ਮਹਿਫਲ ਕੈਨੇਡਾ, ਸਜੀ ਸ਼ਿਵਾਲਿਕ ਕਾਲਜ ਨੰਗਲ ਦੀ ਕੰਟੀਨ ‘ਚ
ਦੀਪਕ ਸ਼ਰਮਾ ਚਨਾਰਥਲ
ਜਿਉਂ-ਜਿਉਂ ਪੰਜਾਬ ਨੂੰ ਵਾਪਸ ਮੁੜਨ ਦੇ ਦਿਨ ਨੇੜੇ ਆ ਰਹੇ ਸਨ ਤਿਉਂ-ਤਿਉਂ ਮਿਲਣ ਮਿਲਾਉਣ ਵਾਲਿਆਂ ਦੀ ਗਿਣਤੀ ਵਿਚ ਵਾਧਾ ਹੁੰਦਾ ਜਾ ਰਿਹਾ ਸੀ। ਲਗਾਤਾਰ ਰੇਡੀਓ ਅਤੇ ਟੀ.ਵੀ. ਸ਼ੋਅ ਦੇ ਚੱਲਦਿਆਂ, ਵੱਖੋ-ਵੱਖ ਸਾਹਿਤਕ, ਸਮਾਜਿਕ ਅਤੇ ਪੱਤਰਕਾਰਤਾ ਨਾਲ ਸਬੰਧਤ ਪ੍ਰੋਗਰਾਮਾਂ ਵਿਚ ਸ਼ਿਰਕਤ ਕਰਦਿਆਂ ਕੁਝ ਨਵੇਂ ਚਾਹੁਣ ਵਾਲੇ ਵੀ ਇਸ ਮਿਲਣ ਵਾਲਿਆਂ ਦੀ ਲਿਸਟ ਵਿਚ ਸ਼ਾਮਲ ਹੁੰਦੇ ਗਏ। ਕੁਝ ਨੂੰ ਖਬਰਾਂ ਜਾਂ ਰੇਡੀਓ ਆਦਿ ਰਾਹੀਂ ਮੇਰੀ ਕੈਨੇਡਾ ਆਮਦ ਦੀ ਜਾਣਕਾਰੀ ਮਿਲਦੀ ਰਹੀ ਤਾਂ ਉਹ ਵੀ ਮਿਲਣ ਲਈ ਜਾਂ ਤਾਂ ‘ਪਰਵਾਸੀ’ ਦਫਤਰ ਸਿੱਧੇ ਹੀ ਪਹੁੰਚ ਜਾਂਦੇ ਜਾਂ ਫਿਰ ‘ਪਰਵਾਸੀ’ ਅਖਬਾਰ ਦੇ ਫੋਨ ਨੰਬਰ ‘ਤੇ ਫੋਨ ਕਰਕੇ ਮਿਲਣ ਲਈ ਸਮਾਂ ਮੰਗਦੇ। ਕੁਝ ਮੈਨੂੰ ਆਪਣੇ ਘਰ ਖਾਣੇ ‘ਤੇ ਸੱਦਾ ਦਿੰਦੇ। ਹਾਂ, ਜੋ ਲੋਕ ਸਿੱਧਾ ਮਿਲਣ ਆਉਂਦੇ ਉਹ ਤਾਂ ਕਿਸੇ ਵੀ ਦਿਨ ਬਾਅਦ ਦੁਪਹਿਰ ਦਫਤਰ ਦੀਆਂ ਪੌੜੀਆਂ ਚੜ੍ਹ ਆਉਂਦੇ ਤੇ ਮੈਥੋਂ ਮੇਰੇ ਕਾਵਿ ਸੰਗ੍ਰਹਿ ‘ਤੂਫਾਨ’ ਦੀ ਮੰਗ ਕਰਦੇ। ਪਰ ਜੋ ਮਿਲਣ ਦੇ ਨਾਲ-ਨਾਲ ਡਿਨਰ ‘ਤੇ ਬੁਲਾਉਂਦੇ ਉਹਨਾਂ ਦੀ ਨਾਲ ਸ਼ਰਤ ਹੁੰਦੀ ਸੀ ਕਿ ਵੀਕ ਐਂਡ ‘ਤੇ ਤੁਸੀਂ ਸਾਡੇ ਘਰ ਆਇਓ। ਪਰ ਮੈਂ ਆਪਣਾ ਜੋ ਸ਼ਡਿਊਲ ਪਹਿਲਾਂ ਹੀ ਬਣਾਇਆ ਸੀ, ਉਸ ਅਨੁਸਾਰ ਲਗਭਗ ਮੇਰਾ ਹਰ ਸ਼ਨੀਵਾਰ- ਐਤਵਾਰ ਕਿਸੇ ਨਾ ਕਿਸੇ ਪ੍ਰੋਗਰਾਮ ਲਈ ਤਹਿ ਕੀਤਾ ਹੋਇਆ ਸੀ। ਇਸ ਲਈ ਕਈਆਂ ਨੂੰ ਨਿਰਾਸ਼ਾ ਵੀ ਹੋਈ ਤੇ ਜਿਨ੍ਹਾਂ ਤੋਂ ਮੈਂ ਬੜੀ ਨਿਮਰਤਾ ਨਾਲ ਮੁਆਫੀ ਵੀ ਮੰਗਦਾ ਰਿਹਾ।
ਹਾਂ, ਇਸ ਕੈਨੇਡਾ ਫੇਰੀ ਦੌਰਾਨ ਟੋਰਾਂਟੋ ਦੇ ਚੌਗਿਰਦੇ ਵਿਚ ਵਸਦੇ ਕੁਝ ਆਪਣੇ ਕਾਲਜ ਸਮੇਂ ਦੇ ਦੋਸਤਾਂ-ਮਿੱਤਰਾਂ ਜਾਂ ਸੀਨੀਅਰ ਕਾਲਜ ਸਹਿਪਾਠੀਆਂ ਨੂੰ ਮਿਲਣ ਦੀ ਤਾਂਘ ਵੀ ਉਨੀ ਹੀ ਸੀ ਜਿੰਨੀ ਉਥੇ ਜਾ ਕੇ ਆਪਣੇ ਪਿੰਡ ਵਾਲਿਆਂ ਨੂੰ। ਇਸ ਲਈ ਕਾਲਜ ਦੌਰ ਦੇ ਕਈ ਦੋਸਤਾਂ-ਮਿੱਤਰਾਂ ਨੂੰ ਮਿਲਣ ਦਾ ਗਾਹੇ-ਬਗਾਹੇ ਮੈਂ ਸਮਾਂ ਕੱਢਦਾ ਰਿਹਾ। ਜ਼ਿਆਦਾਤਰ ਵਾਰ ਇਨ੍ਹਾਂ ਪੁਰਾਣੇ ਦੋਸਤਾਂ ਨੇ ਮੈਨੂੰ ਘਰੋਂ ਜਾਂ ਫਿਰ ‘ਪਰਵਾਸੀ’ ਦੇ ਦਫਤਰੋਂ ਸ਼ਾਮ ਨੂੰ ਗੱਡੀ ‘ਚ ਬਿਠਾ ਲੈਣਾ, ਘੁਮਾਉਣਾ, ਖਾਣਾ ਖਵਾਉਣਾ ਤੇ ਫਿਰ ਮੈਨੂੰ ਮੇਰੇ ਟਿਕਾਣੇ ਛੱਡ ਦੇਣਾ। ਜਿਨ੍ਹਾਂ ਦੇ ਨਾਵਾਂ ਦੀ ਲਿਸਟ ਕਾਫੀ ਲੰਬੀ ਹੈ। ਮੇਰੇ ਕਾਲਜ ਸਮੇਂ ਦੀ ਇਕ ਬਹੁਤ ਹੀ ਪਿਆਰੀ ਦੋਸਤ ਨੇ ਤਾਂ ਅੱਧੇ ਦਿਨ ਦੀ ਛੁੱਟੀ ਲੈ ਕੇ ਇਕ ਪੂਰੀ ਸ਼ਾਮ ਮੇਰੇ ਨਾਮ ਕੀਤੀ ਤੇ ਉਸ ਨੇ ਮੈਨੂੰ ਟੋਰਾਂਟੋ ਦੀਆਂ ਕਈ ਖਾਸ ਥਾਵਾਂ ਘੁਮਾਈਆਂ, ਝੀਲਾਂ ਦੀ ਸੈਰ ਕਰਵਾਈ, ਮਾਲ ਵੀ ਦਿਖਾਏ ਤੇ ਕੁਝ ਵਿਸ਼ੇਸ਼ ਡਿਸਾਂ ਵੀ ਛਕਾਈਆਂ। ਜਦੋਂ ਮੈਂ ਉਸ ਨੂੰ ਆਪਣੇ ਟਿਕਾਣੇ ‘ਤੇ ਛੱਡ ਆਉਣ ਲਈ ਕਿਹਾ ਤਾਂ ਉਸ ਨੇ ਗੱਡੀ ਲਿਜਾ ਕੇ ਟੌਮੀ ਦੇ ਸ਼ੋਅ ਰੂਮ ਅੱਗੇ ਰੋਕ ਦਿੱਤੀ। ਮੈਨੂੰ ਨਾਲ ਲੈ ਉਹ ਸ਼ੋਅ ਰੂਮ ਦੇ ਅੰਦਰ ਵੜੀ ਤੇ ਉਥੇ ਟੰਗੇ ਕੋਟ, ਕੋਟੀਆਂ, ਜੈਕਟਾਂ ਮੇਰੇ ਲਗਾ-ਲਗਾ ਕੇ ਆਖਣ ਲੱਗੀ ਆਹ ਦੇਖ ਤੇਰੇ ‘ਤੇ ਰੰਗ ਸੋਹਣਾ ਲੱਗਦਾ ਹੈ, ਆਹ ਜੈਕੇਟ ਬਹੁਤ ਫੱਬਦੀ ਹੈ। ਮੈਂ ਉਸ ਨੂੰ ਮਜ਼ਾਕ ਵਿਚ ਕਿਹਾ, ਕਾਲਜ ਸਮੇਂ ਤਾਂ ਤੂੰ ਕੁਲਚਿਆਂ ਦੇ ਪੈਸੇ ਦੇਣ ਲੱਗੀ ਵੀ ਰੌਲਾ ਪਾਉਂਦੀ ਸੀ ਤੇ ਹੁਣ ਐਨੇ ਮਹਿੰਗੇ ਗਿਫਟ। ਅੱਗੋਂ ਉਸ ਨੇ ਵੀ ਉਸੇ ਹਾਸੇ ਭਰੇ ਅੰਦਾਜ਼ ਵਿਚ ਆਖਿਆ, ਦੀਪਕ ਇਹ ਤਾਂ ਹੁਣ ਸਾਡੇ ਲਈ ਕੁਲਚੇ ਹੀ ਹਨ। ਬਸ, ਤੂੰ ਪਸੰਦ ਕਰ। ਉਸਦੀ ਜਿੱਦ ਅਤੇ ਅਪਣੱਤ ਨੂੰ ਦੇਖਦਿਆਂ ਮੈਂ ਤੋਹਫਾ ਲੈਣਾ ਕਬੂਲ ਕੀਤਾ ਤੇ ਫਿਰ ਜੈਕੇਟਾਂ, ਕੋਟਾਂ ਆਦਿ ਨੂੰ ਲਾਂਭੇ ਕਰ ਆਪਣੇ ਵਲੋਂ ਟੈਗ ਦੇਖ ਕੇ ਘੱਟ ਕੀਮਤ ਵਾਲੀ ਇਕ ਕੋਟੀ ਚੁਣ ਲਈ। ਪਰ ਉਹ ਕੋਟੀ ਵੀ ਸਾਡੇ ਇੰਡੀਅਨ ਪ੍ਰਾਈਜ਼ ਦੇ ਹਿਸਾਬ ਨਾਲ 4500-5000 ਦੇ ਕਰੀਬ ਸੀ। ਮੇਰੇ ਲਈ ਇਹ ਖਾਸੀ ਮਹਿੰਗੀ ਸੀ। ਪਰ ਉਸ ਨੇ ਬਿੱਲ ਪੇਅ ਕਰ ਉਸ ਨੂੰ ਮੇਰੇ ਹਵਾਲੇ ਕਰ ਦਿੱਤਾ। ਹਾਂ, ਕਾਲਜ ਸਮੇਂ ਦੇ ਦੋਸਤਾਂ ਨਾਲ ਜਦ-ਜਦ ਵੀ ਕੈਨੇਡਾ ਵਿਚ ਮਹਿਫਲ ਸਜੀ ਤਦ ਤੱਕ ਟੇਬਲ ‘ਤੇ ਮਹਿੰਗੀਆਂ ਕੀਮਤਾਂ ਵਾਲੇ ਵਿਦੇਸ਼ੀ ਪਕਵਾਨ ਜਿਨ੍ਹਾਂ ਵਿਚ ਚਾਈਨੀਜ਼, ਫਰੈਂਚ, ਇੰਡੀਅਨ ਜਾਂ ਉਥੋਂ ਦੀਆਂ ਡਿਸਾਂ ਸਜਦੀਆਂ ਰਹੀਆਂ। ਪਰ ਮਹਿਫਲ ਮਿੱਤਰਾਂ ਦੀ ਸੀ ਤੇ ਉਹ ਵੀ ਕਾਲਜ ਦੇ ਦੌਰ ਦੀ ਤਾਂ ਅਸੀਂ ਬੈਠੇ ਟੋਰਾਂਟੋ ਦੇ ਕਿਸੇ ਮਾਲ ਵਿਚ ਹੁੰਦੇ, ਅਸੀਂ ਬੈਠੇ ਕੈਨੇਡਾ ਦੇ ਕਿਸੇ ਰੈਸਟੋਰੈਂਟ ਜਾਂ ਹੋਟਲ ਵਿਚ ਹੁੰਦੇ ਪਰ ਪਹੁੰਚ ਜਾਂਦੇ ਨੰਗਲ ਦੇ ਸ਼ਿਵਾਲਿਕ ਕਾਲਜ ਦੀ ਕੰਟੀਨ ਵਿਚ। ਫਿਰ ਯਾਦ ਆਉਂਦਾ ਉਹ ਤੇਲ ਨਾਲ ਲਿਬੜਿਆ ਹੋਇਆ ਸਮੋਸਾ, ਉਹ ਮੱਖੀਆਂ ਨੂੰ ਪਰੇ ਹਟਾ ਕੇ ਸਾਡੀ ਪਲੇਟ ਵਿਚ ਰੱਖਿਆ ਹੋਇਆ ਬੇਸਣ, ਸਵਾਦ ਆਉਂਦਾ ਕਿ ਜਿਵੇਂ ਅਸੀਂ ਇਕ ਸੜੀ ਜਿਹੀ ਸਟੀਲ ਦੀ ਪਲੇਟ ਵਿਚ ਲਾਲ ਪਾਣੀ ਜਿਹੇ ਵਰਗੀ ਚਟਣੀ ਨਾਲ ਠੰਡਾ ਹੋਇਆ ਬਰੈਡ ਪਕੌੜਾ ਬੜੇ ਸੁਆਦ ਨਾਲ ਖਾ ਰਹੀਏ ਹੋਈਏ। ਗੱਲ ਕਾਲਜ ਦੇ ਗੇਟ ਸਾਹਮਣੇ ਖੜ੍ਹੇ ਕੁਲਚੇ ਵਾਲੇ ਦੀ ਵੀ ਹੁੰਦੀ, ਗੱਲ ਕੰਟੀਨ ਦੀ ਗਰਮ ਗੁਲਾਬ ਜਾਮਣ ਦੀ ਵੀ ਹੁੰਦੀ, ਗੱਲ ਕੱਚੇ-ਪੱਕੇ ਜਿਹੇ ਮਿਲਕ ਕੇਕ ਦੀ ਵੀ ਹੁੰਦੀ ਤੇ ਗੱਲ ਨੰਗਲ ਵਾਲੇ ਗੋਲਗੱਪਿਆਂ ਦੀ ਵੀ ਹੁੰਦੀ। ਅਸੀਂ ਏਨਾ ਪਿੱਛੇ ਚਲੇ ਜਾਂਦੇ ਕਿ ਮਾਡਰਨ ਡਿਸਾਂ ਖਾਂਦੇ ਹੋਏ ਵੀ ਸਾਨੂੰ ਉਹ ਕਾਲਜ ਦੀਆਂ ਟੁੱਟੀਆਂ ਕੰਟੀਨ ਦੀਆਂ ਲਾਲ ਕੁਰਸੀਆਂ ‘ਤੇ ਬੈਠ ਕੇ ਖਾਣ ਦਾ ਆਨੰਦ ਅੱਜ ਨਾਲੋਂ ਵੀ ਜ਼ਿਆਦਾ ਚੰਗਾ ਲੱਗਦਾ। ਸਾਰੇ ਕੈਨੇਡਾ ਦੌਰੇ ਦੌਰਾਨ ਇਹ ਮਿੱਤਰਾਂ ਦਾ ਦੌਰ ਮੇਰਾ ਨਿੱਜੀਪਣ ਸੀ। ਜਿੱਥੇ ਮੈਂ ਨਾ ਪੱਤਰਕਾਰ ਸਾਂ, ਜਿੱਥੇ ਨਾ ਮੈਂ ਕਵੀ ਸਾਂ, ਜਿੱਥੇ ਨਾ ਮੈਂ ਇਕ ਸਮਾਜ ਸੇਵੀ ਸਾਂ, ਜਿੱਥੇ ਨਾ ਮੈਂ ਇਕ ਪੰਜਾਬੀ ਵਿਸ਼ਿਆਂ ‘ਤੇ ਗੱਲ ਕਰਨ ਵਾਲਾ ਵਕਤਾ ਸਾਂ। ਇਨ੍ਹਾਂ ਮਹਿਫਲਾਂ ਵਿਚ ਮੈਂ ਸਿਰਫ ਦੀਪਕ ਸਾਂ। ਮਿੱਤਰਾਂ ਦਾ ਦੀਪਕ।
Check Also
ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ
ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …