Breaking News
Home / ਰੈਗੂਲਰ ਕਾਲਮ / ਪੰਜਾਬੀ ਸੱਭਿਆਚਾਰ, ਸ੍ਰੋਤ ਤੇ ਸਮੱਗਰੀ (ਪਹਿਰਾਵਾ ਤੇ ਹਾਰ-ਸ਼ਿੰਗਾਰ)

ਪੰਜਾਬੀ ਸੱਭਿਆਚਾਰ, ਸ੍ਰੋਤ ਤੇ ਸਮੱਗਰੀ (ਪਹਿਰਾਵਾ ਤੇ ਹਾਰ-ਸ਼ਿੰਗਾਰ)

ਦਰਸ਼ਨ ਸਿੰਘ ਕਿੰਗਰਾ

(ਕਿਸ਼ਤ-5)
ਚੁੰਨੀ ਰੰਗ ਦੇ ਲਲਾਰੀਆ ਮੇਰੀ
ਸਿਰ ਉਤੇ ਲਏ ਜਾਣ ਵਾਲੇ ਕੱਪੜੇ ਨੂੰ ਚੁੰਨੀ ਕਹਿੰਦੇ ਹਨ। ਕੋਈ ਸਮਾਂ ਸੀ ਜਦੋਂ ਚੁੰਨੀ ਨੂੰ ਪੰਜਾਬੀ ਔਰਤ ਦੇ ਸਿਰ ਦਾ ਤਾਜ, ਉਸ ਦੀ ਇੱਜ਼ਤ-ਆਬਰੂ, ਮਾਣ-ਸਨਮਾਨ, ਸ਼ਾਨ ਤੇ ਸ਼ਰਮ ਦਾ ਪ੍ਰਤੀਕ ਮੰਨਿਆ ਜਾਂਦਾ ਸੀ। ਔਰਤਾਂ ਦੇ ਪਹਿਰਾਵੇ ਵਿਚ ਚੁੰਨੀ ਵਿਸ਼ੇਸ਼ ਸਥਾਨ ਰੱਖਦੀ ਹੈ। ਚੁੰਨੀ ਬਿਨਾ ਪਹਿਰਾਵਾ ਅਧੂਰਾ ਤੇ ਕੋਝਾ ਜਾਪਦਾ ਹੈ। ਕਿਸੇ ਮੁਟਿਆਰ ਵਲੋਂ ਸਲੀਕੇ ਨਾਲ ਸਿਰ ‘ਤੇ ਲਈ ਹੋਈ ਸੋਹਣੀ ਚੁੰਨੀ ਪਹਿਨੇ ਹੋਏ ਸੂਟ ਵਿਚ ਜਾਨ ਪਾ ਕੇ ਉਸ ਦੀ ਸੁੰਦਰਤਾ ਨੂੰ ਚਾਰ ਚੰਨ ਲਾ ਕੇ ਦੂਣ ਸਵਾਇਆ ਕਰ ਦਿੰਦੀ ਹੈ। ਪੰਜਾਬੀ ਪੇਂਡੂ ਸਮਾਜ ਵਿਚ ਆਪਣੇ ਸਿਰ ਨੂੰ ਚੁੰਨੀ ਨਾਲ ਕੱਜ ਕੇ ਰੱਖਣ ਵਾਲੀ ਔਰਤ ਨੂੰ ਹੀ ਸਭਿਅਕ ਸਮਝਿਆ ਜਾਂਦਾ ਹੈ। ਪੁਰਾਣੇ ਸਮਿਆਂ ਵਿਚ ਧੀਆਂ ਆਪਣੇ ਪਿਉ, ਤਾਏ, ਚਾਚਿਆਂ ਤੇ ਵੱਡੇ ਭਰਾਵਾਂ ਸਾਹਮਣੇ ਹਮੇਸ਼ਾ ਆਪਣਾ ਸਿਰ ਚੁੰਨੀ ਨਾਲ ਕੱਜ ਕੇ ਰੱਖਦੀਆਂ ਸਨ ਤੇ ਨੂੰਹਾਂ ਘਰ ਦੇ ਬਜ਼ੁਰਗਾਂ ਤੋਂ ਚੁੰਨੀ ਨਾਲ ਘੁੰਡ ਕੱਢਦੀਆਂ। ਉਹ ਸਿਰ ‘ਤੇ ਚੁੰਨੀ ਲਏ ਬਿਨਾ ਘਰ ਦੀ ਦਹਿਲੀਜ਼ ਤੋਂ ਬਾਹਰ ਪੈਰ ਨਹੀਂ ਸਨ ਰੱਖਦੀਆਂ। ਜਦੋਂ ਵੀ ਘਰ ਤੋਂ ਬਾਹਰ ਜਾਣਾ ਹੁੰਦਾ ਉਹ ਚੁੰਨੀ ਦੀ ਸੰਵਾਰ ਕੇ ਬੁੱਕਲ ਮਾਰਦੀਆਂ ਤੇ ਆਪਣਾ ਸਾਰਾ ਤਨ ਢੱਕ ਲੈਂਦੀਆਂ। ਜੇ ਕੋਈ ਔਰਤ ਜਾਂ ਕੁੜੀ ਸਿਰ ‘ਤੇ ਚੁੰਨੀ ਨਾ ਲੈਂਦੀ ਤਾਂ ਇਸ ਨੂੂੰ ਬੇ-ਹਯਾਈ, ਬੇਸ਼ਰਮੀ ਸਮਝਿਆ ਜਾਂਦਾ ਸੀ।
ਪਹਿਲੇ ਸਮਿਆਂ ਵਿਚ ਲਲਾਰੀ ਔਰਤਾਂ ਵਲੋਂ ਸਿਰ ਉਤੇ ਲਏ ਜਾਣ ਵਾਲੇ ਕੱਪੜਿਆਂ ਨੂੰ ਕਈ ਰੰਗਾਂ ਦਾ ਰੰਗਣ ਲਈ ਇਕ ਵਿਸ਼ੇਸ਼ ਢੰਗ ਦੀ ਵਰਤੋਂ ਕਰਦੇ ਸਨ। ਉਹ ਪਹਿਲਾਂ ਕੱਪੜੇ ਨੂੰ ਨਿੱਕੀ-ਨਿੱਕੀ ਚੋਣ ਚੁਣ ਕੇ ਧਾਗੇ ਨਾਲ ਗੰਢਾਂ ਮਾਰਦੇ ਤੇ ਫਿਰ ਉਸ ਨੂੰ ਰੰਗਦੇ ਸਨ, ਜਿਸ ਕਾਰਨ ਅਜਿਹੇ ਕੱਪੜੇ ਨੂੰ ਚੁੰਨੀ ਕਿਹਾ ਜਾਣ ਲੱਗਾ। ਸਮਾ ਪਾ ਕੇ ਸਿਰ ਉਤੇ ਲੈਣ ਵਾਲੇ ਹਰ ਪ੍ਰਕਾਰ ਦੇ ਮਹੀਨ, ਬਰੀਕ, ਪਤਲੇ ਤੇ ਰੰਗਦਾਰ ਕੱਪੜੇ ਲਈ ਚੁੰਨੀ ਸ਼ਬਦ ਦੀ ਵਰਤੋਂ ਕੀਤੀ ਜਾਣ ਲੱਗੀ। ਚੁੰਨੀ ਨੂੰ ਚੁਨਰੀ, ਚੁਨੀਆ, ਪਚੇਰੀ, ਚਾਦਰ ਤੇ ਦੁਪੱਟਾ ਵੀ ਕਿਹਾ ਜਾਂਦਾ ਹੈ। ਦੁਪੱਟਾ ਦੇ ਸ਼ਾਬਦਿਕ ਅਰਥ ਹਨ ਦੋ ਪੱਟ ਮਿਲਾ ਕੇ ਸੀਤਾ ਹੋਇਆ ਸਿਰ ‘ਤੇ ਲੈਣ ਵਾਲਾ ਕੱਪੜਾ, ਅਰਥਾਤ ਜਿਸ ਕੱਪੜੇ ਨੂੰ ਦੋ ਹਿੱਸੇ ਕਰਕੇ ਸੀਤਾ ਹੋਵੇ :
ਜੱਟਾ ਵੇ ਜੱਟਾ ਲੈ ਦੇ ਰੇਸ਼ਮੀ ਦੁਪੱਟਾ,
ਨਾਲੇ ਸੂਟ ਸਵਾ ਦੇ ਨਸਵਾਰੀ ਵੇ,
ਲੱਕ ਪਤਲਾ ਚਰ੍ਹੀ ਦੀ ਪੰਡ ਭਾਰੀ ਵੇ …

ਪਿਛਲੇ ਸਮਿਆਂ ਵਿਚ ਔਰਤਾਂ ਵਿਆਹਾਂ ਸ਼ਾਦੀਆਂ ਤੇ ਹੋਰ ਖੁਸ਼ੀ ਵਾਲੇ ਮੌਕਿਆਂ ਸਮੇਂ ਇਕ ਖਾਸ ਕਿਸਮ ਦੀ ਸੋਹਣੀ ਤੇ ਕੀਮਤੀ ਚੁੰਨੀ ਦੀ ਬੜੇ ਸ਼ੌਕ ਨਾਲ ਵਰਤੋਂ ਕਰਦੀਆਂ ਸਨ, ਜਿਸ ਨੂੂੰ ਝਿੱਲੀ ਕਿਹਾ ਜਾਂਦਾ ਸੀ। ਇਸ ਚੁੰਨੀ ਉਤੇ ਸੁੱਚੇ ਤਿੱਲੇ ਦੀਆਂ ਤਾਰਾਂ ਨਾਲ ਮਨਮੋਹਕ ਸੁੰਦਰ ਕਢਾਈ ਕਰਕੇ ਇਸ ਦਿੱਖ ਨੂੰ ਸੋਹਣਾ ਬਣਾਉਣ ਲਈ ਗੋਟੇ ਨਾਲ ਸਜਾਇਆ ਜਾਂਦਾ ਸੀ।
ਬਰੀਕ, ਪਾਰਦਰਸ਼ੀ ਮਲਮਲ ਦੀ ਇਕ ਖਾਸ ਕਿਸਮ ਦੀ ਚੁੰਨੀ ਜਿਸ ਨੂੰ ਝੋਨਾ ਕਹਿੰਦੇ ਸਨ, ਵੀ ਮੁਟਿਆਰਾਂ ਵਿਚ ਬਹੁਤ ਹਰਮਨ ਪਿਆਰੀ ਸੀ :
ਝੋਨਾ ਮਲਮਲ ਦਾ ਵਿੱਚ ਦੀ ਦੰਦਾਸਾ ਦਿਸਦਾ …
ਚੁੰਨੀ ਦੀ ਇਕ ਹੋਰ ਵੰਨਗੀ ਨੂੰ ਵੀ ਕੁੜੀਆਂ ਬਹੁਤ ਪਸੰਦ ਕਰਦੀਆਂ ਸਨ, ਜਿਸ ਨੂੰ ਸਿਰਕਾ ਕਿਹਾ ਜਾਂਦਾ ਸੀ। ਸਜ ਵਿਆਹੀਆਂ ਗੋਟੇ ਨਾਲ ਸ਼ਿੰਗਾਰੇ ਸਿਰਕੇ ਦੀ ਬੜੇ ਸ਼ੌਕ ਨਾਲ ਵਰਤੋਂ ਕਰਦੀਆਂ ਸਨ :
ਆਉਂਦੀ ਕੁੜੀਏ ਲਾ ਸਿਰਕੇ ਨੂੰ ਗੋਟਾ,
ਸਿਫ਼ਤ ਕਰ ਉਤਲੇ ਦੀ ਜਿਹੜਾ ਥੰਮੀਆਂ ਬਾਜ਼ ਖੜੋਤਾ …
ਪੰਜਾਬੀ ਮੁਟਿਆਰਾਂ ਵਿਚ ਛੱਬੀ ਦੀ ਚੁੰਨੀ ਦਾ ਵੀ ਬਹੁਤ ਰਿਵਾਜ਼ ਸੀ :
ਛੱਬੀ ਦੀ ਚੁੰਨੀ ਨੂੰ ਮੈਂ ਮਲਮਲ ਧੋਨੀਆਂ।
ਮਾਹੀ ਗਿਆ ਪਰਦੇਸ ਮੈਂ ਛਮ ਛਮ ਰੋਨੀਆਂ।
ਹਰਿਆਣੇ ਵਿਚ ਔਰਤਾਂ ਆਪਣਾ ਸਿਰ ਢਕਣ ਲਈ ਜਿਸ ਚੁੰਨੀ ਦੀ ਵਰਤੋਂ ਕਰਦੀਆਂ ਹਨ, ਉਸ ਨੂੰ ਓੜਨੀ ਕਿਹਾ ਜਾਂਦਾ ਹੈ। ਉਹ ਓੜਨੀ ਦੀ ਸੱਜੀ ਕੰਨੀ ਛਾਤੀ ਦੇ ਉਪਰੋਂ ਲੰਘਾ ਕੇ ਕੁੜਤੀ ਦੇ ਖੱਬੇ ਖੀਸੇ ਕੋਲ ਘੱਗਰੀ ਦੇ ਨੇਫੇ ਵਿਚ ਟੰਗ ਲੈਂਦੀਆਂ ਹਨ। ਅਹੀਰ ਜਾਤੀ ਦੀਆਂ ਔਰਤਾਂ ਲਾਲ ਰੰਗ ਦੀ ਓੜਨੀ ਪਹਿਨਣ ਦੀਆਂ ਸ਼ੁਕੀਨ ਹਨ, ਜਿਸ ਉਤੇ ਸੁੰਦਰ ਚਿੱਟੀ ਗੁਲਕਾਰੀ ਕੀਤੀ ਹੁੰਦੀ ਹੈ। ਉਹ ਓੜਨੀ ਦੇ ਸੱਜੇ ਪਾਸੇ ਦੀ ਕੰਨੀ ਨਾਲ ਜੰਜੀਰਾਂ ਵਿਚ ਘੁੰਗਰੂ ਪਰੋ ਲੈਂਦੀਆਂ ਹਨ। ਇਸ ਤਰ੍ਹਾਂ ਜਿਸ ਹਿੱਸੇ ਨੂੰ ਘੁੰਡ ਕੱਢ ਕੇ ਮੂੰਹ ਲੁਕਾਉਣ ਲਈ ਵਰਤਿਆ ਜਾਂਦਾ ਹੈ, ਸ਼ਿੰਗਾਰਿਆ ਜਾਂਦਾ ਹੈ।
ਬਿਸ਼ਨੋਈ ਔਰਤਾਂ ਸਿਰ ਉਤੇ ਰੰਗ-ਬਿਰੰਗਾ ਲਹਿਰੀਆ ਜਾਂ ਚੀਰਾ ਲੈਂਦੀਆਂ ਹਨ। ਜਿਸ ਚੁੰਨੀ ਦੀ ਚੌੜਾਈ ਘੱਟ ਤੇ ਲੰਬਾਈ ਵੱਧ ਹੋਵੇ ਤੇ ਜਿਸ ਨੂੰ ਕਿਸੇ ਪਾਸਿਉਂ ਸਿਉਂਤਾ ਨਾ ਗਿਆ ਹੋਵੇ, ਉਸ ਨੂੰ ਚੀਰਾ ਕਹਿੰਦੇ ਹਨ।
ਪੁਰਾਤਨ ਸਮਿਆਂ ਵਿਚ ਔਰਤਾਂ ਸਿਆਪੇ ਸਮੇਂ ਆਪਣੇ ਸਿਰਾਂ ਤੋਂ ਚੁੰਨੀਆਂ ਲਾਹ ਕੇ ਆਪਣੇ ਲੱਕ ਦੁਆਲੇ ਕਮਰਬੰਦ ਵਾਂਗ ਬੰਨ੍ਹ ਲੈਂਦੀਆਂ ਸਨ, ਜਿਸ ਨੂੰ ਸੰਧਲਾ ਕਿਹਾ ਜਾਂਦਾ ਸੀ :
ਲੱਕ ਮੇਰੇ ਸੰਧਲਾ ਮੈਂ ਖੜ੍ਹੀ ਤੇਰੇ ਬਾਰ।
ਲਿਖੇ ਪਰਵਾਨੇ ਮੋੜ ਲੈ ਮੇਰਾ ਮਿਰਜ਼ਾ ਬੱਕੀ ਚਾੜ੍ਹ।
ਪਿਛਲੇ ਸਮਿਆਂ ਵਿਚ ਚੁੰਨੀ ਜਾਂ ਦੁਪੱਟੇ ਦੀ ਲੰਬਾਈ ਤਿੰਨ ਗਜ਼ ਤੇ ਚੌੜਾਈ ਡੇਢ ਗਜ਼ ਹੁੰਦੀ ਸੀ। ਫਿਰ ਢਾਈ ਗਜ਼ ਲੰਮੀਆਂ ਤੇ ਸਵਾ ਗਜ਼ ਚੌੜੀਆਂ ਚੁੰਨੀਆਂ ਦਾ ਰਿਵਾਜ਼ ਤੁਰ ਪਿਆ। ਹੁਣ ਚੁੰਨੀ ਦੀ ਲੰਬਾਈ ਘਟ ਕੇ ਦੋ ਮੀਟਰ ਤੇ ਚੌੜਾਈ ਇਕ ਮੀਟਰ ਰਹਿ ਗਈ ਹੈ। ਆਪਣੇ ਸ਼ੌਕ ਮੁਤਾਬਕ ਕਈ ਮੁਟਿਆਰਾਂ ਚੁੰਨੀ ਦੀ ਲੰਬਾਈ -ਚੌੜਾਈ ਘੱਟ ਵੱਧ ਵੀ ਕਰ ਲੈਂਦੀਆਂ ਹਨ। ਕਈ ਕੁੜੀਆਂ ਸੂਟ ਨਾਲੋਂ ਬਚਦੇ ਵਾਧੂ ਕੱਪੜੇ ਦਾ ਦੁਪੱਟਾ ਬਣਾ ਕੇ ਵੀ ਕੰਮ ਸਾਰ ਲੈਂਦੀਆਂ ਹਨ।
ਪਹਿਲਿਆਂ ਸਮਿਆਂ ਵਿਚ ਪੰਜਾਬੀ ਔਰਤਾਂ ਆਪਣੇ ਸਿਰ ਨੂੰ ਢੱਕਣ ਲਈ ਖੱਦਰ ਦੇ ਕੱਪੜਿਆਂ ਦੀ ਹੀ ਵਰਤੋਂ ਕਰਦੀਆਂ ਸਨ ਜਿਵੇਂ : ਫੁਲਕਾਰੀ, ਬਾਗ, ਸਲਾਰੀ, ਸੁੱਭਰ, ਸ਼ਾਲੂ, ਸੂਸੀ, ਮੂੰਗੀਆ, ਡੱਬੀਦਾਰ ਖੇਸੀ ਆਦਿ। ਇਹ ਸਾਰੇ ਕੱਪੜੇ ਹੱਥੀਂ ਕੱਤ ਕੇ ਬਣਾਏ ਸੂਤ ਤੋਂ ਤਿਆਰ ਕੀਤੇ ਜਾਂਦੇ ਸਨ, ਜੋ ਬਹੁਤ ਭਾਰੇ ਤੇ ਮੋਟੇ ਹੁੰਦੇ ਸਨ। ਨਾਜ਼ੁਕ, ਮਲੂਕ, ਸੋਹਣੀਆਂ ਮੁਟਿਆਰਾਂ ਜਦੋਂ ਉਪਰੋਕਤ ਕੱਪੜਿਆਂ ਨੂੰ ਸਿਰ ਢੱਕਣ ਲਈ ਵਰਤਦੀਆਂ ਤਾਂ ਉਨ੍ਹਾਂ ਲਈ ਮੁਸੀਬਤ ਖੜ੍ਹੀ ਹੋ ਜਾਂਦੀ। ਸਮਾਂ ਪਾ ਕੇ ਜਦੋਂ ਅੰਗਰੇਜ਼ੀ ਰਾਜ ਸਮੇਂ ਹੌਲੀਆਂ ਡੋਰੀਏ ਦੀਆਂ ਚੁੰਨੀਆਂ ਬਜ਼ਾਰ ਵਿਚ ਵਿਕਣ ਲੱਗੀਆਂ ਤਾਂ ਔਰਤਾਂ ਨੇ ਸੁੱਖ ਦਾ ਸਾਹ ਲਿਆ ਤੇ ਭਾਰੀਆਂ ਚੁੰਨੀਆਂ ਨੂੰ ਤਿਲਾਂਜਲੀ ਦੇ ਕੇ ਹੌਲੀਆਂ ਚੁੰਨੀਆਂ ਦੀ ਵਰਤੋਂ ਸ਼ੁਰੂ ਕਰ ਦਿੱਤੀ।
ਪੱਟ ਗਈ ਮਿੱਤਰਾਂ ਨੂੰ ਖੱਟੇ ਡੋਰੀਏ ਵਾਲੀ …
ਫਿਰ ਚਮਕਦਾਰ, ਹਲਕੀਆਂ ਤੇ ਸੋਹਣੀਆਂ ਰੇਸ਼ਮੀ ਚੁੰਨੀਆਂ ਵੀ ਦੁਕਾਨਾਂ ‘ਤੇ ਵਿਕਣ ਲੱਗੀਆਂ :
{ਰੇਸ਼ਮੀ ਦੁਪੱਟੇ ਵਿਚ ਤਿੰਨ ਧਾਰੀਆਂ।
ਪਹਿਨਣ ਨਾ ਦਿੰਦੀਆਂ ਕਬੀਲਦਾਰੀਆਂ।
ਆਪਣੇ ਦਿਉਰ ਦਾ ਖੇਤ ਭੱਤਾ ਲੈ ਕੇ ਜਾ ਰਹੀ ਕਿਸੇ ਹੁਸੀਨ ਮੁਟਿਆਰ ਦੇ ਸਿਰ ਉਤੇ ਲਈ ਹੋਈ ਰੇਸ਼ਮੀ ਚੁੰਨੀ ਵਿਚੋਂ ਦੀ ਜਦੋਂ ਕਾਲੀ ਨਾਗਣੀ ਵਰਗੀ ਗੁੱਤ ਧੁੱਪ ਵਿਚ ਲਿਸ਼ਕਾਂ ਮਾਰਦੀ ਤਾਂ ਖੇਤਾਂ ਵਿਚ ਕੰਮ ਕਰ ਰਿਹਾ ਛੜਾ ਜੇਠ ਈਰਖਾ ਦੀ ਅੱਗ ਵਿਚ ਸੜ ਬਲ ਕੇ ਕੋਲੇ ਹੋ ਜਾਂਦਾ :
ਆਰੇ …ਆਰੇ…ਆਰੇ
ਰੋਟੀ ਲੈ ਕੇ ਦਿਉਰ ਦੀ ਚੱਲੀ, ਅੱਗੋਂ ਜੇਠ ਝਾਤੀਆਂ ਮਾਰੇ,
ਚੰਦਰਾ ਦਿਉਰ ਬੁਰਾ ਜਿਹੜਾ ਤੁਰਦੀ ਨੂੰ ਠੋਕਰ ਮਾਰੇ,
ਕੁੜਤੀ ਟੂਲ ਦੀਏ ਤੈਨੂੰ ਵਲ ਪੈ ਗਏ ਨੇ ਬਾਹਲੇ,
ਉਤਲਿਆਂ ਰੇਸ਼ਮੀਆਂ ਵਿਚ ਗੁੱਤ ਲਿਸ਼ਕਾਰੇ ਮਾਰੇ…

{ਰੇਸ਼ਮੀ ਦੁਪੱਟੇ ਵਾਲੀ ਕਿਸੇ ਮੁਟਿਆਰ ਦੀ ਸੋਹਣੀ ਗੁੱਤ ਉਤੇ ਪਹਿਨੀ ਹੋਈ ਚਾਂਦੀ ਦੀ ਬਘਿਆੜੀ ਲਿਸ਼ਕਾਂ ਮਾਰ-ਮਾਰ ਕੇ ਕਿਸੇ ਦਰਸ਼ਕ ਦਾ ਮਨ ਮੋਹ ਲੈਂਦੀ :
ਤੇਰੀ ਗੁੱਤ ਤੇ ਬਘਿਆੜੀ ਚਮਕੇ, ਰੇਸ਼ਮੀ ਦੁਪੱਟੇ ਵਾਲੀਏ…
ਪੁਰਾਣੇ ਸਮਿਆਂ ਵਿਚ ਮੁਟਿਆਰਾਂ ਵੱਖ-ਵੱਖ ਰੰਗਾਂ ਦੀਆਂ ਚੁੰਨੀਆਂ ਪਹਿਨਣ ਦੀਆਂ ਸ਼ੁਕੀਨ ਸਨ। ਜੇ ਪਿੰਡ ਵਿਚ ਚੁੰਨੀਆਂ ਰੰਗਣ ਵਾਲਾ ਕੋਈ ਲਲਾਰੀ ਹੁੰਦਾ ਤਾਂ ਉਸ ਤੋਂ ਚੁੰਨੀਆਂ ਰੰਗਵਾ ਲਈਆਂ ਜਾਂਦੀਆਂ, ਨਹੀਂ ਤਾਂ ਘਰ ਵਿਚ ਹੀ ਵੱਖ-ਵੱਖ ਰੰਗਾਂ ਨਾਲ ਰੰਗ ਲਈਆਂ ਜਾਂਦੀਆਂ :
ਸੱਤ ਰੰਗੀ ਚੁੰਨੀ ਮੈਂ ਲਲਾਰੀ ਤੋਂ ਰੰਗਾਈ।
ਆ ਸੋਹਣਿਆਂ ਰੁੱਤ ਠੰਢੀ ਮਿੱਠੀ ਆਈ।
ਚੁੰਨੀ ਲਈ ਅਲਸੀ ਦੇ ਫੁੱਲ ਵਰਗਾ ਰੰਗ ਵਧੇਰੇ ਪਸੰਦ ਕੀਤਾ ਜਾਂਦਾ ਸੀ :
ਚੁੰਨੀ ਰੰਗ ਦੇ ਲਲਾਰੀਆ ਮੇਰੀ, ਅਲਸੀ ਦੇ ਫੁੱਲ ਵਰਗੀ…
ਕਾਸ਼ਨੀ ਰੰਗ ਦੀ ਚੁੰਨੀ ਵੀ ਬਹੁਤ ਹਰਮਨ ਪਿਆਰੀ ਸੀ …
ਕਾਸ਼ਨੀ ਦੁਪੱਟੇ ਵਾਲੀਏ, ਤੈਨੂੰ ਨਿੱਤ ਸੁਪਨੇ ਵਿੱਚ ਦੇਖਾਂ…
ਖੱਟੇ ਰੰਗ ਦੀ ਚੁੰਨੀ ਵੀ ਬਹੁਤ ਹਰਮਨ ਪਿਆਰੀ ਸੀ :
ਸ਼ੌਕ ਨਾਲ ਕਾਲੀ ਕੁੜਤੀ ਪਾਉਂਦੀ,
ਚੁੰਨੀ ਲੈਂਦੀ ਖੱਟੀ,
ਗਿੱਧੇ ਵਿਚ ਨੱਚਦੀ ਫਿਰੇ, ਬੁਲਬੁਲ ਵਰਗੀ ਜੱਟੀ…
ਪੀਲੇ ਰੰਗ ਦੀ ਚੁੰਨੀ ਨੂੰ ਵੀ ਮੁਟਿਆਰਾਂ ਬੜੇ ਚਾਅ ਨਾਲ ਪਹਿਨਦੀਆਂ :
ਚੁੰਨੀ ਦੇਖ ਕੇ ਕੁੜੀ ਦੇ ਪੀਲੇ ਰੰਗ ਦੀ,
ਪੈਲੀਆਂ ਹੈਰਾਨ ਹੋ ਗਈਆਂ…
ਕਈਆਂ ਕੁੜੀਆਂ ਹਰੇ ਰੰਗ ਦੀਆਂ ਚੁੰਨੀਆਂ ਨੂੰ ਪਹਿਨਣਾ ਪਸੰਦ ਕਰਦੀਆਂ :
ਕਾਨੀ…ਕਾਨੀ…ਕਾਨੀ
ਪੈਰੀਂ ਉਹਦੇ ਕਾਲੇ ਸਲੀਪਰ,
ਤੋਰ ਤੁਰੇ ਮਸਤਾਨੀ,
ਸਿਰ ਦੇ ਉਤੇ ਹਰਾ ਡੋਰੀਆ,
ਗਲ ਵਿਚ ਕਾਲੀ ਗਾਨੀ
ਝਾਕਾ ਦੇ ਪਤਲੋ ਯਾਰ ਖੜ੍ਹੇ ਦਰਬਾਨੀ…
ਮੋਰਨੀ ਵਰਗੀ ਸੁੰਦਰ ਤੋਰ ਵਾਲੀ ਕੋਈ ਸੁਨੱਖੀ ਮੁਟਿਆਰ ਜਦੋਂ ਸਿਰ ‘ਤੇ ਹਰੇ ਰੰਗ ਦੀ ਚੁੰਨੀ ਲੈ ਕੇ ਸਰ੍ਹੋਂ ਦੇ ਖੇਤ ਵਿਚੋਂ ਸਾਗ ਤੋੜਦੀ ਤਾਂ ਡੰਡੀ-ਡੰਡੀ ਜਾ ਰਹੇ ਕਿਸੇ ਰਾਹੀ ਦੇ ਮੂੰਹੋਂ ਬੋਲ ਨਿਕਲ ਜਾਂਦੇ :
ਸਾਗ ਤੋੜਦੀ ਮੋਰਨੀ ਬਣਕੇ,
ਦੁਪੱਟਾ ਲੈ ਕੇ ਹਰੇ ਰੰਗ ਦਾ…
ਸੰਗਮਰਮਰ ਵਰਗੇ ਗੋਰੇ ਚਿੱਟੇ ਰੰਗ ਵਾਲੀ ਕੋਈ ਹੁਸੀਨ ਮੁਟਿਆਰ ਆਪਣੇ ਰੰਗ ਰੂਪ ਨੂੰ ਹੋਰ ਨਿਖਾਰਨ ਲਈ ਢੁਕਵੇਂ ਰੰਗ ਵਾਲੇ ਦੁਪੱਟੇ ਦੀ ਵਰਤੋਂ ਕਰਨਾ ਚਾਹੁੰਦੀ।
ਦੁਪੱਟੇ ਦੀ ਚੋਣ ਕਰਨ ਸਮੇਂ ਉਹ ਆਪਣੀਆਂ ਸਹੇਲੀਆਂ ਦੀ ਵੀ ਸਲਾਹ ਲੈਂਦੀ :
ਗੋਰੇ ਰੰਗ ਤੇ ਦੁਪੱਟਾ ਕਿਹੜਾ ਸਜਦਾ,
ਕੁੜੀਆਂ ਨੂੰ ਪੁੱਛਦੀ ਫਿਰੇ …
ਸਾਰੀਆਂ ਸਹੇਲੀਆਂ ਇਕ ਮੱਤ ਹੋ ਕੇ ਉਸ ਨੂੰ ਕਾਲੇ ਰੰਗ ਦਾ ਦੁਪੱਟਾ ਲੈਣ ਲਈ ਕਹਿੰਦੀਆਂ। ਜਦੋਂ ਮੁਟਿਆਰ ਕਾਲੇ ਰੰਗ ਦਾ ਦੁਪੱਟਾ ਸਿਰ ‘ਤੇ ਲੈਂਦੀ ਤਾਂ ਉਸ ਨੂੰ ਵਿਸ਼ਵਾਸ ਹੋ ਜਾਂਦਾ ਕਿ ਸਹੇਲੀਆਂ ਦੀ ਪਸੰਦ ਸੋਲ੍ਹਾਂ ਆਨੇ ਸੱਚੀ ਹੈ :
ਗੋਰੇ ਰੰਗ ਤੇ ਦੁਪੱਟਾ ਕਾਲਾ ਸਜਦਾ,
ਕੁੜੀਆਂ ਨੇ ਸੱਚ ਦੱਸਿਆ…
ਮੁਟਿਆਰ ਕਾਲੇ ਰੰਗ ਦਾ ਦੁਪੱਟਾ ਪਹਿਨ ਕੇ ਮੇਲਾ ਦੇਖਣ ਜਾਂਦੀ ਤਾਂ ਮੇਲੇ ਵਿਚ ਟੋਲੀਆਂ ਬਣਾ ਬਣਾ ਕੇ ਘੁੰਮ ਰਹੇ ਗੱਭਰੂ ਉਸ ਦੇ ਰੰਗ ਰੂਪ ਦਾ ਝਾਕਾ ਲੈਣ ਲਈ ਅੱਡੀਆਂ ਚੁੱਕ-ਚੁੱਕ ਕੇ ਉਸ ਵੱਲ ਦੇਖਣ ਲੱਗਦੇ :
ਗੋਰਾ ਰੰਗ ਤੇ ਦੁਪੱਟਾ ਉਹਦਾ ਕਾਲਾ,
ਮੇਲੇ ਦੀ ਰੁਮਾਲੀ ਲੈ ਗਿਆ…
ਉਸਦੀ ਸੋਹਣੀ ਚੁੰਨੀ ਉਤੇ ਜੜੇ ਸਿਤਾਰੇ ਧੁੱਪ ਵਿਚ ਲਿਸ਼ਕਾਂ ਮਾਰ ਕੇ ਲੋਕਾਂ ਦੀਆਂ ਅੱਖਾਂ ਨੂੰ ਚੁੰਧਿਆ ਦਿੰਦੇ :
ਚੁੰਨੀ ਲੈ ਕੇ ਸਿਤਾਰਿਆਂ ਵਾਲੀ, ਮੇਲਾ ਲੁੱਟਦੀ ਫਿਰੇ …
ਉਸ ਦੇ ਕਿਆਮਤ ਢਾਹੁਣ ਵਾਲੇ ਹੁਸਨ ਨੂੰ ਦੇਖ ਕੇ ਕੋਈ ਦਰਸ਼ਕ ਮਨ ਹੀ ਮਨ ਉਸ ਨੂੰ ਸੰਬੋਧਨ ਕਰਦੇ ਕਹਿੰਦਾ :
ਕਾਲੀ ਚੁੰਨੀ ਲੈਨੀ ਏਂ ਕੁੜੀਏ,
ਡਰਕੇ ਰਹੀਏ ਜਹਾਨੋਂ,
ਚੰਗੇ ਬੰਦੇ ਨੂੰ ਲੱਗਣ ਤੋਹਮਤਾਂ,
ਗੋਲੇ ਡਿੱਗਣ ਅਸਮਾਨੋਂ,
ਪਿਆਰੀ ਤੂੰ ਲੱਗਦੀ ਕੇਰਾਂ ਬੋਲ ਜ਼ੁਬਾਨੋ…
ਕੋਈ ਸ਼ੁਕੀਨ ਭਾਬੀ ਬਰੀਕ ਡੋਰੀਏ ਦੀ ਚੁੰਨੀ ਸਿਰ ‘ਤੇ ਲੈ ਕੇ ਦਿਉਰ ਦਾ ਭੱਤਾ ਲੈ ਕੇ ਖੇਤ ਨੂੰ ਜਾਂਦੀ :
ਲੈ ਕੇ ਡੋਰੀਆ ਗੰਢੇ ਦੀ ਛਿੱਲ ਵਰਗਾ,
ਰੋਟੀ ਲੈ ਕੇ ਦਿਉਰ ਦੀ ਚੱਲੀ…
ਅੱਗ ਦੇ ਅੰਗਿਆਰ ਵਾਂਗ ਦਗ-ਦਗ ਕਰਦੇ ਉਸਦੇ ਚਿਹਰੇ ਨੂੰ ਦੇਖ ਕੇ ਹਲ ਵਾਹ ਰਹੇ ਕਿਸੇ ਗੱਭਰੂ ਦੇ ਮੂੰਹੋਂ ਬੋਲ ਨਿਕਲ ਜਾਂਦੇ :
ਘੁੰਡ ਵਿਚ ਅੱਗ ਮੱਚਦੀ, ਚੁੰਨੀ ਸਾੜ ਨਾ ਲਈਂ ਮੁਟਿਆਰੇ…
ਬਣ-ਠਣ ਕੇ ਰਹਿਣ ਵਾਲੀ ਕੋਈ ਸ਼ੁਕੀਨ ਮੁਟਿਆਰ ਹੱਥੀਂ ਕੰਮ ਕਰਨ ਤੋਂ ਕੰਨੀ ਕਤਰਾਉਂਦੀ ਤੇ ਔਖੇ ਕੰਮ ਤੋਂ ਛੁਟਕਾਰਾ ਪਾਉਣ ਦੇ ਢੰਗ ਤਰੀਕੇ ਸੋਚਦੀ ਰਹਿੰਦੀ :
ਚਿੱਟੀ ਚੁੰਨੀ ਬੰਬਰ ਦੀ ਮਸ਼ੀਨੀ ਗੋਟਾ ਜਾਲੀ ਦਾ।
ਫੌਜ ‘ਚ ਭਰਤੀ ਹੋ ਜਾ ਮੈਥੋਂ ਨੀ ਝੋਨਾ ਝਾੜੀ ਦਾ।
ਪੰਜਾਬੀ ਪੇਂਡੂ ਸਮਾਜ ਵਿਚ ਜੇ ਕੋਈ ਔਰਤ ਆਪਣੀ ਚੁੰਨੀ ਸਿਰੋਂ ਲਾਹ ਕੇ ਕਿਸੇ ਰੁੱਸੇ ਹੋਏ ਵਿਅਕਤੀ ਦੇ ਪੈਰੀਂ ਧਰ ਦੇਵੇ ਤਾਂ ਸਾਰੇ ਗੁੱਸੇ ਗਿਲੇ ਭੁਲਾ ਕੇ ਉਸ ਨੂੰ ਮੁਆਫ ਕਰ ਦਿੱਤਾ ਜਾਂਦਾ ਹੈ ਤੇ ਸੁਲ੍ਹਾ ਸਫਾਈ ਹੋ ਜਾਂਦੀ ਹੈ :
ਰੁੱਸੇ ਮਾਹੀ ਦਾ ਕੀ ਕਰੀਏ,
ਅੰਦਰ ਵੜੇ ਤਾਂ ਮਗਰੇ ਵੜੀਏ,
ਦੀਵਾ ਲੈ ਚੁਬਾਰੇ ਚੜੀਏ,
ਚੁੰਨੀ ਲਾਹ ਪੈਰਾਂ ਤੇ ਧਰੀਏ,
ਇਕ ਵਾਰ ਬੋਲੋ ਜੀ, ਆਪਾਂ ਫੇਰ ਨਾ ਲੜੀਏ…
ਪਹਿਲੇ ਸਮਿਆਂ ਵਿਚ ਕਈ ਜਿਗਰੀ, ਗੂੜ੍ਹੀਆਂ ਸਹੇਲੀਆਂ ਆਪਸ ਵਿਚ ਚੁੰਨੀ ਵਟਾ ਕੇ ਧਰਮ ਭੈਣਾਂ ਬਣ ਜਾਂਦੀਆਂ ਸਨ ਅਤੇ ਇਸ ਪਵਿੱਤਰ ਰਿਸ਼ਤੇ ਨੂੰ ਸਾਰੀ ਉਮਰ ਨਿਭਾਉਂਦੀਆਂ ਸਨ। ਪੁਰਾਤਨ ਖਿਆਲਾਂ ਦੇ ਲੋਕਾਂ ਦਾ ਵਿਸ਼ਵਾਸ ਹੈ ਕਿ ਜੇਕਰ ਕੋਈ ਬਾਂਝ ਔਰਤ ਸੱਤ ਪ੍ਰਕਾਰ ਦੇ ਅਨਾਜ (ਸਤਨਾਜਾ) ਆਪਣੀ ਚੁੰਨੀ ਨਾਲ ਚਾਲ੍ਹੀ ਦਿਨ ਬੰਨ੍ਹ ਕੇ ਰੱਖੇ ਤਾਂ ਉਸ ਦੇ ਘਰ ਔਲਾਦ ਹੋ ਸਕਦੀ ਹੈ।
ਵੀਹਦੀ ਸਦੀ ਦੇ ਦੂਜੇ ਅੱਧ ਵਿਚ ਜਦੋਂ ਪੱਛਮੀ ਸਭਿਆਚਾਰ ਦੇ ਪ੍ਰਭਾਵ ਕਾਰਨ ਫੈਸ਼ਨ ਦੀ ਹਨ੍ਹੇਰੀ ਝੁੱਲਣੀ ਸ਼ੁਰੂ ਹੋ ਗਈ ਤਾਂ ਪੰਜਾਬੀ ਮੁਟਿਆਰਾਂ ਦੇ ਸਿਰਾਂ ਤੋਂ ਚੁੰਨੀ ਸਰਕ ਕੇ ਉਨ੍ਹਾਂ ਦੇ ਗਲਾਂ ਵਿਚ ਆ ਪਈ ਤੇ ਚੁੰਨੀ ਦਾ ਆਕਾਰ ਵੀ ਘੱਟ ਗਿਆ :
ਢਾਈਆਂ…ਢਾਈਆਂ…ਢਾਈਆਂ
ਕੇਹਾ ਵੇਲਾ ਆਇਆ ਮਿੱਤਰੋ,
ਪੜ੍ਹ ਲਿਖ ਮੁਕਲਾਵੇ ਆਈਆਂ,
ਮੁਖੜੇ ਤੋਂ ਘੁੰਡ ਚੁੱਕ ਕੇ,
ਲਾਹ ਚੁੰਨੀਆਂ ਗਲਾਂ ਵਿਚ ਪਾਈਆਂ
ਫੈਸ਼ਨਾਂ ਨੇ ਅੱਤ ਚੁੱਪ ਲਈ,
ਮੈਥੋਂ ਖਰੀਆਂ ਜਾਣ ਸੁਣਾਈਆਂ,
ਲੰਬੜਾਂ ਦੀ ਬੰਤੋ ਨੇ ਪੈਰੀਂ ਝਾਂਜਰਾਂ ਪਾਈਆਂ …
ਪੁਰਾਣੇ ਖਿਆਲਾਂ ਦੇ ਬਜ਼ੁਰਗਾਂ ਨੂੰ ਕੁੜੀਆਂ ਵਲੋਂ ਅਜਿਹਾ ਕਰਨਾ ਚੰਗਾ ਨਾ ਲੱਗਦਾ :
ਏਸ ਪਿੰਡ ਦੇ ਹਾਕਮਾਂ,
ਇਨ੍ਹਾਂ ਕੁੜੀਆਂ ਨੂੰ ਸਮਝਾ,
ਚੁੰਨੀਆਂ ਰੰਗ ਬਰੰਗੀਆਂ,
ਇਹ ਗਲ ਵਿਚ ਲੈਂਦੀਆਂ ਪਾ,
ਜਵਾਨੀ ਤੇਰੇ ਭਾਣੇ ਨੀ,
ਹਾਨਣੇ ਸਾਨੂੰ ਕਾਹਦਾ ਚਾਅ…
ਪੜ੍ਹੀਆਂ ਲਿਖੀਆਂ ਆਧੁਨਿਕ ਖਿਆਲਾਂ ਦੀਆਂ ਬਹੁਤ ਸਾਰੀਆਂ ਕੁੜੀਆਂ ਚੁੰਨੀ ਨੂੰ ਸਿਰ ਉਤੇ ਬੇਲੋੜਾ ਬੋਝ ਸਮਝਣ ਲੱਗੀਆਂ ਤੇ ਦਿਨੋ ਦਿਨ ਨੰਗੇ ਸਿਰ ਰਹਿਣ ਦਾ ਰਿਵਾਜ਼ ਵਧਣ ਲੱਗਾ :
ਸਿਰ ਨੰਗੇ ਤੇ ਗਲਾਂ ਵਿਚ ਚੁੰਨੀਆਂ,
ਬਜ਼ਾਰ ਵਿਚ ਜਾਣ ਕੁੜੀਆਂ…
ਅੱਜਕੱਲ੍ਹ ਕੁੜੀਆਂ ਚੁੰਨੀ ਨੂੰ ਇਕ ਮੋਢੇ ਉਤੇ ਹੀ ਲਟਕਾਉਣਾ ਪਸੰਦ ਕਰਦੀਆਂ ਹਨ। ਸ਼ਹਿਰਾਂ ਵਿਚ ਕੁਝ ਕੁੜੀਆਂ ਨੇ ਤਾਂ ਚੁੰਨੀ ਨੂੰ ਤਿਲਾਂਜਲੀ ਹੀ ਦੇ ਦਿੱਤੀ ਹੈ।
ੲੲੲ

Check Also

ਕੈਨੇਡੀਅਨ ਕੋਰ ਆਫ਼ ਕਮਿਸ਼ਨੇਅਰਜ਼ ‘ਚ ਜੌਬ

ਜਰਨੈਲ ਸਿੰਘ (ਕਿਸ਼ਤ 10ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਇਸ ਲੋਕੇਸ਼ਨ ਨੂੰ ਸੀ.ਬੀ.ਸੀ ਦੀ …