ਡਾ. ਅਮਨਦੀਪ
91-9419171171
ਭਾਰਤ ਅੰਦਰ ਅੱਜ ਵੀ ਸੈਕਸ ਐਜੂਕੇਸ਼ਨ ਦੇਣਾ ਅਤੇ ਇਸ ਤੇ ਖੁੱਲ੍ਹੀ ਚਰਚਾ ਕਰਨਾ ਵਰਜਿਤ ਹੈ। ਭਾਰਤ ਭਾਵੇਂ ਇੱਕਵੀਂ ਸਦੀ ‘ਚੋਂ ਲੰਘ ਰਿਹਾ ਹੈ ਪਰ ਅਜੇ ਵੀ ਯੋਨ ਸਿੱਖਿਆ ਨੂੰ ਘ੍ਰਿਣਾ ਤੇ ਗੁਣਾਂ ਦੀ ਦ੍ਰਿਸ਼ਟੀ ਤੋਂ ਦੇਖਿਆ ਜਾਂਦਾ ਹੈ। ਅੱਜ ਵੀ ਅਸੀਂ ਭਾਰਤ ‘ਚ ਸਿੱਖਿਆ ਦੇ ਅਧਿਕਾਰ ਨੂੰ ਯੋਨ ਸਿਖਿਆ ਵਿੱਚ ਸ਼ਾਮਿਲ ਨਹੀਂ ਕਰ ਸਕੇ। ਇਸ ‘ਤੇ ਅਜੇ ਕਈ ਅਪਵਾਦ ਹਨ। ਯੋਨ ਸਿੱਖਿਆ ਦੇ ਵਿਰੋਧੀ ਆਪਣੀਆਂ ਧਾਰਮਿਕ ਪਰੰਪਰਾਵਾਂ, ਸਮਾਜਿਕ ਅਤੇ ਸੱਭਿਆਚਾਰਕ ਮਾਨਤਾਵਾਂ ਦਾ ਹਵਾਲਾ ਦੇ ਕੇ ਯੋਨ ਸਿਖਿਆ ਦਾ ਵਿਰੋਧ ਕਰਦੇ ਹਨ। ਇਹ ਜਾਣਦੇ ਹੋਏ ਵੀ ਕਿ ਦੇਸ਼ ਅੰਦਰ ਹਰ ਸੋਹਲਵੇਂ ਮਿੰਟ ਬਾਅਦ ਇੱਕ ਬਲਾਤਕਾਰ ਹੋ ਰਿਹਾ ਹੈ। ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਆ ਅੰਦਰ ਕਈ ਪ੍ਰਾਈਵੇਟ ਪਲੇਅਰ ਆ ਚੁੱਕੇ ਹਨ। ਨਿੱਤ ਦਿਹਾੜੇ ਜੋ ਟੈਲੀਵਿਜ਼ਨ ਤੇ ਨੰਗੇਜ ਪੇਸ਼ ਕੀਤਾ ਜਾ ਰਿਹਾ ਹੈ, ਉਹ ਕਿਸੇ ਤੋਂ ਛੁਪਿਆ ਨਹੀਂ ਹੈ। ਮੋਬਾਇਲ ਜੰਮਦੇ ਹੀ ਬੱਚੇ ਦੇ ਹੱਥ ਵਿੱਚ ਹੈ। ਅਣਗਿਣਤ ਅਸ਼ਲੀਲ ਸਾਇਟਾਂ ਮੋਬਾਇਲ ਦੇ ਇੱਕ ਕਲਿਕ ‘ਤੇ ਹਨ। ਸੋਸ਼ਲ ਸਾਇਟਾਂ ਹੋਂਦ ਵਿੱਚ ਆਉਣ ਨਾਲ ਜਿੱਥੇ ਬੱਚਿਆਂ ਦੇ ਗਿਆਨ ਵਿੱਚ ਚੋਖਾ ਵਾਧਾ ਹੋਇਆ ਹੈ ਉੱਥੇ ਬੱਚੇ ਅਸ਼ਲੀਲਤਾ ਦਾ ਸ਼ਿਕਾਰ ਵੀ ਹੋ ਰਹੇ ਹਨ। ਬੱਚੇ ਉਮਰ ਨਾਲੋਂ ਪਹਿਲਾ ਜਵਾਨ ਹੋਣ ਲੱਗ ਪਏ ਹਨ। ਸਭ ਤੋਂ ਵੱਧ 13 ਤੋਂ 19 ਸਾਲ ਦੇ ਕਿਸ਼ੋਰ ਅਵਸਥਾ ‘ਚ ਪ੍ਰਵੇਸ਼ ਬੱਚੇ ਇਨ੍ਹਾਂ ਅਸ਼ਲੀਲ ਸਾਇਟਾਂ ਦਾ ਸ਼ਿਕਾਰ ਹੋ ਰਹੇ ਹਨ। ਅਜਿਹੀ ਵਿਸਫੋਟਕ ਅਵਸਥਾ ਵਿੱਚ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਯੋਨ ਸਿੱਖਿਆ ਦੇਣੀ ਸ਼ੁਰੂ ਕੀਤੀ ਜਾਵੇ । ਬੱਚਿਆਂ ਨੂੰ ਉਮਰ ਦੇ ਵਾਧੇ ਨਾਲ ਸਰੀਰਕ ਬਦਲਾਅ ਬਾਰੇ ਦੱਸਿਆ ਜਾਵੇ। ਪਰ ਭਾਰਤ ਅੰਦਰ ਸਕੂਲ ਅਜੇ ਇਸ ਲਈ ਤਿਆਰ ਨਹੀਂ ਹਨ। ਸਕੂਲੀ ਬੱਚਿਆਂ ਨੂੰ ਯੋਨ ਸਿੱਖਿਆ ਬਾਰੇ ਜਾਣਕਾਰੀ ਦੇਣ ‘ਚ ਅਧਿਆਪਕ ਆਪਣੇ ਆਪ ਨੂੰ ਅਜੇ ਅਸਹਿਜ ਮਹਿਸੂਸ ਕਰਦੇ ਹਨ।
ਨੀਦਰਲੈਂਡ ਤੇ ਸਕਾਟਲੈਂਡ ਜੈਸੇ ਦੇਸ਼ਾਂ ਅੰਦਰ ਯੋਨ ਸਿੱਖਿਆ ਮੀਲ ਦਾ ਪੱਥਰ ਸਾਬਿਤ ਹੋਈ ਹੈ। ਅਸੀਂ ਕੁਝ ਸਾਲਾਂ ਤੋਂ ਬੱਚਿਆਂ ਨੂੰ ਮੁਢਲਾ ਗਿਆਨ ਦੇਣ ਦੀ ਸ਼ੁਰੂਆਤੀ ਸਥਿਤੀ ‘ਚ ਹੀ ਪ੍ਰਵੇਸ਼ ਕਰਨ ਲੱਗੇ ਹਾਂ ,ਜਿਵੇਂ ਸਕੂਲਾਂ ਵਿੱਚ ਬੱਚਿਆਂ ਨੂੰ ਬੈਡ ਟੱਚ ਤੇ ਗੁੱਡ ਟੱਚ ਦਾ ਮਤਲਬ ਸਮਝਾਇਆ ਜਾਣ ਲੱਗਾ ਹੈ। ਲੜਕੀਆਂ ਨੂੰ ਹਾਈਜੈਨਿਕ ਰਹਿਣ ਲਈ ਸਲਾਹ ਦਿੱਤੀ ਜਾਂਦੀ ਹੈ। ਸੇਫਟੀ ਪੈਡ ਦੀ ਮਹੱਤਤਾ ਸਮਝਾਈ ਜਾਂਦੀ ਹੈ। ਟੀਵੀ ਅੰਦਰ ਕਈ ਤਰ੍ਹਾਂ ਦੇ ਸੇਫਟੀ ਪੈਡ ਨੂੰ ਲੈ ਕੇ ਇਸ਼ਤਿਹਾਰ ਦਿੱਤੇ ਜਾ ਰਹੇ ਹਨ ਇਥੋਂ ਤੱਕ ਕਿ ਭਾਰਤੀ ਹਿੰਦੀ ਸਿਨੇਮਾ ਨੇ ਸੇਫਟੀ ਪੈਡ ਦੀ ਮਹੱਤਤਾ ਨੂੰ ਸਮਝਦਿਆ ਹਿੰਦੀ ਫਿਲਮ ‘ਪੈਡ ਮੈਨ’ ਦਾ ਨਿਰਮਾਣ ਕੀਤਾ। ਪਰ ਘਰਾਂ ਅਤੇ ਸਕੂਲਾਂ ਅੰਦਰ ਯੋਨ ਸਿੱਖਿਆ ਤੇ ਖੁੱਲ੍ਹ ਕੇ ਕੋਈ ਗੱਲ ਨਹੀਂ ਕਰਦਾ। ਸੈਕਸ ਨੂੰ ਇੱਕ ਹਊਆ ਤੇ ਪੜ੍ਹਦੇ ਦੀ ਸੇਜ ਸਮਝਿਆ ਜਾਂਦਾ ਹੈ। ਬੱਚਿਆਂ ਅੰਦਰ ਇਹ ਤੀਬਰ ਇੱਛਾ ਹੁੰਦੀ ਹੈ ਕਿ ਉਹ ਆਪਣੇ ਅੰਗਾਂ ਬਾਰੇ ਜਾਨੇ ,ਖਾਸ ਤੌਰ ਤੇ ਜਦੋਂ ਸਰੀਰ ਵਾਧੇ ਵਿੱਚ ਹੁੰਦਾ ਹੈ ਤਾਂ ਕਈ ਤਰ੍ਹਾਂ ਦੇ ਸਰੀਰਕ ਪਰਿਵਰਤਨ ਉਨ੍ਹਾਂ ਨੂੰ ਪਰੇਸ਼ਾਨ ਕਰਦੇ ਹਨ। ਛੋਟੀਆਂ ਬੱਚੀਆਂ ਨੂੰ ਪੜ੍ਹੀਆਂ ਲਿਖਿਆ ਮਾਵਾਂ ਮਹਾਂਮਾਰੀ ਬਾਰੇ ਦੱਸ ਦਿੰਦਿਆਂ ਹਨ ਪਰ ਪਿਤਾ ਅਜੇ ਵੀ ਆਪਣੇ ਲੜਕੀਆਂ ਨਾਲ ਯੋਨ ਸਬੰਧੀ ਕੋਈ ਗੱਲ ਨਹੀਂ ਕਰਦੇ। ਜਦੋਂ ਘਰੋਂ ਤੇ ਸਕੂਲੋਂ ਸਹੀ ਜਾਣਕਾਰੀ ਨਹੀਂ ਮਿਲਦੀ ਤਾਂ ਬਚੇ ਬਾਹਰੋਂ ਗਿਆਨ ਹਾਸਲ ਕਰਦੇ ਹਨ। ਕਈ ਵਾਰੀ ਇਹ ਗਿਆਨ ਉਨ੍ਹਾਂ ਨੂੰ ਗ਼ਲਤ ਦਿਸ਼ਾ ਵਿੱਚ ਲੈ ਜਾਂਦਾ ਹੈ।
ਅੱਜ ਤੋਂ 20-25 ਸਾਲ ਪਹਿਲਾਂ ਬੱਚੇ ਆਪਣੀ ਮਾਂ ਨੂੰ ਪੁੱਛਦੇ ਸਨ ਕਿ ਮੇਰਾ ਜਨਮ ਕਿਵੇਂ ਹੋਇਆ। ਮਾਂ ਹੱਸ ਕੇ ਕਹਿੰਦੀ ਰੱਬ ਨੇ ਇੱਕ ਫੁੱਲ ਗੋਦੀ ਵਿੱਚ ਸੁੱਟਿਆ ਤੇ ਤੂੰ ਪੈਦਾ ਹੋ ਗਿਆ। ਬੱਚੇ ਲਈ ਜਨਮ ਪ੍ਰਕਿਰਿਆ ਦੀ ਉਤਸੁਕਤਾ ਦਾ ਪ੍ਰਸ਼ਨ ਅਤੇ ਮਾਂ ਦਾ ਦਿੱਤਾ ਜਵਾਬ ਕਿੰਨਾ ਅਣਵਿਗਿਆਨਿਕ ਹੁੰਦਾ ਸੀ। ਇਸ ਵਿੱਚ ਮਾਂ ਦਾ ਕਸੂਰ ਨਹੀਂ ਸੀ ਸਾਡੇ ਸਮਾਜ ‘ਚ ਸੈਕਸ ਨਾਲ ਸਬੰਧਤ ਗੱਲਾਂ ਦੱਸਣੀਆਂ ਤੇ ਕਰਨੀਆਂ ਵਰਜਿਤ ਸਮਝੀਆਂ ਜਾਂਦੀਆਂ ਹਨ। ਪਰ ਅੱਜ ਦੇ ਬੱਚੇ ਦੇ ਹੱਥ ਵਿੱਚ ਮੋਬਾਈਲ ਹੈ। ਉਹ ਦਿਮਾਗੀ ਤੌਰ ਉੱਪਰ ਉਮਰ ਨਾਲੋਂ ਵੱਧ ਵਿਕਸਿਤ ਹੋ ਚੁੱਕਾ ਹੈ।
ਅੱਜ ਦਾ ਬੱਚਾ ਮਾਂ ਨੂੰ ਇਹ ਸਵਾਲ ਨਹੀਂ ਪੁੱਛਦਾ ਕਿ ਮੇਰਾ ਜਨਮ ਕਿਵੇਂ ਹੋਇਆ ਉਸ ਦਾ ਸਵਾਲ ਹੁੰਦਾ ਹੈ ਕਿ ਮਾਂ ਮੈਂ ਨਾਰਮਲ ਡਲਿਵਰੀ ਨਾਲ ਹੋਇਆ ਸੀ ਜਾਂ ਅਪ੍ਰੇਸ਼ਨ ਨਾਲ। ਅਨੇਕਾਂ ਸ਼ੋਸ਼ਲ ਸਾਈਟਾਂ ਤੋਂ ਪ੍ਰਾਪਤ ਗਿਆਨ ਅਤੇ ਸਕੂਲ ‘ਚ ਸਾਇੰਸ ਦੀ ਕਿਤਾਬ ਵਿਚਲੇ ਪਾਠ ਔਰਤ-ਮਰਦ ਦੇ ਸ਼ੁਕਰਾਣੂ ਐਕਸ ,ਵਾਈ ਦੇ ਗਿਆਨ ਨੇ ਬੱਚਿਆਂ ਨੂੰ ਗਿਆਨਵਾਨ ਬਣਾ ਦਿੱਤਾ ਹੈ। ਮੇਰੀ ਸਮਝੇ ਬੱਚਿਆਂ ਨੂੰ ਵਿਗਿਆਨਕ ਢੰਗ ਨਾਲ ਹੀ ਸਮਝਾਇਆ ਜਾਣਾ ਚਾਹੀਦਾ ਹੈ ਕਿ ਸਮਾਜ ‘ਚ ਔਰਤ-ਮਰਦ ਦੀ ਭੂਮਿਕਾ, ਚੰਗੇ ਮਾੜੇ ਦਾ ਗਿਆਨ, ਸਮਾਜਿਕ ਵਿਕਾਸ ਤੇ ਜਨਮ ਪ੍ਰਕਿਰਿਆ, ਸਰੀਰਕ ਅੰਗਾਂ ਦਾ ਵਿਕਾਸ, ਚੰਗੀ ਸਿਹਤ ਅਤੇ ਸਹੀ ਉਮਰ ਵਿਚ ਸੈਕਸ ਦੇ ਅਰਥ ਪਰ ਇਹ ਅਜੇ ਸੰਭਵ ਨਹੀਂ ਲੱਗ ਰਿਹਾ। ਗਿਆਨ ਪੱਖੋਂ ਵਿਹੂਣੇ ਲੋਕ ਹੀ ਏਡਸ ਜੇਸੀ ਬਿਮਾਰੀ ਦਾ ਸ਼ਿਕਾਰ ਹੋਏ ਅਤੇ ਆਪਣੀਆਂ ਜਾਨਾਂ ਤੋਂ ਹੱਥ ਧੋ ਬੈਠੇ। ਅਗਰ ਯੋਨ ਸਿੱਖਿਆ ਅਧੀਨ ਸੇਫ ਸੰਬੰਧ ਤੇ ਕਨਡੋਮ ਦੀ ਵਰਤੋਂ ਤੋਂ ਜਾਣੂ ਹੁੰਦੇ ਤਾਂ ਅੱਜ ਸਾਡੇ ਸਮਾਜ ਦਾ ਹਿੱਸਾ ਹੁੰਦੇ।
ਸਮਾਜ ਦਾ ਮੂਲ ਆਧਾਰ ਔਰਤ ਮਰਦ ਦਾ ਸਰੀਰਕ ਸਬੰਧ ਹੈ। ਆਮ ਤੌਰ ਤੇ ਸਰੀਰਕ ਰਿਸ਼ਤੇ ਸ਼ਾਦੀ ਦੇ ਬਾਅਦ ਹੀ ਸਮਾਜ ਪ੍ਰਵਾਨ ਕਰਦਾ ਹੈ। ਪਰ ਦੇਖਿਆ ਜਾ ਰਿਹਾ ਹੈ ਕਿ ਸ਼ਹਿਰਾਂ ਅੰਦਰ ਪੱਛਮ ਦੇਸ਼ਾਂ ਦੀ ਤਰਜ ਤੇ ਲਿਵਿੰਗ ਰਿਲੇਸ਼ਨ ਬਣਾ ਲਏ ਜਾਂਦੇ ਹਨ ਜਿੱਥੇ 18 ਸਾਲ ਦੀ ਉਮਰ ਤੋਂ ਵੱਡੇ ਬਾਲਗ ਆਪਸੀ ਸਹਿਮਤੀ ਨਾਲ ਸਰੀਰਿਕ ਸੰਬੰਧ ਸਥਾਪਤ ਕਰ ਲੈਂਦੇ ਹਨ। ਜ਼ਿਕਰਯੋਗ ਹੈ ਕਿ 18 ਸਾਲ ਤੋਂ ਘੱਟ ਸਰੀਰਕ ਸੰਬੰਧ ਬਣਾਉਣਾ ਕਾਨੂੰਨੀ ਅਪਰਾਧ ਹੈ। ਨਾਬਾਲਗ ਬੱਚੇ ਆਕਰਸ਼ਣ ਪਿਆਰ ਅਤੇ ਸੈਕਸ ਵਿਚਲਾ ਸਬੰਧ ਤੇ ਵੱਖਰੇਵਾਂ ਕਰਨ ਦੇ ਯੋਗ ਨਹੀਂ ਹੁੰਦੇ। ਕੱਚੀ ਉਮਰ ਨਾ ਸਮਝ ਹੁੰਦੀ ਹੈ। ਉਹ ਪਿਆਰ ਜਾਂ ਆਕਰਸ਼ਨ ਨੂੰ ਸੈਕਸ ਸਮਝ ਸਕਦੇ ਹਨ। ਯੌਨ ਸਿੱਖਿਆ ਬੱਚਿਆਂ ਨੂੰ ਸਹੀ ਦਿਸ਼ਾ ਦੇ ਸਕਦੀ ਹੈ ਇਹ ਯੌਨ ਸਿੱਖਿਆ ਸਾਡੇ ਸਕੂਲਾਂ ਵਿੱਚ ਕਦੋਂ ਦਿੱਤੀ ਜਾਵੇਗੀ ਇਹ ਭਵਿੱਖ ਦਾ ਸਵਾਲ ਹੈ। ਸੈਕਸ ਸੰਬੰਧੀ ਘਰੇਲੂ ਹਿੰਸਾ ਬੰਦ ਕਰਨ ਵਿੱਚ ਯੋਨ ਸਿੱਖਿਆ ਵੱਡਾ ਰੋਲ ਅਦਾ ਕਰ ਸਕਦੀ ਹੈ ਇਹ ਸਿੱਖਿਆ ਹੀ ਦੱਸੇਗੀ ਕਿ ਔਰਤ ਦੀ ਨਾਂ ਦਾ ਮਤਲਬ ਮਰਦ ਵੱਲੋਂ ਕੀਤਾ ਗਿਆ ਸੰਭੋਗ ਬਲਾਤਕਾਰ ਹੈ।
ਅੱਜ ਦੇ ਵਿਗਿਆਨਕ ਤੇ ਵਿਕਾਸਸ਼ੀਲ ਯੁੱਗ ਵਿੱਚ ਸਮੇਂ ਦੀ ਜ਼ਰੂਰਤ ਹੈ ਕਿ ਯੌਨ ਸਿੱਖਿਆ ਸਕੂਲਾਂ ਤੋਂ ਸ਼ੁਰੂ ਕੀਤੀ ਜਾਵੇ। ਸਕੂਲ ਤੇ ਮਾਪੇ ਇਸ ਦਿਸ਼ਾ ਵਿੱਚ ਵੱਡਾ ਰੋਲ ਅਦਾ ਕਰ ਸਕਦੇ ਹਨ। ਇੱਥੇ ਇਹ ਜ਼ਿਕਰਯੋਗ ਹੈ ਕਿ ਯੁਨੈਸਕੋ ਦੀ ਸਿਖਿਆ ਨਿਗਰਾਨੀ ਰਿਪੋਰਟ ਅਨੁਸਾਰ ਵੀਹ ਪ੍ਰਤੀਸ਼ਤ ਦੇਸ਼ਾਂ ਵਿਚ ਹੀ ਯੋਨ ਸਿਖਿਆ ਨੂੰ ਲੈ ਕੇ ਕਾਨੂੰਨ ਬਣੇ ਹਨ ਅਤੇ 39% ਦੇਸ਼ਾਂ ਵਿੱਚ ਅਜੇ ਸਿਰਫ ਰਾਸ਼ਟਰੀ ਨੀਤੀ ਹੀ ਬਣ ਪਾਈ ਹੈ।
ਭਾਰਤ ਸਰਕਾਰ ਨੇ 2005 ਵਿੱਚ ਕਿਸ਼ੋਰ ਅਵਸਥਾ ਐਜੂਕੇਸ਼ਨ ਪ੍ਰੋਗਰਾਮ ਸ਼ੁਰੂ ਕੀਤਾ ਸੀ। ਜਿਸ ਤੇ ਅਧਿਆਪਕਾਂ ਮਾਪਿਆਂ ਤੇ ਸਿੱਖਿਆ ਸ਼ਾਸਤਰੀਆਂ ਵੱਲੋਂ ਅਪਤੀ ਦਰਜ ਕਰਵਾਈ ਗਈ ,ਜਿਸ ਕਰਕੇ ਇਹ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ। ਯੋਨ ਸਿੱਖਿਆ ਲੱਗਭੱਗ ਰਾਜਾਂ ਵਿੱਚ ਕਈ ਸਾਲ ਬੰਦ ਰਹੀ। ਸਾਲ 2018 ਵਿੱਚ ਪ੍ਰਧਾਨ ਮੰਤਰੀ ਨੇ ਯੋਨ ਸਿੱਖਿਆ ਤੇ ਯੋਨ ਸਿਹਤ ਪ੍ਰੋਗਰਾਮ ਚਾਲੂ ਕਰਵਾਇਆ ਜਿੱਥੇ ਬੱਚੇ ਬਾਕੀ ਵਿਸ਼ਿਆਂ ਦੇ ਨਾਲ 22 ਘੰਟੇ ਦੀ ਟ੍ਰੇਨਿੰਗ ਲੈ ਸਕਦੇ ਹਨ। ਇਸ ਟ੍ਰੇਨਿੰਗ ਦੀ ਅਸਲ ਹਕੀਕਤ ਕੀ ਹੈ ਆਪਾਂ ਇਸ ਤੋਂ ਭਲੀ ਭਾਂਤ ਜਾਣੂ ਹਾਂ। ਨਵੀਂ ਸਿੱਖਿਆ ਨੀਤੀ ਐਨ ਈ ਪੀ 20-20 ਤੋਂ ਵੀ ਕੋਈ ਆਸ ਨਜ਼ਰ ਨਹੀਂ ਆ ਰਹੀ ਸਾਡੀ ਰਾਸ਼ਟਰੀ ਸਿੱਖਿਆ ਨੀਤੀ ਯੋਨ ਸਿੱਖਿਆ ਨੂੰ ਰਾਸ਼ਟਰੀ ਪਾਠਕ੍ਰਮ ਦਾ ਹਿੱਸਾ ਬਣਾਉਣ ਵਿਚ ਅਸਮਰਥ ਸਾਬਿਤ ਹੋਈ ਹੈ। ਸਮੇਂ ਦੀ ਲੋੜ ਹੈ ਕਿ ਸਰਕਾਰੀ ਤੇ ਗੈਰਸਰਕਾਰੀ ਸੰਸਥਾਵਾਂ, ਮਾਪੇ ਅਤੇ ਸਿਖਿਆ ਸ਼ਾਸਤਰੀ ਗੰਭੀਰ ਵਿਚਾਰ ਚਰਚਾ ਕਰਕੇ ਯੋਨ ਸਿੱਖਿਆ ਨੂੰ ਰਾਸ਼ਟਰੀ ਪਾਠ ਕਰਨ ਦਾ ਹਿੱਸਾ ਬਣਾਉਣ ਲਈ ਕਦਮ ਚੁੱਕਣ।
ੲੲੲ