Breaking News
Home / ਭਾਰਤ / ਕਰੋਨਾ ਦੇ ਨਵੇਂ ਰੂਪ ਓਮੀਕਰੋਨ ਦੀ ਦਹਿਸ਼ਤ

ਕਰੋਨਾ ਦੇ ਨਵੇਂ ਰੂਪ ਓਮੀਕਰੋਨ ਦੀ ਦਹਿਸ਼ਤ

ਭਾਰਤ ਨੇ ਕੌਮਾਂਤਰੀ ਯਾਤਰੀਆਂ ਬਾਰੇ ਨਵੇਂ ਨਿਯਮ ਅਮਲ ‘ਚ ਲਿਆਂਦੇ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਸਰਕਾਰ ਨੇ ਕੋਵਿਡ-19 ਦੇ ਨਵੇਂ ਸਰੂਪ ਓਮੀਕਰੋਨ ਤੋਂ ਸੁਰੱਖਿਆ ਲਈ ਇਹਤਿਆਤ ਵਜੋਂ ਦੇਸ਼ ਵਿੱਚ ਕਰੋਨਾ ਕੰਟੇਨਮੈਂਟ ਪਾਬੰਦੀਆਂ 31 ਦਸੰਬਰ ਤੱਕ ਵਧਾ ਦਿੱਤੀਆਂ ਹਨ। ਇਸ ਦੇ ਨਾਲ ਹੀ ਕਰੋਨਾ ਵਾਇਰਸ ਦੇ ਇਸ ਨਵੇਂ ਸਰੂਪ ਤੋਂ ਬਚਾਅ ਲਈ ਲੰਘੇ ਦਿਨੀਂ ਕੌਮਾਂਤਰੀ ਯਾਤਰੀਆਂ ਨੂੰ ਲੈ ਕੇ ਜਾਰੀ ਕੀਤੇ ਸਖ਼ਤ ਨੇਮ ਮੰਗਲਵਾਰ ਰਾਤ ਤੋਂ ਅਮਲ ਵਿੱਚ ਆ ਗਏ ਹਨ। ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ ਨੇ ਸੂਬਿਆਂ ਤੇ ਯੂਟੀਜ਼ ਨੂੰ ਜਾਰੀ ਕੀਤੀ ਗਈ ਐਡਵਾਈਜ਼ਰੀ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਹੈ। ਰਾਜਾਂ ਨੂੰ ਕੌਮਾਂਤਰੀ ਯਾਤਰੀਆਂ ਦੀ ਸਖ਼ਤੀ ਨਾਲ ਸਕਰੀਨਿੰਗ ਤੇ ਟੈਸਟਿੰਗ ਦੀ ਸਿਫ਼ਾਰਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕੌਮਾਂਤਰੀ ਯਾਤਰੀਆਂ ਦੇ ਸੰਪਰਕ ‘ਚ ਆਉਣ ਵਾਲੇ ਵਿਅਕਤੀਆਂ ਦੀ ਵੀ ਜਾਂਚ ਤੇ ਟੈਸਟਿੰਗ ਕੀਤੀ ਜਾਵੇ ਜਦਕਿ ਪਾਜ਼ੇਟਿਵ ਮਿਲਣ ਵਾਲੇ ਯਾਤਰੀਆਂ ਦੇ ਸੈਂਪਲ ਜਲਦੀ ਤੋਂ ਜਲਦੀ ਜੀਨੋਮ ਸੀਕੁਐਂਸਿੰਗ ਲੈਬਾਰਟਰੀਆਂ ਨੂੰ ਭੇਜੇ ਜਾਣ।
ਉਨ੍ਹਾਂ ਕਿਹਾ ਕਿ ਸੂਬੇ ਦੇ ਨਿਗਰਾਨ ਅਧਿਕਾਰੀ ਸਬੰਧਤ ਲੈਬਾਰਟਰੀਆਂ ਨਾਲ ਨੇੜਿਓਂ ਸਹਿਯੋਗ ਬਣਾ ਕੇ ਰੱਖਣ ਤੇ ਸਬੰਧਤ ਸਰੂਪ ਦੀ ਪੁਸ਼ਟੀ ਦੇ ਮਾਮਲੇ ਵਿੱਚ ਤੁਰੰਤ ਸੂਬੇ ਤੇ ਯੂਟੀਜ਼ ਜਨਤਕ ਪੱਧਰ ‘ਤੇ ਲੋੜੀਂਦੇ ਕਦਮ ਚੁੱਕਣ। ਇਸ ਦੌਰਾਨ ਕਰੋਨਾ ਦੇ ਨਵੇਂ ਸਰੂਪ ਓਮੀਕਰੋਨ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟੈਸਟਿੰਗ ਵਧਾਉਣ, ਕੌਮਾਂਤਰੀ ਯਾਤਰੀਆਂ ਦੀ ਪ੍ਰਭਾਵਸ਼ਾਲੀ ਢੰਗ ਨਾਲ ਜਾਂਚ ਕਰਨ ਅਤੇ ਮੁੱਖ ਕੇਂਦਰਾਂ ਦੀ ਸਖ਼ਤੀ ਨਾਲ ਨਿਗਰਾਨੀ ਕਰਨ ਦੀ ਸਲਾਹ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸਾਰਸ-ਕੋਵ-2 ਦੇ ਓਮੀਕਰੋਨ ਵੇਰੀਐਂਟ ਦੀ ਪਛਾਣ ਆਰਟੀ-ਪੀਸੀਆਰ ਤੇ ਆਰਏਟੀ ਟੈਸਟਾਂ ਰਾਹੀਂ ਆਸਾਨੀ ਨਾਲ ਸੰਭਵ ਹੈ। ਵੱਖ-ਵੱਖ ਮੁਲਕਾਂ ਵਿੱਚ ਕੋਵਿਡ- 19 ਦੇ ਓਮੀਕਰੋਨ ਸਰੂਪ ਦੇ ਕੇਸਾਂ ਦੀ ਜਾਣਕਾਰੀ ਮਿਲਣ ਦੇ ਮੱਦੇਨਜ਼ਰ ਕੇਂਦਰੀ ਸਿਹਤ ਮੰਤਰਾਲੇ ਦੇ ਸਕੱਤਰ ਰਾਜੇਸ਼ ਭੂਸ਼ਣ ਨੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਇੱਕ ਉੱਚ ਪੱਧਰੀ ਵਰਚੁਅਲ ਮੀਟਿੰਗ ਵਿੱਚ ਕੋਵਿਡ- 19 ਸਬੰਧੀ ਜਨਤਕ ਪੱਧਰ ‘ਤੇ ਇਸ ਨਵੇਂ ਰੂਪ ਨਾਲ ਨਜਿੱਠਣ ਦੇ ਢੰਗਾਂ ਅਤੇ ਤਿਆਰੀਆਂ ਦੀ ਸਮੀਖਿਆ ਕੀਤੀ। ਭੂਸ਼ਣ ਨੇ ਮੁੜ ਦੁਹਰਾਇਆ ਕਿ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਦਿਸ਼ਾ ਨਿਰਦੇਸ਼ ਤੇ ਕੌਮਾਂਤਰੀ ਸਫ਼ਰ ਸਬੰਧੀ ਐਡਵਾਈਜ਼ਰੀਆਂ ਸੂਬਿਆਂ ਨਾਲ ਸਾਂਝੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਸੂਬਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਤੋਂ ਗੁਰੇਜ਼ ਕਰਨ ਅਤੇ ਮੁਲਕ ਵਿੱਚ ਵੱਖੋ-ਵੱਖਰੇ ਏਅਰਪੋਰਟਾਂ, ਬੰਦਰਗਾਹਾਂ ਤੇ ਜ਼ਮੀਨੀ ਸਰਹੱਦਾਂ ਰਾਹੀਂ ਦਾਖ਼ਲ ਹੋਣ ਵਾਲੇ ਕੌਮਾਂਤਰੀ ਯਾਤਰੀਆਂ ‘ਤੇ ਸਖ਼ਤੀ ਨਾਲ ਨਿਗਰਾਨੀ ਰੱਖਣ ਲਈ ਕਿਹਾ।
ਆਸਟਰੇਲੀਆ ਨੇ ਵੀ ਜਾਰੀ ਕੀਤੇ ਨਿਰਦੇਸ਼
ਬ੍ਰਿਸਬਨ : ਕਰੋਨਾ ਵਾਇਰਸ ਦੇ ਨਵੇਂ ਸਰੂਪ ਓਮੀਕਰੋਨ ਨੂੰ ਲੈ ਕੇ ਵਧ ਰਹੀ ਵਿਸ਼ਵਵਿਆਪੀ ਚਿੰਤਾ ਦੇ ਮੱਦੇਨਜ਼ਰ ਆਸਟਰੇਲੀਆ ਦੀ ਸੰਘੀ ਸਰਕਾਰ ਨੇ ਭਾਰਤੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਯਾਤਰਾ ਸਬੰਧੀ ਨਵੇਂ ਦਿਸ਼ਾ-ਨਿਰਦੇਸ਼ਾਂ ਦੇ ਮੱਦੇਨਜ਼ਰ, ਪਹਿਲੀ ਦਸੰਬਰ ਤੋਂ ਭਾਰਤ ਦੀ ਯਾਤਰਾ ਕਰਨ ਵਾਲੇ ਆਪਣੇ ਸਾਰੇ ਕੌਮਾਂਤਰੀ ਯਾਤਰੀਆਂ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਨ੍ਹਾਂ ਨਿਰਦੇਸ਼ਾਂ ਤਹਿਤ ਭਾਰਤ ਸਰਕਾਰ ਦੇ ‘ਏਅਰ ਸੁਵਿਧਾ ਆਨਲਾਈਨ ਪੋਰਟਲ’ ਉੱਤੇ ਆਪਣੇ ਸਵੈ-ਘੋਸ਼ਣਾ ਪੱਤਰ ਵਿੱਚ ਪਿਛਲੇ 14 ਦਿਨਾਂ ਦੀ ਯਾਤਰਾ ਦਾ ਵੇਰਵਾ ਹਵਾਈ ਜਹਾਜ਼ ਵਿੱਚ ਸਵਾਰ ਹੋਣ ਤੋਂ ਪਹਿਲਾਂ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਹਰ ਯਾਤਰੀ ਨੂੰ ਰਵਾਨਗੀ ਤੋਂ 72 ਘੰਟੇ ਪਹਿਲਾਂ ਕਰਵਾਏ ਗਏ ਕੋਵਿਡ-19 ਸਬੰਧੀ ਟੈਸਟ ਦੀ ਨੈਗੇਟਿਵ ਰਿਪੋਰਟ ਵੀ ਅਪਲੋਡ ਕਰਨ ਲਈ ਕਿਹਾ ਗਿਆ ਹੈ। ਜੋਖਮ ਵਾਲੇ ਦੇਸ਼ਾਂ ਦੇ ਯਾਤਰੀਆਂ ਲਈ ਟੀਕਾਕਰਨ ਕਰਵਾਉਣ ਦੇ ਬਾਵਜੂਦ ਭਾਰਤ ਪਹੁੰਚਣ ਸਮੇਂ ਹਵਾਈ ਅੱਡੇ ‘ਤੇ ਕੋਵਿਡ-19 ਦੀ ਜਾਂਚ ਕਰਵਾਉਣੀ ਲਾਜ਼ਮੀ ਹੋਵੇਗੀ ਅਤੇ ਉਨ੍ਹਾਂ ਨੂੰ ਘੱਟੋ-ਘੱਟ ਦੋ ਹਫ਼ਤਿਆਂ ਲਈ ਸਵੈ-ਨਿਗਰਾਨੀ ਕਰਨ ਦੀ ਸਲਾਹ ਦਿੱਤੀ ਗਈ ਹੈ। ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਟੈਸਟ ਤੋਂ ਛੋਟ ਹੈ।

 

 

Check Also

ਬਾਲ ਵਿਆਹ ਸਬੰਧੀ ਸੁਪਰੀਮ ਕੋਰਟ ਨੇ ਸੁਣਾਇਆ ਆਪਣਾ ਫੈਸਲਾ

ਕਿਹਾ : ਬਾਲ ਵਿਆਹ ਨੂੰ ਰੋਕਣ ਲਈ ਜਾਗਰੂਕਤਾ ਦੀ ਲੋੜ ਨਵੀਂ ਦਿੱਲੀ/ਬਿਊਰੋ ਨਿਊਜ਼ : ਮਾਨਸੋਗ …