Breaking News
Home / ਨਜ਼ਰੀਆ / ਵਿਦਵਤਾ ਦਾ ਬੁਰਜ ਡਾ. ਜੌਹਲ

ਵਿਦਵਤਾ ਦਾ ਬੁਰਜ ਡਾ. ਜੌਹਲ

ਪ੍ਰਿੰ. ਸਰਵਣ ਸਿੰਘ
ਡਾ. ਸਰਦਾਰਾ ਸਿੰਘ ਜੌਹਲ ਵਿਦਵਤਾ ਦਾ ਉੱਚਾ ਬੁਰਜ ਹੈ। ਖੇਤੀ ਅਰਥਚਾਰੇ ਦਾ ਧਰੂ ਤਾਰਾ। ਅੰਤਰਰਾਸ਼ਟਰੀ ਪੱਧਰ ‘ਤੇ ਉਹ ਮੰਨਿਆ ਪ੍ਰਮੰਨਿਆ ਖੇਤੀ ਅਰਥ ਸ਼ਾਸਤਰੀ ਹੈ। ਭਾਰਤ ਸਰਕਾਰ ਨੇ ਉਸ ਨੂੰ ਪਦਮ ਭੂਸ਼ਨ ਪੁਰਸਕਾਰ ਨਾਲ ਸਨਮਾਨਿਤ ਕੀਤਾ। ਉਹ ਯੂ. ਐੱਨ. ਓ. ਦੀ ਖੁਰਾਕ ਤੇ ਖੇਤੀਬਾੜੀ ਆਰਗੇਨਾਈਜੇਸ਼ਨ ਵਿਚ ਪੰਜ ਸਾਲ ਪ੍ਰੋਜੈਕਟ ਮੈਨੇਜਰ ਰਿਹਾ। ਉਸ ਨੇ ਤਿੰਨ ਦਰਜਨ ਤੋਂ ਵੱਧ ਮੁਲਕਾਂ ਵਿਚ ਆਪਣੀਆਂ ਪ੍ਰੋਫੈਸ਼ਨਲ ਸੇਵਾਵਾਂ ਦਿੱਤੀਆਂ। ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਵਾਈਸ ਚਾਂਸਲਰ ਰਹਿਣ ਪਿੱਛੋਂ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ, ਬਠਿੰਡਾ ਦਾ ਚਾਂਸਲਰ ਹੈ। ਉਹ ਨੈਸ਼ਨਲ ਪ੍ਰੋਫ਼ੈਸਰ ਆਫ਼ ਐਗਰੀਕਲਚਰਲ ਇਕਨੋਮਿਕਸ, ਭਾਰਤ ਦੇ ਚਾਰ ਪ੍ਰਧਾਨ ਮੰਤਰੀਆਂ ਦੀਆਂ ਆਰਥਿਕ ਸਲਾਹਕਾਰ ਕੌਂਸਲਾਂ ਦਾ ਮੈਂਬਰ ਤੇ ਇੰਡੀਆ ਦੇ ਸੈਂਟਰਲ ਬੋਰਡ ਆਫ਼ ਰਿਜ਼ਰਵ ਬੈਂਕ ਦਾ ਡਾਇਰੈਕਟਰ ਰਿਹਾ। ਪੰਜਾਬ ਸਰਕਾਰ ਨੇ ਉਸ ਨੂੰ ਪਲੈਨਿੰਗ ਬੋਰਡ ਦਾ ਵਾਈਸ ਚੇਅਰਮੈਨ ਬਣਾ ਕੇ ਕੈਬਨਿਟ ਮੰਤਰੀ ਦਾ ਦਰਜਾ ਦਿੱਤਾ।
ਪੰਜਾਬੀ ਯੂਨੀਵਰਸਿਟੀ ਪਟਿਆਲਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਉਸ ਨੂੰ ਡੀ. ਲਿੱਟ. ਤੇ ਡੀ. ਐਸਸੀ. ਦੀਆਂ ਆਨਰੇਰੀ ਡਿਗਰੀਆਂ ਨਾਲ ਸਨਮਾਨਿਆ। ਇੰਡੀਅਨ ਕੌਂਸਲ ਆਫ਼ ਐਗਰੀਕਲਚਰਲ ਰਿਸਰਚ ਨੇ ਪ੍ਰੋਫ਼ੈਸਰ ਆਫ਼ ਐਮੀਨੈਂਸ ਇਨ ਇਕਨੋਮਿਕਸ ਦੀ ਪਦਵੀ ਦਿੱਤੀ ਅਤੇ ਕਈ ਗੌਰਵਮਈ ਅਕਾਦਮਿਕ ਸੰਸਥਾਵਾਂ ਨੇ ਫੈਲੋਸ਼ਿਪਾਂ ਪ੍ਰਦਾਨ ਕੀਤੀਆਂ। ਉਹ ਦਰਜਨ ਤੋਂ ਵੱਧ ਅਹਿਮ ਅਹੁਦਿਆਂ ‘ਤੇ ਕਿਸੇ ਦਾ ਪੈਟਰਨ, ਕਿਸੇ ਦਾ ਚੇਅਰਮੈਨ, ਵਾਈਸ ਚੇਅਰਮੈਨ, ਕਿਸੇ ਦਾ ਪ੍ਰਧਾਨ, ਡਾਇਰੈਕਟਰ, ਟ੍ਰੱਸਟੀ, ਕਿਸੇ ਦਾ ਕਨਸਲਟੈਂਟ/ਐਡਵਾਈਜ਼ਰ ਤੇ ਕਿਸੇ ਦਾ ਮਾਣਯੋਗ ਮੈਂਬਰ ਹੈ। ਉਹ ਬਦੇਸ਼ੀ ਯੂਨੀਵਰਸਿਟੀਆਂ ਦਾ ਵਿਜ਼ਿਟਿੰਗ ਪ੍ਰੋਫ਼ੈਸਰ ਤੇ ਅਕੈਡਮੀਆਂ ਦਾ ਮਾਣ ਰਿਹਾ। ਨੱਬੇ ਸਾਲਾਂ ਨੂੰ ਢੁੱਕ ਕੇ ਵੀ ਉਹਦੀਆਂ ਸੈਮੀਨਾਰੀ ਸਰਗਰਮੀਆਂ ਜਾਰੀ ਹਨ। ਉਹ ਨੇਕੀ ਕਮਾਉਣ ਵਾਲਾ ਪਰਉਪਕਾਰੀ ਜਿਊੜਾ ਹੈ। ਸੱਚਾ-ਸੁੱਚਾ, ਸੁਹਿਰਦ, ਈਮਾਨਦਾਰ ਤੇ ਉੱਚੇ ਇਖਲਾਕ ਦਾ ਮਾਲਕ। ਵਿਦਵਤਾ ਦਾ ਉੱਚਾ ਬੁਰਜ। ਪੰਜਾਬ ਦਾ ਮਾਣ ਤੇ ਭਾਰਤ ਦੀ ਸ਼ਾਨ।
ਉਹ ਸਹੀ ਅਰਥਾਂ ਵਿਚ ਖੇਤਾਂ ਦਾ ਪੁੱਤ ਹੈ। ਧਰਤੀ ਦਾ ਧੌਲ। ਜਿੰਨਾ ਧਰਤੀ ਤੋਂ ਉੱਤੇ, ਓਨਾ ਹੀ ਧਰਤੀ ਦੇ ਥੱਲੇ। ਉਹਦੀਆਂ ਜੜ੍ਹਾਂ ਖੇਤਾਂ ਦੀ ਮਿੱਟੀ ਵਿਚ ਹਨ। ਕਿਸਾਨਾਂ ਦੇ ਖੁੱਲ੍ਹੇ ਦਿਲ ਵਾਂਗ ਉਹ ਖੁੱਲ੍ਹੇ ਦਿਲ ਵਾਲਾ ਵਿਦਵਾਨ ਹੈ। ਸੰਕੀਰਨਤਾ ਕਿਸੇ ਵਿਵਹਾਰ ਵਿਚ ਵੀ ਨਹੀਂ। ਨਾ ਕੋਈ ਸਾੜਾ ਨਾ ਸ਼ਰੀਕਾ। ਨਾ ਕੋ ਬੈਰੀ ਨਹੀਂ ਬਿਗਾਨਾ ਸਗਲ ਸੰਗਿ ਹਮ ਕੋ ਬਨਿ ਆਈ। ਮਾਣਸ ਕੀ ਜਾਤ ਸਬੈ ਏਕੈ ਪਹਿਚਾਨਬੋ। ਉਹ ਸਰਬਸਾਂਝਾ ਇਨਸਾਨ ਹੈ। ਜੋ ਆਵੇ ਸੋ ਰਾਜ਼ੀ ਜਾਵੇ ਵਾਲਾ ਵਰਤ-ਵਰਤਾਓ ਹੈ ਉਹਦਾ। ਉਹ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਨੇੜੇ ਬਾਰ ਦੇ ਚੱਕਾਂ ਵਿਚ ਜੰਮਿਆ ਸੀ ਜਿਥੋਂ ਦੀ ਬਣਸਪਤੀ ਦਾ ਵਰਣਨ ਗੁਰੂ ਨਾਨਕ ਦੇਵ ਜੀ ਨੇ ਬਾਰਾਂ ਮਾਂਹ ਵਿਚ ਕੀਤਾ ਹੈ। ਉਸੇ ਬਣਸਪਤੀ ਦੀ ਪਾਣ ਡਾ. ਜੌਹਲ ਉਤੇ ਚੜ੍ਹੀ ਹੈ।
ਪੰਜਾਬੀ ਸੱਥ ਵਾਲਾ ਡਾ.ਨਿਰਮਲ ਸਿੰਘ ਲਾਂਬੜਾ ਡਾ. ਜੌਹਲ ਬਾਰੇ ਲਿਖਦੈ: ਬਾਰ ‘ਚ ਜਨਮਿਆਂ, ਮਾਝੇ ‘ਚ ਪੜ੍ਹਿਆ, ਮਾਲਵੇ ‘ਚ ਵਸਿਆ, ਦੁਆਬੇ ਦੇ ਪਿਛੋਕੜ ਵਾਲਾ ਜੌਹਲ ਵਲੈਤ, ਅਮਰੀਕਾ, ਇਰਾਨ, ਲਿਬਨਾਨ, ਚੀਨ-ਮਚੀਨ ਦੀਆਂ ਬਾਤਾਂ ਸੁਣਾਉਂਦਾ ਕੋਈ ਉਪਦੇਸ਼ਕ, ਪ੍ਰਚਾਰਕ ਜਾਂ ਤੁਹਾਥੋਂ ਦੂਰ ਖੜ੍ਹਾ ਗੁਣੀ ਗਿਆਨੀ ਨਹੀਂ ਸਗੋਂ ਆਪਣੇ ਪਿੰਡ ਦਾ, ਆਪਣੇ ਵਿਚੋਂ ਹੀ ‘ਇਕ’ ਲੱਗਦਾ ਹੈ। ਅਕਲ, ਗਿਆਨ, ਸੋਝੀ, ਦਲੀਲ ਤੇ ਤਰਕ ਉਹਦੀ ਲੇਖਣੀ ਵਿਚ ਸਮੋਏ ਹੋਣ ਕਾਰਨ ਉਹ ਸਾਨੂੰ ਸਿਧਾਂਤਕਾਰ, ਫਿਲਾਸਫਰ, ਉਸਤਾਦ ਜਾਂ ਅਧਿਆਪਕ ਨਾਲੋਂ ਬਹੁਤਾ ਆਪਣਾ ਨੇੜਲਾ ਸਾਥੀ ਜਾਂ ਵੱਡਾ ਭਰਾ ਜਾਪਦਾ ਹੈ। ਉਚੇਰੀ ਪੜ੍ਹਾਈ, ਉੱਚੀਆਂ ਅਹੁਦੇਦਾਰੀਆਂ-ਰੁਤਬੇ, ਸ਼ੋਹਰਤਾਂ ਤੋਂ ਨਿਰਲੇਪ ਨੇਕੀ ਦੀ ਮੂਰਤ ਡਾ. ਸਰਦਾਰਾ ਸਿੰਘ ਜੌਹਲ ਸਾਡਾ ਪੰਜਾਬੀਆਂ ਦਾ ਸਰਦਾਰ ਹੈ।
ਡਾ. ਜੌਹਲ ਸਵੈਮਾਨੀ, ਅਣਖੀਲਾ, ਸੰਵੇਦਨਸ਼ੀਲ, ਸੋਚਵਾਨ, ਅੱਗੇਵਧੂ, ਧੀਰਜਵਾਨ ਤੇ ਕਿਰਤੀ ਮਨੁੱਖ ਹੈ। ਉਸ ਨੂੰ ਆਪਣੀ ਮਿੱਟੀ ਨਾਲ ਹਕੀਕੀ ਮੋਹ ਹੈ। ਉਹ ਹਮੇਸ਼ਾਂ ਨਿਰਭਉ ਤੇ ਨਿਰਵੈਰ ਹੋ ਕੇ ਵਿਚਰਦਾ ਹੈ। ਉਜੱਡਵਾਦ ਦੀ ਹਉਮੈ ਤੋਂ ਪੂਰੀ ਤਰ੍ਹਾਂ ਮੁਕਤ। ਪੇਂਡੂ ਪਿਛੋਕੜ, ਪੰਜਾਬੀ ਮਾਂ ਬੋਲੀ, ਹੱਥੀਂ ਕੰਮ ਕਰਨ, ਸਦਾ ਸੱਚ ਉਤੇ ਪਹਿਰਾ ਦੇਣ ਤੇ ਖਰੀ-ਖਰੀ ਕਹਿਣ ਉਤੇ ਸਾਡੇ ਵੱਡੇ ਵੀਰ ਜੌਹਲ ਨੂੰ ਜਿਹੜਾ ਮਾਣ ਹੈ ਉਹ ਉੱਚੇ ਤੋਂ ਉੱਚੇ ਅਹੁਦੇ ਹਾਸਲ ਕਰਨ ਵਿਚ ਕਦੀ ਰੋੜਾ ਨਹੀਂ ਬਣਿਆ। ਗਿਆਨ ਦਾ ਚਾਨਣ ਮੁਨਾਰਾ ਸਰਦਾਰਾ ਸਿੰਘ ਜੌਹਲ ਅਜਿਹੀ ਉੱਚ ਦੁਮਾਲੜੀ ਸ਼ਖਸੀਅਤ ਹੈ ਜਿਸ ਨੇ ਬਾਰ ਦੇ ਚੱਕਾਂ ‘ਚੋਂ ਉੱਠ ਕੇ ਆਪਣੀ ਮਿਹਨਤ ਤੇ ਕਾਬਲੀਅਤ ਨਾਲ ਕੌਮਾਂਤਰੀ ਪੱਧਰ ਦੇ ਖੇਤੀ ਅਰਥ ਸ਼ਾਸਤਰੀ ਤੇ ਪ੍ਰੌਢ ਨੀਤੀਵਾਨ ਹੋਣ ਦਾ ਜਸ ਖੱਟਿਆ। ਨੱਬੇ ਸਾਲਾਂ ਨੂੰ ਢੁੱਕ ਕੇ ਵੀ ਉਹਦੀ ਕੰਮ ਕਰਨ ਦੀ ਰਫ਼ਤਾਰ ਨਹੀਂ ਘਟੀ। ਤੜਕੇ ਚਾਰ ਵਜੇ ਉੱਠ ਕੇ, ਦਿਨੇ ਖਾਣਾ ਖਾਣ ਪਿੱਛੋਂ ਨਿੱਕੀ ਜਿਹੀ ਝਪਕੀ ਲੈ ਕੇ, ਡੂੰਘੀ ਰਾਤ ਤੱਕ ਉਹ ਅਧਿਐਨ ਵਿਚ ਜੁਟਿਆ ਰਹਿੰਦਾ ਹੈ। ਉਹਦਾ ਮੁੱਖ ਟਿਕਾਣਾ 2920, ਗੁਰਦੇਵ ਨਗਰ, ਲੁਧਿਆਣਾ ਹੈ ਤੇ ਇਕਾਂਤ ਵਿਚ ਲਿਖਣ ਪੜ੍ਹਨ ਲਈ ਦੂਜਾ ਟਿਕਾਣਾ 56, ਬਿੰਦਰਾਬਨ ਕਲੋਨੀ, ਪਾਲਮਪੁਰ। ਉਸ ਦੇ ਪਿਤਾ ਜੀ 110 ਸਾਲ ਜੀਵੇ। ਅਸੀਂ ਉਨ੍ਹਾਂ ਦੇ ਸਪੁੱਤਰ ਤੋਂ ਸੈਂਚਰੀ ਮਾਰਨ ਦੀ ਆਸ ਤਾਂ ਰੱਖ ਹੀ ਸਕਦੇ ਹਾਂ। ਸਾਡੀਆਂ ਸ਼ੁਭ ਇਛਾਵਾਂ ਉਨ੍ਹਾਂ ਦੇ ਨਾਲ ਹਨ।
ਡਾ. ਜੌਹਲ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਤੋਂ ਚਾਰ ਸਾਲ ਵੱਡਾ ਹੈ। ਦੋਵੇਂ ਸਰਦਾਰ ਧਨੰਤਰ ਅਰਥ ਸ਼ਾਸਤਰੀ ਹਨ ਜੋ ਪੱਛਮੀ ਪੰਜਾਬ ਵਿਚ ਜੰਮੇ ਪਲੇ ਸਨ। ਡਾ.ਮਨਮੋਹਨ ਸਿੰਘ ਦਾ ਪਿੰਡ ਗਾਹ ਹੈ ਜੋ ਪੋਠੋਹਾਰ ਵਿਚ ਚਕਵਾਲ ਲਾਗੇ ਹੈ ਤੇ ਡਾ.ਜੌਹਲ ਦਾ ਪਿੰਡ ਸਾਂਦਲ ਬਾਰ ਵਿਚ ਜੜ੍ਹਾਂਵਾਲੇ ਕੋਲ ਚੱਕ ਨੰਬਰ 104 ਸਮਰਾ-ਜੰਡਿਆਲਾ। ਦੇਸ਼ ਦੀ ਵੰਡ ਸਮੇਂ ਇਹ ਪਿੰਡ ਪਾਕਿਸਤਾਨ ਵਿਚ ਆ ਗਏ। ਪਾਕਿਸਤਾਨ ਵਿੱਚੋਂ ਉੱਜੜ ਕੇ ਆਏ ਇਹ ਦੋਵੇਂ ਨੌਜੁਆਨ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਪੜ੍ਹ ਕੇ ਭਾਰਤੀ ਯੂਨੀਵਰਸਿਟੀਆਂ ਦੇ ਮਾਣਯੋਗ ਪ੍ਰੋਫ਼ੈਸਰ ਬਣੇ। ਦੋਹਾਂ ਨੇ ਯੂ. ਐੱਨ. ਓ. ਵਿਚ ਸੇਵਾ ਕੀਤੀ, ਭਾਰਤੀ ਰਿਜ਼ਰਵ ਬੈਂਕ ਦੇ ਡਾਇਰੈਕਟਰ ਬਣੇ ਤੇ ਭਾਰਤ ਦੇ ਪ੍ਰਧਾਨ ਮੰਤਰੀਆਂ ਦੀਆਂ ਆਰਥਿਕ ਸਲਾਹਕਾਰ ਕੌਂਸਲਾਂ ਵਿਚ ਰਹੇ। ਡਾ. ਮਨਮੋਹਨ ਸਿੰਘ ਵਰਲਡ ਬੈਂਕ ਵਿਚ ਕੰਮ ਕਰਨ ਤੇ ਭਾਰਤ ਦਾ ਖ਼ਜ਼ਾਨਾ ਮੰਤਰੀ ਬਣਨ ਉਪਰੰਤ ਦੋ ਵਾਰ ਭਾਰਤ ਦਾ ਪ੍ਰਧਾਨ ਮੰਤਰੀ ਬਣਿਆ ਪਰ ਡਾ. ਜੌਹਲ ਰਾਜ ਸੱਤਾ ਮਗਰ ਨਾ ਗਿਆ। ਉਸ ਨੇ ਸਿਆਸੀ ਪ੍ਰਭੂਆਂ ਦੀ ਪੁਸ਼ਤ ਪਨਾਹੀ ਕਰਨ ਦੀ ਥਾਂ ਆਪਣਾ ਅਕਾਦਮਿਕ ਸਵੈਮਾਨ ਕਾਇਮ ਰੱਖਿਆ।
ਜਦ ਉਹ ਪ੍ਰਧਾਨ ਮੰਤਰੀ ਨਰਸਿਮ੍ਹਾ ਰਾਓ ਦੀ ਪੰਜ ਮੈਂਬਰੀ ਆਰਥਿਕ ਸਲਾਹਕਾਰ ਕਮੇਟੀ ਦਾ ਮੈਂਬਰ ਹੁੰਦਾ ਸੀ ਤਾਂ ਇਕ ਮੀਟਿੰਗ ਕਾਫੀ ਲੰਮੀ ਚੱਲੀ ਪਰ ਖੇਤੀ ਦੀ ਆਰਥਿਕ ਨੀਤੀ ‘ਤੇ ਬਹਿਸ ਅਧੂਰੀ ਰਹਿ ਗਈ। ਪ੍ਰਧਾਨ ਮੰਤਰੀ ਡਾ. ਜੌਹਲ ਤੋਂ ਏਨਾ ਪ੍ਰਭਾਵਿਤ ਹੋਇਆ ਕਿ ਮੀਟਿੰਗ ‘ਚੋਂ ਉੱਠਦਿਆਂ ਇੱਛਾ ਜ਼ਾਹਿਰ ਕੀਤੀ, ”ਡਾਕਟਰ ਜੌਹਲ, ਮੈਂ ਤੁਹਾਡੇ ਨਾਲ ਇਸ ਮਸਲੇ ‘ਤੇ ਲੰਬੀ ਗੱਲ-ਬਾਤ ਕਰਨੀ ਚਾਹੁੰਦਾ ਹਾਂ। ਦੋ ਤਿੰਨ ਚੋਟੀ ਦੇ ਕਿਸਾਨਾਂ ਨੂੰ ਵੀ ਸੱਦਾਂਗੇ।” ਪਰ ਪ੍ਰਧਾਨ ਮੰਤਰੀ ਦੇ ਆਲੇ ਦੁਆਲੇ ਮੰਡਲਾਉਂਦੇ ਖੁਸ਼ਾਮਦੀਆਂ ਨੇ ਰਾਓ ਤੇ ਜੌਹਲ ਵਿਚਕਾਰ ਮੀਟਿੰਗ ਨਾ ਹੋਣ ਦਿੱਤੀ। ਉਨ੍ਹਾਂ ਨੂੰ ਖ਼ਦਸ਼ਾ ਸੀ ਕਿ ਡਾ. ਜੌਹਲ ਨੂੰ ਕਿਤੇ ਕੋਈ ਵੱਡੀ ਪਦਵੀ ਨਾ ਦੇ ਦਿੱਤੀ ਜਾਵੇ!
ਉਹਦੀ ਅਕਾਦਮਿਕ ਯੋਗਤਾ ਐਮ.ਐਸਸੀ.ਐਗਰੀਕਲਰ ਇਕਨੋਮਿਕਸ, ਐਮ.ਐਸਸੀ.ਇਕਨੋਮਿਕਸ ਤੇ ਪੀਐਚ.ਡੀ. ਇਕਨੋਮਿਕਸ ਹੈ। ਉਸ ਨੇ ਅਨੇਕਾਂ ਅਸਾਮੀਆਂ ‘ਤੇ ਕੰਮ ਕੀਤਾ। ਖੇਤੀਬਾੜੀ ਇੰਸਪੈਕਟਰ ਤੋਂ ਅਸਿਸਟੈਂਟ ਪ੍ਰੋਫ਼ੈਸਰ ਬਣ ਕੇ ਪ੍ਰੋਫ਼ੈਸਰ ਤੇ ਮੁਖੀ ਇਕਨੋਮਿਕਸ ਵਿਭਾਗ, ਡਾਇਰੈਕਟਰ ਰਿਸਰਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਅਮਰੀਕਾ ਦੀ ਓਹਾਈਓ ਸਟੇਟ ਯੂਨੀਵਰਸਿਟੀ ਕੋਲੰਬਸ ਦਾ ਵਿਜ਼ਟਿੰਗ ਪ੍ਰੋਫ਼ੈਸਰ ਤੇ ਐਡਜੰਕਟ ਪ੍ਰੋਫ਼ੈਸਰ, ਕਨਸਲਟੈਂਟ ਇਕਨੋਮਿਕ ਕਮਿਸ਼ਨ ਫਾਰ ਵੈਸਟਰਨ ਏਸ਼ੀਆ, ਕਨਸਲਟੈਂਟ ਵਰਲਡ ਬੈਂਕ,  ਭਾਰਤ ਦਾ ਖੇਤੀ ਲਾਗਤਾਂ ਤੇ ਕੀਮਤਾਂ ਕਮਿਸ਼ਨ ਦਾ ਚੇਅਰਮੈਨ, ਐਡੀਟਰ ਇਨ ਚੀਫ਼ ਮੈਨ ਐਂਡ ਡਿਵੈਲਪਮੈਂਟ ਮੈਗਜ਼ੀਨ, ਚੇਅਰਮੈਨ ਪੰਜਾਬ ਖੇਤੀਬਾੜੀ ਐਡਵਾਈਜ਼ਰੀ ਕਮੇਟੀ, ਬਾਬਾ ਫਰੀਦ ਯੂਨੀਵਰਸਿਟੀ ਦੇ ਪ੍ਰਬੰਧਕੀ ਬੋਰਡ ਦਾ ਮੈਂਬਰ, ਪੰਜਾਬ ਨੈਸ਼ਨਲ ਬੈਂਕ ਦੇ ਕਿਸਾਨ ਭਲਾਈ ਟ੍ਰੱਸਟ ਦਾ ਟ੍ਰੱਸਟੀ, ਸਿੱਖ ਐਜੂਕੇਸ਼ਨ ਕੌਂਸਲ ਟ੍ਰੱਸਟ ਦਾ ਬਾਨੀ, ਅਮਰਦੀਪ ਕਾਲਜ ਮੁਕੰਦਪੁਰ ਦੀ ਪ੍ਰਬੰਧਕ ਕਮੇਟੀ ਦਾ ਚੇਅਰਮੈਨ, ਪੰਜਾਬੀ ਸਾਹਿਤ ਅਕਾਡਮੀ ਦਾ ਪ੍ਰਧਾਨ ਅਤੇ ਯੋਜਨਾ ਬੋਰਡ ਪੰਜਾਬ ਦਾ ਵਾਈਸ ਚੇਅਰਮੈਨ ਰਿਹਾ। ਦੋ ਯੂਨੀਵਰਸਿਟੀਆਂ ਦਾ ਵਾਈਸ ਚਾਂਸਲਰ ਬਣਨ ਪਿੱਛੋਂ ਉਹ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ ਦਾ ਪਹਿਲਾ ਗ਼ੈਰ ਸਰਕਾਰੀ ਚਾਂਸਲਰ ਬਣਿਆ।
ਬਣਿਆ ਤਾਂ ਉਹ ਹੋਰ ਵੀ ਬਹੁਤ ਕੁਝ ਪਰ ਸਿਆਸਤ ਦੀਆਂ ਪੌੜੀਆਂ ਨਹੀਂ ਚੜ੍ਹਿਆ। ਇਸੇ ਕਰਕੇ ਉਹਦੀ ਚਰਚਾ ਡਾ. ਮਨਮੋਹਨ ਸਿੰਘ ਜਿੰਨੀ ਨਹੀਂ ਹੋਈ। ਚੋਣਾਂ ਲੜਨ ਦਾ ਮੌਕਾ ਮਿਲਣ ਦੇ ਬਾਵਜੂਦ ਉਸ ਨੇ ਸਿਆਸੀ ਚੋਣ ਲੜਨ ਦੀ ਹਾਮੀ ਨਹੀਂ ਭਰੀ। ਹਾਮੀ ਭਰਦਾ ਤਾਂ ਪੰਜਾਬ ਜਾਂ ਕੇਂਦਰ ਸਰਕਾਰ ਦਾ ਵਿਤ ਮੰਤਰੀ ਸਹਿਜੇ ਬਣ ਸਕਦਾ ਸੀ। ਗਵਰਨਰ ਲੱਗ ਸਕਦਾ ਸੀ, ਰਾਜਦੂਤ ਹੋ ਸਕਦਾ ਸੀ, ਉਪ ਰਾਸ਼ਟਰਪਤੀ ਤੇ ਰਾਸ਼ਟਰਪਤੀ ਬਣਨ ਦੇ ਰਾਹ ਪੈ ਸਕਦਾ ਸੀ। ਉਸ ਦਾ ਬਿੰਬ ਇਕ ਸਾਊ, ਸਾਦੇ, ਮਿਹਨਤੀ, ਮਿਲਾਪੜੇ ਤੇ ਖੁੱਲ੍ਹ-ਦਿਲੇ ਵਿਦਵਾਨ ਦਾ ਬਣਿਆ ਹੋਇਆ ਹੈ। ਵੱਡਾ ਹੋ ਕੇ ਵੀ ਉਹ ਕਿਸੇ ਨੂੰ ਆਪਣੀ ਵਡੱਤਣ ਮਹਿਸੂਸ ਨਹੀਂ ਹੋਣ ਦਿੰਦਾ। ਹਰੇਕ ਨੂੰ ਇੰਜ ਲੱਗਦੈ ਜਿਵੇਂ ਆਪਣਾ ਪਰਿਵਾਰਕ ਵਡੇਰਾ ਹੋਵੇ। ਕਿਸੇ ਦਾ ਚਾਚਾ ਕਿਸੇ ਦਾ ਤਾਇਆ। ਮੁਕੰਦਪੁਰੀਆਂ ਦਾ ਤਾਂ ਉਹ ਫੁੱਫੜ ਹੈ! ਉਥੇ ਵਿਆਹਿਆ ਜੁ ਹੋਇਆ।
ਡਾ. ਜੌਹਲ ਤੇ ਡਾ. ਮਨਮੋਹਨ ਸਿੰਘ ਕੱਚੇ ਕੋਠਿਆਂ ਵਾਲੇ ਪਿੰਡਾਂ ਵਿਚ ਜੰਮੇ ਪਲੇ ਸਨ ਤੇ ਤੱਪੜਾਂ ਵਾਲੇ ਸਕੂਲਾਂ ਵਿਚ ਅਨਟ੍ਰੇਂਡ ਅਧਿਆਪਕਾਂ ਤੋਂ ਪੜ੍ਹੇ ਸਨ। ਦੋਹਾਂ ਦੇ ਮਾਪੇ ਸਾਧਾਰਨ ਬੰਦੇ ਸਨ ਜੋ ਨਾ ਪੜ੍ਹੇ ਲਿਖੇ ਸਨ ਨਾ ਅਮੀਰ। ਦੋਹੇਂ ਬਾਲਕ ਪੇਂਡੂ ਸਕੂਲਾਂ ਵਿਚ ਪੜ੍ਹਨ ਜਾਂਦੇ ਤੇ ਤੱਪੜਾਂ ਉਤੇ ਬਹਿੰਦੇ। ਦੋਹਾਂ ਨੇ ਮੁੱਢਲੇ ਅੱਖਰ ਅਲਫ਼ ਬੇ ਮਿੱਟੀ ਉਤੇ ਲਿਖਣੇ ਸਿੱਖੇ। ਉਨ੍ਹਾਂ ਦਾ ਆਲਾ ਦੁਆਲਾ ਅਣਪੜ੍ਹ ਲੋਕਾਂ ਦਾ ਸੀ ਜਿਥੇ ਮੈਟ੍ਰਿਕ ਪਾਸ ਵੀ ਕੋਈ ਘੱਟ ਹੀ ਮਿਲਦਾ ਸੀ। ਸਕੂਲਾਂ ਦੇ ਉਸਤਾਦ ਵੀ ਅੱਠ ਦਸ ਜਮਾਤਾਂ ਹੀ ਪੜ੍ਹੇ ਹੁੰਦੇ ਸਨ। ਬਹੁਤਿਆਂ ਨੇ ਮਾਸਟਰੀ ਦਾ ਕੋਈ ਕੋਰਸ ਵੀ ਨਹੀਂ ਸੀ ਕੀਤਾ ਹੁੰਦਾ। ਪਰ ਉਨ੍ਹਾਂ ਅੰਦਰ ਪੜ੍ਹਾਈ ਕਰਾਉਣ ਦਾ ਮਿਸ਼ਨਰੀ ਜਜ਼ਬਾ ਕੁੱਟ-ਕੁੱਟ ਭਰਿਆ ਹੁੰਦਾ ਸੀ। ਪੜ੍ਹਾਉਣਾ ਉਹ ਨੇਕੀ ਕਮਾਉਣ ਦਾ ਕਾਰਜ ਸਮਝਦੇ ਸਨ ਨਾ ਕਿ ਤਨਖਾਹ ਵਾਲੀ ਨੌਕਰੀ।
ਉਦੋਂ ਪਿੰਡਾਂ ਵਿਚ ਸ਼ਹਿਰੀ ਵਿਦਿਆ ਦਾ ਚਾਨਣ ਨਹੀਂ ਸੀ ਅਪੜਿਆ। ਵਿਦਿਆਥੀਆਂ ਦੇ ਪੜ੍ਹਨ ਲਿਖਣ ਲਈ ਕਾਇਦੇ ਤੇ ਫੱਟੀਆਂ ਹੀ ਸਨ। ਕਾਨਿਆਂ ਦੀਆਂ ਕਲਮਾਂ, ਸੂਫ ਦੀ ਸਿਆਹੀ ਤੇ ਫੱਟੀਆਂ ਪੋਚਣ ਲਈ ਗਾਚਣੀ ਸੀ। ਬਸਤੇ ਵਿਚ ਇਕ ਫੱਟੀ ਹੋਣੀ, ਇਕ ਕਾਇਦਾ ਤੇ ਇਕ ਕਲਮ ਦਵਾਤ। ਸਲੇਟ ਤੇ ਸਲੇਟੀਆਂ ਵੀ ਬਾਅਦ ਵਿਚ ਆਈਆਂ। ਬਹੁਤੇ ਵਿਦਿਆਰਥੀਆਂ ਦੇ ਤੇੜ ਕੇਵਲ ਝੱਗਾ ਤੇ ਸਿਰ ‘ਤੇ ਸਾਫਾ ਹੁੰਦਾ ਸੀ ਅਤੇ ਲੱਤਾਂ ਢਕਣ ਲਈ ਪਜਾਮਾ ਕਿਸੇ ਵਿਰਲੇ ਦੇ ਪਾਇਆ ਹੁੰਦਾ ਸੀ। ਪਤਲੂਣ ਤਾਂ ਕਾਲਜ ਪੜ੍ਹਦੇ ਪਾੜ੍ਹੇ ਨੂੰ ਹੀ ਮਿਲਦੀ ਸੀ, ਸਕੂਲੀ ਪਾੜ੍ਹੇ ਨੂੰ ਨਹੀਂ। ਪੇਂਡੂ ਲੋਕਾਂ ਦਾ ਕੰਮ ਧੰਦਾ ਖੇਤੀਬਾੜੀ ਕਰਨੀ ਤੇ ਡੰਗਰ ਪਾਲਣਾ ਸੀ। ਚਰਾਗਾਹਾਂ ਖੁੱਲ੍ਹੀਆਂ ਸਨ ਜਿਥੇ ਸਕੂਲੋਂ ਪੜ੍ਹ ਕੇ ਮੁੜੇ ਪਾੜ੍ਹੇ ਡੰਗਰ ਚਾਰਦੇ, ਖੇਡਾਂ ਖੇਡਦੇ, ਹਾਰਦੇ ਜਿੱਤਦੇ ਤੇ ਆਪੋ ਆਪਣੇ ਘਰਦਿਆਂ ਦੇ ਕੰਮ ਕਾਰ ਵਿਚ ਹੱਥ ਵਟਾਉਂਦੇ। ਇਹ ਕੁਦਰਤ ਦਾ ਕ੍ਰਿਸ਼ਮਾ ਹੀ ਹੈ ਕਿ ਉਸ ਮਹੌਲ ਵਿਚ ਮੁੱਢਲੀ ਵਿੱਦਿਆ ਹਾਸਲ ਕਰਨ ਵਾਲੇ ਸਰਦਾਰਾ ਸਿੰਘ ਤੇ ਮਨਮੋਹਨ ਸਿੰਘ ਵਿਸ਼ਵ ਦੇ ਉੱਘੇ ਅਰਥ ਸ਼ਾਸਤਰੀ ਬਣੇ! ਅਰਥ ਸ਼ਾਸਤਰੀ ਬਣ ਕੇ ਵੱਡੇ ਅਹੁਦਿਆਂ ‘ਤੇ ਪੁੱਜੇ।
ਸੁਆਲ ਪੈਦਾ ਹੁੰਦਾ ਹੈ ਕਿ ਅੱਜ ਕੱਲ੍ਹ ਅਤਿ ਮਹਿੰਗੀਆਂ ਫੀਸਾਂ ਲੈਣ ਵਾਲੇ, ਪ੍ਰਾਈਵੇਟ ਟਿਊਸ਼ਨਾਂ ਕਰਨ ਕਰਾਉਣ ਵਾਲੇ, ਬੱਚਿਆਂ ਤੋਂ ਬਚਪਨ ਦੀ ਬਾਦਸ਼ਾਹੀ ਖੋਹਣ ਵਾਲੇ, ਕਿਤਾਬਾਂ ਕਾਪੀਆਂ ਦੇ ਭਾਰ ਹੇਠਾਂ ਬੱਚਿਆਂ ਨੂੰ ਲਿਫਾਉਣ ਵਾਲੇ, ਸਿਹਤਾਂ ਗੁਆਉਣ ਵਾਲੇ, ਬਚਪਨ ‘ਚ ਹੀ ਐਨਕਾਂ ਲੁਆਉਣ ਵਾਲੇ ਤੇ ਇਮਤਿਹਾਨਾਂ ਦੀਆਂ ਚਿੰਤਾਵਾਂ ਵਿਚ ਡਬੋਈ ਰੱਖਣ ਵਾਲੇ ਮਾਡਰਨ ਸਕੂਲ ਕਾਹਦੇ ਲਈ ਵਧੀ ਫੁੱਲੀ ਜਾਂਦੇ ਹਨ? ਵਿਦਿਆਰਥੀਆਂ ਨੂੰ ਉਹ ਜੋ ਬਣਾਉਂਦੇ ਹਨ ਉਹ ਕਿਸੇ ਤੋਂ ਗੁੱਝੇ ਨਹੀਂ। ਲੋਕ ਭਲਾਈ ਕਰਨ ਵਾਲੇ ਇਨਸਾਨ ਬਣਾਉਣ ਦੀ ਥਾਂ ਉਹ ਜ਼ਿਆਦਾਤਰ ਲੋਭੀ-ਲਾਲਚੀ ਤੇ ਸਵਾਰਥੀ ਬੰਦੇ ਬਣਾ ਰਹੇ ਹਨ। ਅਥਵਾ ਪੈਸੇ ਕਮਾਉਣ ਦੀਆਂ ਮਸ਼ੀਨਾਂ! ਕੈਰੀਅਰ ਬਣਾਉਣ ਦੇ ਨਾਂ ਉਤੇ ਬੱਚਿਆਂ ਤੋਂ ਬਚਪਨ ਖੋਹ ਲੈਣਾ, ਜੁਆਨਾਂ ਤੋਂ ਜੁਆਨੀ ਤੇ ਬਜ਼ੁਰਗਾਂ ਤੋਂ ਸੁਖ-ਸ਼ਾਂਤੀ, ਇਹ ਕੈਸੀ ਪੜ੍ਹਾਈ ਹੈ? ਸੋਚਣਾ ਚਾਹੀਦੈ ਕਿ ਸਾਡੀ ਸਿੱਖਿਆ ਨੀਤੀ ਕਿਧਰ ਨੂੰ ਜਾ ਰਹੀ ਹੈ? ਜੇ ਪੁਰਾਣੇ ਸਾਧਾਰਨ ਸਕੂਲ ਸੁਹਿਰਦ ਇਨਸਾਨ ਤੇ ਵਿਦਵਾਨ ਪੈਦਾ ਕਰਦੇ ਰਹੇ ਤਾਂ ਹੁਣ ਦੇ ਆਧੁਨਿਕ ਸਕੂਲਾਂ ਨੂੰ ਕੀ ਬਿਮਾਰੀ ਪਈ ਹੈ? ਅਜੋਕੇ ਬਹੁਤੇ ਸਕੂਲ ਦਿਆਨਤਦਾਰ ਸ਼ਹਿਰੀ ਸਿਰਜਣ ਵੱਲੋਂ ਮੁੱਖ ਮੋੜ ਗਏ ਹਨ।
1947 ਦੇ ਬਟਵਾਰੇ ਵੇਲੇ ਸਰਦਾਰਾ ਸਿੰਘ ਤੇ ਮਨਮੋਹਨ ਸਿੰਘ ਨੂੰ ਪੱਛਮੀ ਪੰਜਾਬ ਵਿੱਚੋਂ ਉੱਜੜ ਕੇ ਪੂਰਬੀ ਪੰਜਾਬ ਆਉਣਾ ਪਿਆ ਸੀ। ਉਦੋਂ ਤਕ ਉਨ੍ਹਾਂ ਨੇ ਸਕੂਲਾਂ ਦੀ ਪੜ੍ਹਾਈ ਵੀ ਪੂਰੀ ਨਹੀਂ ਸੀ ਕੀਤੀ। ਸ਼ਰਨਾਰਥੀਆਂ ਦੇ ਮੰਦੜੇ ਹਾਲ ਸਨ। ਫਿਰ ਵੀ ਚੜ੍ਹਦੀ ਉਮਰ ਦੇ ਦੋਹਾਂ ਗਭਰੂਆਂ ਨੇ ਮੈਟ੍ਰਿਕ ਤੇ ਅਗਲੀ ਪੜ੍ਹਾਈ ਜਿਵੇਂ ਕਿਵੇਂ ਪੂਰਬੀ ਪੰਜਾਬ ਦੇ ਸਕੂਲਾਂ ਕਾਲਜਾਂ ਵਿਚ ਪੂਰੀ ਕੀਤੀ। ਆਪਣੀ ਮਿਹਨਤ ਤੇ ਲਿਆਕਤ ਨਾਲ ਪੀਐੱਚ. ਡੀ. ਦੀਆਂ ਡਿਗਰੀਆਂ ਹਾਸਲ ਕੀਤੀਆਂ। ਯੂਨੀਵਰਸਿਟੀਆਂ ਤੇ ਯੂ. ਐੱਨ. ਓ. ਦੇ ਮਹਿਕਮਿਆਂ ਵਿਚ ਸੇਵਾਵਾਂ ਨਿਭਾਈਆਂ। ਜੌਹਲ ਦੀ ਵਿਰਾਸਤ ਵਿਚ ਖੇਤੀਬਾੜੀ ਸੀ ਜਦ ਕਿ ਮਨਮੋਹਨ ਸਿੰਘ ਦੀ ਵਿਰਾਸਤ ਵਿਚ ਦੁਕਾਨਦਾਰੀ। ਇਹ ਖੇਤੀਬਾੜੀ ਤੇ ਦੁਕਾਨਦਾਰੀ ਦਾ ਹੀ ਫਰਕ ਸੀ ਕਿ ਬਰਾਬਰ ਦੇ ਦੋ ਅੰਤਰਰਾਸ਼ਟਰੀ ਅਰਥ ਸ਼ਾਸਤਰੀਆਂ ਵਿੱਚੋਂ ਇਕ ਭਾਰਤ ਦਾ ਪ੍ਰਧਾਨ ਮੰਤਰੀ ਬਣਿਆ ਤੇ ਦੂਜਾ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ ਦਾ ਚਾਂਸਲਰ। ਕਈ ਮਿੱਤਰ ਹਾਸੇ ਭਾਣੇ ਆਖਦੇ ਹਨ, ”ਜੇ ਡਾ. ਜੌਹਲ ਭਾਪਿਆਂ ਦੇ ਘਰ ਜੰਮੇ ਹੁੰਦੇ ਤੇ ਡਾ. ਮਨਮੋਹਨ ਸਿੰਘ ਜੱਟਾਂ ਦੇ ਘਰ, ਤਾਂ ਉਨ੍ਹਾਂ ਦੀਆਂ ਅਹੁਦੇਦਾਰੀਆਂ ਵੀ ਉਲਟ ਪੁਲਟ ਹੋ ਜਾਣੀਆਂ ਸਨ!” (ਸੰਗਮ ਪਬਲੀਕੇਸ਼ਨਜ਼ ਸਮਾਣਾ ਵੱਲੋਂ ਪ੍ਰਕਾਸ਼ਤ ਕੀਤੀ ਜਾ ਰਹੀ ਪੁਸਤਕ ‘ਖੇਤੀ ਅਰਥਚਾਰੇ ਦਾ ਧਰੂ ਤਾਰਾ ਡਾ. ਸਰਦਾਰਾ ਸਿੰਘ ਜੌਹਲ’ ਦਾ ਪਹਿਲਾ ਕਾਂਡ)

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …