Breaking News
Home / ਨਜ਼ਰੀਆ / ਬਰੈਂਪਟਨ ਸਾਊਥ ਹਲਕੇ ਲਈ ਉਨਟਾਰੀਓ ਪੀ ਸੀ ਪਾਰਟੀ ਦੀ 3 ਦਸੰਬਰ ਨੂੰ ਹੋਣ ਜਾ ਰਹੀ ਨੌਮੀਨੇਸ਼ਨ ਪ੍ਰਤੀ ਪ੍ਰਭਮੀਤ ਸਿੰਘ ਸਰਕਾਰੀਆ ਦੇ ਕੈਂਪ ਦੀਆਂ ਤਿਆਰੀਆਂ ਮੁਕੰਮਲ

ਬਰੈਂਪਟਨ ਸਾਊਥ ਹਲਕੇ ਲਈ ਉਨਟਾਰੀਓ ਪੀ ਸੀ ਪਾਰਟੀ ਦੀ 3 ਦਸੰਬਰ ਨੂੰ ਹੋਣ ਜਾ ਰਹੀ ਨੌਮੀਨੇਸ਼ਨ ਪ੍ਰਤੀ ਪ੍ਰਭਮੀਤ ਸਿੰਘ ਸਰਕਾਰੀਆ ਦੇ ਕੈਂਪ ਦੀਆਂ ਤਿਆਰੀਆਂ ਮੁਕੰਮਲ

ਪ੍ਰਭਮੀਤ ਸਿੰਘ ਸਰਕਾਰੀਆ ਅਤੇ ਸਹਿਯੋਗੀਆਂ ਵਲੋਂ ਵੀਕਐਂਡ ਦੌਰਾਨ ਵੋਟਰਾਂ ਨੂੰ ਘਰੋ-ਘਰੀ ਜਾ ਕੇ  ਸੰਪਰਕ ਕਰਨ ਸਦਕਾ ਸਮੁੱਚੀ ਟੀਮ ਵਿਚ ਉਤਸ਼ਾਹ
3 ਦਸੰਬਰ 2016 ਨੂੰ ਸ਼ਨਿਚਰਵਾਰ ਵਾਲੇ ਦਿਨ ਕੈਨੇਡੀਅਨ ਕਨਵੈਨਸ਼ਨ ਸੈਂਟਰ ਵਿਖੇ ਬਰੈਂਪਟਨ ਸਾਊਥ ਹਲਕੇ ਲਈ ਉਨਟਾਰੀਓ ਪੀ ਸੀ ਪਾਰਟੀ ਦੀ ਨਾਮੀਨੇਸ਼ਨ ਲਈ ਪ੍ਰਭਮੀਤ ਸਿੰਘ ਸਰਕਾਰੀਆ ਦੇ ਕੰਪੇਨ ਵਿਚ ਉਸ ਦੇ ਸਹਿਯੋਗੀਆਂ ਨੇ ਇਸ ਲੰਘੇ ਵੀਕਐਂਡ ਦੌਰਾਨ 26 ਅਤੇ 27 ਨਵੰਬਰ ਨੂੰ ਵੋਟਰਾਂ ਦੇ ਘਰੋ-ਘਰੀ ਜਾ ਕੇ ਸੰਪਰਕ ਕਰਕੇ ਉਸ ਦੇ ਹੱਕ ਵਿਚ ਵੋਟਾਂ ਪਾਉਣ ਦੀ ਬੇਨਤੀ ਕੀਤੀ । ਇਸ ਸਮੁੱਚੇ ਪ੍ਰਬੰਧ ਨੂੰ ਨੇਪਰੇ ਚਾੜਨ ਵਿਚ ਜਿਥੇ ਪਿਛਲੇ 2-3 ਦਹਾਕਿਆਂ ਤੋਂ ਭਾਈਚਾਰਕ ਗਤੀਵਿਧੀਆਂ ਵਿਚ ਵੱਧ-ਚੜ੍ਹ ਕੇ ਯੋਗਦਾਨ ਪਾਉਣ ਵਾਲੇ 20-25 ਸਹਿਯੋਗੀਆਂ ਦਾ ਸਾਥ ਸੀ ਉਸ ਦੇ ਨਾਲ ਹੀ ਨੌਜਵਾਨ ਵਰਗ ਦੇ 50 ਦੇ ਕਰੀਬ ਵਲੰਟੀਅਰਾਂ ਵਿਚ ਵਿਸ਼ੇਸ਼ ਉਤਸ਼ਾਹ ਵੇਖਣ ਨੂੰ ਮਿਲਿਆ ।
ਪ੍ਰਭਮੀਤ ਸਿੰਘ ਦੇ ਕੈਮਪੇਨ ਵਿਚ ਹੱਥ ਵੰਡਾਉਣ ਵਾਲੇ ਨੌਜਵਾਨ, ਸ਼ਿੰਦਾ ਸਿੰਘ ਨੇ ਕਿਹਾ ਕਿ ਯੂਨੀਵਰਸਟੀ ਦਿਨਾਂ ਤੋਂ ਹੀ ਪ੍ਰਭਮੀਤ ਸਿੰਘ, ਸ਼ਿੰਦਾ ਸਿੰਘ, ਜਸਕਰਨ ਸਿੰਘ ਸੰਧੂ, ਮਨਦੀਪ ਸਿੰਘ, ਪ੍ਰਮਿੰਦਰ ਸਿੰਘ ਨਿੱਜਰ ਤੋਂ ਇਲਾਵਾ ਸਿਮਰਪ੍ਰੀਤ ਕੌਰ ਅਤੇ ਹਰਲੀਨ ਕੌਰ ਵਰਗੇ ਨੌਜਵਾਨ ਵਿਦਿਆਰਥੀਆਂ ਦੇ ਮਨਾਂ ਵਿਚ ਉਚੇਰੀ ਪੜ੍ਹਾਈ ਪ੍ਰਾਪਤ ਕਰਨ ਤੋਂ ਇਲਾਵਾ ਭਾਈਚਾਰੇ ਦੇ ਅਕਸ ਨੂੰ ਕੈਨੇਡੀਅਨ ਮੁੱਖ-ਧਾਰਾ ਦੇ ਮਨਾਂ ਅੰਦਰ ਹੋਰ ਵਧੀਆ ਬਣਾਉਣ ਦੀ ਲਗਨ ਸੀ ਜਿਸ ਸਦਕਾ ਉਨ੍ਹਾਂ ਨੇ ਹੋਰ ਸਹਿਯੋਗੀਆਂ ਦੇ ਨਾਲ ਰਲ ਕੇ ਜਿਥੇ ਟਰਾਂਟੋ ਡਾਊਨਟਾਊਨ ਵਿਚ ਯੰਗ-ਡੰਡਾਸ ਦੀ ਨੁੱਕਰ ਵਿਖੇ ਟਰਬਨ-ਅੱਪ ਵਰਗੇ ਪ੍ਰੋਗਰਾਮ ਆਯੋਜਿਤ ਕੀਤੇ ਉਥੇ ਕਰਮਾ-ਗਰੋ ਕਮਿਊਨਿਟੀ ਵੈਜੀਟੇਬਲ ਗਾਰਡਨ ਨੂੰ ਬਰੈਂਪਟਨ ਵਿਚ ਸਥਾਪਿਤ ਕਰਕੇ ਸਿੱਖੀ ਦੇ ਵੰਡ-ਛਕਣ ਦੇ ਫਲਸਫੇ ਨੂੰ ਅਮਲੀ ਜਾਮਾ ਪਹਿਨਾਉਂਦੇ ਹੋਏ ਬਰੈਂਪਟਨ ਇਲਾਕੇ ਦੇ ਫੂਡ-ਬੈਂਕ ਨੂੰ ਤਾਜ਼ਾ ਸਬਜ਼ੀਆਂ ਦਾਣ ਵਜੋਂ ਦੇਣ ਦਾ ਪ੍ਰੋਗਰਾਮ ਸਥਾਪਿਤ ਕੀਤਾ । ਇਥੇ ਇਹ ਵਰਨਣਯੋਗ ਹੈ ਕਿ ਟਰਾਂਟੋ ਇਲਾਕੇ ਤੋਂ ਸ਼ੁਰੂ ਹੋਏ ਟਰਬਨ-ਅੱਪ ਅਤੇ ਕਰਮਾ-ਗਰੋ ਨਾਮ ਦੇ ਦੋਹਵੇਂ ਪ੍ਰਾਜੈਕਟ ਹੁਣ ਨੈਸ਼ਨਲ ਪੱਧਰ ਉਪਰ ਸਥਾਪਿਤ ਹੋ ਚੁੱਕੇ ਹਨ ਅਤੇ ਦੋਹਾਂ ਪ੍ਰਾਜੈਕਟ ਦਾ ਅਨੇਕ ਵਾਰ ਨੈਸ਼ਨਲ ਮੀਡੀਏ ਵਿਚ ਵੀ ਜ਼ਿਕਰ ਹੋ ਚੁੱਕਾ ਹੈ । ਕੈਨੇਡੀਅਨ ਯੂਨੀਵਰਸਟੀਆਂ ਤੋਂ ਉਚੇਰੀ ਵਿਦਿਆ ਪ੍ਰਾਪਤ ਕਰਕੇ ਵੱਖੋ-ਵੱਖਰੇ ਖੇਤਰਾਂ ਵਿਚ ਵਧੀਆਂ ਪੁਜ਼ਸ਼ੀਨਾਂ ਉਪਰ ਪਹੁੰਚੇ ਇਸ ਸਾਰੇ ਨੌਜਵਾਨ ਅਤੇ ਇਨ੍ਹਾਂ ਦੇ ਹੋਰ ਸਾਥੀ ਜਿਨ੍ਹਾਂ ਵਿਚ ਵਕੀਲ, ਅਕਾਊਂਟੈਂਟ, ਡਾਕਟਰ, ਸੋਸ਼ਲ ਸਾਇੰਸਟਿਸਟ ਆਦਿ ਸ਼ਾਮਲ ਹਨ, ਉਨਟਾਰੀਓ ਪੀ ਸੀ ਪਾਰਟੀ ਦੀ ਬਰੈਂਪਟਨ ਸਾਊਥ ਨਾਮੀਨੇਸ਼ਨ ਲਈ ਪ੍ਰਭਮੀਤ ਸਿੰਘ ਸਰਕਾਰੀਆ ਦੇ ਹੱਕ ਵਿਚ ਪ੍ਰਚਾਰ ਕਰ ਰਹੇ ਹਨ । ਹਰਲੀਨ ਕੌਰ ਨੇ ਪ੍ਰਭਮੀਤ ਸਿੰਘ ਸਰਕਾਰੀਆ ਵਲੋਂ ਰਾਜਨੀਤਕ ਖੇਤਰ ਦੇ ਜ਼ਰੀਏ ਸਮਾਜ ਦੀ ਸੇਵਾ ਕਰਨ ਦੇ ਫੈਸਲੇ ਪ੍ਰਤੀ ਕਿਹਾ ਕਿ ਅਨੇਕਾਂ ਪ੍ਰਾਜੈਕਟਾਂ ਵਿਚ ਪ੍ਰਭਮੀਤ ਸਿੰਘ ਸਰਕਾਰੀਆ ਦੇ ਨਾਲ ਕੰਮ ਕਰਨ ਦੇ ਤਜ਼ਰਬੇ ਦੇ ਆਧਾਰ ਸਦਕਾ ਉਹ ਇਹ ਕਹਿ ਸਕਦੀ ਹੈ ਕਿ ਪ੍ਰਭਮੀਤ ਸਿੰਘ ਸਰਕਾਰੀਆ, ਭਵਿੱਖ ਵਿਚ ਉਨਟਾਰੀਓ ਦੀ ਸਿਆਸਤ ਵਿਚ ਇਕ ਬਹੁਤ ਹੀ ਪ੍ਰਭਾਵਸ਼ਾਲੀ ਵਿਅਕਤੀ ਵਜੋਂ ਉਭਰੇਗਾ । ਉਨ੍ਹਾਂ ਕਿਹਾ ਕਿ ਪ੍ਰਭਮੀਤ ਸਿੰਘ ਸਰਕਾਰੀਆ ਨੇ ਜਿਥੇ ਪਿਛਲੇ 3 ਸਾਲ ਦੇ ਅਰਸੇ ਦੌਰਾਨ ਵਰਲਡ ਸਿੱਖ ਆਰਗੇਨਾਈਜੇਸ਼ਨ ਦੀ ਉਨਟਾਰੀਓ ਇਕਾਈ ਦੇ ਮੁੱਖੀ ਵਜੋਂ ਸੰਸਥਾ ਦੇ ਵਫਦ ਦਾ ਮੈਂਬਰ ਹੁੰਦੇ ਹੋਏ ਅਨੇਕਾਂ ਵਾਰ ਵੱਖੋ-ਵੱਖਰੀ ਰਾਜਨੀਤਕ ਪਾਰਟੀਆਂ ਦੇ ਚੁਣੇ ਹੋਏ ਨੁੰਮਾਇਦੇਆਂ ਕੋਲ ਕੈਨੇਡੀਅਨ ਸਿੱਖਾਂ ਦੇ ਮੁੱਦੇ ਉਠਾਏ ਹਨ ਉਥੇ ਉਸ ਨੇ ਇਸ ਅਰਸੇ ਦੌਰਾਨ ਅਨੇਕਾਂ ਵਾਰ ਗੈਰ-ਸਿੱਖ ਸੰਸਥਾਵਾਂ ਜਿਨ੍ਹਾਂ ਵਿਚ ਕਿ ਜੀਊਸ਼ ਅਤੇ ਮੁਸਲਿਮ ਭਾਈਚਾਰੇ ਦੀਆਂ ਨੈਸ਼ਨਲ ਪੱਧਰ ਦੀਆਂ ਸੰਸਥਾਵਾਂ ਦੇ ਨੁਮਾਇੰਦੇ ਸ਼ਾਮਲ ਹਨ ਨਾਲ ਵਿਚਾਰ ਸਾਂਝੇ ਕਰਨ ਅਤੇ ਕੰਮ ਕਰਨ ਦੀ ਸਮਰੱਥਾ ਵਿਖਾ ਕੇ ਇਹ ਸਿੱਧ ਕਰ ਦਿੱਤਾ ਹੈ ਕਿ ਉਹ ਇਕ ਬੈਕ-ਬੈਂਚਰ ਬਣਕੇ ਅਸੈਂਬਲੀ ਵਿਚ ਸਮਾਂ ਗੁਜਾਰਨ ਦੀ ਬਜਾਏ ਆਪਣੇ ਵਿਚਾਰਾਂ ਨੂੰ ਦ੍ਰਿੜਤਾ ਨਾਲ ਰੱਖਣ ਅਤੇ ਸਾਹਮਣੇ ਵਾਲੀ ਧਿਰ ਦੀ ਗੱਲ ਨੂੰ ਸਮਝਣ ਅਤੇ ਆਪਣੇ ਵਿਚਾਰ ਉਨ੍ਹਾਂ ਨੂੰ ਸਮਝਾਉਣ ਦੀ ਕਾਬਲੀਅਤ ਰੱਖਦਾ ਹੈ । ਇਥੇ ਇਹ ਵਰਨਣਯੋਗ ਹੈ ਕਿ ਪ੍ਰਭਮੀਤ ਸਿੰਘ ਸਰਕਾਰੀਆ ਜਿਥੇ ਵਿਲਫਰਡ ਲੌਰੀਅਰ ਯੂਨੀਵਰਸਟੀ ਤੋਂ ਬੈਚੂਲਰ ਆਫ ਬਿਜ਼ਨਸ ਐਡਮਿਨਸਟਰੇਸ਼ਨ ਦੀ ਡਿਗਰੀ ਪ੍ਰਾਪਤ ਕਰਕੇ ਕੈਨੇਡੀਅਨ ਬੈਂਕਿੰਗ ਸੈਕਟਰ ਵਿਚ ਕੰਮ ਕਰਨ ਦਾ ਤਜ਼ਰਬਾ ਰੱਖਦਾ ਹੈ ਉਥੇ ਉਸ ਨੇ ਕੈਨੇਡੀਅਨ ਸਮਾਜ ਵਿਚ ਆਪਣੇ ਭਾਈਚਾਰੇ ਦੇ ਹਿੱਤਾਂ ਦੀ ਰਖਵਾਲੀ ਅਤੇ ਬਹਾਲੀ ਵਿਚ ਕਾਨੂੰਨੀ ਖੇਤਰ ਦੀ ਮਹੱਤਤਾ ਨੂੰ ਸਮਝਦੇ ਹੋਏ ਬੇਅ ਸਟਰੀਟ ਦੀ ਨੌਕਰੀ ਨੂੰ ਛੱਡ ਕੇ ਯੂਨੀਵਰਸਟੀ ਆਫ ਵਿੰਡਸਰ ਤੋਂ ਲਾਅ ਦੀ ਡਿਗਰੀ ਕੀਤੀ ਅਤੇ ਹੁਣ ਉਹ ਕੈਨੇਡਾ ਦੀ ਨੈਸ਼ਨਲ ਪੱਧਰ ਦੀ ਲਾਅ-ਫਰਮ ਮਿਲਰ ਥੋਮਸਨ ਦੇ ਨਾਲ ਕੌਰਪਰੇਟ ਫੀਲਡ ਵਿਚ ਵਕੀਲ ਵਜੋਂ ਕੰਮ ਕਰ ਰਿਹਾ ਹੈ। ਮਿਲਰ-ਥੋਮਸਨ ਲਾਅ ਫਰਮ ਦੇ ਦਫਤਰ ਕੈਨੇਡਾ ਦੇ ਵੱਖੋ-ਵੱਖਰੇ ਸ਼ਹਿਰਾਂ ਵਿਚ ਹਨ ਅਤੇ ਇਸ ਨੂੰ ਕੈਨੇਡਾ ਦੀਆਂ ਬਿਹਤਰੀਨ ਅਤੇ ਵੱਡੀਆ ਲਾਅ-ਫਰਮ ਵਿਚ ਗਿਣੇਆ ਜਾਂਦਾ ਹੈ ਅਤੇ ਇਸ ਫਰਮ ਦੀ ਵੈਬ-ਸਾਈਟ ਵਿਖੇ ਵੀ ਪ੍ਰਭਮੀਤ ਸਿੰਘ ਸਰਕਾਰੀਆ ਦੇ ਪ੍ਰੋਫਾਈਲ ਵਿਚ ਵੀ ਉਸ ਦੀਆਂ ਭਾਈਚਾਰਕ ਗਤੀਵਿਧੀਆਂ ਦਾ ਜ਼ਿਕਰ ਕੀਤਾ ਗਿਆ ਹੈ।
ਪ੍ਰਭਮੀਤ ਸਿੰਘ ਸਰਕਾਰੀਆ ਦੇ ਕੈਮਪੇਨ ਵਿਚ ਪ੍ਰਮੁੱਖ ਭੂਮਿਕਾ ਨਿਭਾਉਣ ਵਾਲੇ ਜਸਪਾਲ ਸਿੰਘ ਬੱਲ ਜੋ ਕਿ ਅਕਸਰ ਪੰਜਾਬੀ ਅਖਬਾਰਾਂ ਵਿਚ ਇਥੋਂ ਦੇ ਮਸਲਿਆਂ ਬਾਰੇ ਲੇਖ ਲਿਖ਼ਣ ਤੋਂ ਇਲਾਵਾ ਰੇਡੀਓ/ਟੈਲੀਵਿਯਨ ਪ੍ਰੋਗਰਾਮਾਂ ਵਿਚ ਆਪਣੇ ਵਿਚਾਰ ਦਿੰਦੇ ਹਨ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਭਮੀਤ ਸਿੰਘ ਨੂੰ ਪਿਛਲੇ 5-6 ਸਾਲ ਦੇ ਅਰਸੇ ਦੌਰਾਨ ਜਥੇਬੰਦਕ ਢਾਂਚੇ ਵਿਚ ਵਿਚਰਦਿਆਂ ਵੇਖਿਆ ਹੈ ਕਿ ਪ੍ਰਭਮੀਤ ਦੀ ਸਖ਼ਸ਼ੀਅਤ ਵਿਚ ਉਮਰ ਦੇ ਹਰ ਵਰਗ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਦੀ ਕਾਬਲੀਅਤ ਹੈ । ਜਸਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਪ੍ਰਭਮੀਤ ਸਿੰਘ ਸਰਕਾਰੀਆ ਵਲੋਂ ਸਿਆਸੀ ਜੀਵਨ ਸ਼ੁਰੂ ਕਰਨ ਦੇ ਫੈਸਲੇ ਦੀ ਹਮਾਇਤ ਕਰਨ ਵਿਚ ਕੋਈ ਝਿਜਕ ਨਹੀਂ ਹੈ । ਉਨ੍ਹਾਂ ਕਿਹਾ ਕਿ ਪ੍ਰਭਮੀਤ ਸਿੰਘ ਸਰਕਾਰੀਆ ਦੀ ਸਖ਼ਸ਼ੀਅਤ, ਵਿਚਾਰਾਂ ਅਤੇ ਕਾਬਲੀਅਤ ਤੋਂ ਇਹ ਸਪਸ਼ੱਟ ਨਜ਼ਰ ਆਉਂਦਾ ਹੈ ਕਿ ਉਹ ਹੁਣ ਤੱਕ ਦੇ ਰਵਾਇਤੀ ਪੇਸ਼ਾਵਰ ਰਾਜਨੀਤਕਾਂ, ਜੋ ਕਿ ਸਿਆਸੀ ਜੀਵਨ ਨੂੰ ਸਿਰਫ ਨਿੱਜੀ ਸ਼ੋਹਰਤ ਜਾਂ ਅਹੁਦਾ ਪ੍ਰਾਪਤ ਕਰਨ ਦੇ ਸੁਪਨੇ ਨੂੰ ਪੂਰਿਆਂ ਕਰਨ ਲਈ ਸਿਆਸੀ ਪਿੜ੍ਹ ਵਿਚ ਆਂਉਦੇ ਹਨ ਦੀ ਤਰ੍ਹਾਂ ਨਹੀਂ ਬਲਕਿ ਇਸ ਖੇਤਰ ਨੂੰ ਆਮ ਨਾਗਰਿਕਾਂ ਦੀ ਜ਼ਿੰਦਗੀ ਵਿਚ ਸੁਧਾਰ ਕਰਨ ਦੇ ਇਰਾਦੇ ਨਾਲ ਆ ਰਿਹਾ ਹੈ । ਹੁਣ ਤੱਕ ਅਨੇਕਾਂ ਇਲੈਕਸ਼ਨ ਕੰਪੇਨ ਵਿਚ ਅਹਿਮ ਭੁਮਿਕਾ ਨਿਭਾਉਣ ਵਾਲੇ ਜਸਪਾਲ ਸਿੰਘ ਬੱਲ ਨੇ ਕਿਹਾ ਕਿ ਉਨ੍ਹਾਂ ਦੀ ਹਮੇਸ਼ਾਂ ਇਹ ਕੋਸ਼ਿਸ਼ ਰਹੀ ਹੈ ਕਿ ਭਾਈਚਾਰਕ ਮੁੱਦਿਆਂ ਨੂੰ ਸਹੀ ਢੰਗ ਨਾਲ ਉਭਰਾਣ ਲਈ ਚੰਗੇ ਉਮੀਦਵਾਰ ਨੂੰ ਸਹੀ ਸਲਾਹ ਅਤੇ ਸਹਿਯੋਗ ਦਿੱਤਾ ਜਾਵੇ । ਉਨ੍ਹਾਂ ਕਿਹਾ ਕਿ ਅਫਰੀਕੀ ਮਹਾਂਦੀਪ ਦੀ ਜਗਤ-ਪ੍ਰਸਿੱਧ ਕਹਾਵਤ ”ਇਕ ਬੱਚੇ ਦੀ ਪ੍ਰਵਿਰਸ਼ ਵਿਚ ਸਮੁੱਚੇ ਪਿੰਡ ਦਾ ਯੋਗਦਾਨ ਹੁੰਦਾ ਹੈ” ਨੂੰ ਮੁੱਖ ਰੱਖਕੇ ਉਹ ਅਤੇ ਉਸ ਦੇ ਸਹਿਯੋਗੀ ਹਮੇਸ਼ਾਂ ਹੀ ਨੌਜਵਾਨ ਪੀੜ੍ਹੀ ਦੇ ਕਾਬਲ ਮੈਂਬਰਾਂ ਨੂੰ ਕੈਨੇਡੀਅਨ ਸਮਾਜ ਅਤੇ ਭਾਈਚਾਰਕ ਜਥੇਬੰਦੀਆਂ ਦੀ ਲੀਡਰਸ਼ਿੱਪ ਸੰਭਾਲਣ ਲਈ ਤਿਆਰ ਕਰਨ ਲਈ ਤੱਤਪਰ ਰਹਿੰਦੇ ਹਨ ਜਿਸ ਦੇ ਤਾਜ਼ੇ ਸਬੂਤ ਵਜੋਂ ਪ੍ਰਭਮੀਤ ਸਿੰਘ ਸਰਕਾਰੀਆ ਦੀ ਪਿਛਲੇ 5-6 ਸਾਲ ਦੀਆਂ ਗਤੀਵਿਧੀਆਂ ਹਨ । ਪ੍ਰਭਮੀਤ ਸਿੰਘ ਸਰਕਾਰੀਆ ਦੀ ਨਾਮੀਨੇਸ਼ਨ ਨੂੰ ਸਫਲਤਾ ਪੂਰਵਕ ਢੰਗ ਨਾਲ ਨੇਪਰੇ ਚੜਾਉਣ ਲਈ ਦਿਨ-ਰਾਤ ਕੋਸ਼ਿਸ਼ਾਂ ਕਰਨ ਵਾਲੇ ਗੁਰਸ਼ਰਨ ਸਿੰਘ ਸਿੱਧੂ ਜੋ ਕਿ ਬੌਬੀ ਸਿੱਧੂ ਵਜੋਂ ਵੀ ਜਾਣੇ ਜਾਂਦੇ ਹਨ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਉਪਰ ਫ਼ਖਰ ਹੈ ਕਿ ਪ੍ਰਭਮੀਤ ਸਿੰਘ ਸਰਕਾਰੀਆ ਦੀ ਕਾਬਲੀਅਤ ਵਾਲੇ ਉਮੀਦਵਾਰ ਨੂੰ ਬਰੈਂਪਟਨ ਸਾਊਥ ਹਲਕੇ ਤੋਂ ਉਨਟਾਰੀਓ ਪੀ ਸੀ ਪਾਰਟੀ ਦੀ ਨਾਮੀਨੇਸ਼ਨ ਜਿਤਾਉਣ ਵਿਚ ਉਹ ਸਹਾਇਤਾ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਮਿਲਰ-ਥੋਮਸਨ ਨਾਮ ਦੀ ਨੈਸ਼ਨਲ ਪੱਧਰ ਦੀ ਲਾਅ-ਫਰਮ ਵਿਚ ਕੌਰਪਰੇਟ ਲਾਅ ਦੇ ਖੇਤਰ ਵਿਚ ਪ੍ਰੈਕਟਿਸ ਕਰਦਿਆਂ ਪ੍ਰਭਮੀਤ ਸਿੰਘ ਸਰਕਾਰੀਆ ਬੇਸ਼ੱਕ ਸੂਬਾਈ ਅਸੈਂਬਲੀ ਦੇ ਮੈਂਬਰ ਤੋਂ ਜ਼ਿਆਦਾ ਮਾਇਆ ਕਮਾ ਸਕਦਾ ਹੈ ਪਰ ਉਸ ਨੇ ਕੈਨੇਡੀਅਨ ਭਾਈਚਾਰੇ ਵਿਚ ਸਿੱਖਾਂ ਦੇ ਅਕਸ ਨੂੰ ਵਧੀਆ ਬਣਾਉਣ ਦੇ ਜ਼ਜ਼ਬੇ ਅਤੇ ਸਮੁੱਚੇ ਉਨਟਾਰੀਓ ਦੇ ਲੋਕਾਂ ਦੀ ਜ਼ਿੰਦਗੀ ਨੂੰ ਸਿਆਸੀ ਮੰਚ ਦੇ ਜ਼ਰੀਏ ਵਧੀਆ ਬਣਾਉਣ ਦੇ ਫੈਸਲੇ ਨੂੰ ਮੁੱਖ ਰੱਖਦਿਆਂ ਹੋਇਆਂ ਰਾਜਨੀਤਕ ਪਿੜ੍ਹ ਵਿਚ ਆਉਣ ਦਾ ਫੈਸਲਾ ਕੀਤਾ ਹੈ । ਬੌਬੀ ਸਿੱਧੂ ਨੇ ਬਰੈਂਪਟਨ ਸਾਊਥ ਦੇ ਉਨਟਾਰੀਓ ਪੀ ਸੀ ਪਾਰਟੀ ਦੇ ਮੈਂਬਰਾਂ ਨੂੰ 3 ਦਸੰਬਰ ਨੂੰ ਹੋਣ ਜਾ ਰਹੀ ਨਾਮੀਨੇਸ਼ਨ ਲਈ ਪ੍ਰਭਮੀਤ ਸਿੰਘ ਸਰਕਾਰੀਆ ਦੇ ਹੱਕ ਵਿਚ ਵੋਟਾਂ ਪਾਉਣ ਲਈ ਅਪੀਲ ਕਰਦੇ ਹੋਏ ਕਿਹਾ ਕਿ ਇਕ ਇਕ ਅਜਿਹਾ ਉਮੀਦਵਾਰ ਹੈ ਜੋ ਕਿ ਆਪਣੀ ਕਾਬਲੀਅਤ ਅਤੇ ਸਖ਼ਸ਼ੀਅਤ ਸਦਕਾ ਸਮੁੱਚੇ ਉਨਟਾਰੀਓ ਵਿਚ ਆਪਣਾ ਪ੍ਰਭਾਵ ਛੱਡੇਗਾ ਅਤੇ ਉਸ ਦੇ ਹਮਾਇਤ ਕਰਨ ਵਾਲੇ ਆਪਣੇ ਫੈਸਲੇ ਉਪਰ ਫ਼ਖ਼ਰ ਮਹਿਸੂਸ ਕਰਨਗੇ ।
ਪ੍ਰਭਮੀਤ ਸਿੰਘ ਸਰਕਾਰੀਆ ਨੇ ਕਿਹਾ ਕਿ ਉਨ੍ਹਾਂ ਵਲੋਂ ਹੁਣ ਤੱਕ ਦੇ ਕੰਪੇਨ ਵਿਚ ਇਲਾਕੇ ਦੇ ਉਨਟਾਰੀਓ ਪੀ ਸੀ ਪਾਰਟੀ ਮੈਂਬਰਾਂ ਤੋਂ ਇਲਾਵਾ ਭਾਈਚਾਰੇ ਦੇ ਸਰਕਰਦਾ ਮੈਂਬਰਾਂ ਤੋਂ ਮਿਲੇ ਸਹਿਯੋਗ ਤੋਂ ਉਹ ਬਹੁਤ ਖੁਸ਼ ਹਨ ਅਤੇ ਉਨ੍ਹਾਂ ਦਾ ਨਿਸ਼ਾਨਾ ਹੈ ਕਿ ਨਾਮੀਨੇਸ਼ਨ ਵਿਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਉਹ ਕੈਥਲੀਨ ਵਿੰਨ ਦੀ ਅਗਵਾਈ ਹੇਠਲੀ ਉਨਟਾਰੀਓ ਦੀ ਲਿਬਰਲ ਪਾਰਟੀ ਸਰਕਾਰ ਦੇ ਵਿਰੋਧ ਵਿਚ ਸਥਾਪਿਤ ਹੋ ਰਹੀ ਲਹਿਰ ਵਿਚ ਯੋਗਦਾਨ ਪਾਉਣ ਤੋਂ ਇਲਾਵਾ ਆਮ ਨਾਗਰਿਕ ਦੇ ਮੁੱਦਿਆਂ ਅਤੇ ਉਨਟਾਰੀਓ ਦੇ ਸਿੱਖਾਂ ਦੇ ਮੁੱਦਿਆਂ ਨੂੰ ਉਨਟਾਰੀਓ ਪੀ ਸੀ ਪਾਰਟੀ ਦੇ ਧਿਆਨ ਵਿਚ ਲਿਆਉਣ ਲਈ ਵਿਸ਼ੇਸ਼ ਯਤਨ ਕਰਣਗੇ ।

Check Also

CLEAN WHEELS

Medium & Heavy Vehicle Zero Emission Mission (ਕਿਸ਼ਤ ਦੂਜੀ) ਲੜੀ ਜੋੜਨ ਲਈ ਪਿਛਲਾ ਅੰਕ ਦੇਖੋ …