Breaking News
Home / ਹਫ਼ਤਾਵਾਰੀ ਫੇਰੀ / ਸਰਵੇਖਣਾਂ ਅਨੁਸਾਰ ਲਿਬਰਲਾਂ ਦਾ ਗਰਾਫ ਡਿੱਗਿਆ ਪਰ ਹੱਥ ਹਾਲੇ ਵੀ ਕੰਸਰਵੇਟਿਵਾਂ ਤੋਂ ਉਪਰ

ਸਰਵੇਖਣਾਂ ਅਨੁਸਾਰ ਲਿਬਰਲਾਂ ਦਾ ਗਰਾਫ ਡਿੱਗਿਆ ਪਰ ਹੱਥ ਹਾਲੇ ਵੀ ਕੰਸਰਵੇਟਿਵਾਂ ਤੋਂ ਉਪਰ

ਪ੍ਰਧਾਨ ਮੰਤਰੀ ਦੇ ਅਹੁਦੇ ਲਈ ਮਾਰਕ ਕਾਰਨੀ ਨੂੰ 41 ਫੀਸਦੀ ਅਤੇ ਪੀਅਰ ਪੋਲੀਵਰ ਨੂੰ 36 ਫੀਸਦੀ ਵੋਟਰਾਂ ਦੀ ਹਮਾਇਤ
ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਵਿਚ ਫੈਡਰਲ ਚੋਣ ਮੁਹਿੰਮ 32 ਦਿਨ ਮੁਕੰਮਲ ਕਰ ਚੁੱਕੀ ਹੈ। ਸਾਰੀਆਂ ਧਿਰਾਂ ਵੱਲੋਂ ਲੋਕ ਲੁਭਾਉਣੇ ਵਾਅਦਿਆਂ ਨਾਲ ਵੋਟਰਾਂ ਨੂੰ ਭਰਮਾਉਣ ‘ਤੇ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ। ਜਿੱਥੇ ਚੋਣਾਂ ਦੇ ਐਲਾਨ ਤੋਂ ਪਹਿਲਾਂ ਲੱਗ ਰਿਹਾ ਸੀ ਕਿ ਕੰਸਰਵੇਟਿਵ ਪਾਰਟੀ ਦੀ ਸਰਕਾਰ ਬਣਨੀ ਲੱਗਭੱਗ ਤੈਅ ਹੈ ਓਥੇ ਹੀ ਚੋਣਾਂ ਦਾ ਐਲਾਨ ਕਰ ਕੇ ਮਾਰਕ ਕਾਰਨੀ ਨੇ ਪਾਸਾ ਪਲਟ ਦਿੱਤਾ ਅਤੇ ਵੋਟਰਾਂ ਦਾ ਰੌਂਅ ਲਿਬਰਲ ਪਾਰਟੀ ਵੱਲ ਹੁੰਦਾ ਨਜ਼ਰ ਆਇਆ। ਵੱਖ-ਵੱਖ ਚੋਣ ਸਰਵਿਆਂ ਅਨੁਸਾਰ ਦੋ ਹਫਤੇ ਪਹਿਲਾਂ ਤੱਕ ਲਿਬਰਲ ਆਪਣੀ ਨਜ਼ਦੀਕੀ ਵਿਰੋਧੀ ਕੰਸਰਵੇਟਿਵਾਂ ਤੋਂ 12 ਪ੍ਰਤੀਸ਼ਤ ਦੀ ਲੀਡ ਨਾਲ ਉੱਪਰ ਸਨ ਪਰ ਹੁਣ ਆਏ ਤਾਜ਼ਾ ਸਰਵੇਖਣਾਂ ਅਨੁਸਾਰ ਇਹ ਲੀਡ ਘਟ ਗਈ ਹੈ। ਇਕ ਸਰਵੇਖਣ ਅਨੁਸਾਰ ਇਹ ਲੀਡ 5 ਪ੍ਰਤੀਸ਼ਤ ਹੈ ਰਹਿ ਗਈ ਹੈ ਅਤੇ ਦੂਜੇ ਸਰਵੇਖਣ ਅਨੁਸਾਰ ਹੁਣ ਲੀਡ ਸਿਰਫ 3 ਪ੍ਰਤੀਸ਼ਤ ਹੈ। ਤਾਜ਼ਾ ਸਰਵੇਖਣ ਮੁਤਾਬਿਕ 41 ਪ੍ਰਤੀਸ਼ਤ ਕੈਨੇਡੀਅਨ ਦਾ ਕਹਿਣਾ ਹੈ ਕਿ ਉਹ ਲਿਬਰਲ ਪਾਰਟੀ ਨੂੰ ਆਪਣੀ ਵੋਟ ਪਾਉਣਗੇ। ਦੂਜੇ ਪਾਸੇ 38 ਪ੍ਰਤੀਸ਼ਤ ਵੋਟਰ ਕੰਸਰਵੇਟਿਵ ਦੀ ਹਮਾਇਤ ‘ਤੇ ਹਨ। ਸਰਵੇਖਣ ਵਿੱਚ ਨਿਊ ਡੈਮੋਕ੍ਰੇਟਿਕ ਪਾਰਟੀ ਨੂੰ 12 ਪ੍ਰਤੀਸ਼ਤ, ਗ੍ਰੀਨ ਪਾਰਟੀ ਨੂੰ 2 ਪ੍ਰਤੀਸ਼ਤ ਅਤੇ ਬਲਾਕ ਕਿਊਬੇਕ ਨੂੰ 5 ਪ੍ਰਤੀਸ਼ਤ ਵੋਟ ਮਿਲਣ ਦੀ ਗੱਲ ਕਹੀ ਗਈ ਹੈ। ਇਸ ਪੋਲ ਵਿੱਚ 41 ਪ੍ਰਤੀਸ਼ਤ ਵੋਟਰਾਂ ਨੇ ਮਾਰਕ ਕਾਰਨੀ ਨੂੰ ਪ੍ਰਧਾਨ ਮੰਤਰੀ ਲਈ ਸਭ ਤੋਂ ਵਧੀਆ ਲੀਡਰ ਦੱਸਿਆ ਹੈ ਅਤੇ ਕੰਸਰਵੇਟਿਵ ਨੇਤਾ ਪੀਅਰ ਪੋਲੀਵਰ ਨੂੰ 36 ਪ੍ਰਤੀਸ਼ਤ ਵੋਟਰਾਂ ਦਾ ਸਮਰੱਥਨ ਹਾਸਲ ਹੋਇਆ
ਇਕ ਹੋਰ ਸਰਵੇਖਣ ਅਨੁਸਾਰ 44 ਪ੍ਰਤੀਸ਼ਤ ਯੋਗ ਕੈਨੇਡੀਅਨ ਵੋਟਰਾਂ ਦਾ ਕਹਿਣਾ ਹੈ ਕਿ ਉਹ ਆਪਣੇ ਲਿਬਰਲ ਉਮੀਦਵਾਰ ਦਾ ਸਮਰਥਨ ਕਰਨਗੇ, ਜਦੋਂ ਕਿ 39 ਪ੍ਰਤੀਸ਼ਤ ਨੇ ਕੰਸਰਵੇਟਿਵ ਨੂੰ ਵੋਟ ਪਾਉਣ ਦੀ ਗੱਲ ਕਹੀ ਹੈ। ਲਿਬਰਲ ਨੇਤਾ ਅਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ 54 ਪ੍ਰਤੀਸ਼ਤ ਵੋਟਰ ਬਤੌਰ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਹਨ, ਜਦੋਂ ਕਿ ਕੰਸਰਵੇਟਿਵ ਨੇਤਾ ਪੀਅਰ ਪੋਲੀਵਰ ਨੂੰ 38 ਪ੍ਰਤੀਸ਼ਤ ਵੋਟਰ ਪ੍ਰਧਾਨ ਮੰਤਰੀ ਵਜੋਂ ਦੇਖ ਰਹੇ ਹਨ।
ਨੈਨੋਸ ਰਿਸਰਚ ਦੁਆਰਾ 20ਤੋਂ 22 ਅਪ੍ਰੈਲ ਤੱਕ ਕੀਤੇ ਗਏ ਤਿੰਨ ਦਿਨਾਂ ਦੇ ਰੋਲਿੰਗ ਸੈਂਪਲ ਵਿੱਚ ਲਿਬਰਲਾਂ ਨੂੰ 44 ਪ੍ਰਤੀਸ਼ਤ ਅਤੇ ਕੰਸਰਵੇਟਿਵਾਂ ਨੂੰ 39 ਪ੍ਰਤੀਸ਼ਤ ਸਮਰਥਨ ਦੱਸਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ 28 ਅਪ੍ਰੈਲ 2025 ਪੋਲਿੰਗ ਦਾ ਫਾਈਨਲ ਦਿਨ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਇਨ੍ਹਾਂ 5 ਦਿਨਾਂ ਵਿਚ ਦੋਵੇਂ ਪ੍ਰਮੁੱਖ ਪਾਰਟੀਆਂ ਦੇ ਲੀਡਰ ਕੀ ਵੋਟਰ ਮਨਾਂ ਨੂੰ ਕੁਝ ਬਦਲ ਸਕਣਗੇ?
ਕੈਨੇਡਾ ‘ਚ ਐਡਵਾਂਸ ਪੋਲਿੰਗ ਦੇ ਟੁੱਟੇ ਰਿਕਾਰਡ
ਟੋਰਾਂਟੋ : ਕੈਨੇਡਾ ‘ਚ 28 ਅਪ੍ਰੈਲ ਨੂੰ ਹੋ ਰਹੀਆਂ ਫੈਡਰਲ ਚੋਣਾਂ ‘ਚ ਕੈਨੇਡਾ ਦੇ ਵੋਟਰਾਂ ਵੱਲੋਂ ਰਿਕਾਰਡ ਤੋੜ ਐਡਵਾਂਸ ਪੋਲਿੰਗ ‘ਚ ਵੋਟਾਂ ਪਾਈਆਂ ਗਈਆਂ। ਇਸ ਵਾਰ ਨੌਜਵਾਨ ਵਰਗ ਵਲੋਂ ਭਾਰੀ ਗਿਣਤੀ ‘ਚ ਉਤਸ਼ਾਹ ਨਾਲ ਵੋਟਾਂ ਪਾਈਆਂ ਜਾ ਰਹੀਆਂ ਹਨ। ਇਸ ਵਾਰ ਪਤਾ ਨਹੀਂ ਬਦਲਾਅ ਲਈ ਵੋਟਰਾਂ ਵੱਲੋਂ ਦਿਲਚਸਪੀ ਦਿਖਾਈ ਜਾ ਰਹੀ ਹੈ ਜਾਂ ਰਾਸ਼ਟਰਪਤੀ ਟਰੰਪ ਵੱਲੋਂ ਕੈਨੇਡਾ ਨੂੰ 51ਵੇਂ ਸੂਬੇ ਵਜੋਂ ਕੈਨੇਡਾ ਨੂੰ ਅਮਰੀਕਾ ‘ਚ ਸ਼ਾਮਲ ਕਰਨ ਦੇ ਵਿਰੋਧ ‘ਚ ਕੈਨੇਡੀਅਨ ਵੋਟਰਾਂ ਵੱਲੋਂ ਕੈਨੇਡਾ ਪ੍ਰਤੀ ਦੇਸ਼ ਭਗਤੀ ਦੀ ਭਾਵਨਾ ਦਿਖਾਈ ਜਾ ਰਹੀ ਹੈ। ਇਸ ਟਾਈਮ ਕੈਨੇਡਾ ਦੇ ਚੋਣ ਸਰਵੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਗਵਾਈ ‘ਚ ਸਰਕਾਰ ਬਣਾਉਣ ਲਈ ਆ ਰਹੇ ਹਨ। ਪਰ ਕੈਨੇਡਾ ਭਰ ਤੋਂ ਵੱਖ-ਵੱਖ ਸੂਬਿਆਂ ਤੋਂ ਮਿਲੀਆਂ ਰਿਪੋਰਟਾਂ ਮੁਤਾਬਕ ਲੋਕ ਬਦਲਾਅ ਵੱਲ ਵੀ ਜਾ ਸਕਦੇ ਹਨ। ਚੋਣਾਂ ਦੇ ਆਖਰੀ ਹਫਤੇ ਸਾਰੀਆਂ ਪਾਰਟੀਆਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ। 28 ਤਰੀਕ ਨੂੰ ਸਵੇਰੇ ਨੌਂ ਵਜੇ ਤੋਂ ਸ਼ਾਮ ਨੌਂ ਵਜੇ ਤੱਕ ਟੋਰਾਂਟੋ ਸਮੇਂ ਅਨੁਸਾਰ ਵੋਟਾਂ ਪੈਣਗੀਆਂ। ਪਹਿਲਾਂ ਵੋਟਾਂ ਖਤਮ ਹੋਣ ਦੇ ਮੁੱਢਲੇ ਘੰਟਿਆਂ ‘ਚ ਹੀ ਸਰਕਾਰ ਬਣਨ ਦਾ ਪਤਾ ਲੱਗ ਜਾਂਦਾ ਸੀ ਪਰ ਜੇ ਇਸ ਵਾਰ ਜ਼ਿਆਦਾ ਪੋਲਿੰਗ ਹੋਈ ਤਾਂ ਨਤੀਜੇ ਰਾਤ ਦੇਰ ਨਾਲ ਪਤਾ ਲੱਗਣਗੇ। ਇਸ ਵਾਰ ਟਰੰਪ ਟੈਰਿਫ ਕਾਰਨ ਵੋਟਰਾਂ ਦੀ ਨਿਗਾਹ ਚੋਣ ਨਤੀਜਿਆਂ ਵੱਲ ਹੈ ਕਿਉਂਕਿ ਕੈਨੇਡਾ ਦੇ ਨਾਗਰਿਕਾਂ ਨੂੰ ਸ਼ਿਕਾਇਤ ਹੈ ਕਿ ਉਨ੍ਹਾਂ ਦੀ ਯੋਗਤਾ ਅਨੁਸਾਰ ਕੰਮ ਨਹੀਂ ਮਿਲ ਰਿਹਾ। ਜ਼ਿਆਦਾਤਰ ਕੈਨੇਡੀਅਨ ਵੋਟਰ ਇਸ ਗੱਲੋਂ ਨਾਰਾਜ਼ ਹਨ ਕਿ ਵਿਜ਼ਿਟਰ ਆਏ ਲੋਕ ਸਸਤੇ ‘ਚ ਕੰਮ ਕਰਕੇ ਕੈਨੇਡਾ ਦੇ ਨਾਗਰਿਕਾਂ ਦਾ ਹੱਕ ਮਾਰ ਰਹੇ ਹਨ।

 

 

Check Also

ਜੰਮੂ-ਕਸ਼ਮੀਰ ਦੇ ਪਹਿਲਗਾਮ ‘ਚ ਦਹਿਸ਼ਤੀ ਹਮਲੇ ‘ਚ 27 ਮੌਤਾਂ

ਦਹਿਸ਼ਤੀ ਹਮਲੇ ਦੀ ਹੋ ਰਹੀ ਸਖਤ ਨਿੰਦਾ ਸ੍ਰੀਨਗਰ : ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ …