ਅਮਿਤ ਸ਼ਾਹ ਨੇ ਅੰਮ੍ਰਿਤਸਰ ‘ਚ ਐਨਸੀਬੀ ਦਾ ਦਫਤਰ ਖੋਲ੍ਹਣ ਦਾ ਕੀਤਾ ਸੀ ਐਲਾਨ
ਨਵੀਂ ਦਿੱਲੀ/ਬਿਊਰੋ ਨਿਊਜ਼ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਅੰਮ੍ਰਿਤਸਰ ਵਿੱਚ ਇੱਕ ਮਹੀਨੇ ਦੇ ਅੰਦਰ-ਅੰਦਰ ਐੱਨਸੀਬੀ (ਨਾਰਕੋਟਿਕਸ ਕੰਟਰੋਲ ਬਿਊਰੋ) ਦਾ ਦਫ਼ਤਰ ਖੋਲ੍ਹਣ ਦੇ ਐਲਾਨ ਮਗਰੋਂ ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਅੰਮ੍ਰਿਤਸਰ ਵਿੱਚ ਐੱਨਸੀਬੀ ਦਾ ਦਫ਼ਤਰ ਖੋਲ੍ਹ ਕੇ ਭਾਜਪਾ ਦਾ ਪ੍ਰਚਾਰ ਕਰਨਾ ਚਾਹੁੰਦੀ ਹੈ। ਕੇਜਰੀਵਾਲ ਨੇ ਟਵੀਟ ਕਰਦਿਆਂ ਕਿਹਾ, ”ਤੁਸੀਂ ਅੰਮ੍ਰਿਤਸਰ ਵਿੱਚ ਐੱਨਸੀਬੀ ਦਾ ਦਫ਼ਤਰ ਖੋਲ੍ਹਣ ਜਾ ਰਹੇ ਹੋ ਜਾਂ ਭਾਜਪਾ ਦਾ? ਫਿਰ ਐਨਸੀਬੀ ਪਿੰਡ-ਪਿੰਡ ਵਿੱਚ ਭਾਜਪਾ ਵਰਕਰਾਂ ਜ਼ਰੀਏ ਕਿਵੇਂ ਕੰਮ ਕਰ ਸਕਦੀ ਹੈ? ਇਸ ਦਾ ਮਤਲਬ ਹੈ ਕਿ ਤੁਹਾਨੂੰ ਪੰਜਾਬ ਵਿੱਚ ਨਸ਼ੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਤੁਸੀਂ ‘ਐੱਨਸੀਬੀ’ ਨੂੰ ਵਰਤ ਕੇ ਭਾਜਪਾ ਦਾ ਪ੍ਰਚਾਰ ਕਰਨਾ ਚਾਹੁੰਦੇ ਹੋ। ਵੈਸੇ ਨਸ਼ਾ ਤਾਂ ਤੁਹਾਡੀ ਅਤੇ ਅਕਾਲੀ ਦਲ ਦੀ ਸਰਕਾਰ ਵੇਲੇ ਹੀ ਫੈਲਿਆ ਸੀ ਸ਼ਾਹ ਸਾਬ੍ਹ।” ਜ਼ਿਕਰਯੋਗ ਹੈ ਕਿ ਸ਼ਾਹ ਨੇ ਗੁਰਦਾਸਪੁਰ ਵਿੱਚ ਰੈਲੀ ਦੌਰਾਨ ਨਸ਼ੇ ਵਿਰੁੱਧ ਲੜਾਈ ਲੜਨ ਲਈ ਅੰਮ੍ਰਿਤਸਰ ਵਿੱਚ ਇੱਕ ਮਹੀਨੇ ਦੇ ਅੰਦਰ-ਅੰਦਰ ‘ਐੱਨਸੀਬੀ’ ਦਾ ਦਫ਼ਤਰ ਖੋਲ੍ਹਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੁਝ ਹੀ ਸਮੇਂ ਵਿੱਚ ਭਾਜਪਾ ਵਰਕਰ ਹਰ ਪਿੰਡ ਵਿੱਚ ਜਾ ਕੇ ਨਸ਼ਿਆਂ ਖ਼ਿਲਾਫ਼ ਜਨ-ਜਾਗਰਣ ਯਾਤਰਾ ਵੀ ਸ਼ੁਰੂ ਕਰਨਗੇ।