ਸਭ ਮਤਲਬਖ਼ੋਰੇ ਯਾਰ, ਪਿਆਰੇ ਬਦਲ ਗਏ।
ਜੀਊਂਦੇ ਦਿੱਤੇ ਮਾਰ, ਹਤਿਆਰੇ ਬਦਲ ਗਏ।
ਮਤਲਬ ਬਿਨਾਂ ਕੋਈ ਕਿਸੇ ਦੀ ਸੁਣਦਾ ਨਾ,
ਨਾਂਹ ਨਾ ਕਰਨ ਮਕਾਰ, ਲਾਰੇ ਬਦਲ ਗਏ।
ਝੂਠੀਆਂ ਰਸਮਾਂ ਤੇ ਕਸਮਾਂ ਹੀ ਰਹਿ ਗਈਆਂ,
ਕਿੱਥੋਂ ਲੱਭੀਏ ਵਫ਼ਾਦਾਰ, ਸਹਾਰੇ ਬਦਲ ਗਏ।
ਆਪਣੀ ਡੱਫਲੀ, ਆਪਣਾ ਰਾਗ ਅਲਾਪ ਰਹੇ,
ਛੱਜੂ ਘਰ ਤੋਂ ਬਾਹਰ, ਬੁਖਾਰੇ ਬਦਲ ਗਏ।
ਕੱਚਿਆਂ, ਪੱਕਿਆਂ ਤੇ ਨਾ ਕੋਈ ਤਰਦਾ ਹੁਣ,
ਝਨਾਂ ਦੇ ਕੰਢਿਉਂ ਪਾਰ, ਪਿਆਰੇ ਬਦਲ ਗਏ।
ਕੋਈ ਚਾਰੇ ਨਾ ਮੱਝੀਆਂ ਮੰਗੂ ਬਣਕੇ ਹੁਣ,
ਨਾ ਰਾਂਝੇ ਵਰਗੇ ਯਾਰ, ਹਜਾਰੇ ਬਦਲ ਗਏ।
ਉਂਗਲੀ ਫੜ੍ਹ ਕੇ ਤੁਰਨਾ ਜਿਨ੍ਹਾਂ ਤੋਂ ਸਿੱਖਿਆ ਸੀ,
ਬੁੱਢੀ ਲਾਠੀ ਅਵਾਜਾਰ, ਦੁਲਾਰੇ ਬਦਲ ਗਏ।
ਪੈਸੇ ਦੀ ਮੰਡੀ ਵਿੱਚ ਰਿਸ਼ਤੇ ਤੁਲ ਗਏ ਨੇ,
ਬਣ ਗਿਆ ਇੱਕ ਵਪਾਰ, ਛੁਆਰੇ ਬਦਲ ਗਏ।
ਬਾਹਰ ਜਾਣ ਦੀ ਦੌੜ ਵੀ ਲੱਗੀ ਸਭ ਨੂੰ ਹੈ,
ਹਰ ਕੋਈ ਜਿਵੇਂ ਤਿਆਰ, ਨਜ਼ਾਰੇ ਬਦਲ ਗਏ।
ਵਣਜ ਪਿਆਰ ਦਾ ਕਰਨਾ ਲੋਕੀ ਭੁੱਲ ਗਏ ਨੇ,
ਦਿਲਾਂ ‘ਚ ਭਰੇ ਹੰਕਾਰ, ਹੰਕਾਰੇ ਬਦਲ ਗਏ।
ਸ਼ੁੱਧ ਖਾਲਸ ਚੀਜ਼ ਵੀ ਕਿਤਿਉਂ ਮਿਲਦੀ ਨਾ,
ਸੋਨਾ ਤੇ ਸੁਨਿਆਰ, ਸਾਰੇ ਬਦਲ ਗਏ।
ਲੋਕ ਸੇਵਾ ਦੇਸ਼ ਪਿਆਰ ਤਾਂ ਮਨਫੀ ਹੈ,
ਕਿੱਥੇ ਨੇਤਾ ਦਾ ਕਿਰਦਾਰ, ਲਾਰੇ ਬਦਲ ਗਏ।
ਸਿੱਖ ਲੈ ਦੁੱਖ ਲਕੋਣਾ, ਸੀਨੇ ਵਿੱਚ ਯਾਰਾ,
ਕੋਈ ਕਰਦਾ ਨਾ ਇਤਬਾਰ, ਹੁੰਘਾਰੇ ਬਦਲ ਗਏ।
– ਸੁਲੱਖਣ ਮਹਿਮੀ +647-786-6329