Breaking News
Home / ਨਜ਼ਰੀਆ / ਆਮ ਆਦਮੀ ਪਾਰਟੀ ਤੇ ਪੰਜਾਬ ਦੀਆਂ ਚੋਣਾਂ

ਆਮ ਆਦਮੀ ਪਾਰਟੀ ਤੇ ਪੰਜਾਬ ਦੀਆਂ ਚੋਣਾਂ

ਹਰਦੇਵ ਸਿੰਘ ਧਾਲੀਵਾਲ
ਐਸ.ਐਸ.ਪੀ. (ਰਿਟਾ.)
ਅੰਨਾ ਹਜ਼ਾਰੇ ਇੱਕ ਸਾਫ ਤੇ ਸੱਚ ਬੋਲਣ ਵਾਲਾ ਇਨਸ਼ਾਨ ਹੈ। ਹਿੰਦੀ ਟੀ.ਵੀ.ਨੇ ਦੂਜੇ ਦਹਾਕੇ ਦੇ ਮੁੱਢ ਵਿੱਚ ਕੋਲਾ ਘੁਟਾਲੇ ਨੂੰ ਜੋਰ ਨਾਲ ਚੁੱਕਿਆ ਪਰ ਬਹੁਤਾ ਘਪਲਾ ਸਿਆਸੀ ਪਾਰਟੀਆਂ ਦਾ ਸੀ, ਜਿਨ੍ਹਾਂ ਤੋਂ ਬਗੈਰ ਯੂ.ਪੀ.ਏ.ਦੀ ਸਰਕਾਰ ਚੱਲ ਨਹੀਂ ਸੀ ਸਕਦੀ। ਕਾਂਗਰਸ ਉਨ੍ਹਾਂ ਦੇ ਘੁਟਾਲੇ ਸਹਿੰਦੀ ਰਹੀ ਤਾ ਕਿ ਸਰਕਾਰ ਬਚੀ ਰਹੀ। ਜੇਕਰ ਅਸਤੀਫਾ ਦੇ ਕੇ ਚੋਣਾਂ ਕਰਾਉਂਦੀ ਘੁਟਾਲੇ ਵਿੱਚੋਂ ਨਿਕਲ ਸਕਦੀ ਸੀ, ਪਰ ਵੱਡੇ ਚੋਣ ਖਰਚੇ ਤੋਂ ਹਰ ਕੋਈ ਡਰਦਾ ਹੈ। ਹਿੰਦੀ ਟੀ.ਵੀ.ਤੇ ਆਰ.ਐਸ.ਐਸ.ਤੇ ਬੀ.ਜੇ.ਪੀ. ਦੇ ਦਬਾਅ ਹੇਠ ਹੈ। ਆਮ ਚੈਨਲ ਵੱਡੇ-ਵੱਡੇ ਸਰਮਾਏਦਾਰਾਂ ਦੇ ਹਨ ਜਾਂ ਉਨ੍ਹਾਂ ਦੀਆਂ ਹਦਾਇਤਾਂ ਅਨੁਸਾਰ ਚੱਲਦੇ ਹਨ, ਜੋ ਕੱਟੜ ਹਿੰਦੂਵਾਦੀ ਹਨ। ਅੰਨਾ ਹਜ਼ਾਰੇ ਬੇਲਾਗ ਇਨਸ਼ਾਨ ਹੈ। ਉਸ ਦੀ ਸਖਸ਼ੀਅਤ ਦਾ ਲਾਭ ਉਠਾ ਕੇ ਕੇਜਰੀਵਾਲ ਤੇ ਸਾਥੀ ਵੱਧਦੇ ਰਹੇ। ਅਖੀਰ ਵਿੱਚ ਅੰਨਾ ਹਜ਼ਾਰੇ ਨੂੰ ਕਹਿਣਾ ਪਿਆ ਕਿ ਉਹ ਕੇਜਰੀਵਾਲ ਦੇ ਨਾਲ ਨਹੀਂ ਹਨ, ਕਿਉਂਕਿ ਉਹ ਸਿਆਸੀ ਪਾਰਟੀ ਨਹੀਂ ਸੀ ਚਾਹੁੰਦੇ। ਉਹ ਤਾਂ ਚੰਗਾ ਤੇ ਤਕੜਾ ਲੋਕਪਾਲ ਚਾਹੁੰਦੇ ਸਨ। ਇਹ ਭਾਵੇਂ ਕਾਫੀ ਕੋਸਿਸ ਕਰਕੇ ਨਹੀਂ ਬਣ ਸਕਿਆ ਤੇ ਦਿੱਲੀ ਵਿੱਚ ਵੀ ਰਹਿ ਹੀ ਗਿਆ ਹੈ।
ਆਮ ਪਾਰਟੀ ਬਨਣ ਸਮੇਂ ਸਾਰੀ ਲੀਡਰਸਿਪ ਕਹਿੰਦੀ ਸੀ ਕਿ ਇਹ ਆਮ ਆਦਮੀ ਦੀ ਪਾਰਟੀ ਹੈ। ਇਸ ਵਿੱਚ ਕੋਈ ਵੀ ਵੀ.ਆਈ.ਪੀ. ਨਹੀਂ ਹੋਏਗਾ। ਕੋਈ ਖਾਸ ਕਿਸਮ ਦੀਆਂ ਬੱਤੀਆਂ ਨਹੀਂ ਲਾਏਗਾ। ਜਿਹੜਾ ਵਜ਼ੀਰ ਬਣੇਗਾ, ਉਹ ਸਧਾਰਨ ਘਰਾਂ ਵਿੱਚ ਰਹਿਣਗੇ। ਵੱਡੇ ਘਰ ਨਹੀਂ ਮੰਗੇ ਜਾਣਗੇ, ਨਾ ਹੀ ਉਨ੍ਹਾਂ ਦੀ ਮਰਜੀ ਨਾਲ ਘਰਾਂ ਵਿੱਚ ਵਾਧਾ ਕੀਤਾ ਜਾਏਗਾ। ਵੱਡੇ ਤੇ ਛੋਟੇ ਅਧਿਕਾਰੀ ਦੀ ਤਨਖਾਹ ਵਿੱਚ ਬਹੁਤਾ ਫਰਕ ਨਹੀਂ ਪਏਗਾ। ਕੋਈ ਅਧਿਕਾਰੀ ਦੋ ਅਹੁਦੇ ਵੀ ਨਹੀਂ ਲਏਗਾ। ਲੋਕਾਂ ਦੀ ਸਹੂਲਤ ਤੇ ਖੁਸ਼ਹਾਲੀ ਮੁੱਖ ਵਿਸ਼ਾ ਹੋਏਗਾ। ਲੋਕ ਸਭਾ ਦੀਆਂ ਚੋਣਾਂ ਸਮੇਂ ਆਪ ਨੂੰ ਪੰਜਾਬ ਵਿੱਚ ਵਾਹਵਾ ਹੁੰਗਾਰਾ ਮਿਲਿਆ। ਬਾਕੀ ਸਾਰੇ ਦੇਸ਼ ਵਿੱਚ ਠੁੱਸ ਹੀ ਹੋ ਗਏ ਕਿਉਂਕਿ ਪੈਰ ਬਹੁਤ ਦੂਰ ਤੱਕ ਪਸਾਰ ਰਹੇ ਸਨ। ਦਿੱਲੀ ਦੀ ਅਸੈਂਬਲੀ ਚੋਣ ਵਿੱਚ ਲੋਕਾਂ ਨੇ ਬਹੁਤ ਵੱਡਾ ਹੁੰਗਾਰਾ ਦਿੱਤਾ ਅਤੇ ਇਹ 70 ਵਿੱਚੋਂ 67 ਸੀਟਾਂ ਜਿੱਤ ਗਏ। ਇਹ ਦੇਸ਼ ਵਿੱਚ ਬਹੁਤ ਵੱਡੀ ਜਿੱਤ ਸੀ। ਵੱਡੀ ਜਿੱਤ ਕਾਰਨ ਪਾਰਟੀ ਦੇ ਕਾਰਕੁੰਨ ਪੁਰਾਣੀਆਂ ਗੱਲਾਂ ਭੁੱਲ ਗਏ, ਜਿਹੜੀਆਂ ਆਮ ਲੋਕਾਂ ਵਿੱਚ ਕੀਤੀਆਂ ਸਨ। ਵੱਡੇ ਘਰ ਲਏ ਗਏ, ਬੱਤੀਆਂ ਲੱਗ ਗਈਆਂ, ਲੋਕਾਂ ਦੇ ਸੰਗਠਨ ਹੋਂਦ ਵਿੱਚ ਆ ਗਏ। ਅਰਵਿੰਦ ਕੇਜਰੀਵਾਲ ਪਾਰਟੀ ਦੇ ਵੱਡੇ ਲੋਕ ਨਾਇਕ ਬਣੇ। ਹੁਣ ਤੱਕ ਪਾਰਟੀ ਦੀ ਪ੍ਰਧਾਨਗੀ ਨਹੀਂ ਛੱਡੀ ਜਦੋਂ ਕਿ ਦਿੱਲੀ ਦਾ ਮੁੱਖ ਮੰਤਰੀ ਬਨਣ ਸਮੇਂ ਉਨ੍ਹਾਂ ਨੇ ਇੱਕ ਅਹੁਦੇ ਦੀ ਗੱਲ ਕੀਤੀ ਸੀ ਤੇ ਤੁਰਤ ਪ੍ਰਧਾਨਗੀ ਤੋਂ ਅਸਤੀਫਾ ਦੇਣਾ ਬਣਦਾ ਸੀ। ਵਿਧਾਇਕਾਂ ਦੀਆਂ ਵੱਡੀਆਂ-ਵੱਡੀਆਂ ਤਨਖਾਹਾਂ ਨੀਯਤ ਕੀਤੀਆਂ। ਉਹ ਦੂਜੀਆਂ ਸਧਾਰਨ ਪਾਰਟੀਆਂ ਵਾਂਗ ਪਾਰਟੀ ਤੇ ਪਕੜ ਤੇ ਦਿੱਲੀ ਨਹੀਂ ਛੱਡਣਾ ਚਾਹੁੰਦੇ।
ਦਿੱਲੀ ਇੱਕ ਯੂਨੀਅਨ ਟੈਰੇਟਰੀ ਹੈ, ਨਵੀਂ ਦਿੱਲੀ ਵਿੱਚ ਵੱਡੇ ਸਰਕਾਰੀ ਅਦਾਰੇ, ਸਫੀਰਾਂ ਦੀ ਰਿਹਾਇਸ ਤੇ ਹੋਰ ਮਹੱਤਵਪੂਰਨ ਥਾਵਾਂ ਹਨ। ਵਿਧਾਨ ਅਨੁਸਾਰ ਦਿੱਲੀ ਦੀ ਪੁਲਿਸ ਦਾ ਪ੍ਰਬੰਧ ਕੇਂਦਰ ਕੋਲ ਹੈ। 1990-95 ਤੱਕ ਇਸ ਦੀ ਵਿਰੋਧਤਾ ਦੀ ਕੋਈ ਗੱਲ ਨਾ ਹੋਈ। 1995 ਤੋਂ ਪਿੱਛੋਂ ਦਿੱਲੀ ਤੇ ਕੇਂਦਰ ਵਿੱਚ ਵੱਖ-ਵੱਖ ਪਾਰਟੀ ਦੀਆਂ ਸਰਕਾਰਾਂ ਰਹੀਆਂ, ਕੋਈ ਝਗੜਾ ਨਹੀਂ ਹੋਇਆ। ਬਾਹਰ ਕੋਈ ਸ਼ਿਕਵਾ ਨਹੀਂ ਆਇਆ। ਮੇਰੀ ਜਾਚੇ ਆਮ ਪਾਰਟੀ ਕੋਲ ਜੇਕਰ ਕੇਂਦਰ ਦੀ ਸਰਕਾਰ ਹੋਵੇ ਤਾਂ ਦਿੱਲੀ ਦਾ ਪ੍ਰਬੰਧ ਇਸੇ ਵਿਵਸਥਾ ਅਨੁਸਾਰ ਚਾਹੁੰਣਗੇ। ਕੇਂਦਰ ਉਨ੍ਹਾਂ ਖਾਸ ਅਦਾਰਿਆਂ ਤੇ ਵਿਰੋਧੀ ਧਿਰ ਦਾ ਕਬਜਾ ਬਰਦਾਸਤ ਨਹੀਂ ਕਰੇਗਾ। ਕੋਈ ਵਿਰੋਧੀ ਸਰਕਾਰ ਬਨਣ ਨਾਲ ਉਲਝਣਾਂ ਖੜੀਆਂ ਹੋ ਜਾਣਗੀਆਂ, ਪਰ ਕੇਜਰੀਵਾਲ ਜਿਸ ਦਿਨ ਤੋਂ ਦਿੱਲੀ ਦੇ ਮੁੱਖ ਮੰਤਰੀ ਬਣੇ ਹਨ, ਉਸੇ ਦਿਨ ਤੋਂ ਲੜਾਈ ਦੇ ਮੂੜ ਵਿੱਚ ਹਨ। ਕੇਂਦਰ ਵੀ ਉਨ੍ਹਾਂ ਦੀ ਜਾਇਜ ਗੱਲ ਮੰਲਣ ਤੋਂ ਹਿਚਕਿਚਾਉਦਾ ਹੈ। ਜਿਹੜਾ ਪੁਰਾਣਾ ਢਾਂਚਾ ਚੱਲ ਰਿਹਾ ਹੈ, ਉਹ ਤੁਰਤ ਬਦਲਿਆ ਨਹੀਂ ਜਾ ਸਕਦਾ। ਜੇਕਰ ਦਿੱਲੀ ਨੂੰ ਪੂਰਾ ਰਾਜ ਬਣਾ ਦਿੱਤਾ ਜਾਏ, ਫੇਰ ਵੀ ਪਾਰਟੀਆਂ ਨਾਲ ਵਧੀਆ ਤੇ ਚੰਗਾ ਸੰਪਰਕ ਨਹੀਂ ਰਹੇਗਾ। ਸੁਪਰੀਮ ਕੋਰਟ ਨੇ ਇਸ ਸਬੰਧੀ ਟਿੱਪਣੀ ਵੀ ਕੀਤੀ ਹੈ, ਪਰ ਇਨ੍ਹਾਂ ਨੂੰ ਸਬੰਧ ਤਾਂ ਆਪ ਹੀ ਠੀਕ ਕਰਨੇ ਪੈਣਗੇ ਤੇ ਕਰਨੇ ਚਾਹੀਦੇ ਹਨ।
2014 ਵਿੱਚ ਇਹ ਪਾਰਟੀ ਚੰਗੀ ਕਾਰਗੁਜਾਰੀ ਕਰ ਗਈ। ਸਾਰੇ ਦੇਸ਼ ਵਿੱਚ ਸਿਰਫ ਪੰਜਾਬ ਤੋਂ ਹੀ ਚਾਰ ਲੋਕ ਸਭਾ ਵਿੱਚ ਮੈਂਬਰ ਗਏ, ਉਨ੍ਹਾਂ ਨੂੰ ਲੀਡਰ ਚੁੰਨਣ ਦਾ ਅਧਿਕਾਰ ਨਹੀਂ ਦਿੱਤਾ, ਸਗੋਂ ਠੋਸ ਦਿੱਤਾ, 2 ਮੈਂਬਰ ਚੰਗੇ ਸਿਆਣੇ ਪੜ੍ਹੇ ਲਿਖੇ ਬਾਗੀ ਹੋ ਗਏ ਤੇ ਉਸੇ ਤਰ੍ਹਾਂ ਹੀ ਹਨ। ਇਹ ਇੱਕਦਮ ਪੰਜਾਬ ਦੀ ਰਾਜ ਸਤਾ ਤੇ ਕਾਬਜ ਹੋਣਾ ਚਾਹੁੰਦੇ ਹਨ, ਜਦੋਂ ਕਿ ਪਾਰਟੀ ਸਬੰਧੀ ਸਾਰੇ ਰੂਲਜ਼ ਅਜੇ ਕੋਈ ਬਣਾਏ ਹੀ ਨਹੀਂ ਗਏ। ਸ. ਸੁੱਚਾ ਸਿੰਘ ਛੋਟੇਪੁਰ ਪੁਰਾਣੇ ਅਕਾਲੀ ਹਨ ਫੇਰ ਕਾਂਗਰਸੀ ਵੀ ਰਹੇ। ਉਨ੍ਹਾਂ ਨੂੰ ਸ਼ਾਇਦ ਪਤਾ ਨਹੀਂ ਸੀ ਮੁੱਢ ਵਿੱਚ ਸ੍ਰੀ ਕੇਜਰੀਵਾਲ ਨਾਲ ਉੱਚੇ ਕੱਦ ਦੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਫੋਟੋ ਲਾ ਕੇ ਪੋਸਟਰ ਜਾਰੀ ਕਰ ਦਿੱਤਾ, ਪਰ ਜਦੋਂ ਦੇਖਿਆ ਕਿ ਸੰਤਾਂ ਦੇ ਨਾਂ ਕਾਰਨ ਇੱਕ ਵੀ ਹਿੰਦੂ ਵੋਟ ਨਹੀਂ ਪਏਗਾ। ਇਸ ਦਾ ਲਾਭ ਕੁੱਝ ਖਾੜਕੂ ਬੰਦਿਆਂ ਤੋਂ ਮਿਲ ਸਕਦਾ ਹੈ ਤਾਂ ਤੁਰਤ ਵਾਪਸ ਲੈ ਲਿਆ, ਜਾਰੀ ਕਰਨ ਤੇ ਛਾਪਣ ਵੇਲੇ ਸੋਚਿਆ ਹੀ ਨਹੀਂ ਗਿਆ।
2014 ਦੀ ਚੋਣ ਇਹ ਕੰਪਿਊਟਰ ਤੇ ਮੀਡੀਏ ਰਾਹੀਂ ਨੌਵਜਾਨਾਂ ਨੂੰ ਭੜਕਾ ਕੇ ਜਿੱਤ ਗਏ, ਪਰ ਦਿੱਲੀ ਵਿੱਚ ਕੋਈ ਪ੍ਰਗਤੀ ਨਹੀਂ ਦਿਖਾ ਸਕੇ। ਅਸੀਂ ਪੰਜਾਬ ਦੇ ਪੇਪਰਾਂ ਵਿੱਚ ਦਿੱਲੀ ਦੇ ਵੱਡੇ-ਵੱਡੇ ਕੰਮਾਂ ਦੇ ਇਸ਼ਤਿਹਾਰ ਦੇਖਦੇ ਹਾਂ, ਇਹ ਦਿੱਲੀ ਦੇ ਲੋਕਾਂ ਦੇ ਪੈਸੇ ਨਾਲ ਛਪਦੇ ਹਨ ਤੇ ਪੰਜਾਬ ਵਿੱਚ ਪ੍ਰਭਾਵ ਪਾਉਣ ਲਈ ਦਿੱਲੀ ਦਾ ਪੈਸਾ ਵਰਤ ਰਹੇ ਹਨ। ਇਨ੍ਹਾਂ ਵਿੱਚ ਕੁੱਝ ਨਹੀਂ ਹੁੰਦਾ, ਸਿਰਫ ਕੇਜ਼ਰੀਵਾਲ ਦੇ ਸਹਾਇਕ ਵਜ਼ੀਰ ਮੁਨੀਸ਼ ਸਸੋਧੀਆ ਦੀ ਫੋਟੋ ਚਮਕਦੀ ਹੈ। ਪੰਜਾਬ ਦੀ ਲੋਡਰਸਿੱਪ ਇਨ੍ਹਾਂ ਨੂੰ ਦਿਸ਼ਾਹੀਣ ਜਾਪਦੀ ਹੇ। ਅੰਮ੍ਰਿਤਸਰ ਵਿੱਚ ਸ੍ਰੀ ਅਸੀਸ਼ ਖੇਤਾਨ ਨੇ ਲੋਕਾਂ ਲਈ ਪਾਰਟੀ ਦਾ ਪ੍ਰੋਗਰਾਮ ਅਥਵਾ ਮੈਨੀਫੈਸਟੋ ਜਾਰੀ ਕਰ ਦਿੱਤਾ। ਅੰਮ੍ਰਿਤਸਰ ਵਿੱਚ ਭਾਰੀ ਇਕੱਠ ਹੋਇਆ।  ਛੋਟੇਪੁਰ ਜਾਂ ਭਗਵੰਤ ਮਾਨ ਨੇ ਸ਼ਾਇਦ ਪੜ੍ਹਿਆ ਹੀ ਨਹੀਂ ਹੋਣਾ, ਪਰ ਜਾਰੀ ਸ੍ਰੀ ਅਸੀਸ਼ ਖੇਤਾਨ ਨੇ ਕਰ ਦਿੱਤਾ। ਸੰਜੇ ਸਿੰਘ ਹਾਜ਼ਰ ਸਨ, ਸ੍ਰੀ ਦਰਬਾਰ ਸਾਹਿਬ ਦੀ ਫੋਟੋ ਮੁੱਖ ਪੰਨੇ ਤੇ ਲਾ ਕੇ ਨਾਲ ਝਾੜੂ ਦਾ ਨਿਸ਼ਾਨ ਵੀ ਲਾ ਦਿੱਤਾ, ਦਰਬਾਰ ਸਾਹਿਬ ਦੀ ਹਤਕ ਹੋਈ, ਤੜਥੱਲੀ ਮੱਚ ਗਈ, ਰੋਲਾ ਪਿਆ ਤਾ ਪੰਜਾਬ ਦੇ ਪ੍ਰਧਾਨ ਦਾ ਬਿਆਨ ਆ ਗਿਆ ਕਿ ਇਹ ਤਾਂ ਇਨ੍ਹਾਂ ਨੂੰ ਦਿਖਾਇਆ ਹੀ ਨਹੀਂ ਗਿਆ ਤੇ ਅਵੱਗਿਆ ਦੀ ਗਲਤੀ ਮੰਨ ਲਈ। ਕਿਹੋ ਜਿਹੀ ਪਾਰਟੀ ਹੈ, ਜਿਹੜੀ ਪੰਜਾਬ ਦੇ ਪ੍ਰਧਾਨ ਨੂੰ ਮੈਨੀਫੈਸਟੋ ਪੜ੍ਹਾਉਂਦੀ ਹੀ ਨਹੀਂ, ਉਸ ਤੋਂ ਪੁੱਛਣਾ ਤਾ ਕੀ ਸੀ?
ਸ. ਫੂਲਕਾ ਸਿਆਣੇ ਪੁਰਸ਼ ਹਨ, ਉਨ੍ਹਾਂ ਦੀ ਸਲਾਹ ਤੇ ਸ੍ਰੀ ਕੇਜ਼ਰੀਵਾਲ ਅਸ਼ੀਸ਼ ਖੇਤਾਨ ਸਮੇਤ 18 ਜੁਲਾਈ ਨੂੰ ਅੰਮ੍ਰਿਤਸਰ ਆਏ, ਦਰਬਾਰ ਸਾਹਿਬ ਵਿੱਚ ਨਮਸਤਕ ਹੋਏ। ਗਲਤੀ ਮੰਨ ਲਈ। ਸਵੇਰੇ-ਸਵੇਰੇ ਲੰਗਰ ਦੀ ਸੇਵਾ ਕਰਦਿਆ ਦੀਆਂ ਫੋਟੋਆਂ ਮੀਡੀਏ ਵਿੱਚ ਆ ਗਈਆਂ। ਟੀ.ਵੀ. ਵਿੱਚ ਸਾਫ ਦਿਸਦਾ ਸੀ, ਇਹ ਸਾਰੇ ਸਾਫ ਭਾਡਿਆ ਨੂੰ ਫੇਰ ਪਾਣੀ ਵਿੱਚ ਪਾ ਕੇ ਸਾਫ ਕਰ ਰਹੇ ਸਨ। ਇਹ ਗੱਲ ਵਿਰੋਧੀ ਪਾਰਟੀਆਂ ਨੇ ਪ੍ਰਚਾਰ ਦਿੱਤੀ। ਇਸ ਨਾਲ ਪੁਜੀਸ਼ਨ ਹੋਰ ਵੀ ਖਰਾਬ ਹੋਈ, ਗੁਰੂ ਘਰ ਦੀ ਸੇਵਾ ਨਹੀਂ ਹੋਈ। ਉਸ ਸਮੇਂ ਜੂਠੇ ਭਾਂਡੇ ਹੁੰਦੇ ਹੀ ਨਹੀਂ ਹਨ। ਇਨ੍ਹਾਂ ਵਿੱਚ ਦੂਜੀਆਂ ਪਾਰਟੀਆਂ ਦੇ ਭਗੌੜੇ ਤੇ ਲਾਲਚੀ ਅਫਸਰ ਆ ਰਹੇ ਹਨ ਟਿਕਟਾਂ ਪਿੱਛੋਂ ਵੱਡੀ ਨੱਸ-ਭੱਜ ਹੋਏਗੀ। ਅਨੁਸ਼ਾਸ਼ਨ ਬਿਲਕੁਲ ਨਹੀਂ। ਪੰਜਾਬ ਵਿੱਚ ਅਕਾਲੀ ਸਰਕਾਰ ਵੀ ਆਪਣੀ ਦਿੱਖ ਘਟਾ ਚੁੱਕੀ ਹੈ। ਲੋਕਾਂ ਨੂੰ ਸੋਚਣਾ ਹੋਏਗਾ ਕਿ ਕਿਹੜਾ ਲੀਡਰ ਉਨ੍ਹਾਂ ਦਾ ਭਲਾ ਕਰ ਸਕਦਾ ਹੈ।

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …