Breaking News
Home / ਰੈਗੂਲਰ ਕਾਲਮ / ਏਅਰ ਫੋਰਸ ਵਿਚ ਭਰਤੀ

ਏਅਰ ਫੋਰਸ ਵਿਚ ਭਰਤੀ

(ਪਹਿਲੀ-ਪਹਿਲੇਰੀ ਲੰਮੀ ਵਾਟ)
ਜਰਨੈਲ ਸਿੰਘ
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਆਖਰ ਰੀਝ ਪੂਰੀ ਹੋ ਗਈ। ਬਾਪੂ ਜੀ ਦੀ ਮਾਸੀ ਦੇ ਪੋਤਰੇ, ਬਿਆਸ ਪਿੰਡੀਏ ਦਰਸ਼ਨ ਸਿੰਘ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਪਿੰਡ ਦੇ ਫੌਜੀ ਸੋਹਣ ਸਿੰਘ ਦਾ ਕੋਈ ਦੋਸਤ ਅੰਬਾਲੇ ਭਰਤੀ-ਦਫ਼ਤਰ ‘ਚ ਹੈ। ਉਸਨੇ ਸੋਹਣ ਸਿੰਘ ਨਾਲ਼ ਮੇਰੇ ਬਾਰੇ ਗੱਲ ਪੱਕੀ ਕਰ ਲਈ। ਮਹੀਨੇ ਕੁ ਬਾਅਦ ਗੁਰਦਾਸਪੁਰ ‘ਚ ਭਰਤੀ ਦਾ ਪ੍ਰੋਗਰਾਮ ਸੀ। ਸੋਹਣ ਸਿੰਘ ਮੈਨੂੰ ਤੇ ਆਪਣੇ ਪਿੰਡ ਦੇ ਦੋ ਮੁੰਡਿਆਂ ਨੂੰ ਗੁਰਦਾਸਪੁਰ ਲੈ ਗਿਆ ਤੇ ਆਪਣੇ ਦੋਸਤ ਨਾਲ਼ ਮਿਲ਼ਾ ਦਿੱਤਾ। ਓਥੇ ਅਸੀਂ ਇਕ ਸਰਾਂ ‘ਚ ਕਮਰਾ ਲੈ ਲਿਆ। ਭਰਤੀ ਵਾਲਿਆਂ ਪਹਿਲੇ ਦਿਨ ਮੁੰਡਿਆਂ ਦੇ ਕੱਦ, ਭਾਰ ਵਗੈਰਾ ਚੈੱਕ ਕੀਤੇ। ਅਗਲਾ ਸਾਰਾ ਦਿਨ ਟੈਸਟ ਹੁੰਦੇ ਰਹੇ। ਲਿਖਤੀ ਟੈਸਟ ਤਾਂ ਮੈਨੂੰ ਸੌਖੇ ਲੱਗੇ ਪਰ ਪ੍ਰੈਕਟੀਕਲਕੁਝ ਔਖੇ ਸਨ। ਖ਼ੈਰ ਸਿਫਾਰਸ਼ ਆਸਰੇ ਅਸੀਂ ਤਿੰਨੇ ਪਾਸ ਹੋ ਗਏ। ਮੈਨੂੰ ਹਵਾਈ ਜਹਾਜ਼ਾਂ ਦੇ ਇੰਜਣਾਂ ਦੇ ਮਕੈਨਿਕ ਦਾ ਟਰੇਡ ਮਿਲਿਆ।
ਤਿੰਨ ਕੁ ਹਫਤਿਆਂ ਬਾਅਦ ਭਰਤੀ-ਦਫ਼ਤਰ ਅੰਬਾਲਾ ਤੋਂ ਡਾਕਟਰੀ ਵਾਸਤੇ ਚਿੱਠੀ ਆ ਗਈ। ਡਾਕਟਰੀ ‘ਚੋਂ ਪਾਸ ਹੋਣ ਬਾਅਦ ਓਥੋਂ ਹੀ ਟਰੇਨਿੰਗ ਸੈਂਟਰ ਨੂੰ ਰਵਾਨਾ ਹੋਣਾ ਸੀ। ਬਾਪੂ ਜੀ ਮੇਰੇ ਨਾਲ਼ ਗਏ। ਪਿਛਲੇ ਮਹੀਨਿਆਂ ‘ਚ ਵੱਖ-ਵੱਖ ਥਾਵਾਂ ਤੋਂ ਭਰਤੀ ਕੀਤੇ ਸਾਰੇ ਰਕਰੂਟ ਬੁਲਾਏ ਹੋਏ ਸਨ। ਡਾਕਟਰੀ ਤੋਂ ਬਾਅਦ ਵੱਖ-ਵੱਖ ਟਰੇਨਿੰਗ ਸੈਂਟਰਾਂ ਲਈ ਗਰੁੱਪ ਬਣਾ ਦਿੱਤੇ ਗਏ। ਸਾਡੇ ਗਰੁੱਪ ਨੇ ਮਦਰਾਸ ਲਾਗੇ ਪੈਂਦੇ ਟਰੇਨਿੰਗ ਸੈਂਟਰ ਤਾਂਬਰਮ ਪਹੁੰਚਣਾ ਸੀ।
ਬਾਪੂ ਜੀ ਜ਼ਿੰਦਗੀ ਦੇ ਅਸੂਲਾਂ ਬਾਰੇ ਪਹਿਲਾਂ ਵੀ ਸਿੱਖਿਆ ਦਿੰਦੇ ਰਹਿੰਦੇ ਸਨ। ਉਸ ਦਿਨ ਰੇਲਵੇ ਸਟੇਸ਼ਨ ਨੂੰ ਟੁਰਨ ਤੋਂ ਪਹਿਲਾਂ ਉਨ੍ਹਾਂ ਜਿਹੜੇ ਅਸੂਲ ਦੁਹਰਾਏ ਉਹ ਸਨਂ ਸਾਫ ਨੀਅਤ, ਹਿੰਮਤ, ਮਿਹਨਤ ਅਤੇ ਠੋਸ ਬੰਦਿਆਂ ਨਾਲ਼ ਹੀ ਦੋਸਤੀ। ਜਦੋਂ ਰੇਲ ਗੱਡੀ ਪਲੇਟਫਾਰਮ ‘ਤੇ ਆ ਖਲੋਈ ਬਾਪੂ ਜੀ ਨੇ ਮੈਨੂੰ ਛਾਤੀ ਨਾਲ਼ ਲਾ ਲਿਆ ਤੇ ਆਖਿਆ, ”ਚਿੱਠੀ ਛੇਤੀ-ਛੇਤੀ ਪਾਉਂਦਾ ਰਹੀਂ, ਸਾਡਾ ਫ਼ਿਕਰ ਨਾ ਕਰੀਂ… ਆਪਣਾ ਖਿਆਲ ਰੱਖੀਂ।” ਉਨ੍ਹਾਂ ਦੀਆਂ ਅੱਖਾਂ ਵਿਚ ਹੰਝੂ ਵੇਖ ਕੇ ਮੇਰੀਆਂ ਅੱਖਾਂ ਵੀ ਛਲਕ ਪਈਆਂ… ਗਾਰਡ ਦੀ ਵਿਸਲ ਹੋਣ ‘ਤੇ ਮੈਂ ਆਪਣੇ ਗਰੁੱਪ ਵਾਲ਼ੇ ਡੱਬੇ ‘ਚ ਸਵਾਰ ਹੋ ਗਿਆ। ਓਦਣ ਤਾਰੀਖ਼ ਸੀ 21 ਮਾਰਚ 1962 ਤੇ ਮੇਰੀ ਉਮਰ ਸੀ 17 ਸਾਲ 9 ਮਹੀਨੇ।
ਮਦਰਾਸ ਹੁਸ਼ਿਆਰਪੁਰ ਤੋਂ ਤਕਰੀਬਨ 2600 ਕਿਲੋਮੀਟਰ ਹੈ। ਉਦੋਂ ਇਹ ਗੱਲ ਸੋਚ ਵਿਚ ਨਹੀਂ ਸੀ ਆਈ ਪਰ ਹੁਣ ਸੋਚਦਾ ਹਾਂ ਕਿ ਮੇਰੀ ਪਹਿਲੀ-ਪਹਿਲੇਰੀ ਉਹ ਲੰਮੀ ਵਾਟ, ਮੇਰੇ ਜੀਵਨ ਦੇ ਦੂਰ-ਦੁਰਾਡੇ ਸਫਰਾਂ ਦੀ ਸੂਚਕ ਸੀ।
ਮਦਰਾਸ ਨੂੰ ਪਿਛਲੇ 25 ਸਾਲਾਂ ਤੋਂ ਚੇਨਈ ਆਖਿਆ ਜਾਂਦਾ ਹੈ। ਪਰ ਇਹ ਬਦਲਿਆ ਹੋਇਆ ਨਾਂ ਮੇਰੀ ਜ਼ੁਬਾਨ ਤੇ ਨਹੀਂ ਚੜ੍ਹਿਆ। ਜਦੋਂ ਵੀ ਬੀਤੇ ਦੀਆਂ ਗੱਲਾਂ ਕਰਦਾਂ, ਮੂੰਹ ‘ਚੋਂ ਮਦਰਾਸ ਹੀ ਨਿੱਕਲਦੈ। ਦੱਖਣੀ ਭਾਰਤ ਦੀ ਨਾਭੀ ਵਜੋਂ ਜਾਣਿਆਂ ਜਾਂਦਾ ਇਹ ਮਹਾਂਨਗਰ ਦਰਾਵੜੀਅਨ ਸੱਭਿਅਤਾ ਦੀਆਂ ਵਿਸ਼ੇਸ਼ ਪਰੰਪਰਾਵਾਂ ਦਾ ਕੇਂਦਰ ਸੀ।
ਸਾਫ-ਸੁਥਰਾ ਇਹ ਸ਼ਹਿਰ ਮੈਨੂੰ ਚੰਗਾ ਲੱਗਾ ਸੀ। ਏਅਰ ਫੋਰਸ ਟਰੇਨਿੰਗ ਸੈਂਟਰ ਤਾਂਬਰਮ, ਚੇਨਈ ਤੋਂ 30 ਕਿੱਲੋਮੀਟਰ ਪੂਰਬ ਵੱਲ ਹੈ। ਇਸ ਸੈਂਟਰ ਵਿਚ ਹਵਾਈ ਜਹਾਜ਼ਾਂ ਦੇ ਤਕਨੀਕੀ ਟਰੇਡਾਂ ਦੀ ਪੜ੍ਹਾਈ ਕਰਵਾਈ ਜਾਂਦੀ ਸੀ। ਸਾਡੀ ਟਰੇਨਿੰਗ ਇਕ ਸਾਲ ਦੀ ਸੀ। ਹਰੇਕ ਤਿੰਨ ਮਹੀਨਿਆਂ ਬਾਅਦ ਦੇਸ਼ ਦੇ ਸਾਰੇ ਭਰਤੀ ਦਫ਼ਤਰਾਂ ਤੋਂ ਨਵਾਂ ਪੂਰ ਪਹੁੰਚਦਾ ਸੀ, ਜਿਸ ਨੂੰ ‘ਇਨਟੇਕ’ ਆਖਦੇ ਸਨ। ਹਰੇਕ ਟਰੇਡ ਦੇ ਵੱਖਰੇ ਬੈਚ ਨੂੰ ‘ਐਂਟਰੀ’ ਕਿਹਾ ਜਾਂਦਾ ਸੀ।
ਏਅਰ ਫੋਰਸ ਸਾਰੇ ਭਾਰਤੀਆਂ ਦੀ ਰਲ਼ੀ-ਮਿਲ਼ੀ ਸੈਨਾ ਹੈ। ਸਾਡੀ ‘ਇਨਟੇਕ’ ਤੇ ‘ਐਂਟਰੀ’ ਵਿਚ ਬੰਗਾਲੀ, ਤਾਮਿਲ, ਤੈਲਗੂ, ਪੰਜਾਬੀ, ਮਰਾਠੀ, ਗੁਜਰਾਤੀ, ਮਲਿਆਲੀਂ ਗੱਲ ਕੀ ਹਰ ਸੂਬੇ ਦੇ ਰਕਰੂਟ ਸਨ। ਟਰੇਨਿੰਗ ਸੈਂਟਰ ‘ਚ ਪਹਿਲੇ ਦਿਨ ਸਾਰੇ ਇਕ-ਦੂਜੇ ਦਾ ਨਾਂ ਪੁੱਛ ਰਹੇ ਸਨ। ਸਾਡੇ ਨਾਲ਼ ਅੰਬਾਲੇ ਤੋਂ ਗਿਆ ਜਤਿੰਦਰ ਪੂਨੀਆਂ ਸ਼ਰਾਰਤੀ ਸੀ। ਤਾਮਿਲ ਮੁੰਡਿਆਂ ਨੇ ਉਸਦਾ ਨਾਂ ਪੁੱਛਿਆ। ਦਾਨਾ ਜਿਹਾ ਬਣ ਕੇ ਕਹਿਣ ਲੱਗਾ, ”ਮਾਈ ਨੇਮ ਇਜ਼ ਜੀਜਾ ਜੀ।” ਪੰਜਾਬੀ-ਹਿੰਦੀ ਤੋਂ ਕੋਰੇ ਤਾਮਿਲਾਂ ਨੇ ਆਖਣਾ ਸ਼ੁਰੂ ਕਰ ਦਿੱਤਾ, ”ਹੈਲੋ ਜੀਜਾ ਜੀ, ”ਹਾਓ ਆਰ ਯੂ ਜੀਜਾ ਜੀ।” ‘ਜੀਜਾ ਜੀ’ ਦੇ ਅਰਥ ਪਤਾ ਲੱਗਣ ‘ਤੇ ਜਦੋਂ ਉਨ੍ਹਾਂ ਨੇ ਗੁੱਸਾ ਦਿਖਾਇਆ ਤਾਂ ਜਤਿੰਦਰ ਨੇ ਡਾਢਾ ਨਿਮਾਣਾ ਜਿਹਾ ਹੋ ਕੇ ਮੁਆਫ਼ੀ ਮੰਗ ਲਈ।
”ਮਾਫ਼ੀ ਮੰਗਣ ਵੇਲੇ ਥੋੜਾ ਕੁ ਲਿਫ ਜਾਂਦਾ ਪਰ ਤੂੰ ਤਾਂ ਲਿਫ ਕੇ ਦੂਹਰਾ ਹੀ ਹੋ ਗਿਆ।” ਮੈਂ ਉਸਨੂੰ ਛੇੜਿਆ।
”ਲਿਫਿਆ ਤਾਂ ਮੈਂ ਸਿਰਫ਼ ਦੋ ਮਿੰਟ ਲਈ ਪਰ ਉਨ੍ਹਾਂ ਨੂੰ ਪੂਰੇ ਚਾਰ ਦਿਨ ਸਾਲ਼ੇ ਬਣਾਇਆ। ਮੇਰਾ ਇਹ ਸੌਦਾ ਘਾਟੇ ਦਾ ਨਹੀਂ, ਵਾਧੇ ਦਾ ਹੀ ਆ।” ਛਾਤੀ ਫੁਲਾਉਂਦਾ ਜਤਿੰਦਰ ਬੋਲਿਆ।
ਸਾਡੀ ਰਿਹਾਇਸ਼ ਲੰਮੀਆਂ-ਲੰਮੀਆਂ ਬੈਰਕਾਂ ‘ਚ ਸੀ। ਹਰ ਬੈਰਕ ‘ਚ 50 ਕੁ ਬੈੱਡ ਹੁੰਦੇ ਸਨ। ਨਿੱਜੀ ਚੀਜ਼ਾ ਰੱਖਣ ਵਾਸਤੇ ਦਰਾਜਾਂ ਵਾਲ਼ੀ ਅਲਮਾਰੀ ਹੁੰਦੀ ਸੀ।
ਆਪਣਾ ਟਰੰਕ ਜਾਂ ਅਟੈੱਚੀ ਬੈੱਡ ਦੇ ਹੇਠਾਂ ਰੱਖਦੇ ਸਾਂ। ਬਾਥਰੂਮ ਬੈਰਕਾਂ ਤੋਂ ਥ੍ਹੋੜਾ ਹਟਵੇਂ ਸਨ। ਬੈੱਡ ਲੋਹੇ ਦੇ ਜਾਂ ਲਕੜੀ ਦੇ ਹੁੰਦੇ ਸਨ। ਮੇਰੇ ਨਾਲ਼ ਵਾਲ਼ਾ ਬੈੱਡ ਮਨਜੀਤ ਸਿੰਘ ਸੰਧੂ ਦਾ ਸੀ। ਉਸ ਤੋਂ ਅਗਲੇ ਤਿੰਨ ਬੈੱਡ ਬੰਤ ਸਿੰਘ ਟਿਵਾਣਾ, ਹਰਚਰਨ ਸਿੰਘ ਬੇਦੀ ਤੇ ਨਰਿੰਦਰ ਸਿੰਘ ਗਰੇਵਾਲ ਦੇ ਸਨ। ਸਾਡੀ ਚੌਹਾਂ ਦੀ ਆਪਸ ਵਿਚ ਵਾਹਵਾ ਬਣਦੀ ਸੀ।
ਟਰੇਨਿੰਗ ਪਰੇਡ ਦੀ ਸਿਖਲਾਈ ਤੋਂ ਸ਼ੁਰੂ ਹੋਈ। ਉਸ ਪਰੇਡ ਤੋਂ ਵੱਖਰੀ ਭਾਂਤ ਦੀ ਇਕ ਹੋਰ ਪਰੇਡ ਹਰ ਦੋ ਹਫਤਿਆਂ ਬਾਅਦ ਅਸੀਂ ਬੈਰਕਾਂ ਵਿਚ ਕਰਦੇ ਸਾਂ, ਮੰਜਿਆਂ ਅਤੇ ਨਾਰੀਅਲ ਦੇ ਗੱਦਿਆਂ ‘ਚ ਛੁਪੇ ਖਟਮਲਾਂ ਨੂੰ ਮਾਰਨ ਵਾਲ਼ੀ ਖਟਮਲ-ਪਰੇਡ। ਜਿਹੜਾ ਇਹ ਪਰੇਡ ਨਹੀਂ ਕਰਦਾ ਸੀ ਖਟਮਲ ਰਾਤ ਨੂੰ ਉਸ ਦੀ ਪਰੇਡ ਕਰਵਾ ਦੇਂਦੇ।
ਹਰੇਕ ਬੈਰਕ ਦਾ ਇਕ ਧੋਬੀ ਹੁੰਦਾ ਸੀ। ਉਹ ਸਾਡੀਆਂ ਵਰਦੀਆਂ ਤੇ ਹੋਰ ਕਪੜੇ ਲੈ ਜਾਂਦਾ ਅਤੇ ਹਫ਼ਤੇ ਬਾਅਦ ਧੋ ਕੇ ਦੇ ਜਾਂਦਾ।
ਖਾਣ-ਪੀਣ ਮੈਸਾਂ ਵਿਚ ਸੀ। ਸਵੇਰੇ ਪੂਰੀਆਂ ਜਾਂ ਪਰੌਂਠੇ ਤੇ ਜਾਂ ਬਟਰ-ਜੈਮ ਲੱਗੀ ਬਰੈੱਡ ਤੇ ਚਾਹ। ਦੁਪਹਿਰ ਨੂੰ ਚਪਾਤੀ (ਰੋਟੀ) ਚਾਵਲ, ਦਾਲ਼, ਸਬਜ਼ੀ ਤੇ ਸਾਂਬਰ ਅਤੇ ਰਾਤ ਨੂੰ ਚਪਾਤੀ, ਚਾਵਲ, ਮੀਟ ਤੇ ਸਾਂਬਰ।
ਐਤਵਾਰ ਦੇ ਲੰਚ ਵਿਚ ਮੁਰਗਾ ਹੁੰਦਾ ਸੀ। ਸ਼ਾਕਾਹਾਰੀਆਂ ਵਾਸਤੇ ਰਾਤ ਨੂੰ ਸਬਜ਼ੀਆਂ ਦੇ ਨਾਲ਼ ਦੁੱਧ ਦਾ ਮੱਗ ਹੁੰਦਾ ਸੀ ਤੇ ਅਰਧ-ਸ਼ਾਕਾਹਾਰੀਆਂ ਵਾਸਤੇ ਅੰਡਿਆਂ ਦੀ ਭੁਰਜੀ ਹੁੰਦੀ ਸੀ। ਲੌਢੇ ਵੇਲੇ ਚਾਹ ਜਾਂ ਕੌਫੀ ਬਣਦੀ ਸੀ। ਮੈੱਸ ਦੇ ਖਾਣਿਆਂ ਦਾ ਸਟੈਂਡਰਡ ਠੀਕ-ਠੀਕ ਹੀ ਸੀ।
ਗੱਲ-ਬਾਤ ਤੇ ਪੜ੍ਹਨ-ਲਿਖਣ ਦਾ ਮਾਧਿਅਮ ਅੰਗ੍ਰੇਜ਼ੀ ਸੀ। ਦੱਖਣੀ ਭਾਰਤੀ ਤੇ ਬੰਗਾਲੀ ਤਾਂ ਅੰਗ੍ਰੇਜ਼ੀ ਸੌਖ ਨਾਲ਼ ਬੋਲ ਲੈਂਦੇ ਸਨ। ਪਰ ਪੰਜਾਬ ਸਮੇਤ ਭਾਰਤ ਦੇ ਬਾਕੀ ਹਿੱਸਿਆਂ ਤੋਂ ਗਏ ਰਕਰੂਟਾਂ ਨੂੰ ਅੰਗੇਜ਼ੀ ਔਖੀ ਲਗਦੀ ਸੀ। ਖ਼ੈਰ ਹੌਲ਼ੀ-ਹੌਲ਼ੀ ਸਾਰੇ ਲਿਖਣ-ਬੋਲਣ ਲੱਗ ਪਏ। ਪਰੇਡ-ਪੀ.ਟੀ ਨਾਲ਼ ਸੰਬੰਧਿਤ ਕਮਾਂਡਜ਼ ਹਿੰਦੀ ‘ਚ ਹੁੰਦੀਆਂ ਸਨ।
ਏਅਰ ਫੋਰਸ ਵਿਚ ਹਰ ਸੈਨਿਕ ਦੀ ਪਛਾਣ ਉਸਦਾ ਗੋਤਰ ਜਾਂ ਉਪਨਾਮ ਅਤੇ ਨਾਂ ਦੇ ਪਹਿਲੇ ਅੱਖਰ ਹੁੰਦੇ ਹਨ, ਜਿਵੇਂ ਮੈਂ ਓਥੇ ਜਰਨੈਲ ਸਿੰਘ ਨਹੀਂ ‘ਹੀਰ. ਜੇ. ਐਸ’ ਸਾਂ।
ਮਾਧਿਅਮ ਅੰਗ੍ਰੇਜ਼ੀ ਹੋਣ ਕਰਕੇ ਸਾਡੇ ਪੰਜਾਬੀਆਂ ਦੇ ਕੁਝ ਗੋਤਰਾਂ ਦਾ ਉਚਾਰਣ, ਖਾਸ ਕਰਕੇ ਦੱਖਣੀ ਭਾਰਤੀ ਹੋਰ ਤਰ੍ਹਾਂ ਕਰਦੇ ਸਨ ਜਿਵੇਂ ਸੰਧੂ ਦਾ ਸੈਂਢੂ, ਸਹੋਤਾ ਦਾ ਸਾਹੋਟਾ, ਮਲਹੋਤਰਾ ਦਾ ਮੈਲਹੋਟਰਾ ਆਦਿ। ਪਹਿਲੇ ਤਿੰਨ ਮਹੀਨੇ ਪਰੇਡ ਤੇ ਪੀ.ਟੀ ਦੀ ਸਿਖਲਾਈ ਦੇ ਸਨ। ਨਾਲ਼ ਅੰਗ੍ਰੇਜ਼ੀ, ਹਿਸਾਬ ਤੇ ਸਾਇੰਸ ਦੇ ਪੀਰੀਅਡ ਵੀ ਲਗਦੇ ਸਨ। ਪਰੇਡ ਖੁਰੀਆਂ ਲੱਗੇ ਭਾਰੇ ਐਂਕਲ-ਬੂਟ ਪਾ ਕੇ ਕਰਦੇ ਸਾਂ। ਸਰੀਰਾਂ ਨੂੰ ਪੂਰੀ ਤਰ੍ਹਾਂ ਤਾਣ ਕੇ, ਪੈਰਾਂ ਨੂੰ ਧਰਤੀ ‘ਤੇ ਪੂਰੇ ਜ਼ੋਰ ਨਾਲ਼ ਧਰਦਿਆਂ ਦੂਜੇ ਰਕਰੂਟਾਂ ਸੰਗ ਕਦਮ ਨਾਲ਼ ਕਦਮ ਮਿਲ਼ਾ ਕੇ ਮਾਰਚ ਕਰਨ ਦੀ ਪ੍ਰੈਕਟਿਸ ਕਰਵਾਈ ਜਾਂਦੀ ਸੀ, ਸ਼ੁਰੂ ਵਿਚ ਖਾਲੀ ਹੱਥੀਂ ਤੇ ਬਾਅਦ ਵਿਚ ਖੱਬੇ ਹੱਥ ਵਿਚ ਰਾਈਫਲ ਉਠਾ ਕੇ। 30 ਕੁ ਰਕਰੂਟਾਂ ਦੀ ਟੁਕੜੀ ਦਾ ਇਕ ‘ਫਿਜ਼ੀਕਲ ਇੰਸਟਰਕਟਰ’ ਹੁੰਦਾ ਸੀ। ਟੁਕੜੀ ਨੂੰ ਫਲਾਈਟ (Flight) ਕਿਹਾ ਜਾਂਦਾ ਸੀ।
ਫਲਾਈਟਾਂ ਕਈ ਹੁੰਦੀਆਂ ਸਨ। ਹਰ ਫਲਾਈਟ ਦਾ ਇਕਸੀਨੀਅਰਮੈਨ ਹੁੰਦਾ ਸੀ।
ਇੰਸਟਰਕਟਰਾਂ ਦੀ ਕਮਾਂਡ ਅਨੁਸਾਰ ਤੇਜ਼ ਚੱਲ, ਦਾਇਨੇਮੁੜ, ਬਾਏਂ ਮੁੜ, ਦਾਇਨੇ ਦੇਖ, ਬਾਏਂ ਦੇਖ, ਸਾਮਨੇ ਦੇਖ, ਸਲਾਮੀ ਦੋ ਆਦਿ ਕ੍ਰਿਆਵਾਂ ਕਰਦਿਆਂ ਅਤੇ ਇਸੰਟਰਕਟਰਾਂ ਤੇ ਅਫਸਰਾਂ ਦੇ ਹਰ ਆਰਡਰ ਦੀ ਪਾਲਣਾ ਵਾਸਤੇ ਯੈਸ ਕਾਪਲ, ਯੈਸ ਸਾਰਜੈਂਟ, ਯੈਸ ਸਰ ਉਚਾਰਦਿਆਂ ਮੈਨੂੰ ਇੰਜ ਲਗਦਾ ਜਿਵੇਂ ਮੈਥੋਂ ਮੇਰਾ ਨਿੱਜ ਖੋਹਿਆ ਜਾ ਰਿਹਾ ਹੋਵੇ। ਡਸਿਪਲਿਨ ਦੇ ਨਾਂ ‘ਤੇ ਕੁਝ ਕਾਰਜਾਂ ਦੀ ਤਰਕਹੀਣਤਾ ਵੀ ਦੁਖੀ ਕਰਦੀ ਸੀਂ ਸਵੇਰੇ ਬੈਰਕ ਤੋਂ ਟੁਰਨ ਲੱਗਿਆਂ ‘ਕਿਟ ਲੇਅ ਆਊਟ’ ਕਰਨੀ ਜ਼ਰੂਰੀ ਸੀ। ਬੈੱਡ ਦੀ ਨੀਲੀ ਦਰੀ ਉੱਪਰ ਸਿਰਹਾਣੇ ਵੱਲ, ਤਹਿ ਕੀਤੀ ਚਿੱਟੀ ਬੈੱਡ-ਸ਼ੀਟ, ਉਸ ਉੱਪਰ ਕੰਬਲ ਤੇ ਮੱਛਰਦਾਨੀ, ਨਿਯਮ ਮੁਤਾਬਿਕ, ਤਹਿ ਲਾ ਕੇ ਰੱਖਦੇ ਸਾਂ। ਤਿੰਨਾਂ ਚੀਜ਼ਾਂ ਦੀ ਲੰਬਾਈ-ਚੌੜਾਈ ਐਨ੍ਹ ਬਰਾਬਰ ਕਰਕੇ ਰੱਖਣੀ ਹੁੰਦੀ ਸੀ। ਬੈੱਡ ਦੇ ਵਿਚਕਾਰ, ਬਾਹੀਆਂ ਵੱਲ ਨੂੰ ਚਿੱਟਾ ਤੌਲੀਆ ਵਿਛਾ ਕੇ ਉਸਦੇ ਸਿਰੇ ਦਰੀ ਹੇਠਾਂ ਛਪਾਉਂਣੇ ਹੁੰਦੇ ਸਨ। ਤੌਲੀਏ ਦੇ ਸੈਂਟਰ ਵਿਚ ਪਲੇਟ ਮੂਧੀ ਰੱਖ ਕੇ ਉਸ ਉੱਪਰ ਮੱਗ ਟਿਕਾਉਂਦੇ ਸਾਂ। ਮੱਗ-ਪਲੇਟ ਦੇ ਸੱਜੇ ਪਾਸੇ ਚਮਚ, ਖੱਬੇ ਪਾਸੇ ਫੋਰਕ ਤੇ ਪੈਂਦ ਵੱਲ ਦੇ ਪਾਸੇ ਛੁਰੀ ਰੱਖਦੇ ਸਾਂ। ਮੰਜੇ ਦੀ ਪੈਂਦ ਦੇ ਇਕ ਕੋਨੇ ਵਿਚ ਛੋਟੇ ਬੂਟਾਂ ਤੇ ਕੈਨਵਸ ਬੂਟਾਂ ਦਾ ਮੂਧਾ ਮਾਰਿਆ ਇਕ-ਇਕ ਪੈਰ ਤੇ ਦੂਜੇ ਕੋਨੇ ‘ਚ ਇਸੇ ਤਰ੍ਹਾਂ ਬੂਟਾਂ ਦੇ ਦੂਜੇ ਪੈਰ।
ਚਾਹੀਦਾ ਤਾਂ ਇਹ ਸੀ ਕਿ ਬੈਰਕ ਛੱਡਣ ਤੋਂ ਪਹਿਲਾਂ ਬੈੱਡ ਸੁਆਰੇ ਹੋਏ ਹੋਣ। ਬੈੱਡ ਉੱਪਰ ਮੱਗ-ਪਲੇਟਾਂ ਤੇ ਬੂਟ ਰੱਖਣ ਦੇ ਨਿਯਮ ਤਰਕਹੀਣ ਸਨ।
ਵੱਡੀ ਸਿਰਦਰਦੀ ਉਦੋਂ ਹੁੰਦੀ ਸੀ ਜਦੋਂ ਟਰੇਨਿੰਗ ਕਮਾਂਡ ਜਾਂ ਏਅਰ ਹੈੱਡਕੁਆਟਰ ਤੋਂ ਕੋਈ ਵੱਡਾ ਅਫਸਰ ਇਨਸਪੈਕਸ਼ਨ ਕਰਨ ਆਉਂਦਾ। ਉਸਦੇ ਸਤਿਕਾਰ ਵਿਚ ਹੋਣ ਵਾਲ਼ੀ ਪਰੇਡ ਤੇ ਪੀ. ਟੀ ਦੀਆਂ ਰਿਹਰਸਲਾਂ ਕਰਦਿਆਂ ਸਰੀਰਾਂ ਦੀ ਬੱਸ ਹੋ ਜਾਂਦੀ।
ਉਨ੍ਹਾਂ ਮੌਕਿਆਂ ‘ਤੇ ਕੀਤੀ ਜਾਂਦੀ ‘ਸੈਰੀਮੋਨੀਅਲ ਕਿੱਟ ਲੇਅ-ਆਊਟ’ ਵਿਚ ਬੈੱਡ-ਸ਼ੀਟ, ਕੰਬਲ ਤੇ ਮੱਛਰਦਾਨੀ ਨਾਲ਼ ਸਾਨੂੰ ਇਸ਼ੂ ਹੋਈਆਂ 35-40 ਚੀਜ਼ਾਂ ਨਿਯਮਾਂ ਅਨੁਸਾਰ ਬੈੱਡ ‘ਤੇ ਬਾਤਰਤੀਬ ਸਜਾਉਣੀਆਂ ਹੁੰਦੀਆਂ ਸਨ। ਜੇ ਕਿਸੇ ਦੀ ‘ਕਿਟ ਲੇਅ ਆਊਟ’ ਦੀ ਤਰਤੀਬ ਠੀਕ ਨਾ ਹੁੰਦੀ, ਉਸਨੂੰ ਸਜ਼ਾ ਦਿੱਤੀ ਜਾਂਦੀ ਸੀ।
ਡਸਿਪਲਿਨ ‘ਚ ਸਾਨੂੰ ਇਹ ਵੀ ਦ੍ਰਿੜਾਇਆ ਗਿਆ ਕਿ ਤੁਹਾਨੂੰ ਦਿੱਤਾ ਆਰਡਰ ਜੇ ਅਣਉਚਿਤ ਜਾਂ ਗਲਤ ਜਾਪੇ ਤਾਂ ਕਿਸੇ ਦਲੀਲਬਾਜ਼ੀ ‘ਚ ਪੈਣ ਦੀ ਬਜਾਇ ਉਸਦੀ ਤੁਰੰਤ ਪਾਲਣਾ ਕਰਨੀ ਹੈ। ਇਹ ਬਾਅਦ ‘ਚ ਦੱਸਣੈ ਕਿ ਤੁਹਾਨੂੰ ਦਿੱਤਾ ਗਿਆ ਆਰਡਰ ਜਾਂ ਤੁਹਾਡੇ ‘ਤੇ ਲੱਗਾ ਦੋਸ਼ ਸਹੀ ਨਹੀਂ ਸੀ।
ਸੰਵੇਦਨਸ਼ੀਲ ਬੰਦੇ ਲਈ ਇਸ ਤਰ੍ਹਾਂ ਦਾ ਅਧੀਨਗੀ ਵਾਲ਼ਾ ਮਾਹੌਲ ਸਹਿਣਾ ਮੁਸ਼ਕਲ ਹੁੰਦਾ ਹੈ। ਇਸ ਮਾਹੌਲ ਨੇ ਮੇਰੇ ਅੰਦਰ ਘੁਟਣ ਪੈਦਾ ਕਰ ਦਿੱਤੀ। ਪਿੱਛੇ ਪਰਿਵਾਰ ਦੀ ਕੋਈ ਝੂਠੀ-ਮੂਠੀ ਸਮੱਸਿਆ ਘੜ ਕੇ, ਮੈਂ ਡਿਸਚਾਰਜ ਵਾਸਤੇ ਦਰਖਾਸਤ ਲਿਖਣ ਲਈ ਸੋਚਣ ਲੱਗ ਜਾਂਦਾ। ਪਰ ਫਿਰ ਅੱਖਾਂ ਮੂਹਰੇ ਪਰਿਵਾਰ ਦੀ ਪੇਤਲੀ ਆਰਥਿਕਤਾ ਦੇ ਦ੍ਰਿਸ਼ ਘੁੰਮ ਜਾਂਦੇ। ਮਸਲਾ ਰੋਜ਼ੀ-ਰੋਟੀ ਦਾ ਸੀ, ਆਪਣੇ ਪੈਰਾਂ ‘ਤੇ ਖਲੋਣ ਦਾ ਸੀ।
(ਚਲਦਾ)

 

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …