Breaking News
Home / ਨਜ਼ਰੀਆ / ਹੈਵਾਨ ਅਤੇ ਫਰਿਸ਼ਤੇ

ਹੈਵਾਨ ਅਤੇ ਫਰਿਸ਼ਤੇ

ਵਾਹਗੇ ਵਾਲੀ ਲਕੀਰ
ਡਾ: ਸ. ਸ. ਛੀਨਾ
ਸਰਦਾਰ ਅਮਰਜੀਤ ਸਿੰਘ ਪੰਜਾਬ ਪੁਲਿਸ ਵਿਚ ਐਸ.ਪੀ ਦੀ ਪਦਵੀ ਤੋਂ ਰਿਟਾਇਰ ਹੋ ਕੇ, ਮੁਹਾਲੀ ਦੇ ਖੂਬਸੂਰਤ ਘਰ ਵਿਚ ਹਰ ਤਰ੍ਹਾਂ ਨਾਲ ਸੁਖੀ ਜੀਵਨ ਬਿਤਾ ਰਹੇ ਹਨ ਅਤੇ ਉਹਨਾਂ ਦੇ ਬੱਚਿਆਂ ਦੇ ਉਚੇ ਅਹੁਦਿਆਂ ‘ਤੇ ਬਿਰਾਜਮਾਨ ਹੋਣ ਕਰਕੇ ਉਹ ਆਪਣੇ ਆਪ ਵਿਚ ਮਾਨਸਿਕ ਤੌਰ ‘ਤੇ ਸੰਤੁਸ਼ਟ ਸਨ ਪਰ ਫਿਰ ਵੀ ਦੇਸ਼ ਦੀ ਵੰਡ ਦੇ ਸਮੇਂ ਤੇ 60 ਸਾਲਾਂ ਤੋਂ ਵੱਧ ਸਮੇਂ ਤੋਂ ਛੱਡੇ ਆਪਦੇ ਪਿੰਡ ਬਾਵਲ ਦੀਆਂ ਕੌੜੀਆਂ ਮਿੱਠੀਆਂ ਯਾਦਾਂ ਉਹਨਾਂ ਨੂੰ ਲਗਾਤਾਰ ਨਹੀਂ ਭੁੱਲ ਸਕੀਆਂ ਅਤੇ ਅਜੇ ਵੀ ਉਹ ਸੁਪਨਿਆਂ ਵਿਚ ਪੋਠੋਹਾਰ ਦੇ ਇਲਾਕੇ ਵਿਚ ਜੇਹਲਮ ਦਰਿਆ ਦੇ ਨਾਲ ਵਗਦੇ ਇਕ ਨਾਲੇ ਸੁਹਾਂ ਦੇ ਕੰਢੇ ਤੁਰਦੇ ਤੁਰਦੇ ਦੂਰ ਤੱਕ ਆਪਣੇ ਇਲਾਕੇ ਦੇ ਖੂਬਸੂਰਤ ਫੁੱਲਾਂ ਅਤੇ ਫਲਾਂ ਵਾਲੇ ਦਰਖਤਾਂ ਤੋਂ ਮਿੱਠੇ ਮਿੱਠੇ ਫਲ ਖਾਂਦੇ ਨੀਂਦ ਵਿਚੋਂ ਜਾਗ ਪੈਂਦੇ ਹਨ। ਪਿੰਡ ਵਿਚ ਉਹਨਾਂ ਦਾ ਗੁਜ਼ਾਰਿਆ ਹੋਇਆ ਬਹੁਤ ਸੁਖੀ ਜੀਵਨ ਉਹਨਾਂ ਨੂੰ ਨਹੀਂ ਭੁੱਲ ਸਕਿਆ ਜਿਸ ਪਿੰਡ ਦੇ ਕੱਚੇ ਪੱਕੇ ਸਕੂਲ ਵਿਚ ਉਹ ਪ੍ਰਾਇਮਰੀ ਦੇ ਵਿਦਿਆਰਥੀ ਸਨ। ਜ਼ਿਲ੍ਹਾ ਰਾਵਲਪਿੰਡੀ ਦੀ ਤਹਿਸੀਲ ਗੁਜਰਖਾਨ ਦਾ ਇਹ ਪਿੰਡ ਬਾਵਲ, ਜਿਸ ਵਿਚ 95 ਫੀਸਦੀ ਅਬਾਦੀ ਹਿੰਦੂਆਂ ਸਿੱਖਾਂ ਦੀ ਸੀ ਪਰ ਉਹ ਪੰਜ ਫੀਸਦੀ ਮੁਸਲਿਮ ਵਸੋਂ ਵੀ ਪਿੰਡ ਦੇ ਹਿੰਦੂਆਂ ਸਿੱਖਾਂ ਨੂੰ ਖਾਸ ਸਤਿਕਾਰ ਅਤੇ ਪਿਆਰ ਦਿੰਦੇ ਸਨ। ਉਸ ਤਰ੍ਹਾਂ ਤਾਂ ਰਾਵਲਪਿੰਡੀ ਜ਼ਿਲ੍ਹਾ ਵਿਦਿਆ ਦੇ ਪੱਖੋਂ ਬਹੁਤ ਅੱਗੇ ਸੀ, ਪਰ ਇਸ ਪਿੰਡ ਦੀ ਜ਼ਿਆਦਾਤਰ ਵਸੋਂ ਪੜ੍ਹੀ ਲਿਖੀ ਹੋਣ ਕਰਕੇ ਕਾਫੀ ਲੋਕ ਚੰਗੀਆਂ ਸਰਕਾਰੀ ਨੌਕਰੀਆਂ ‘ਤੇ ਲੱਗੇ ਹੋਏ ਸਨ, ਸ਼ਾਇਦ ਉਸ ਵਕਤ ਦਾ ਰਾਵਲਪਿੰਡੀ ਦਾ ਡੀ.ਸੀ ਸ. ਗੋਕਲ ਸਿੰਘ ਵੀ ਇਸ ਹੀ ਪਿੰਡ ਦਾ ਸੀ। ਜ਼ਿਆਦਾ ਲੋਕਾਂ ਦੇ ਚੰਗੀਆਂ ਨੌਕਰੀਆਂ ‘ਤੇ ਹੋਣ ਕਰਕੇ ਇਸ ਪਿੰਡ ਨੂੰ ਜੱਜਾਂ ਦਾ ਪਿੰਡ ਕਹਿੰਦੇ ਸਨ।
ਸ. ਅਮਰਜੀਤ ਸਿੰਘ ਦੇ ਪਿਤਾ ਸ. ਮੋਹਨ ਸਿੰਘ ਦੀ ਆਟੇ ਦੀ ਚੱਕੀ ਸੀ ਜੋ ਡੀਜਲ ਇੰਜਣ ਨਾਲ ਚਲਦੀ ਸੀ ਇਸ ਵਿਚ ਆਟਾ ਪੀਸਣ ਦੇ ਨਾਲ-ਨਾਲ ਤੇਲ ਕੱਢਣ ਵਾਲੀਆਂ ਅੱਠ ਘਾਣੀਆਂ ਵੀ ਚੱਲਦੀਆਂ ਸਨ, ਉਸ ਇਲਾਕੇ ਵਿਚ ਇਹ ਹੀ ਇਕ ਚੱਕੀ ਹੋਣ ਕਰਕੇ ਦੂਰ-ਦੂਰ ਦੇ ਪਿੰਡਾਂ ਵਿਚੋਂ ਜਿਹੜੇ ਲੋਕ ਆਟਾ ਪਿਸਵਾਉਣ ਉਥੇ ਆਉਂਦੇ ਹੁੰਦੇ ਸਨ ਅਤੇ ਉਹਨਾਂ ਦੇ ਊਠਾਂ ‘ਤੇ ਬੋਰੀਆਂ ਰੱਖੀ ਆਉਣਾ ਅਤੇ ਫਿਰ ਬਹੁਤ ਉਚੇ ਅਤੇ ਖੁੱਲ੍ਹੇ ਦਲਾਨ ਵਿਚ ਉਹਨਾਂ ਵਲੋਂ ਇਹ ਬੋਰੀਆਂ ਉਤਾਰਣੀਆਂ ਅਤੇ ਜਾਮਨੂੰ ਰੰਗ ਨਾਲ ਉਹਨਾਂ ਤੇ ਨਾਂ ਲਿਖਣਾ, ਧੁੱਪ ਕਰਕੇ ਜਾਂ ਮੀਂਹ ਕਰਕੇ ਉਥੇ ਰੁਕ ਜਾਣਾ ਅਤੇ ਪੋਠੋਹਾਰੀ ਬੋਲੀ ਵਿਚ ਕੀਤੀਆਂ ਗੱਲਾਂ ਅਜੇ ਤਕ ਉਹਨਾਂ ਨੂੰ ਨਹੀਂ ਭੁੱਲ ਸਕੀਆਂ । 15 ਜਾਂ 20 ਦਿਨਾਂ ਬਾਅਦ ਫਿਰ ਊਠਾਂ ‘ਤੇ ਆ ਕੇ ਆਟਾ ਲੈ ਕੇ ਜਾਣਾ ਅਤੇ ਊਠਾਂ ਦੀਆਂ ਟੱਲੀਆਂ ਦੀਆਂ ਮਿੱਠੀਆਂ ਅਵਾਜ਼ਾਂ ਜੋ ਕਈ ਵਾਰ ਪਿੰਡ ਵਿਚ ਪਹੁ ਫੁੱਟਣ ਤੋਂ ਪਹਿਲਾਂ ਹੀ ਆ ਜਾਂਦੇ ਸਨ। ਨਾ ਹੀ ਉਹਨਾਂ ਨੂੰ ਆਪਣੇ ਪਿੰਡ ਦੇ ਉਹ ਮਿਹਨਤੀ ਮਾਸਟਰ ਅਤੇ ਉਹਨਾਂ ਦਾ ਉੱਚਾ ਕਿਰਦਾਰ ਭੁੱਲਿਆ ਹੈ ਜਿਨ੍ਹਾਂ ਨੇ ਉਹਨਾਂ ਨੂੰ ਕੁਝ ਕਰ ਸਕਣ ਦੇ ਰਾਹ ਤੇ ਪਾਉਂਦਿਆਂ ਉਹਨਾਂ ਦੀ ਠੋਸ ਬੁਨਿਆਦ ਰੱਖੀ ਸੀ। ਅੱਜ ਵੀ ਜਦੋਂ ਉਹ ਇਕੱਲੇ ਅਤੇ ਵਿਹਲੇ ਹੁੰਦੇ ਹਨ ਤਾਂ ਪਿੰਡ ਦਾ ਉਹ ਖੂਬਸੂਰਤ ਨਜ਼ਾਰਾ ਉਹਨਾਂ ਦੀਆਂ ਨਜਰਾਂ ਅੱਗੇ ਘੁੰਮ ਜਾਂਦਾ ਹੈ।
ਫਿਰ ਉਹਨਾਂ ਨੂੰ ਦੁਖੀ ਕਰਦੀ ਹੈ ਪਿੰਡ ਦੀ ਉਹ ਕੌੜੀ ਯਾਦ ਜੋ 1947 ਵਿਚ ਵਾਪਰੀ ਅਤੇ ਜਿਸ ਵਿਚ ਪਿੰਡ ਦੇ ਜ਼ਿਆਦਾਤਰ ਮੁਸਲਿਮ ਲੋਕ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਰਹੇ ਪਰ ਪਿੰਡ ਦੇ ਕੁਝ ਸ਼ਰਾਰਤੀ ਲੋਕਾਂ ਅਤੇ ਖਾਸ ਕਰਕੇ ਪਿੰਡ ਦੇ ਇਕ ਬਦਮਾਸ਼ ਦੀ ਵਜਾਹ ਕਰਕੇ ਉਹ ਵੱਡੀ ਦੁਰਘਟਨਾ ਘਟੀ। ਕਿਸੇ ਦੀ ਗਲਤ ਅਫਵਾਹ ਜੋ ਬਿਲਕੁਲ ਨਿਰਮੂਲ ਅਤੇ ਗਲਤ ਸੀ ਕਿ ਰਾਵਲਪਿੰਡੀ ਵਿਚ ਸਿੱਖਾਂ ਹਿੰਦੂਆਂ ਨੇ ਇਕ ਮਸਜਿਦ ਸਾੜ ਦਿੱਤੀ ਹੈ ਦੇ ਫੈਲ ਜਾਣ ਕਰਦੇ ਇਲਾਕੇ ਦੇ ਮੁਸਲਮਾਨ ਧਾੜਵੀਆਂ ਨੇ ਪਿੰਡ ਨੂੰ ਘੇਰ ਲਿਆ। ਭਾਵੇਂ ਕਿ ਇਸ ਵਿਚ ਵੀ ਕੁਝ ਸ਼ਰਾਰਤੀ ਅਤੇ ਬਦਮਾਸ਼ ਲੋਕ ਹੀ ਸਨ ਅਤੇ ਪਿੰਡ ਦੇ ਮੁਸਲਮਾਨਾਂ ਨਾਲ ਚੰਗੇ ਸਬੰਧ ਹੋਣ ਕਰਕੇ ਉਹ ਬਚਾਉਣ ਦੀ ਕੋਸ਼ਿਸ਼ ਵੀ ਕਰਦੇ ਸਨ ਪਰ ਇਸ ਭੀੜ ਦੇ ਮਹੌਲ ਵਿਚ ਕਿਸੇ ਦੀ ਪੇਸ਼ ਨਾ ਗਈ। ਸਾਰੇ ਸਿੱਖ ਪਿੰਡ ਦੇ ਗੁਰਦਵਾਰੇ ਵਿਚ ਇਕੱਠੇ ਹੋ ਗਏ ਅਤੇ ਜਦੋਂ ਇਹ ਵੇਖਿਆ ਕਿ ਇਸ ਘੇਰੇ ਵਿਚੋਂ ਬਚ ਨਿਕਲਣਾ ਮੁਸ਼ਕਿਲ ਹੈ ਤਾਂ ਚਾਰ ਚਾਰ ਸਿੱਖਾਂ ਨੇ ਇਹ ਤਹਿ ਕਰਕੇ ਕਿ ਹੁਣ ਬਚਣਾਂ ਤਾਂ ਨਹੀਂ ਤਲਵਾਰਾਂ ਲੈ ਕੇ ਬਾਹਰ ਭੀੜ ਦਾ ਮੁਕਾਬਲਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਇਸ ਪ੍ਰਕਾਰ ਆਪਣੀਆਂ ਜਾਨਾਂ ਦੇ ਦਿੱਤੀਆਂ ਔਰਤਾਂ ਨੇ ਖੂਹ ਵਿਚ ਛਾਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਕਈ ਮਰਦਾਂ ਨੇ ਮਰਨ ਤੋਂ ਪਹਿਲਾਂ ਆਪ ਆਪਣੇ ਘਰ ਦੀਆਂ ਔਰਤਾਂ ਦਾ ਕਤਲ ਕੀਤਾ। ਭਾਵੇਂ ਕਿ ਅਮਰਜੀਤ ਸਿੰਘ ਆਪਣੀ ਮਾਤਾ ਜੀ ਨਾਲ ਉਸ ਦਿਨ ਗੁਜਰਖਾਨ ਗਏ ਹੋਏ ਸਨ ਪਰ ਉਹਨਾਂ ਦੇ ਬਾਪ ਅਤੇ ਚਾਚੇ ਤਾਏ ਅਤੇ ਹੋਰ ਪਰਿਵਾਰ ਇਸ ਦੁਰਘਟਨਾ ਵਿਚ ਮਾਰੇ ਗਏ ਕਈ ਪਰਿਵਾਰਾਂ ਦੇ ਪੰਜ ਛੇ ਜੀਅ ਅਤੇ ਸ. ਜੋਧ ਸਿੰਘ ਜਿਸ ਦੇ ਅੱਠ ਲੜਕੇ ਸਨ ਅਤੇ ਉਸ ਦਾ ਵੱਡਾ ਵਪਾਰ ਸੀ ਅਤੇ ਉਹ ਸੁਖੀ ਜੀਵਨ ਜੀ ਰਿਹਾ ਸੀ ਵੱਡਾ ਦਾਨੀ ਸੀ ਅਤੇ ਜਨਤਕ ਕੰਮ ਵਿਚ ਸਭ ਤੋਂ ਅੱਗੇ ਵਧ ਕੇ ਹਿੱਸਾ ਪਾਉਂਦਾ ਸੀ ਉਹ ਆਪ ਤਾਂ ਉੱਥੇ ਨਾ ਹੋਣ ਕਰਕੇ ਬਚ ਗਿਆ ਪਰ ਉਸ ਦੇ ਅੱਠ ਦੇ ਅੱਠ ਲੜਕੇ ਇਸ ਵਿਚ ਮਾਰੇ ਗਏ। ਬਾਅਦ ਵਿਚ ਜਦ ਇਕ ਵਾਰ ਉਹ ਜਥੇ ਨਾਲ ਪਾਕਿਸਤਾਨ ਗਿਆ ਤਾਂ ਕੁਝ ਲੋਕਾਂ ਦੀ ਪ੍ਰੇਰਣਾ ਕਰਕੇ ਆਪਣਾ ਪਿੰਡ ਵੇਖਣ ਚਲਾ ਗਿਆ ਪਰ ਪਿੰਡ ਪਹੁੰਚਦਿਆਂ ਹੀ ਆਪਣਾ ਪਿਛਲਾ ਸਮਾਂ ਯਾਦ ਕਰਕੇ ਉਸ ਨੂੰ ਗਸ਼ ਪੈ ਗਈ।
ਇਧਰ ਆ ਕੇ ਜਦੋਂ ਕਈ ਲੋਕ ਉਸ ਨੂੰ ਬਜੁਰਗ ਅਵਸਥਾ ਵਿਚ ਪੈਂਚਰ ਲਾਉਂਦੇ ਵੇਖਦੇ ਸਨ ਤਾਂ ਉਸ ਦੇ ਜਾਣਕਾਰ ਉਸ ਦੀ ਵਿਥਿਆ ਬਾਅਦ ਵਿਚ ਇਕ ਦੂਜੇ ਨੂੰ ਦੱਸਦੇ ਸਨ। ਇਹ ਸੀ ਉਸ ਪਿੰਡ ਦੀ ਕੌੜੀ ਯਾਦ ਪਰ ਉਹਨਾਂ ਦੀ 37 ਸਾਲ ਦੀ ਪੁਲਿਸ ਦੀ ਸੇਵਾ ਵਿਚ ਇਸ ਗਲ ਦਾ ਪ੍ਰਤੱਖ ਜਾਨਣਾ ਕਿ ਜਿਆਦਾਤਰ ਲੋਕ ਅਮਨ ਪਸੰਦ ਹੁੰਦੇ ਹਨ ਅਤੇ ਕੁਝ ਕੁ ਸ਼ਰਾਰਤੀ ਲੋਕਾਂ ਦੀ ਵਜਾਹ ਕਰਕੇ ਸਵਰਗ ਵਾਲੀ ਸਥਿਤੀ ਨਰਕ ਵਿਚ ਬਦਲ ਜਾਂਦੀ ਹੈ ਤਾਂ ਉਹਨਾਂ ਨੂੰ ਆਪਣੇ ਪਿੰਡ ਦਾ ਉਹ ਹੈਵਾਨ ਬਾਂਕਾਂ ਯਾਦ ਆ ਜਾਂਦਾ ਹੈ ਜਿਸ ਨੇ ਗਲਤ ਅਫਵਾਹ ਅਤੇ ਸੂਚਨਾ ਫੈਲਾਅ ਕੇ ਬਲੋਚ ਮਿਲਟਰੀ ਨੂੰ ਗੁਰਦਵਾਰੇ ਵਿਚ ਬੰਬ ਸੁੱਟਣ ਲਈ ਭੜਕਾਇਆ ਅਤੇ ਕਈ ਪਰਿਵਾਰਾਂ ਨੂੰ ਜ਼ਿੰਦਗੀ ਭਰ ਨਾਲ ਚਲਣ ਵਾਲੇ ਜਖਮ ਦੇ ਦਿੱਤੇ ਜੋ ਮਰਦੇ ਦਮ ਤਕ ਖਤਮ ਨਾ ਹੋਏ। ਉਹੋ ਘਰ ਜਿੱਥੇ ਬਾਹਰ ਤੋਂ ਲੋਕ ਆ ਕੇ ਉਹਨਾਂ ਕੋਲੋਂ ਸੁਰੱਖਿਆ ਲੈਂਦੇ ਹੁੰਦੇ ਸਨ। ਉਹ ਘਰ ਹੁਣ ਉਹਨਾਂ ਲਈ ਅਸੁਰੱਖਿਅਤ ਹੋ ਗਿਆ ਅਤੇ ਉਹਨਾਂ ਹੀ ਘਰ ਵਿਚੋਂ ਨਿਕਲ ਕੇ ਬਾਹਰ ਜਾ ਕੇ ਆਪਣੇ ਆਪ ਨੂੰ ਸੁਰੱਖਿਅਤ ਸਮਝਦੇ ਸਨ ਅਤੇ ਔਰਤਾਂ ਜਦੋਂ ਖੂਹ ਵਿਚ ਛਾਲ ਮਾਰਦੀਆਂ ਸਨ ਤਾਂ ਮਨ ਵਿਚ ਇਹੋ ਸੋਚ ਕਿ ਉਹ ਛੇਤੀ ਮਰ ਜਾਣ। ਕਿਸ ਤਰਾਂ ਭੁੱਲ ਸਕਦੀਆ ਸਨ ਇਹ ਯਾਦਾਂ ।
ਪਰ ਫਿਰ ਉਹ ਯਾਦ ਜਦੋਂ ਇਕ ਮੁਸਲਿਮ ਪਰਿਵਾਰ ਦੀ ਕੁਰਬਾਨੀ ਨਾਲ ਇਕ ਰਿਸ਼ਤੇਦਾਰ ਦਾ ਬਚਣਾ, ਫਿਰ ਇਹ ਗਲ ਸਚ ਸਾਬਿਤ ਕਰਦਾ ਸੀ ਕਿ ਕੁਝ ਕੁ ਲੋਕ ਹੀ ਹੈਵਾਨ ਹੁੰਦੇ ਹਨ। ਸ. ਅਮਰਜੀਤ ਸਿੰਘ ਦੇ ਜੀਜਾ ਜੀ ਰਾਵਲਪਿੰਡੀ ਦੇ ਇਕ ਬਹੁਤ ਹੀ ਖੂਬਸੂਰਤ ਕਸਬੇ ਕੋਹਾਲਾ ਪਤਨ ਵਿਚ ਅਧਿਆਪਕ ਸ਼ਨ ਪਰ ਆਪਣੇ ਅਧਿਆਪਕ ਦੇ ਕੰਮ ਤੋਂ ਇਲਾਵਾ ਉਹ ਵੈਦ ਦਾ ਕੰਮ ਵੀ ਕਰਦੇ ਸਨ ਜਿਸ ਦੇ ਬਹੁਤ ਚੰਗੇ ਸਿੱਟੇ ਨਿਕਲਦੇ ਸਨ। ਉਸ ਇਲਾਕੇ ਵਿਚ ਭਾਵੇਂ ਮੁਸਲਿਮ ਵਸੋਂ ਜ਼ਿਆਦਾ ਸੀ ਪਰ ਹਿੰਦੂ ਸਿੱਖ ਵੀ ਕਾਫੀ ਗਿਣਤੀ ਵਿਚ ਸਨ। ਉਹ ਵਪਾਰ, ਆਵਾਜਾਈ, ਠੇਕੇ ਅਤੇ ਨੌਕਰੀਆਂ ‘ਤੇ ਲੱਗੇ ਹੋਏ ਸਨ। ਵੈਦ ਦਾ ਕੰਮ ਕਰਣ ਕਰਕੇ ਪਿੰਡ ਦੇ ਹੀ ਨਹੀਂ, ਨਾਲ ਦੇ ਖੇਤਰਾਂ ਦੇ ਲੋਕ ਵੀ ਉਹਨਾਂ ਤੋਂ ਦਵਾਈ ਲੈਣ ਆਉਂਦੇ ਸਨ ਅਤੇ ਇਸ ਕਰਕੇ ਉਹਨਾਂ ਨੂੰ ਵੈਦ ਜੀ ਕਿਹਾ ਜਾਂਦਾ ਸੀ। ਬਹੁਤ ਸਾਰੇ ਪਰਿਵਾਰਾਂ ਦੇ ਠੀਕ ਇਲਾਜ ਕਰਕੇ ਉਹਨਾਂ ਨੂੰ ਵੈਦ ਜੀ ਨੇ ਨਵਾਂ ਜੀਵਨ ਬਖਸ਼ਿਆ ਸੀ। ਜਿਸ ਕਰਕੇ ਉਹ ਲੋਕ ਉਹਨਾਂ ਨੂੰ ਆਪਣੇ ਇਲਾਕੇ ਵਿਚ ਆਇਆ ਇਕ ਫਰਿਸ਼ਤਾ ਸਮਝਦੇ ਸਨ ਅਤੇ ਉਹਨਾਂ ਦਾ ਵੱਡਾ ਸਤਿਕਾਰ ਕਰਦੇ ਸਨ। ਉਸ ਤਰ੍ਹਾਂ ਵੈਦ ਜੀ ਵੀ ਭਾਵੇਂ ਪਿਛੋਂ ਪੋਠੋਹਾਰ ਦੇ ਮਸ਼ਹੂਰ ਪਿੰਡ ਹਰਿਆਲ ਤੋਂ ਸਨ ਪਰ ਇਸ ਇਲਾਕੇ ਵਿਚ ਉਹਨਾਂ ਦਾ ਇੰਨਾ ਦਿਲ ਲੱਗਾ ਸੀ ਕਿ ਉਹ ਹਮੇਸ਼ਾਂ ਲਈ ਹੀ ਇਸ ਹੀ ਪਿੰਡ ਵਿਚ ਰਹਿਣਾ ਚਾਹੁੰਦੇ ਸਨ, ਉਦੋਂ ਤਾਂ ਕਿਸੇ ਕਦੀ ਸੋਚਿਆ ਵੀ ਨਹੀਂ ਸੀ ਕਿ ਇਕ ਦਮ ਦਿਨ ਬਦਲ ਜਾਣਗੇ ਅਤੇ ਇਸ ਅਧਾਰ ‘ਤੇ ਕਟ ਵੱਢ ਸੁਰੂ ਹੋ ਜਾਵੇਗੀ ਕਿ ਲੋਕ ਆਪਣੇ ਘਰਾਂ ਵਿਚ ਵੀ ਸੁਰੱਖਿਅਤ ਨਹੀਂ ਰਹਿਣਗੇ। 1947 ਦੀ ਚੱਲੀ ਇਸ ਹਨ੍ਹੇਰੀ ਵਿਚ ਉਸ ਇਲਾਕੇ ਦੇ ਬਦਮਾਸ਼ਾਂ ਨੇ ਇਲਾਕੇ ਦੇ ਸਿੱਖਾਂ, ਹਿੰਦੂਆਂ ਨੂੰ ਅਚਾਨਕ ਮਾਰਨਾ ਸ਼ੁਰੂ ਕਰ ਦਿੱਤਾ ਅਤੇ ਇਹ ਲੋਕ ਉਥੋਂ ਭੱਜਣੇ ਸ਼ੁਰੂ ਹੋ ਗਏ, ਪਰ ਬਹੁਤ ਘੱਟ ਗਿਣਤੀ ਵਿਚ ਹੋਣ ਕਰਕੇ ਅਤੇ ਉਹਨਾਂ ਦੀ ਖਾਸ ਪਹਿਚਾਣ ਕਰਕੇ ਸਿੱਖਾਂ ਦਾ ਬਚਣਾ ਬਹੁਤ ਮੁਸ਼ਕਿਲ ਹੋ ਗਿਆ ਪਰ ਫਿਰ ਇਹ ਗਲਾਂ ਵੀ ਸਾਹਮਣੇ ਆਉਣ ਲਗ ਪਈਆਂ ਕਿ ਕਈ ਪਿੰਡਾਂ ਵਿਚ ਕਈ ਮੁਸਲਮਾਨਾਂ ਨੇ ਸਿੱਖਾਂ ਨੂੰ ਆਪਣੇ ਘਰਾਂ ਵਿਚ ਲੁਕਾ ਲਿਆ ਹੈ ਪਰ ਬਦਮਾਸ਼ਾਂ ਨੇ ਉਹਨਾਂ ਮੁਸਲਮਾਨਾਂ ਦੇ ਪਰਿਵਾਰਾਂ ਨੂੰ ਵੀ ਇਸ ਕਰਕੇ ਮਾਰ ਦਿੱਤਾ ਕਿਉਂ ਜੋ ਉਹਨਾ ਨੇ ਸਿੱਖਾਂ, ਹਿੰਦੂਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੀ।
ਪਰ ਕੋਹਾਲਾ ਵਿਚ ਵੈਦ ਜੀ ਦੇ ਨਾਲ ਨੌਕਰੀ ਕਰਦੇ ਮਾਸਟਰ ਜੀ ਤੂਫੈਲ ਮੁਹੰਮਦ ਨੇ ਇਹ ਸਭ ਕੁਝ ਦੇ ਬਾਵਜੂਦ, ਵੈਦ ਜੀ ਨੂੰ ਆਪਣੇ ਘਰ ਲੁਕਾ ਲਿਆ ਅਤੇ ਹਰ ਰੋਜ ਇਹ ਗਲਾਂ ਸਾਹਮਣੇ ਆਉਂਦੀਆਂ ਰਹੀਆਂ ਕਿ ਉਸ ਕਸਬੇ ਵਿਚ ਇੰਨੇ ਲੋਕ ਮਾਰ ਦਿੱਤੇ ਹਨ, ਉਸ ਪਤਨ ਤੇ ਸਿੱਖਾਂ, ਹਿੰਦੂਆਂ ਦੇ ਬਚਣ ਦੀ ਕੋਸ਼ਿਸ਼ ਵਿਚ ਉਹਨਾਂ ‘ਤੇ ਹਮਲਾ ਕਰਕੇ ਇੰਨੇ ਵਿਅਕਤੀ ਮਾਰ ਦਿੱਤੇ ਅਤੇ ਇਹਨਾਂ ਗਲਾਂ ਨੂੰ ਮਾਸਟਰ ਜੀ ਆਪਣੇ ਕੋਲ ਹੀ ਰੱਖਦੇ ਅਤੇ ਵੈਦ ਜੀ ਨੂੰ ਵੀ ਨਾ ਦੱਸਦੇ।
ਇਕ ਦਿਨ ਮੁਸਲਮਾਨਾਂ ਦੇ ਇਕ ਗਰੋਹ ਨੇ ਫੈਸਲਾ ਕੀਤਾ ਕਿ ਕੱਲ੍ਹ ਤੋਂ ਹਰ ਘਰ ਦੀ ਤਲਾਸ਼ੀ ਲਈ ਜਾਵੇ ਅਤੇ ਜਿਨ੍ਹਾਂ ਘਰਾਂ ਵਿਚ ਹਿੰਦੂਆਂ ਸਿੱਖਾਂ ਨੂੰ ਲੁਕਾਇਆ ਹੋਇਆ ਹੈ ਉਹ ਮੁਸਲਿਮ ਪਰਿਵਾਰਾਂ ਨੂੰ ਵੀ ਮਾਰ ਦਿੱਤਾ ਜਾਵੇ। ਮਾਸਟਰ ਜੀ ਨੇ ਇਹ ਖਬਰ ਸੁਣ ਤਾਂ ਲਈ, ਪਰ ਵੈਦ ਜੀ ਨੂੰ ਨਾ ਦੱਸੀ । ਉਸ ਤਰ੍ਹਾਂ ਮਾਸਟਰ ਜੀ ਇਹ ਗਲ ਕਈ ਵਾਰ ਕਰਦੇ ਹੁੰਦੇ ਸਨ ਕਿ ਕਿੰਨੀ ਬੁਜਦਿਲੀ ਹੈ ਸਾਡੇ ਲੋਕਾਂ ਵਿਚ ਜ਼ਿਆਦਾ ਲੋਕ ਇਨ੍ਹਾਂ ਹਿੰਦੂਆਂ ਸਿੱਖਾਂ ਨੂੰ ਬਚਾਉਣਾ ਚਾਹੁੰਦੇ ਹਨ ਪਰ ਥੋੜ੍ਹੇ ਜਿਹੇ ਬਦਮਾਸ਼ਾਂ ਅੱਗੇ ਬੋਲ ਨਹੀਂ ਸਕਦੇ ਅਤੇ ਡਰਦੇ ਹੋਏ ਉਹਨਾਂ ਬਦਮਾਸਾਂ ਦੀ ਹਰ ਗੱਲ ਮੰਨਦੇ ਜਾ ਰਹੇ ਹਨ, ਇਸ ਦੇ ਨਾਲ ਹੀ ਮਾਸਟਰ ਜੀ ਨੂੰ ਇਹ ਉਮੀਦ ਹੁੰਦੀ ਕਿ ਜ਼ਰੂਰ ਕੱਲ੍ਹ ਤੋਂ ਸਰਕਾਰ ਹਰਕਤ ਵਿਚ ਆ ਜਾਵੇਗੀ ਅਤੇ ਇਨ੍ਹਾਂ ਦੀ ਸੁਰੱਖਿਆ ਲਈ ਮਿਲਟਰੀ ਜਾਂ ਪੁਲਿਸ ਦਾ ਇੰਤਜਾਮ ਕਰੇਗੀ ਪਰ ਅਗਲੇ ਦਿਨ ਫਿਰ ਕੁਝ ਵੀ ਨਾ ਹੁੰਦਾ ਤਾਂ ਮਾਸਟਰ ਜੀ ਨੂੰ ਸਰਕਾਰ ਦੇ ਵਿਵਹਾਰ ‘ਤੇ ਗੁੱਸਾ ਆਉਂਦਾ।
ਪਰ ਜਦੋਂ ਵੈਦ ਜੀ ਨੂੰ ਇਸ ਤਲਾਸ਼ੀ ਵਾਲੀ ਗਲ ਦਾ ਪਤਾ ਲਗ ਗਿਆ ਤਾਂ ਉਹਨਾਂ ਨੇ ਆਪ ਹੀ ਮਹਿਸੂਸ ਕਰ ਲਿਆ ਕਿ ਹੁਣ ਉਸ ਨੂੰ ਆਪ ਹੀ ਚਲੇ ਜਾਣਾ ਚਾਹੀਦਾ ਹੈ ਅਤੇ ਇਸ ਭਲੇ ਮਾਣਸ ਪਰਿਵਾਰ ਨੂੰ ਖਤਰੇ ਵਿਚ ਨਹੀਂ ਪਾਉਣਾ ਚਾਹੀਦਾ ਤਾਂ ਉਹਨਾਂ ਨੇ ਅਗਲੀ ਰਾਤ ਆਪ ਹੀ ਜਾਣ ਦਾ ਮਨ ਬਣਾ ਲਿਆ। ਉਹ ਜਗਾਹ ਇਸ ਤਰ੍ਹਾਂ ਦੀ ਸੀ ਕਿ ਕੁਹਾਲੇ ਦੇ ਨਾਲ ਇਕ ਦਰਿਆ ਵਗਦਾ ਸੀ ਜੋ ਪੰਜਾਬ ਨੂੰ ਕਸ਼ਮੀਰ ਤੋਂ ਵੱਖ ਕਰਦਾ ਸੀ। ਦਰਿਆ ‘ਤੇ ਇਕ ਪੁਲ ਸੀ। ਪੁਲ ਪਾਰ ਕਰਕੇ ਖੱਬੇ ਹੱਥ ਸ਼੍ਰੀਨਗਰ ਜ਼ਿਲ੍ਹਾ ਸੀ ਅਤੇ ਸੱਜੇ ਹੱਥ ਪੁੰਛ ਸੀ। ਪੁੰਛ ਤੇ ਇਲਾਕੇ ਵਿਚ ਇਹ ਕੱਟ ਵੱਢ ਘੱਟ ਸੀ ਅਤੇ ਉਹਨਾਂ ਦਾ ਬਚਾ ਹੋ ਸਕਦਾ ਸੀ। ਪਰ ਕੁਹਾਲੇ ਦੇ ਪੁਲ ‘ਤੇ ਮੁਸਲਮਾਨਾਂ ਦੀ ਭੀੜ ਨੇ ਨਾਕਾ ਲਾਇਆ ਹੋਇਆ ਸੀ ਜਿਸ ਤੋਂ ਕਿਸੇ ਹਿੰਦੂ ਸਿੱਖ ਦਾ ਲੰਘਣਾ ਸੰਭਵ ਨਹੀਂ ਸੀ। ਮਾਸਟਰ ਜੀ, ਵੈਦ ਜੀ ਨੂੰ ਹਰ ਤਰ੍ਹਾਂ ਬਚਾ ਕੇ ਭੇਜਣਾ ਚਾਹੁੰਦੇ ਸਨ। ਉਹਨਾਂ ਨੇ ਆਪਣੇ ਦੋਵਾਂ ਲੜਕਿਆਂ ਨਾਲ ਸਲਾਹ ਕੀਤੀ ਕਿ ਇਸ ਤਰ੍ਹਾਂ ਕੀਤਾ ਜਾਵੇ ਕਿ ਵੈਦ ਜੀ ਨੂੰ ਦਰਿਆ ਤੋਂ ਮਸ਼ਕ ਰਾਹੀਂ ਪਾਰ ਕਰਵਾ ਦਿੱਤਾ ਜਾਵੇ । ਛੋਟੇ ਲੜਕੇ ਅਕਰਮ ਦੇ ਜਿੰਮੇਂ ਉਹਨਾਂ ਨੂੰ ਸੁਰੱਖਿਅਤ ਪਹੁੰਚਾਉਣ ਦੀ ਜਿੰਮੇਵਾਰੀ ਲਾਈ ਗਈ। ਇਸ ਸਕੀਮ ਦੇ ਅਧੀਨ ਸ਼ਾਮ ਨੂੰ ਜਦ ਕੁਝ ਹਨੇਰਾ ਹੋਇਆ ਤਾਂ ਉਹਨਾਂ ਦਾ ਵੱਡਾ ਲੜਕਾ ਅਨਵਰ ਪੁਲ ਪਾਰ ਕਰਕੇ ਦਰਿਆ ਦੇ ਖੱਬੇ ਕਿਨਾਰੇ ਪਹੁੰਚ ਗਿਆ ਅਤੇ ਛੋਟਾ ਲੜਕਾ ਵੈਦ ਜੀ ਨੂੰ ਲੈ ਕੇ ਦਰਿਆ ਦੇ ਸੱਜੇ ਕਿਨਾਰੇ ਅੱਗੇ ਜਾ ਕੇ ਮਸ਼ਕ ਰਾਹੀਂ ਤਾਰ ਕੇ ਪਾਰ ਲੈ ਗਿਆ। ਦਰਿਆ ਦੇ ਰੋੜੂ ਪਾਣੀ ਵਿਚ ਉਹ ਤਰਦੇ ਤਰਦੇ ਜਿਸ ਜਗਾਹ ਤੋਂ ਚਲੇ ਸਨ ਉਸ ਤੋਂ ਕੋਈ ਦੋ ਮੀਲ ਦੂਰ ਦਰਿਆ ਦੇ ਖੱਬੇ ਕਿਨਾਰੇ ‘ਤੇ ਲੱਗ ਗਏ। ਦਰਿਆ ਪਾਰ ਕਰਵਾ ਕੇ ਛੋਟੇ ਲੜਕੇ ਨਾਲ ਵੱਡਾ ਭਰਾ ਵੀ ਮਿਲ ਗਿਆ ਉਹਨਾਂ ਨੇ ਵੈਦ ਜੀ ਨੂੰ ਲਿਟਾ ਕੇ ਉਹਨਾਂ ‘ਤੇ ਕੰਬਲ ਦੇ ਕੇ ਉਹਨਾਂ ਨੂੰ ਹਨੇਰੇ ਵਿਚ ਕੁਝ ਚਿਰ ਅਰਾਮ ਕਰਣ ਲਈ ਕਿਹਾ।
ਰਾਤ ਕਾਫੀ ਹੋ ਚੁੱਕੀ ਸੀ ਇਸ ਲਈ ਵੈਦ ਜੀ ਨੇ ਦੋਵਾਂ ਲੜਕਿਆਂ ਨੂੰ ਕਿਹਾ ਕਿ ਉਹ ਵਾਪਿਸ ਚਲੇ ਜਾਣ ਅਤੇ ਉਹ ਪਹੁੰਚ ਜਾਵੇਗਾ ਪਰ ਉਹ ਨਾ ਮੰਨੇ ਅਤੇ ਕਾਫੀ ਪੈਦਲ ਤੁਰ ਕੇ ਉਹ ਇਕ ਗੁਰਦਵਾਰੇ ਵਿਚ ਪਹੁੰਚਦੇ ਜਿੱਥੇ ਕਾਫੀ ਹੋਰ ਸਿੱਖ ਹਿੰਦੂ ਇਕੱਠੇ ਹੋਏ ਸਨ ਅਤੇ ਉਹਨਾਂ ਨੂੰ ਸੁਰੱਖਿਅਤ ਛੱਡ ਕੇ ਉਹ ਵਾਪਿਸ ਆ ਗਏ ਪਰ ਜਦ ਉਹ ਵਾਪਿਸ ਆਏ ਤਾਂ ਉਹਨਾਂ ਨੇ ਇਹ ਗਲ ਸੁਣੀ ਕਿ ਉਸ ਰਾਤ ਮੁਸਲਿਮ ਧਾੜਵੀ ਉਸ ਗੁਰਦਵਾਰੇ ‘ਤੇ ਹਮਲਾ ਕਰਨ ਦੀਆਂ ਤਿਆਰੀਆਂ ਕਰ ਰਹੇ ਸਨ, ਉਹ ਫਿਰ ਵਾਪਿਸ ਮੁੜੇ ਅਤੇ ਉਹਨਾਂ ਨੇ ਇਹ ਗਲ ਉਹਨਾਂ ਨੂੰ ਦੱਸੀ ਅਤੇ ਇਸ ਨਾਲ ਉਹਨਾਂ ਲੋਕਾਂ ਨੇ ਆਪਣੀ ਸੁਰੱਖਿਆ ਦਾ ਇੰਤਜਾਮ ਕੀਤਾ। ਇਥੋਂ ਵੱਡਾ ਲੜਕਾ ਤਾਂ ਵਾਪਿਸ ਹੋ ਗਿਆ ਪਰ ਛੋਟਾ ਅਕਰਮ ਵੈਦ ਜੀ ਦੇ ਨਾਲ ਹੀ ਰਿਹਾ ਅਤੇ ਉਹਨਾਂ ਨੂੰ ਜੰਮੂ ਛੱਡ ਕੇ ਜਾਣ ਲਹੀ ਉਹਨਾਂ ਦੇ ਨਾਲ ਰਹਿ ਗਿਆ।
ਉਹ ਦੋਵੇਂ ਤੁਰਦੇ ਤੁਰਦੇ ਕੋਈ 14 ਦਿਨ ਬਾਅਦ ਜੰਮੂ ਪਹੁੰਚੇ ਜਦੋਂ ਵੀ ਵੈਦ ਜੀ ਨੇ ਉਸ ਨੂੰ ਮੁੜਨ ਲਈ ਕਹਿਣਾ ਤਾਂ ਉਸਨੇ ਇਹੋ ਕਹਿਣਾ ਕਿ ਮੈਨੂੰ ਤਾਂ ਕੋਈ ਖਤਰਾ ਨਹੀਂ ਮੈਂ ਤਾਂ ਕਦੀ ਵੀ ਵਾਪਿਸ ਜਾ ਸਕਦਾ ਹਾਂ ਨਾਲੇ ਅਬਾ ਦੇ ਇਹ ਹੁਕਮ ਹੈ ਕਿ ਮੈਂ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਮਿਲਾ ਕੇ ਹੀ ਜਾਵਾਂਗਾ ਪਰ ਉਸ ਸਮੇਂ ਸਭ ਰਸਤੇ ਕੱਟੇ ਹੋਏ ਸਨ, ਕੋਈ ਟੈਲੀਫੋਨ ਜਾਂ ਡਾਕਤਾਰ ਕੁਝ ਵੀ ਨਹੀਂ ਸੀ। ਜੰਮੂ ਪਹੁੰਚ ਕੇ ਉਹ ਦੋਵੇਂ ਸੁਰੱਖਿਅਤ ਤਾਂ ਸਨ ਪਰ ਵੈਦ ਜੀ ਲੜਕੇ ਨੂੰ ਇਕੱਲੇ ਨੂੰ ਵਾਪਿਸ ਨਹੀਂ ਸਨ ਭੇਜਣਾ ਚਾਹੁੰਦੇ ਅਤੇ ਉਹ ਮਹਿਸੂਸ ਕਰਦੇ ਸਨ ਕਿ ਉਹ ਉਸ ਨਾਲ ਅੰਮ੍ਰਿਤਸਰ ਚਲਾ ਜਾਵੇ ਅਤੇ ਕੁਝ ਦਿਨਾਂ ਬਾਅਦ ਜਦ ਅਮਨ ਅਮਾਨ ਹੋ ਜਾਵੇਗਾ ਤਾਂ ਉਹ ਉਸਨੂੰ ਵਾਪਿਸ ਭੇਜ ਦੇਣਗੇ। ਪਰ ਅਕਰਮ ਕਹਿ ਰਿਹਾ ਸੀ ਕਿ ਉਸ ਨੂੰ ਕੋਈ ਖਤਰਾ ਨਹੀਂ ਉਹ ਤਾਂ ਅਰਾਮ ਨਾਲ ਵਾਪਿਸ ਚਲਾ ਜਾਵੇਗਾ। ਭਾਵੇਂ ਕਿ ਇਸ ਸਮੇਂ ਦੌਰਾਨ ਉਹਨਾਂ ਦੇ ਪਰਿਵਾਰਾਂ ਨੂੰ ਉਸ ਦੀ ਵੱਡੀ ਚਿੰਤਾ ਤਾਂ ਜਰੂਰ ਹੋਵੇਗੀ। ਅਕਰਮ ਵਾਪਿਸ ਮੁੜ ਗਿਆ, ਵੈਦ ਜੀ ਅੰਮ੍ਰਿਤਸਰ ਆ ਕੇ ਆਪਣੇ ਪਰਿਵਾਰ ਨੂੰ ਮਿਲੇ ਅਤੇ ਲਗਾਤਾਰ ਅਕਰਮ ਬਾਰੇ ਜਾਨਣ ਦੀ ਕੋਸ਼ਿਸ਼ ਕਰਦੇ ਰਹੇ ਪਰ ਉਸ ਬਾਰੇ ਉਹਨਾਂ ਨੂੰ ਕੋਈ ਪਤਾ ਨਹੀਂ ਸੀ ਲਗ ਰਿਹਾ, ਪਰ ਬਹੁਤ ਸਾਲਾਂ ਬਾਅਦ ਜਦੋਂ ਡਾਕ ਤਾਰ ਠੀਕ ਤਰ੍ਹਾਂ ਬਹਾਲ ਹੋਈ ਅਤੇ ਚਿੱਠੀਆਂ ਪਹੁੰਚਣ ਲੱਗੀਆਂ ਤਾਂ ਪਤਾ ਲੱਗਾ ਕਿ ਅਕਰਮ ਵਾਪਿਸ ਨਹੀਂ ਪਹੁੰਚਿਆ ਅਤੇ ਉਸ ਨਾਲ ਕੀ ਹੋਇਆ ਇਸ ਬਾਰੇ ਵੀ ਕੋਈ ਪਤਾ ਨਹੀਂ ਸੀ ਲਗ ਸਕਿਆ।
ਵੈਦ ਜੀ ਨੂੰ ਅਕਰਮ ਦਾ ਚਿਹਰਾ ਯਾਦ ਆਉਂਦਾ ਅਤੇ ਉਸ ਵੱਲੋਂ ਦਿਨ ਵਿਚ ਕਈ ਕਈ ਵਾਰ ਕਹੀ ਇਹ ਗੱਲ, ਮੈਂ ਤਾਂ ਕਦੀ ਵੀ ਵਾਪਿਸ ਜਾ ਸਕਦਾ ਹਾਂ ਮੈਨੂੰ ਕੋਈ ਖਤਰਾ ਨਹੀਂ ਉਹਨਾਂ ਦੇ ਕੰਨਾਂ ਵਿਚ ਗੂੰਜਦੀ ਰਹਿੰਦੀ। ਪਰ ਵੈਦ ਜੀ ਨੂੰ ਸਭ ਤੋਂ ਵੱਡਾ ਅਫਸੋਸ ਇਹ ਵੀ ਰਿਹਾ ਕਿ ਉਸ ਪਰਿਵਾਰ ਦੀ ਇੰਨੀ ਵੱਡੀ ਕੁਰਬਾਨੀ ਸੀ, ਪਰ ਉਹ ਤਾਂ ਅਕਰਮ ਦੇ ਅਫਸੋਸ ਲਈ ਵੀ ਨਾ ਜਾ ਸਕਿਆ, ਜੋ ਕਿ ਸੰਭਵ ਨਹੀਂ ਸੀ।

Check Also

CLEAN WHEELS

Medium & Heavy Vehicle Zero Emission Mission ਹੇ ਸਾਥੀ ਟਰੱਕਰਜ਼, ਕੀ ਤੁਸੀਂ ਹੈਰਾਨ ਹੋ ਰਹੇ …