Breaking News
Home / ਨਜ਼ਰੀਆ / ਸੋਚ ਵਿਗਿਆਨਕ ਕਿਵੇਂ ਬਣਾਈ ਜਾਵੇ?

ਸੋਚ ਵਿਗਿਆਨਕ ਕਿਵੇਂ ਬਣਾਈ ਜਾਵੇ?

ਮੇਘ ਰਾਜ ਮਿੱਤਰ
ਸ਼ੂਗਰ ਦਾ ਮਰੀਜ਼ ਕਰਮ ਜ਼ਿੰਦਗੀ ਦੀ ਸਿਖਰ ਦੁਪਹਿਰ ਸਮੇਂ ਹੀ ਅਲਵਿਦਾ ਆਖ ਗਿਆ ਕਿਉਂਕਿ ਉਸ ਨੇ ਕਦੇ ਵੀ ਮਿੱਠੇ ਆਦਿ ਤੋਂ ਪਰਹੇਜ਼ ਨਹੀਂ ਸੀ ਕੀਤਾ। ਹਮੇਸ਼ਾ ਕਿਹਾ ਕਰਦਾ ਸੀ, ”ਜ਼ਿੰਦਗੀ ਤਾਂ ਪ੍ਰਮਾਤਮਾ ਦੇ ਹੱਥ ਹੈ, ਉਸ ਨੇ ਜਿੰਨ੍ਹੇ ਸਾਹ ਬਖ਼ਸ਼ੇ ਨੇ ਓਨੇ ਹੀ ਲੈਣੇ ਨੇ, ਫਿਰ ਕਿਉਂ ਐਂਵੇਂ ਹੀ ਖਾਣ-ਪੀਣ ‘ਤੇ ਬੰਦਸ਼ਾਂ ਲਾਈਆਂ ਜਾਣ।”
ਰਾਜਵੰਤ ਵੀ ਆਪਣੀ ਨੌਜਵਾਨ ਪਤਨੀ ਅਤੇ ਪੁੱਤਰਾਂ ਨੂੰ ਵਿਲਕਦੇ ਛੱਡ ਧਰਤੀ ਵਿੱਚ ਸਮਾ ਗਿਆ। ਉਸ ਦੀ ਸੋਚ ਭਾਵੇਂ ਪਦਾਰਥਵਾਦੀ ਸੀ, ਪਰ ਉਸ ਨੇ ਆਪਣੀ ਸਿਹਤ ਪ੍ਰਤੀ ਲੋੜੀਂਦੀ ਚੌਕਸੀ ਨਹੀਂ ਵਰਤੀ। ਨਿੱਕੀ ਜਿਹੀ ਬਿਮਾਰੀ ਨੂੰ ਅਣਗੌਲਿਆ ਕਰ ਦਿੱਤਾ, ਜੋ ਉਸ ਲਈ ਜਾਨਲੇਵਾ ਸਿੱਧ ਹੋਈ। ਮੇਰੇ ਇਸ ਲੇਖ ਦਾ ਉਦੇਸ਼ ਲੰਮੀ ਤੇ ਸਿਹਤਮੰਦ ਜ਼ਿੰਦਗੀ ਬਤੀਤ ਕਰਨਾ ਹੈ।
ਜ਼ਿੰਦਗੀ ਨੂੰ ਸਮਝਣ ਤੋਂ ਪਹਿਲਾਂ ਸਾਨੂੰ ਮਨੁੱਖੀ ਸਰੀਰ ਬਾਰੇ ਇੱਕ ਸਮਝ ਬਣਾ ਲੈਣੀ ਚਾਹੀਦੀ ਹੈ। ਅਸੀਂ ਵੇਖਦੇ ਹਾਂ ਕਿ ਠੰਢੀ ਕਲੀ ਨੂੰ ਠੰਢੇ ਪਾਣੀ ਵਿੱਚ ਪਾਉਣ ਨਾਲ ਇਸ ਵਿਚ ਹਰਕਤ, ਆਵਾਜ਼ ਅਤੇ ਗਰਮਾਇਸ਼ ਆਦਿ ਪੈਦਾ ਹੋ ਜਾਂਦੇ ਹਨ। ਸਵਾਲ ਇਹ ਹੈ ਕਿ ਊਰਜਾ ਦੇ ਇਹ ਵੱਖ-ਵੱਖ ਰੂਪ ਕਿਵੇਂ ਪੈਦਾ ਹੋ ਗਏ? ਜੇ ਅਸੀਂ ਇਸ ਗੱਲ ਨੂੰ ਆਪਣੀ ਸਕੂਲੀ ਪੜ੍ਹਾਈ ਨਾਲ ਜੋੜ ਕੇ ਵੇਖੀਏ ਤਾਂ ਪਤਾ ਲੱਗਦਾ ਹੈ ਕਿ ਵੱਖ-ਵੱਖ ਪਦਾਰਥਾਂ ਨੂੰ ਮਿਲਾਉਣ ਨਾਲ ਕਈ ਅਜਿਹੀਆਂ ਰਸਾਇਣਕ ਕਿਰਿਆਵਾਂ ਵਾਪਰਦੀਆਂ ਹਨ, ਜਿਨ੍ਹਾਂ ਵਿੱਚ ਊਰਜਾ ਦੀਆਂ ਵੱਖ-ਵੱਖ ਕਿਸਮਾਂ ਪੈਦਾ ਹੁੰਦੀਆਂ ਹਨ। ਸਰੀਰ ਦਾ ਅਮੀਬੇ ਤੋਂ ਲੈ ਕੇ ਮਨੁੱਖ ਤੱਕ ਦਾ ਸਫ਼ਰ ਇਹਨਾਂ ਰਸਾਇਣਾਂ ਨਾਲ ਸੰਘਰਸ਼ ਦੀ ਵੱਡੀ ਗਾਥਾ ਹੈ। ਮਨੁੱਖ ਨੇ ਆਪਣੇ 250 ਕਰੋੜ ਵਰ੍ਹੇ ਦੇ ਸਫ਼ਰ ਦੌਰਾਨ ਵੱਡੇ ਤਜ਼ਰਬੇ ਕੀਤੇ ਹਨ। ਇਹਨਾਂ ਨਾਲ ਸੰਘਰਸ਼ ਕਰਦਿਆਂ ਉਸ ਨੇ ਆਪਣੇ ਸਰੀਰ ਨੂੰ ਬਹੁਤ ਸਾਰੇ ਰਸਾਇਣਾਂ ਅਨੁਸਾਰ ਢਾਲਿਆ ਹੈ। ਇਹਨਾਂ ਦੇ ਬਹੁਤ ਸਾਰੇ ਹਾਂ ਪੱਖੀ ਗੁਣਾਂ ਨੂੰ ਆਪਣੇ ਅੰਦਰ ਸਮੋਇਆ ਵੀ ਹੈ। ਜੇ ਅੱਜ ਮਨੁੱਖੀ ਸਰੀਰ ਵਿਚ ਗਰਮੀ, ਹਰਕਤ, ਆਵਾਜ਼, ਬਿਜਲੀ ਆਦਿ ਹਨ ਤਾਂ ਇਹ ਸਾਰਾ ਕੁੱਝ ਇਹਨਾਂ ਰਸਾਇਣਿਕ ਪਦਾਰਥਾਂ ਦੀ ਹੀ ਦੇਣ ਹਨ। ਕੀ ਇਸ ਸੰਘਰਸ਼ ਦੌਰਾਨ ਉਸ ਨੂੰ ਸਭ ਕੁੱਝ ਹਾਂ ਪੱਖੀ ਹੀ ਪ੍ਰਾਪਤ ਹੁੰਦਾ ਹੈ? ਨਹੀਂ, ਇਹ ਗੱਲ ਨਹੀਂ, ਬਹੁਤ ਸਾਰੇ ਅਜਿਹੇ ਪਦਾਰਥ ਵੀ ਸਰੀਰ ਵਿਚ ਦਾਖ਼ਲ ਹੋ ਜਾਂਦੇ ਹਨ, ਜਿਹੜੇ ਸਰੀਰ ਨੂੰ ਖੋਰਾ ਲਾਉਣਾ ਸ਼ੁਰੂ ਕਰ ਦਿੰਦੇ ਹਨ। ਇਸ ਅਧਿਆਇ ਦਾ ਮੁੱਖ ਮਕਸਦ ਲੋਕਾਂ ਵਿੱਚ ਅਜਿਹੀ ਸੋਚ ਨੂੰ ਪੈਦਾ ਕਰਨਾ ਹੈ, ਜਿਹੜੀ ਸਰੀਰਕ ਬਿਮਾਰੀਆਂ ਨੂੰ ਕੀ, ਕਿਉਂ, ਕਿਵੇਂ ਦੀ ਵਿਗਿਆਨਕ ਕਸੌਟੀ ‘ਤੇ ਪਰਖ ਕੇ ਸਰੀਰ ਲਈ ਢੁੱਕਵੀਂਆਂ ਇਲਾਜ ਪ੍ਰਣਾਲੀਆਂ ਨੂੰ ਹੀ ਤਰਜੀਹ ਦੇਵੇ। ਜ਼ਿੰਦਗੀ ਜਿਉਣ ਦੇ ਦੋ ਢੰਗ ਹਨ। ਇੱਕ ਢੰਗ ਹੈ, ਜ਼ਿੰਦਗੀ ਨੂੰ ਵਿਗਿਆਨਕ ਢੰਗ ਨਾਲ ਸਵੈ-ਵਿਸ਼ਵਾਸ ਰਾਹੀਂ ਸੰਘਰਸ਼ ਕਰਦੇ ਹੋਏ ਹੱਸਦੇ-ਹੱਸਦੇ ਜਿਉਣਾ। ਦੂਜਾ ਢੰਗ ਹੈ, ਗ਼ੈਰ-ਵਿਗਿਆਨਕ ਢੰਗ ਨਾਲ ਰੋਂਦੇ ਹੋਏ ਡਰਪੋਕਪੁਣੇ ਵਿੱਚ ਦਿਨ ਕਟੀ ਕਰਨਾ। ਤੁਸੀਂ ਕਿਸ ਢੰਗ ਨਾਲ ਜ਼ਿੰਦਗੀ ਬਤੀਤ ਕਰਦੇ ਹੋ। ਇਹ ਤੁਹਾਡੇ ਉੱਪਰ ਨਿਰਭਰ ਕਰਦਾ ਹੈ।
ਅਸੀਂ ਆਪਣੇ ਰੋਜ਼ਾਨਾ ਜੀਵਨ ਵਿੱਚ ਦੋ ਢੰਗਾਂ ਨਾਲ ਬਣੀਆਂ ਵਸਤੂਆਂ ਵੇਖਦੇ ਹਾਂ। ਮੌਜੂਦਾ ਸਮੇਂ ਦੀ ਮਾਰੂਤੀ ਕਾਰ ਨੂੰ ਹੀ ਲੈ ਲਓ। ਵਿਗਿਆਨੀਆਂ ਦੀ ਸੈਂਕੜੇ ਸਾਲਾਂ ਦੀ ਮਿਹਨਤ ਨਾਲ ਇਸ ਦਾ ਹਰ ਮਾਡਲ ਪਹਿਲਾਂ ਨਾਲੋਂ ਵਧੀਆ ਰੂਪ ਵਿੱਚ ਸਾਡੇ ਸਾਹਮਣੇ ਆ ਰਿਹਾ ਹੈ। ਅੱਜ ਜੇ ਇਸ ਕਾਰ ਦੇ ਨਿਰਮਾਤਾ ਇਹ ਦਾਅਵਾ ਕਰਦੇ ਹਨ ਕਿ ਉਹਨਾਂ ਦੀ ਕਾਰ ਇੱਕ ਲੀਟਰ ਪੈਟਰੋਲ ਵਿੱਚ 22 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ ਤਾਂ ਇਸ ਕੰਪਨੀ ਦੀ ਬਣੀ ਹਰ ਇਸ ਕਿਸਮ ਦੀ ਕਾਰ ਲਗਭਗ ਐਨੀ ਹੀ ਦੂਰੀ ਤੈਅ ਕਰਦੀ ਹੈ। ਜੇ ਇਸ ਦੇ ਨਿਰਮਾਤਾ ਕਹਿੰਦੇ ਹਨ ਕਿ ਇਸ ਦਾ ਇੰਜਣ ਬਗ਼ੈਰ ਖੁੱਲ੍ਹੇ ਤੋਂ ਇੱਕ ਲੱਖ ਕਿਲੋਮੀਟਰ ਤੱਕ ਦਾ ਸਫ਼ਰ ਤੈਅ ਕਰੇਗਾ ਤਾਂ ਇਹ ਵੀ ਲਗਭਗ ਇੰਝ ਹੀ ਹੁੰਦਾ ਹੈ ਕਿਉਂਕਿ ਇਸ ਨੂੰ ਵਿਗਿਆਨਕ ਢੰਗ ਨਾਲ ਬਣਾਇਆ ਗਿਆ ਹੈ।
ਇਸ ਤਰ੍ਹਾਂ ਛੱਤ ਉਪਰ ਲਟਕ ਰਹੇ ਬਿਜਲੀ ਦੇ ਪੱਖਿਆਂ ਨੂੰ ਹੀ ਲੈ ਲਵੋ। ਮੇਰੇ ਘਰ ਵਿਚ ਚਾਲੀ ਸਾਲ ਪੁਰਾਣੇ ਪੱਖੇ ਅੱਜ ਤੱਕ ਕੰਮ ਦੇ ਰਹੇ ਹਨ। ਇਸ ਦਾ ਕਾਰਨ ਵੀ ਏਹੀ ਹੈ ਕਿ ਇਸ ਨੂੰ ਵਿਗਿਆਨਕ ਢੰਗ ਨਾਲ ਤਿਆਰ ਕੀਤਾ ਗਿਆ ਹੈ। ਇਸੇ ਤਰ੍ਹਾਂ ਹੀ ਅਸੀਂ ਅੱਜ-ਕੱਲ੍ਹ ਦੀ ਅੰਗਰੇਜ਼ੀ ਦਵਾਈ ਪ੍ਰਣਾਲੀ ‘ਤੇ ਨਜ਼ਰ ਮਾਰ ਸਕਦੇ ਹਾਂ। ਮੈਂ ਸੈਂਕੜੇ ਅਜਿਹੇ ਵਿਅਕਤੀਆਂ ਨੂੰ ਜਾਣਦਾ ਹਾਂ, ਜਿਹੜੇ ਟੀ.ਬੀ. ਦੇ ਵਿਸ਼ਾਣੂ ਦੀ ਜਕੜ ਵਿੱਚ ਆ ਕੇ ਬਿਮਾਰ ਹੋ ਗਏ ਸਨ। ਪਰ ਮੌਜੂਦਾ ਐਲੋਪੈਥਿਕ ਪ੍ਰਣਾਲੀ ਨੇ ਉਹਨਾਂ ਵਿੱਚੋਂ ਇਸ ਬਿਮਾਰੀ ਨੂੰ ਸਦਾ ਲਈ ਅਲੋਪ ਕਰ ਦਿੱਤਾ ਹੈ। ਅੱਜ ਤੋਂ ਸੱਠ ਕੁ ਸਾਲ ਪਹਿਲਾਂ ਦੇ ਬਹੁਤ ਸਾਰੇ ਵਿਅਕਤੀ ਤੁਹਾਨੂੰ ਅਜਿਹੇ ਮਿਲ ਜਾਣਗੇ, ਜਿਨ੍ਹਾਂ ਦੇ ਚਿਹਰਿਆਂ ਉੱਪਰ ਮਾਤਾ (ਚੇਚਕ) ਦੇ ਦਾਗ ਹੋਣਗੇ, ਪਰ ਉਸ ਤੋਂ ਬਾਅਦ ਦੀ ਉਮਰ ਦਾ ਕੋਈ ਵੀ ਵਿਅਕਤੀ ਤੁਹਾਨੂੰ ਇਸ ਕਿਸਮ ਦੇ ਦਾਗ਼ਾਂ ਵਾਲਾ ਨਹੀਂ ਮਿਲੇਗਾ ਕਿਉਂਕਿ ਭਾਰਤ ਵਿੱਚ ਇਸ ਬਿਮਾਰੀ ਦਾ ਇਲਾਜ ਇਸ ਦੀ ਖੋਜ ਤੋਂ ਲਗਭਗ 75 ਕੁ ਸਾਲ ਬਾਅਦ ਹੀ ਆਮ ਲੋਕਾਂ ਤੱਕ ਪਹੁੰਚ ਸਕਿਆ ਹੈ। ਕਹਿੰਦੇ ਹਨ ਕਿ ਚੇਚਕ ਦੇ ਟੀਕੇ ਦੇ ਖੋਜੀ ਐਡਵਰਡ ਜੈਨਰ ਨੇ ਗਵਾਲਿਨਾ ਨੂੰ ਇਹ ਕਹਿੰਦੇ ਸੁਣਿਆ ਸੀ, ”ਤੈਨੂੰ ਚੇਚਕ ਤੋਂ ਡਰਨ ਦੀ ਲੋੜ ਨਹੀਂ, ਕਿਉਂਕਿ ਤੈਨੂੰ ਤਾਂ ਪਹਿਲਾਂ ਹੀ ਛੋਟੀ ਮਾਤਾ ਨਿਕਲੀ ਹੋਈ ਹੈ।” ਬੱਸ, ਇਹ ਸੁਣਦੇ ਹੀ ਜੈਨਰ ਕਿਸੇ ਅਜਿਹੇ ਟੀਕੇ ਦੀ ਖੋਜ ਵਿਚ ਜੁਟ ਗਿਆ, ਜੋ ਸਭ ਨੂੰ ਪਹਿਲਾਂ ਹੀ ਛੋਟੀ ਮਾਤਾ ਨਾਲ ਬਿਮਾਰ ਕਰ ਦੇਵੇ। ਅਖ਼ੀਰ ਉਸ ਨੇ ਇਕ ਮਰੀਜ਼ ਦੇ ਦਾਣਿਆਂ ਵਿਚੋਂ ਪਾਣੀ ਲਿਆ, ਜਿਸ ਦੇ ਪਹਿਲਾਂ ਹੀ ਛੋਟੀ ਮਾਤਾ ਨਿਕਲੀ ਹੋਈ ਸੀ ਅਤੇ ਇਸ ਨੂੰ ਇੱਕ ਅੱਠ ਸਾਲਾ ਬਾਲਕ ਜੇਮਜ਼ ਫ਼ਿਲਿਪਸ ਦੇ ਸਰੀਰ ‘ਤੇ ਜ਼ਖ਼ਮ ਕਰਕੇ ਛਿੜਕ ਦਿੱਤਾ। ਬੱਸ ਫਿਰ ਕੀ ਸੀ, ਉਸ ਬਾਲਕ ਦੇ ਵੀ ਛੋਟੀ ਮਾਤਾ ਨਿਕਲ ਆਈ ਤੇ ਉਹ ਵੱਡੀ ਮਾਤਾ ਦੇ ਪ੍ਰਕੋਪ ਤੋਂ ਬਚ ਗਿਆ। ਇਸ ਤਰ੍ਹਾਂ 1876 ਵਿਚ ਇਸ ਚੇਚਕ ਵਿਰੋਧੀ ਟੀਕੇ ਦੀ ਖੋਜ ਹੋ ਗਈ। ਅੱਜ ਇਸ ਟੀਕੇ ਨੇ ਧਰਤੀ ਤੋਂ ਵੱਡੀ ਮਾਤਾ ਜਾਣੀ ਚੇਚਕ ਦਾ ਨਾਮ-ਨਿਸ਼ਾਨ ਹੀ ਮਿਟਾ ਦਿੱਤਾ ਹੈ। ਅਜਿਹੀਆਂ ਸੈਂਕੜੇ ਹੀ ਬਿਮਾਰੀਆਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ, ਜਿਹੜੀਆਂ ਐਲੋਪੈਥਿਕ ਪ੍ਰਣਾਲੀ ਦੇ ਪ੍ਰਯੋਗ ਨਾਲ ਧਰਤੀ ਤੋਂ ਅਲੋਪ ਹੋ ਗਈਆਂ ਹਨ। ਇਸ ਪ੍ਰਣਾਲੀ ਦੀਆਂ ਬਹੁਤ ਸਾਰੀਆਂ ਖ਼ੂਬੀਆਂ ਹਨ ਕਿਉਂਕਿ ਕੋਈ ਵੀ ਦਵਾਈ ਪ੍ਰਮਾਣਿਤ ਕਰਨ ਤੋਂ ਪਹਿਲਾਂ ਇਸ ਦੀ ਪਰਖ ਜਾਨਵਰਾਂ ‘ਤੇ ਕੀਤੀ ਜਾਂਦੀ ਹੈ। ਪਹਿਲਾਂ ਬੀਮਾਰੀ ਦੀ ਰਸਾਇਣਕ ਪ੍ਰਕਿਰਿਆ ਦੀ ਜਾਂਚ ਹੁੰਦੀ ਹੈ, ਮਤਲਬ ਕਿਸੇ ਵੀ ਰੋਗ ਨੂੰ ਪੈਦਾ ਕਰਨ ਲਈ ਕਿਸ ਕਿਸਮ ਦਾ ਵਾਇਰਸ ਜ਼ੁੰਮੇਵਾਰ ਹੈ, ਇਸ ਵਾਇਰਸ ਨੂੰ ਨਸ਼ਟ ਕਰਨ ਲਈ ਕਿਹੜਾ ਰਸਾਇਣਕ ਪਦਾਰਥ ਜਾਂ ਵਾਇਰਸ ਵਰਤੋਂ ਵਿੱਚ ਲਿਆਂਦਾ ਜਾਵੇ। ਇਸ ਸਫਲਤਾ ਤੋਂ ਬਾਅਦ ਹੀ ਦਵਾਈ ਦੀ ਪਰਖ ਪਹਿਲਾਂ ਚੂਹੇ ਵਰਗੇ ਜੀਵਾਂ ‘ਤੇ, ਫਿਰ ਬਾਂਦਰਾਂ ‘ਤੇ ਕੀਤੀ ਜਾਂਦੀ ਹੈ। ਸਿੱਟੇ ਤੇ ਚਿੰਨ੍ਹ ਨੋਟ ਕੀਤੇ ਜਾਂਦੇ ਹਨ। ਜੇ ਸਿੱਟੇ ਉਤਸ਼ਾਹਜਨਕ ਹੋਣ ਤਾਂ ਉਸ ਤੋਂ ਬਾਅਦ ਮਨੁੱਖ ਅਤੇ ਮਨੁੱਖ ਦੇ ਗਰੁੱਪਾਂ ‘ਤੇ ਪਰਖ ਹੁੰਦੀ ਹੈ। ਇਸ ਤੋਂ ਬਾਅਦ ਹੀ ਦਵਾਈ ਦੀ ਮਨਜ਼ੂਰੀ ਦਿੱਤੀ ਜਾਂਦੀ ਹੈ।
ਕਿਸੇ ਮਰੀਜ਼ ਨੂੰ ਬਾਕਾਇਦਾ ਦਵਾਈ ਸ਼ੁਰੂ ਕਰਨ ਤੋਂ ਪਹਿਲਾਂ ਉਸ ਦੀ ਬਿਮਾਰੀ ਦੀ ਲੈਬਾਰਟਰੀ ਜਾਂਚ ਕੀਤੀ ਜਾਂਦੀ ਹੈ। ਇਹ ਢੰਗ ਪੂਰੀ ਤਰ੍ਹਾਂ ਵਿਗਿਆਨਕ ਹੁੰਦਾ ਹੈ। ਮੰਨ ਲਉ ਮੈਨੂੰ ਸ਼ੂਗਰ ਦੀ ਬਿਮਾਰੀ ਹੈ। ਜੇ ਮੇਰਾ ਖ਼ੂਨ ਸੱਤ ਲੈਬਾਰਟਰੀਆਂ ਨੂੰ ਟੈਸਟ ਕਰਨ ਲਈ ਭੇਜਿਆ ਜਾਵੇਗਾ ਤਾਂ ਉਹਨਾਂ ਸੱਤ ਲੈਬਾਰਟਰੀਆਂ ਦੀ ਰਿਪੋਰਟ ਲਗਭਗ ਇੱਕੋ ਹੀ ਹੋਵੇਗੀ। ਇਸ ਤਰ੍ਹਾਂ ਹੀ ਵੱਖ-ਵੱਖ ਬਿਮਾਰੀਆਂ ਵਿਚ ਹੁੰਦਾ ਹੈ। ਸੋ, ਬਿਮਾਰੀ ਦੀ ਹਾਲਤ ਵਿੱਚ ਸਭ ਤੋਂ ਵਿਗਿਆਨਕ ਢੰਗ ਇਹ ਹੀ ਹੈ ਕਿ ਬਿਮਾਰੀ ਦਾ ਪੱਕਾ ਪਤਾ ਲਾਉਣ ਲਈ ਲੋੜੀਂਦੇ ਟੈਸਟ ਜ਼ਰੂਰ ਕਰਵਾਏ ਜਾਣ। ਅੱਜ-ਕੱਲ੍ਹ ਬਹੁਤ ਸਾਰੇ ਐਲੋਪੈਥੀ ਦੇ ਡਾਕਟਰ ਮਰੀਜ਼ਾਂ ਦੀ ਟੈਸਟਾਂ ਰਾਹੀਂ ਹੀ ਲੁੱਟ-ਖਸੁੱਟ ਕਰਨ ਲੱਗ ਪਏ ਹਨ। ਜੇ ਅੱਖਾਂ ਖੋਲ੍ਹ ਕੇ ਟੈਸਟ ਕਰਵਾਏ ਜਾਣ ਤਾਂ ਇਸ ਲੁੱਟ-ਖਸੁੱਟ ਤੋਂ ਵੀ ਬਚਿਆ ਜਾ ਸਕਦਾ ਹੈ। ਅਜਿਹੇ ਡਾਕਟਰਾਂ ਕੋਲ ਕਦੇ ਨਹੀਂ ਜਾਣਾ ਚਾਹੀਦਾ, ਜਿਹੜੇ ਬਿਮਾਰੀ ਨੂੰ ਬੁੱਝਣ ਲਈ ਟੈਸਟਾਂ ਦੀ ਵਰਤੋਂ ਹੀ ਨਹੀਂ ਕਰਦੇ।
ਆਓ ਵੇਖੀਏ ਕਿ ਬਿਮਾਰੀ ਦੀ ਹਾਲਤ ਵਿਚ ਬਹੁਤ ਸਾਰੇ ਲੋਕ ਗ਼ੈਰ-ਵਿਗਿਆਨਕ ਢੰਗ ਅਪਣਾ ਕੇ ਕਿਵੇਂ ਆਪਣੀ ਬਿਮਾਰੀ ਨੂੰ ਲਾਇਲਾਜ ਬਣਾ ਲੈਂਦੇ ਹਨ।
ਬਹੁਤ ਸਾਰੇ ਵਿਅਕਤੀ ਇਹ ਜਾਣਦੇ ਹਨ ਕਿ ਸ਼ੂਗਰ ਦੀ ਬਿਮਾਰੀ ਇਸ ਲਈ ਪੈਦਾ ਹੋ ਜਾਂਦੀ ਹੈ ਕਿ ਸਾਡੇ ਸਰੀਰ ਦਾ ਇਕ ਅੰਗ ਪੈਂਕਰੀਆ ਇੰਸੂਲੀਨ ਪੈਦਾ ਕਰਨੀ ਘਟਾ ਦਿੰਦਾ ਹੈ ਜਾਂ ਬੰਦ ਕਰ ਦਿੰਦਾ ਹੈ। ਜੇ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਹੋਵੇ ਕਿ ਸੰਸਾਰ ਵਿੱਚ ਅਜਿਹੀ ਕੋਈ ਖੋਜ ਨਹੀਂ ਹੋਈ, ਜੋ ਪੈਂਕਰੀਆ ਦੇ ਕੰਮ ਢੰਗ ਨੂੰ ਸੁਧਾਰ ਸਕੇ ਤਾਂ ਅਜਿਹੇ ਲੋਕ ਬਾਹਰੋਂ ਇੰਸੂਲੀਨ ਲੈਣ ਦੀ ਆਦਤ ਸਹਿਜੇ ਹੀ ਅਪਣਾ ਲੈਣਗੇ, ਪਰ ਇਸ ਜਾਣਕਾਰੀ ਦੇ ਹੀਣੇ ਲੋਕੀਂ ਸ਼ੂਗਰ ਦੇ ਇਲਾਜ ਲਈ ਸਾਧਾਂ-ਸੰਤਾਂ ਤੇ ਨੀਮਾਂ-ਹਕੀਮਾਂ ਦੇ ਦੁਆਲੇ ਚੱਕਰ ਕੱਟਣੇ ਸ਼ੁਰੂ ਕਰ ਦੇਣਗੇ। ਸਿੱਟੇ ਵਜੋਂ ਇੰਸੂਲੀਨ ਦੀ ਘਾਟ ਸਰੀਰ ਵਿੱਚ ਬਿਮਾਰੀ ਦੀ ਦਸ਼ਾ ਹੋਰ ਵਿਗਾੜ ਦੇਵੇਗੀ।
ਬੁੱਧੀਮਾਨ ਵਿਅਕਤੀ ਜਾਣਦੇ ਹਨ ਕਿ ਮਾਂ ਦੇ ਪੇਟ ਵਿਚਲੇ ਬੱਚੇ ਦੇ ਸੈਕਸ ਦਾ ਫ਼ੈਸਲਾ ਗਰਭਧਾਰਨ ਕਰਨ ਦੇ ਪਹਿਲੇ ਦਿਨ ਹੀ ਹੋ ਜਾਂਦਾ ਹੈ। ਇਸਤਰੀ ਵਿੱਚ ਤਾਂ ਕਰੋਮੋਸੋਮ 23 ਜੋੜੇ ਹੁੰਦੇ ਹਨ। ਸਾਰੇ ਹੀ xx ਕਰੋਮੋਸੋਮ ਹੁੰਦੇ ਹਨ, ਪਰ ਮਰਦਾਂ ਵਿੱਚ 23ਵਾਂ ਜੋੜਾ xy ਕਰੋਮੋਸੋਮ ਹੁੰਦਾ ਹੈ। ਜੇਕਰ ਮਰਦ ਦੇ 23ਵੇਂ ਜੋੜੇ ਦਾ x ਭਾਗ ਇਸਤਰੀ ਦੇ ਕਰੋਮੋਸੋਮ ਨਾਲ ਜੁੜਦਾ ਹੈ ਤਾਂ ਲੜਕੀ ਪੈਦਾ ਹੁੰਦੀ ਹੈ, ਪਰ ਜੇ ਮਰਦ ਦੇ 23ਵੇਂ ਜੋੜੇ ਦਾ y ਭਾਗ ਇਸਤਰੀ ਦੇ 23ਵੇਂ ਜੋੜੇ x ਨਾਲ ਜੁੜਦਾ ਹੈ ਤਾਂ ਪੈਦਾ ਹੋਣ ਵਾਲਾ ਬੱਚਾ ਲੜਕਾ ਹੋਵੇਗਾ। ਮਰਦ-ਇਸਤਰੀ ਕਰੋਮੋਸੋਮ ਦਾ ਮੇਲ ਤਾਂ ਸੰਭੋਗ ਦੇ 48 ਘੰਟੇ ਦੇ ਅੰਦਰ-ਅੰਦਰ ਹੋ ਜਾਂਦਾ ਹੈ। ਹੁਣ ਇਸ ਤੋਂ ਬਾਅਦ ਸਾਧਾਂ-ਸੰਤਾਂ ਦੀ ਰਾਖ ਜਾਂ ਪਾਣੀ ਅਤੇ ਵੈਦ-ਹਕੀਮਾਂ ਦੀਆਂ ਲਈਆਂ ਪੁੜੀਆਂ ਕੀ ਕੋਈ ਅਸਰ ਕਰ ਸਕਣਗੀਆਂ? ਮੈਂ ਬਹੁਤ ਸਾਰੇ ਵਿਅਕਤੀਆਂ ਨੂੰ, ਜਿਨ੍ਹਾਂ ਵਿੱਚ ਬਰਨਾਲਾ ਦਾ ਇਕ ਅਖੌਤੀ ਤਰਕਸ਼ੀਲਵੀ ਹੈ ਇਹ ਕਹਿੰਦੇ ਸੁਣਿਆ ਹੈ ਕਿ ਉਹਨਾਂ ਦੇ ਘਰ ਜੋ ਇਕੋ-ਇਕ ਬੇਟੀ ਪੈਦਾ ਹੋਈ ਹੈ, ਉਹ ਕਾਲੇਕੇ ਵਾਲੇ ਸਾਧ ਦੀ ਕਿਰਪਾ ਨਾਲ ਹੋਈ ਹੈ। ਹੁਣ ਇਸ ਭੜੂਏ ਨੂੰ ਕੋਈ ਪੁੱਛੇ ਕਿ ਸਾਧ ਨੇ ਉਸ ਦੇ ਕਰੋਮੋਸੋਮ ਨੂੰ ਉਸ ਦੀ ਪਤਨੀ ਦੇ ਬੱਚੇਦਾਨੀ ਅੰਦਰ ਅੰਡੇ ਤੱਕ ਪੁੱਜਦਾ ਕਰਨ ਲਈ ਰਾਹ ਕਿਵੇਂ ਪੱਧਰਾ ਕੀਤਾ? ਮੈਂ ਹਜ਼ਾਰਾਂ ਅਜਿਹੇ ਵਿਅਕਤੀ ਵੇਖੇ ਹਨ, ਜਿਹੜੇ ਬਿਮਾਰੀਆਂ ਤੋਂ ਬਚਣ ਲਈ ਧਾਗੇ, ਤਵੀਤ ਕਰਵਾਉਂਦੇ ਰਹਿੰਦੇ ਹਨ, ਪਰ ਉਹਨਾਂ ਨੂੰ ਹੋਣ ਵਾਲੀ ਬਿਮਾਰੀ ਨੂੰ ਇਹ ਧਾਗੇ-ਤਵੀਤ ਕਿਵੇਂ ਰੋਕਦੇ ਹਨ। ਇਸ ਦਾ ਕਦੇ ਵੀ ਉਹ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕੇ।
ਲੋਕਾਂ ਦੀ ਇਸ ਪਿੱਛਲੱਗੂ ਸੋਚ ਦਾ ਫ਼ਾਇਦਾ ਹੀ ਸਾਧ-ਸੰਤ ਤੇ ਨੀਮ-ਹਕੀਮ ਉਠਾਉਂਦੇ ਹਨ। ਜਦੋਂ ਕੋਈ ਵਿਅਕਤੀ ਇਹਨਾਂ ਦੇ ਚੁੰਗਲ ਵਿਚ ਫਸ ਜਾਂਦਾ ਹੈ ਤਾਂ ਇਹ ਉਸ ਨੂੰ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਬੁਰੀ ਤਰ੍ਹਾਂ ਡਰਾ ਦਿੰਦੇ ਹਨ। ਡਰੇ ਹੋਏ ਵਿਅਕਤੀ ਨੂੰ ਦੋਵੇਂ ਹੱਥੀਂ ਲੁੱਟਣਾ ਸੁਖਾਲਾ ਹੁੰਦਾ ਹੈ।
ਕੁੱਝ ਦਿਨ ਪਹਿਲਾਂ ਪੰਜਾਬੀ ਅਖ਼ਬਾਰਾਂ ਵਿੱਚ ਇਹ ਖ਼ਬਰ ਵੀ ਪ੍ਰਕਾਸ਼ਤ ਹੋਈ ਕਿ ਗੁਜਰਾਤੀ ਵਿਗਿਆਨੀ ਹੱਡੀਆਂ ਦੇ ਕੈਂਸਰ ਦਾ ਮਰੀਜ਼ ਸੀ। ਉਸ ਨੇ ਸਿੱਖਾਂ ਦੇ ਸਭ ਤੋਂ ਵੱਡੇ ਧਾਰਮਿਕ ਸਥਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰਬਾਣੀ ਸੁਣੀ ਤਾਂ ਉਸ ਦਾ ਹੱਡੀਆਂ ਦਾ ਕੈਂਸਰ ਸਦਾ ਲਈ ਠੀਕ ਹੋ ਗਿਆ। ਭਾਵੇਂ ਸਾਡੀ ਪੜਤਾਲ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਇਸ ਪੱਤਰਕਾਰ ਦੀ ਇਸੇ ਕੈਂਸਰ ਨਾਲ 2006 ਮੌਤ ਵਿੱਚ ਹੋ ਗਈ ਸੀ। ਜੇ ਇਸ ਕਿਸਮ ਦੇ ਗੰਭੀਰ ਰੋਗ ਇਸ ਤਰ੍ਹਾਂ ਹੀ ਠੀਕ ਹੋ ਜਾਂਦੇ ਹਨ ਤਾਂ ਸਿੱਖਾਂ ਦੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਤਰਨਤਾਰਨ ਵਿਖੇ ਕੋਹੜ ਦੇ ਇਲਾਜ ਦਾ ਦਵਾਖਾਨਾ ਖੋਲ੍ਹਣ ਦੀ ਕੀ ਲੋੜ ਸੀ? ਬਿਮਾਰੀਆਂ ਤਾਂ ਪਸ਼ੂਆਂ ਅਤੇ ਫ਼ਸਲਾਂ ਨੂੰ ਵੀ ਲੱਗ ਜਾਂਦੀਆਂ ਹਨ, ਫਿਰ ਤਾਂ ਇਹ ਵੀ ਇਸ ਢੰਗ ਨਾਲ ਠੀਕ ਕੀਤੀਆਂ ਜਾ ਸਕਦੀਆਂ ਹੋਣਗੀਆਂ? ਅਸਲ ਵਿੱਚ ਇਹ ਵਿਅਕਤੀ ਇਸ ਢੰਗ ਨਾਲ ਠੀਕ ਨਹੀਂ ਹੋਇਆ ਹੋਣਾ, ਭਰਪੂਰ ਅੰਗਰੇਜ਼ੀ ਦਵਾਈਆਂ ਦਾ ਪੂਰਾ ਇਲਾਜ ਕਰਵਾ ਕੇ ਠੀਕ ਹੋਇਆ ਹੋਵੇਗਾ। ਪਰ ਉਪਰੋਕਤ ਕਿਸਮ ਦੇ ਝੂਠੇ ਪ੍ਰਚਾਰ ਨੇ ਕੁੱਝ ਹੋਰ ਲੋਕਾਂ ਦੀਆਂ ਇਲਾਜ ਵਿਧੀਆਂ ਵਿਚਕਾਰੋਂ ਛੁਡਵਾ ਕੇ ਉਹਨਾਂ ਨੂੰ ਮੌਤ ਦੇ ਨੇੜੇ ਜ਼ਰੂਰ ਕਰ ਦਿੱਤਾ ਹੋਵੇਗਾ। ਭਾਵੇਂ ਅਜਿਹੇ ਵਿਅਕਤੀ ਨੈਤਿਕ ਪੱਖੋਂ ਸਜ਼ਾ ਦੇ ਹੱਕਦਾਰ ਹੁੰਦੇ ਹਨ, ਪਰ ਇੱਥੋਂ ਦੀਆਂ ਸਰਕਾਰਾਂ ਤਾਂ ਅੰਧਵਿਸ਼ਵਾਸਾਂ ਨੂੰ ਵਧਾਉਣ ਲਈ ਅਜਿਹੇ ਮੌਕਿਆਂ ਦੀ ਭਾਲ ਵਿਚ ਹੀ ਰਹਿੰਦੀਆਂ ਹਨ।
ਭਾਰਤੀ ਜਨਤਾ ਪਾਰਟੀ ਦੇ ਸਾਬਕਾ ਕੌਮੀ ਜਨਰਲ ਸਕੱਤਰ ਸ੍ਰੀ ਪ੍ਰਮੋਦ ਮਹਾਜਨ ਨੂੰ ਉਸ ਦੇ ਛੋਟੇ ਭਰਾ ਪ੍ਰਦੀਪ ਮਹਾਜਨ ਨੇ ਜਾਇਦਾਦ ਦੇ ਝਗੜੇ ਕਾਰਨ ਗੋਲੀਆਂ ਮਾਰ ਦਿੱਤੀਆਂ ਸਨ। ਇਕ ਪਾਸੇ ਤਾਂ ਸਭ ਤੋਂ ਵਧੀਆ ਡਾਕਟਰ ਜ਼ੋਰ ਲਾ ਰਹੇ ਸਨ, ਦੂਜੇ ਪਾਸੇ ਸਭ ਤੋਂ ਯੋਗ ਮੰਨੇ ਜਾਂਦੇ ਪੁਜਾਰੀ ਉਹਨਾਂ ਦੀ ਜਾਨ ਨੂੰ ਬਚਾਉਣ ਲਈ ਯੱਗਾਂ, ਹਵਨਾਂ ਰਾਹੀਂ ਅੱਡੀ-ਚੋਟੀ ਦਾ ਜ਼ੋਰ ਲਾ ਰਹੇ ਸਨ। ਡਾਕਟਰਾਂ ਦੀ ਮਿਹਰਬਾਨੀ ਸਦਕਾ ਜੇ ਮਹਾਜਨ ਬਚ ਜਾਂਦਾ ਤਾਂ ਇਸ ਦਾ ਸਾਰਾ ਸਿਹਰਾ ਇਥੋਂ ਦੇ ਅਧਿਆਤਮਵਾਦੀਆਂ ਨੂੰ ਦੇ ਦਿੱਤਾ ਜਾਣਾ ਸੀ। ਸੁਆਦ ਤਾਂ ਫਿਰ ਆਉਂਦਾ ਜੇ ਅਜਿਹੇ ਮੌਕੇ ਯੱਗਾਂ-ਹਵਨਾਂ ਦੀ ਸੱਚੀ ਸ਼ਕਤੀ ਦੀ ਪਰਖ ਹੀ ਕਰ ਲਈ ਜਾਂਦੀ।
ਬਹੁਤ ਸਾਰੇ ਵਿਗਿਆਨੀ ਅਜਿਹੇ ਵੀ ਹੁੰਦੇ ਹਨ, ਜਿਹੜੇ ਦਾਅਵਾ ਤਾਂ ਵਿਗਿਆਨਕ, ਤਰਕਸ਼ੀਲ ਜਾਂ ਨਾਸਤਿਕ ਹੋਣ ਦਾ ਕਰਦੇ ਹਨ, ਪਰ ਅਸਲ ਵਿਚ ਸਮੱਸਿਆ ਆਉਣ ‘ਤੇ ਆਪਣੇ ਰਸਤੇ ਤੋਂ ਥਿੜ੍ਹਕ ਜਾਂਦੇ ਹਨ। ਮੈਂ ਕਈ ਅਜਿਹੇ ਵਿਗਿਆਨੀਆਂ ਬਾਰੇ ਵੀ ਜਾਣਕਾਰੀ ਰੱਖਦਾ ਹਾਂ, ਜਿਨ੍ਹਾਂ ਨੇ ਵਿਗਿਆਨ ਦੇ ਖੇਤਰ ਵਿੱਚ ਵੱਡੀਆਂ ਉਪਲੱਬਧੀਆਂ ਹਾਸਲ ਕੀਤੀਆਂ ਹਨ, ਪਰ ਉਹ ਹੁਡਨੀ ਦੀਆਂ ਜਾਦੂ ਦੀਆਂ ਸ਼ਕਤੀਆਂ ਤੋਂ ਪ੍ਰਭਾਵਤ ਹੋ ਕੇ ਉਸ ਦੇ ਜਾਦੂ ਨੂੰ ਹਕੀਕੀ ਸਮਝਦੇ ਰਹੇ ਹਨ। ਇਸ ਦਾ ਕਾਰਨ ਹੁੰਦਾ ਹੈ ਕਿ ਇੱਕ ਵਿਅਕਤੀ ਹਰ ਕਿਸਮ ਦੀ ਜਾਣਕਾਰੀ ਦਾ ਮਾਹਰ ਨਹੀਂ ਬਣ ਸਕਦਾ। ਕਿਸੇ ਨਾ ਕਿਸੇ ਖੇਤਰ ਵਿਚ ਉਹ ਊਣਾ ਰਹਿ ਹੀ ਜਾਂਦਾ ਹੈ। ਜੇ ਉਸ ਦੀ ਸੋਚ ਵਿਗਿਆਨਕ ਨਹੀਂ ਤਾਂ ਉਸ ਖੇਤਰ ਵਿੱਚ ਉਸ ਦਾ ਵਤੀਰਾ ਪਿੱਛਲੱਗੂਆਂ ਵਾਲਾ ਹੋ ਨਿਬੜਦਾ ਹੈ। ਉਂਝ ਤਾਂ ਜ਼ਿੰਦਗੀ ਦੇ ਹਰ ਪਹਿਲੂ ਵਿੱਚ ਹੀ ਵਿਗਿਆਨਕ ਸੋਚ ਅਪਣਾਉਣੀ ਚਾਹੀਦੀ ਹੈ, ਪਰ ਬਿਮਾਰੀ ਦੀ ਹਾਲਤ ਵਿਚ ਤਾਂ ਇਹ ਹੋਰ ਵੀ ਵੱਧ ਜ਼ਰੂਰੀ ਬਣ ਜਾਂਦੀ ਹੈ, ਕਿਉਂਕਿ ਇੱਥੇ ਤਾਂ ਸਵਾਲ ਹੀ ਜਾਨ ਦਾ ਹੁੰਦਾ ਹੈ। ਸੋ ਜ਼ਿੰਦਗੀ ਦੀ ਹਰ ਘਟਨਾ ਨੂੰ ਕੀ, ਕਿਉਂ ਤੇ ਕਿਵੇਂ ਦੀ ਕਸੌਟੀ ‘ਤੇ ਪਰਖਣ ਦੀ ਆਦਤ ਜ਼ਰੂਰ ਪਾ ਹੀ ਲੈਣੀ ਚਾਹੀਦੀ ਹੈ। ਸੋ, ਜਿਵੇਂ ਅਸੀਂ ਲੀਰਾਂ ਦੀ ਖਿੱਦੋ ਨੂੰ ਉਧੇੜਨਾ ਸ਼ੁਰੂ ਕਰ ਦਿੰਦੇ ਹਾਂ ਤਾਂ ਉਸ ਵਿੱਚੋਂ ਪਰਤਾਂ ਖੁੱਲ੍ਹਦੀਆਂ ਜਾਂਦੀਆਂ ਹਨ ਤਾਂ ਇਸ ਤਰ੍ਹਾਂ ਜ਼ਿੰਦਗੀ ਵਿਚ ਵਾਪਰਣ ਵਾਲੀ ਹਰ ਘਟਨਾ ਦੀ ਜਾਂਚ-ਪੜਤਾਲ ਕਰਨ ਦੀ ਆਦਤ ਪਾ ਹੀ ਲੈਣੀ ਚਾਹੀਦੀ ਹੈ। ਸਾਡੇ ਆਲੇ-ਦੁਆਲੇ ਦਾ ਸੰਸਾਰ ਪੂਰੀ ਤਰ੍ਹਾਂ ਜਾਣਨਯੋਗ ਹੈ। ਕਰੋੜਾਂ ਵਿਅਕਤੀਆਂ ਦੀ ਦਿਨ-ਰਾਤ ਦੀ ਮਿਹਨਤ ਸਦਕਾ ਇਹ ਜਾਣਨਯੋਗ ਹੋਇਆ ਹੈ।
ਅਜਿਹੇ ਮੌਕੇ ਪਿੱਛੇ ਲੱਗ ਕੇ ਜ਼ਿੰਦਗੀ ਨੂੰ ਨਰਕ ਬਣਾ ਲੈਣਾ ਸਿਆਣਪ ਨਹੀਂ। ਆਓ। ਵਿਗਿਆਨਕ ਸੋਚ ਦੀ ਇੱਕ ਚਿਣਗ ਨਾਲ ਦੁਨਿਆਵੀ ਸਮੁੰਦਰ ਵਿੱਚੋਂ ਚਾਨਣ ਦੀਆਂ ਕੁੱਝ ਬੂੰਦਾਂ ਲੱਭੀਏ ਤੇ ਧਰਤੀ ਦੇ ਵਿਸ਼ਾਲ ਜਨਸਮੂਹਾਂ ਵਿੱਚ ਇਹਨਾਂ ਦੀਆਂ ਰਿਸ਼ਮਾਂ ਵਿਖੇਰੀਏ ਅਤੇ ਆਪਣੇ ਉੱਪਰ ਪਿਛਲੀਆਂ ਪੀੜ੍ਹੀਆਂ ਦੇ ਚੜ੍ਹੇ ਕਰਜ਼ ਨੂੰ ਉਤਾਰੀਏ।

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …