹੈ। ਸਾਲ 2022 ਵਿੱਚ ਬੇਗੂਸਰਾਏ ਦਾ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਵਿੱਚ ਨਾਮ ਨਹੀਂ ਸੀ।
ਦਿੱਲੀ ਨੂੰ ਲਗਾਤਾਰ ਚੌਥੇ ਸਾਲ ਪ੍ਰਦੂਸ਼ਣ ਤੋਂ ਨਹੀਂ ਮਿਲੀ ਰਾਹਤ
ਨਵੀਂ ਦਿੱਲੀ ਨੂੰ 2018 ਤੋਂ ਲਗਾਤਾਰ ਚੌਥੇ ਸਾਲ ਦੁਨੀਆ ਦੀ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ ਸ਼ਹਿਰ ਦਾ ਦਰਜਾ ਦਿੱਤਾ ਗਿਆ ਹੈ। ਸਵਿੱਸ ਸੰਗਠਨ ‘ਆਈ ਕਿਊ ਏਅਰ’ ਵੱਲੋਂ ਕਰਵਾਈ ਗਈ ‘ਵਿਸ਼ਵ ਹਵਾ ਗੁਣਵੱਤਾ’ ਰਿਪੋਰਟ ਅਨੁਸਾਰ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਇਸ ਵਾਰ ਵੀ ਖ਼ਰਾਬ ਸ਼੍ਰੇਣੀ ਵਿੱਚ ਰਹੀ ਕਿਉਂਕਿ ਪੀਐੱਮ 2.5 ਸੰਘਣਤਾ ਦਾ ਪੱਧਰ 2023 ਵਿੱਚ 92.7 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਹੋ ਗਿਆ ਜੋ 2022 ਵਿੱਚ 89.1 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਸੀ।

 

 

Check Also

ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਲਈ ਗੰਭੀਰ : ਟਰੰਪ

ਅਮਰੀਕੀ ਰਾਸ਼ਟਰਪਤੀ ਨੇ ਕੈਨੇਡਾ ਨੂੰ ਸਾਲਾਨਾ 200 ਅਰਬ ਡਾਲਰ ਦੇ ਭੁਗਤਾਨ ‘ਤੇ ਚੁੱਕੇ ਸਵਾਲ ਵਾਸ਼ਿੰਗਟਨ/ਬਿਊਰੋ …