Breaking News
Home / ਹਫ਼ਤਾਵਾਰੀ ਫੇਰੀ / ਟਵਿੱਟਰ ਦੇ ਸਾਬਕਾ ਸੀ.ਈ.ਓ. ਜੈਕ ਡੋਰਸੀ ਦਾ ਦਾਅਵਾ

ਟਵਿੱਟਰ ਦੇ ਸਾਬਕਾ ਸੀ.ਈ.ਓ. ਜੈਕ ਡੋਰਸੀ ਦਾ ਦਾਅਵਾ

ਭਾਰਤ ਸਰਕਾਰ ਨੇ ਕਿਸਾਨ ਅੰਦੋਲਨ ਦੌਰਾਨ ਟਵਿੱਟਰ ਬੰਦ ਕਰਨ ਦੀ ਦਿੱਤੀ ਸੀ ਧਮਕੀ
ਸਰਕਾਰ ਦੀ ਨੁਕਤਾਚੀਨੀ ਵਾਲੇ ਟਵੀਟ ਹਟਾਉਣ ਲਈ ਦਬਾਅ ਬਣਾਇਆ
ਨਵੀਂ ਦਿੱਲੀ : ਟਵਿੱਟਰ ਦੇ ਸਹਿ-ਬਾਨੀ ਜੈਕ ਡੋਰਸੀ ਨੇ ਸੰਗੀਨ ਆਰੋਪ ਲਾਉਂਦਿਆਂ ਦਾਅਵਾ ਕੀਤਾ ਹੈ ਕਿ ਕੇਂਦਰ ਸਰਕਾਰ ਨੇ ਕਿਸਾਨ ਅੰਦੋਲਨ ਦੌਰਾਨ ਕਈ ਟਵਿੱਟਰ ਖਾਤੇ ਬੰਦ ਕਰਨ ਲਈ ਉਸ ‘ਤੇ ਦਬਾਅ ਬਣਾਇਆ ਸੀ। ਡੋਰਸੀ ਦਾ ਦਾਅਵਾ ਹੈ ਕਿ ਸਰਕਾਰ ਨੇ ਟਵਿੱਟਰ ਨੂੰ ਬੰਦ ਕਰਨ ਤੇ ਮੁਲਾਜ਼ਮਾਂ ਦੇ ਘਰਾਂ ‘ਤੇ ਛਾਪੇ ਮਾਰਨ ਦੀ ਧਮਕੀ ਵੀ ਦਿੱਤੀ ਸੀ। ਸਾਲ 2021 ਵਿਚ ਟਵਿੱਟਰ ਦੇ ਸੀਈਓ ਦਾ ਅਹੁਦਾ ਛੱਡਣ ਵਾਲੇ ਡੋਰਸੀ ਨੇ ਯੂਟਿਊਬ ਦੇ ਨਿਊਜ਼ ਸ਼ੋਅ ‘ਬ੍ਰੇਕਿੰਗ ਪੁਆਇੰਟ’ ਨੂੰ ਦਿੱਤੀ ਇਕ ਇੰਟਰਵਿਊ ਦੌਰਾਨ ਇਹ ਦਾਅਵੇ ਕੀਤੇ ਹਨ।
ਡੋਰਸੀ ਨੇ ਕਿਹਾ ਕਿ ਭਾਰਤ ਸਰਕਾਰ ਨੇ ਕੰਪਨੀ ਬੰਦ ਕਰਨ ਤੇ ਮੁਲਾਜ਼ਮਾਂ ‘ਤੇ ਛਾਪੇ ਮਾਰਨ ਦੀ ਧਮਕੀ ਦਿੰਦਿਆਂ ‘ਦਬਾਅ’ ਬਣਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੇ ਸਾਫ ਕਰ ਦਿੱਤਾ ਕਿ ਕਿਸਾਨਾਂ ਵੱਲੋਂ ਸਾਲ 2020 ਤੇ 2021 ਦੌਰਾਨ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਵਿੱਢੇ ਅੰਦੋਲਨ ਨੂੰ ਲੈ ਕੇ ਸਰਕਾਰ ਦੀ ਨੁਕਤਾਚੀਨੀ ਵਾਲੀਆਂ ਪੋਸਟਾਂ ਨੂੰ ਨਾ ਹਟਾਇਆ ਗਿਆ ਤੇ ਸਬੰਧਤ ਟਵਿੱਟਰ ਖਾਤਿਆਂ ‘ਤੇ ਰੋਕ ਨਾ ਲਾਈ ਗਈ ਤਾਂ ਉਹ ਸਿੱਟੇ ਭੁਗਤਣ ਲਈ ਤਿਆਰ ਰਹਿਣ।
ਇਸੇ ਦੌਰਾਨ ਸੂਚਨਾ ਤਕਨਾਲੋਜੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਜੈਕ ਡੋਰਸੀ ਦੇ ਦਾਅਵਿਆਂ ਨੂੰ ‘ਸਰਾਸਰ ਝੂਠ’ ਦੱਸ ਕੇ ਰੱਦ ਕਰ ਦਿੱਤਾ ਹੈ। ਚੰਦਰਸ਼ੇਖਰ ਨੇ ਟਵੀਟ ਕੀਤਾ ਕਿ ਡੋਰਸੀ ਦੇ ਟਵਿੱਟਰ ਪ੍ਰਬੰਧ ਨੂੰ ”ਭਾਰਤੀ ਕਾਨੂੰਨ ਦੀ ਪ੍ਰਭੂਸੱਤਾ ਸਵੀਕਾਰ ਕਰਨ ਵਿੱਚ ਵੱਡੀ ਸਮੱਸਿਆ ਸੀ।” ਮੰਤਰੀ ਨੇ ਕਿਹਾ, ”ਨਾ ਕੋਈ ਜੇਲ੍ਹ ਗਿਆ ਤੇ ਨਾ ਹੀ ਟਵਿੱਟਰ ‘ਬੰਦ’ ਹੋਇਆ। ਅਸਲ ਵਿੱਚ ਇਹ ਜੈਕ ਵੱਲੋਂ ਬੋਲਿਆ ਗਿਆ ਸਰਾਸਰ ਝੂਠ ਹੈ, ਜੋ ਸ਼ਾਇਦ ਟਵਿੱਟਰ ਦੇ ਇਤਿਹਾਸ ਵਿਚ ਸਭ ਤੋਂ ਸ਼ੱਕੀ ਕਾਰਜਕਾਲ ‘ਤੇ ਪਰਦਾ ਪਾਉਣ ਦੀ ਕੋਸ਼ਿਸ਼ ਹੈ।” ਚੰਦਰਸ਼ੇਖਰ ਨੇ ਕਿਹਾ, ”ਤੱਥ ਤੇ ਸਚਾਈ- ਡੋਰਸੀ ਤੇ ਉਸ ਦੇ ਟੀਮ ਦੇ ਕਾਰਜਕਾਲ ਦੌਰਾਨ ਟਵਿੱਟਰ ਵੱਲੋਂ ਲਗਾਤਾਰ ਭਾਰਤੀ ਕਾਨੂੰਨ ਦੀ ਉਲੰਘਣਾ ਕੀਤੀ ਗਈ। ਸਾਲ 2020 ਤੋਂ 2022 ਦੌਰਾਨ ਉਨ੍ਹਾਂ ਲਗਾਤਾਰ ਕਾਨੂੰਨ ਦੀ ਅਵੱਗਿਆ ਕੀਤੀ ਤੇ ਜੂਨ 2022 ਵਿੱਚ ਅਖੀਰ ਨੂੰ ਉਹ ਕਾਨੂੰਨ ਦੀ ਪਾਲਣਾ ਲਈ ਮੰਨੇ। ਉਹ ਇੰਜ ਵਰਤਾਅ ਕਰਦੇ ਸਨ ਜਿਵੇਂ ਭਾਰਤ ਦਾ ਕਾਨੂੰਨ ਉਨ੍ਹਾਂ ‘ਤੇ ਲਾਗੂ ਨਹੀਂ ਹੁੰਦਾ।” ਉਨ੍ਹਾਂ ਕਿਹਾ ਕਿ ਜਨਵਰੀ 2021 ਵਿੱਚ ਪ੍ਰਦਰਸ਼ਨਾਂ ਦੌਰਾਨ ਬਹੁਤ ਜਾਰੀ ਗ਼ਲਤ ਜਾਣਕਾਰੀ ਸੀ ਤੇ ਕਈ ਥਾਵਾਂ ਤੋਂ ਨਸਲਕੁਸ਼ੀ ਦੀਆਂ ਵੀ ਰਿਪੋਰਟਾਂ ਸਨ, ਜੋ ਯਕੀਨੀ ਤੌਰ ‘ਤੇ ਪੂਰੀ ਤਰ੍ਹਾਂ ਫ਼ਰਜ਼ੀ ਸਨ। ਚੰਦਰਸ਼ੇਖਰ ਨੇ ਇਨ੍ਹਾਂ (ਰਿਪੋਰਟਾਂ) ਬਾਰੇ ਬਹੁਤੀ ਤਫ਼ਸੀਲ ਦੇਣ ਤੋਂ ਇਨਕਾਰ ਕਰਦਿਆਂ ਕਿਹਾ, ”ਗ਼ਲਤ ਜਾਣਕਾਰੀ ਪਲੈਟਫਾਰਮ ਤੋਂ ਹਟਾਉਣੀ ਭਾਰਤ ਸਰਕਾਰ ਦੀ ਜ਼ਿੰਮੇਵਾਰੀ ਸੀ ਕਿਉਂਕਿ ਅਜਿਹੀ ਜਾਣਕਾਰੀ ਜੋ ਫ਼ਰਜ਼ੀ ਖ਼ਬਰਾਂ ‘ਤੇ ਅਧਾਰਿਤ ਹੈ, ਹਾਲਾਤ ਭੜਕਾਉਣ ਦੇ ਸਮਰੱਥ ਸੀ।” ਉਨ੍ਹਾਂ ਕਿਹਾ, ”ਜੈਕ ਦੇ ਕਾਰਜਕਾਲ ਦੌਰਾਨ ਟਵਿੱਟਰ ਦੇ ਵਤੀਰੇ ਵਿੱਚ ਵੱਡਾ ਫ਼ਰਕ ਸੀ।
ਉਨ੍ਹਾਂ ਨੂੰ ਭਾਰਤ ਵਿੱਚ ਆਪਣੇ ਪਲੈਟਫਾਰਮ ਤੋਂ ਗੁੰਮਰਾਹਕੁਨ ਜਾਣਕਾਰੀ ਹਟਾਉਣ ‘ਚ ਸਮੱਸਿਆ ਸੀ, ਹਾਲਾਂਕਿ ਜਦੋਂ ਅਮਰੀਕਾ ਵਿੱਚ ਮਿਲਦੇ ਜੁਲਦੇ ਵਿਰੋਧ ਪ੍ਰਦਰਸ਼ਨ ਹੋਏ ਤਾਂ ਉਨ੍ਹਾਂ ਖੁਦ ਸਬੰਧਤ ਪੋਸਟਾਂ ਨੂੰ ਹਟਾਇਆ।”
ਉਨ੍ਹਾਂ ਕਿਹਾ ਕਿ ਜੈਕ ਦੇ ਕਾਰਜਕਾਲ ਦੌਰਾਨ ਟਵਿੱਟਰ ਦੀ ਮਨਮਾਨੀ ਤੇ ਪੱਖਪਾਤੀ ਰਵੱਈਏ ਤੇ ਤਾਕਤ ਦੀ ਦੁਰਵਰਤੋਂ ਦੇ ਕਾਫ਼ੀ ਸਬੂਤ ਜਨਤਕ ਤੌਰ ‘ਤੇ ਮੌਜੂਦ ਹਨ।
ਛੋਟੇ ਬੱਚਿਆਂ ਨੂੰ ਵੀ ਪਤਾ ਸੀ ਕਿ ਟਵਿੱਟਰ ਖਾਤੇ ਬੰਦ ਕੀਤੇ ਜਾਣਗੇ : ਟਿਕੈਤ
ਕੁਰੂਕਸ਼ੇਤਰ : ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦੇ ਅੰਦੋਲਨ ਨੂੰ ਪ੍ਰਮੁੱਖਤਾ ਨਾਲ ਉਭਾਰਨ ਵਾਲੇ ਕਈ ਟਵਿੱਟਰ ਖਾਤਿਆਂ ਨੂੰ ਸਰਕਾਰ ਵੱਲੋਂ ਬਲਾਕ ਕੀਤਾ ਗਿਆ। ਕਿਸਾਨ ਆਗੂ ਨੇ ਕਿਹਾ ਕਿ ਛੋਟੇ ਬੱਚਿਆਂ ਨੂੰ ਵੀ ਪਤਾ ਸੀ ਕਿ ਜੇਕਰ ਕਿਸਾਨ ਅੰਦੋਲਨ ਨੂੰ ਉਭਾਰਿਆ ਗਿਆ ਤਾਂ ਟਵਿੱਟਰ ਖਾਤੇ ਬੰਦ ਕੀਤੇ ਜਾਣਗੇ। ਟਿਕੈਤ ਨੇ ਕਿਹਾ ਕਿ ਇਨ੍ਹਾਂ ਵਿਚੋਂ ਕਈ ਖਾਤੇ ਅਜੇ ਵੀ ‘ਬੰਦ’ ਪਏ ਹਨ।
ਦਿੱਲੀ ਦੀਆਂ ਬਰੂਹਾਂ ‘ਤੇ ਕਰੀਬ ਇਕ ਸਾਲ ਤੱਕ ਚੱਲੇ ਕਿਸਾਨ ਅੰਦੋਲਨ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਕਿਸਾਨ ਆਗੂਆਂ ‘ਚੋਂ ਇਕ ਟਿਕੈਤ ਨੇ ਕਿਹਾ ਕਿ ਟਵਿੱਟਰ ‘ਤੇ ਸਰਕਾਰ ਦਾ ਦਬਾਅ ਸੀ ਤੇ ਸਰਕਾਰ ਕਿਸਾਨ ਅੰਦੋਲਨ ਨੂੰ ਉਭਾਰਨ ਵਾਲੇ ਖਾਤਿਆਂ ਨੂੰ ਬੰਦ ਕਰਨ ਦੀ ਗੁਜ਼ਾਰਿਸ਼ ਕਰ ਰਹੀ ਸੀ, ਤਾਂ ਕਿ ਇਹ ਵੱਧ ਤੋਂ ਵੱਧ ਲੋਕਾਂ ਤੱਕ ਨਾ ਪਹੁੰਚਣ ਤੇ ਘੱਟ ਤੋਂ ਘੱਟ ਲੋਕ ਇਨ੍ਹਾਂ ਟਵੀਟਾਂ ਨੂੰ ਵੇਖਣ।

‘ਜਮਹੂਰੀਅਤ ਨੂੰ ਕਮਜ਼ੋਰ’ ਕਰਨ ਦੇ ਦਾਅਵਿਆਂ ਦੀ ਪੁਸ਼ਟੀ ਹੋਈ: ਕਾਂਗਰਸ
ਨਵੀਂ ਦਿੱਲੀ : ਮੁੱਖ ਵਿਰੋਧੀ ਧਿਰ ਕਾਂਗਰਸ ਨੇ ਟਵਿੱਟਰ ਦੇ ਸਾਬਕਾ ਸੀਈਓ ਜੈਕ ਡੋਰਸੀ ਵੱਲੋਂ ਕੀਤੇ ਦਾਅਵਿਆਂ ਦੇ ਹਵਾਲੇ ਨਾਲ ਕਿਹਾ ਕਿ ਮੋਦੀ ਸਰਕਾਰ ਸੋਸ਼ਲ ਮੀਡੀਆ ਤੇ ਪੱਤਰਕਾਰਾਂ ਨੂੰ ‘ਡਰਾਉਣਾ-ਧਮਕਾਉਣਾ’ ਬੰਦ ਕਰੇ। ਕਾਂਗਰਸ ਨੇ ਕਿਹਾ ਕਿ ਕੇਂਦਰ ਸਰਕਾਰ ਡੋਰਸੀ ਦੇ ਆਰੋਪਾਂ ਬਾਰੇ ਸਥਿਤੀ ਸਪਸ਼ਟ ਕਰੇ। ਪਾਰਟੀ ਨੇ ਕਿਹਾ ਕਿ ਸੰਸਥਾਵਾਂ ਨੂੰ ਨਿਸ਼ਾਨਾ ਬਣਾ ਕੇ ‘ਜਮਹੂਰੀਅਤ ਨੂੰ ਕਮਜ਼ੋਰ’ ਕਰਨ ਦਾ ਇਸ ਤੋਂ ਵੱਡਾ ਸਬੂਤ ਨਹੀਂ ਹੋ ਸਕਦਾ। ਸਰਕਾਰ ਦੇ ‘ਦਬਾਅ’ ਕਰਕੇ ਹੀ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਟਵਿੱਟਰ ਖਾਤੇ ਨੂੰ ਛੇ ਮਹੀਨਿਆਂ ਲਈ ਬੈਨ ਕੀਤਾ ਗਿਆ ਤੇ ਡੋਰਸੀ ਦੇ ਦਾਅਵਿਆਂ ਨੇ ਇਸ ਸੱਚ ਤੋਂ ਪਰਦਾ ਚੁੱਕ ਦਿੱਤਾ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਭਾਜਪਾ-ਆਰਐੱਸਐੱਸ ਦੇ ਸਿਆਸੀ ਵੰਸ਼ਜ, ਜੋ ਆਜ਼ਾਦੀ ਦੀ ਲੜਾਈ ਵਿੱਚ ਬਰਤਾਨਵੀ ਸ਼ਾਸਕਾਂ ਦੇ ਹੱਕ ਵਿੱਚ ਭੁਗਤੇ ਤੇ ਭਾਰਤੀਆਂ ਖਿਲਾਫ਼ ਖੜ੍ਹੇ ਹੋਏ, ਨੂੰ ਟਵਿੱਟਰ ਦੇ ਸਾਬਕਾ ਸੀਈਓ ਦੀਆਂ ਟਿੱਪਣੀਆਂ ਨੂੰ ਲੈ ਕੇ ਰਾਸ਼ਟਰਵਾਦੀ ਬਣਨ ਦਾ ਢੌਂਗ ਨਹੀਂ ਕਰਨਾ ਚਾਹੀਦਾ। ਖੜਗੇ ਨੇ ਕਿਹਾ ਕਿ ਭਾਜਪਾ ਨੇ ਬਰਤਾਨਵੀ ਸ਼ਾਸਕਾਂ ਦੀ ਤਾਨਾਸ਼ਾਹੀ ਵਾਲੀ ਟੂਲਕਿੱਟ ਨੂੰ ਅਪਣਾਇਆ ਹੈ ਅਤੇ ਮੋਦੀ ਸਰਕਾਰ ਨੇ ਕਿਸਾਨ ਅੰਦੋਲਨ ਨੂੰ ਕੁਚਲਣ ਲਈ ਕੀ ਨਹੀਂ ਕੀਤਾ।

 

Check Also

ਮੋਦੀ ਦੀ ਤੀਜੀ ਪਾਰੀ ਵਿਚ ਬਣੇ 71 ਮੰਤਰੀ

ਹਾਰ ਕੇ ਵੀ ਰਵਨੀਤ ਬਿੱਟੂ ਮੋਦੀ ਕੈਬਨਿਟ ‘ਚ ਲੈ ਗਏ ਕੁਰਸੀ ਨਵੀਂ ਦਿੱਲੀ/ਬਿਊਰੋ ਨਿਊਜ਼ : …