Breaking News
Home / ਭਾਰਤ / ਹੁਣ ਰਾਹੁਲ ਨੇ ਅਮਰੀਕਾ ‘ਚ ਕੀਤੀ ਟਰੱਕ ਦੀ ਸਵਾਰੀ

ਹੁਣ ਰਾਹੁਲ ਨੇ ਅਮਰੀਕਾ ‘ਚ ਕੀਤੀ ਟਰੱਕ ਦੀ ਸਵਾਰੀ

ਵਾਸ਼ਿੰਗਟਨ ਡੀਸੀ ਤੋਂ ਨਿਊਯਾਰਕ ਤੱਕ ਕੀਤਾ ਸਫਰ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਭਾਰਤ ਵਿਚ ਟਰੱਕ ਦੀ ਯਾਤਰਾ ਕਰਨ ਤੋਂ ਬਾਅਦ ਹੁਣ ਅਮਰੀਕਾ ਵਿਚ ਵੀ ਟਰੱਕ ਦੀ ਸਵਾਰੀ ਕੀਤੀ ਹੈ। ਰਾਹੁਲ ਨੇ ਭਾਰਤੀ ਮੂਲ ਦੇ ਟਰੱਕ ਡਰਾਈਵਰਾਂ ਦੀ ਜ਼ਿੰਦਗੀ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਹੈ। ਉਨ੍ਹਾਂ ਨੇ ਟਰੱਕ ਦੇ ਇਸ ਸਫਰ ਦੀ ਵੀਡੀਓ ਆਪਣੇ ਟਵਿੱਟਰ ਹੈਂਡਲ ‘ਤੇ ਸਾਂਝੀ ਕੀਤੀ ਹੈ।
ਆਪਣੀ ਹਾਲੀਆ ਅਮਰੀਕੀ ਯਾਤਰਾ ਦੌਰਾਨ ਉਨ੍ਹਾਂ ਨੇ ਭਾਰਤੀ ਮੂਲ ਦੇ ਟਰੱਕ ਚਾਲਕ ਟੀ.ਐਸ. ਗਿੱਲ ਅਤੇ ਉਨ੍ਹਾਂ ਦੇ ਸਹਾਇਕ ਨਾਲ ਵਾਸ਼ਿੰਗਟਨ ਡੀਸੀ ਤੋਂ ਨਿਊਯਾਰਕ ਦੀ ਯਾਤਰਾ ਕੀਤੀ। ਇਸ 190 ਕਿਲੋਮੀਟਰ ਦੀ ਯਾਤਰਾ ਦੌਰਾਨ ਉਨ੍ਹਾਂ ਨੇ ਅਮਰੀਕਾ ਵਿਚ ਰਹਿਣ ਵਾਲੇ ਭਾਰਤੀ ਮੂਲ ਦੇ ਡਰਾਈਵਰਾਂ ਦੀ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ਨੂੰ ਜਾਣਨ ਦੀ ਕੋਸ਼ਿਸ਼ ਕੀਤੀ। ਅਮਰੀਕੀ ਯਾਤਰਾ ‘ਤੇ ਜਾਣ ਤੋਂ ਪਹਿਲਾਂ ਉਨ੍ਹਾਂ ਨੇ ਪਿਛਲੇ ਮਹੀਨੇ ਦਿੱਲੀ ਤੋਂ ਚੰਡੀਗੜ੍ਹ ਤੱਕ ਟਰੱਕ ਰਾਹੀਂ ਯਾਤਰਾ ਕੀਤੀ ਸੀ ਤੇ ਟਰੱਕ ਚਾਲਕਾਂ ਦੀ ਜ਼ਿੰਦਗੀ ਅਤੇ ਸਮੱਸਿਆਵਾਂ ਨੂੰ ਜਾਣਿਆ ਸੀ।
ਰਾਹੁਲ ਗਾਂਧੀ ਅਮਰੀਕਾ ਵਿਚ ਟਰੱਕ ਡਰਾਈਵਰ ਤੋਂ ਪੁੱਛਦੇ ਹਨ ਕਿ ਉਹ ਮਹੀਨੇ ਵਿਚ ਕਿੰਨਾ ਕਮਾ ਲੈਂਦਾ ਹੈ ਤਾਂ ਉਹ ਕਹਿੰਦਾ ਹੈ ਕਿ ਹਰ ਮਹੀਨੇ ਉਹ 10 ਹਜ਼ਾਰ ਡਾਲਰ (ਕਰੀਬ 8 ਲੱਖ ਰੁਪਏ) ਤੱਕ ਕਮਾ ਲੈਂਦਾ ਹੈ। ਟਰੱਕ ਡਰਾਈਵਰ ਕਹਿੰਦਾ ਹੈ ਕਿ ਅਮਰੀਕਾ ਵਿਚ ਟਰੱਕ ਡਰਾਈਵਰ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਦਾ ਹੈ, ਪਰ ਭਾਰਤ ਵਿਚ ਇਹ ਮੁਸ਼ਕਲ ਹੈ। ਇਸ ਦੌਰਾਨ ਟਰੱਕ ਡਰਾਈਵਰ ਨੇ ਰਾਹੁਲ ਨੂੰ ਸਿੱਧੂ ਮੂਸੇਵਾਲਾ ਦਾ ਇਕ ਗਾਣਾ ਵੀ ਸੁਣਾਇਆ।
ਰਾਹੁਲ ਗਾਂਧੀ ਨੇ ਕਿਹਾ ਕਿ ਅਮਰੀਕਾ ਵਿਚ ਟਰੱਕਾਂ ਨੂੰ ਚਾਲਕ ਦੀ ਸੁਰੱਖਿਆ ਅਤੇ ਅਰਾਮ ਨੂੰ ਧਿਆਨ ਵਿਚ ਰੱਖਦਿਆਂ ਡਿਜ਼ਾਈਨ ਕੀਤਾ ਗਿਆ ਹੈ, ਜੋ ਕਿ ਭਾਰਤ ‘ਚ ਨਹੀਂ ਹੈ।
ਯਾਤਰਾ ਦੌਰਾਨ ਇਸ ਗੱਲ ‘ਤੇ ਜ਼ੋਰ ਦਿੱਤਾ ਗਿਆ ਕਿ ਜਿੱਥੇ ਟਰੱਕ ਡਰਾਈਵਰ ਭਾਰਤ ਵਿਚ ਮਾਮੂਲੀ ਮਜ਼ਦੂਰੀ ਅਤੇ ਕੀਮਤਾਂ ‘ਚ ਰਿਕਾਰਡ ਵਾਧੇ ਨਾਲ ਗੁਜ਼ਾਰਾ ਕਰਨ ਲਈ ਸੰਘਰਸ਼ ਕਰਦੇ ਹਨ, ਉਥੇ ਹੀ ਅਮਰੀਕਾ ਵਿਚ ਡਰਾਈਵਰਾਂ ਨੂੰ ਉਨ੍ਹਾਂ ਦੀ ਕਿਰਤ ਲਈ ਉਚਿਤ ਤਨਖਾਹ ਦੇ ਨਾਲ-ਨਾਲ ਸਨਮਾਨ ਵੀ ਮਿਲਦਾ ਹੈ। ਭਾਰਤ ਵਿਚ ਵਸਤੂਆਂ ਦੀਆਂ ਵਧਦੀਆਂ ਕੀਮਤਾਂ, ਮੁਦਰਾ ਸਫੀਤੀ ਅਤੇ ਰਾਜਲੀਤੀ ਬਾਰੇ ਗੱਲਬਾਤ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਕੋਈ ਵੀ ਧਰਮ ਕਿਸੇ ਨੂੰ ਨਫਰਤ ਫੈਲਾਉਣਾ ਨਹੀਂ ਸਿਖਾਉਂਦਾ।

 

Check Also

ਪੰਜਾਬ ਦੇ ਚਾਰ ਜ਼ਿਲ੍ਹਿਆਂ ਦੇ ਸਰਪੰਚਾਂ ਅਤੇ ਪੰਚਾਂ ਨੂੰ 3 ਦਸੰਬਰ ਨੂੰ ਚੁਕਾਈ ਜਾਵੇਗੀ ਸਹੁੰ

ਬਰਨਾਲਾ, ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਸ੍ਰੀ ਮੁਕਤਸਰ ਸਾਹਿਬ ’ਚ ਹੋਣਗੇ ਜ਼ਿਲ੍ਹਾ ਪੱਧਰ ਸਮਾਗਮ ਚੰਡੀਗੜ੍ਹ/ਬਿਊਰੋ ਨਿਊਜ਼ : …