Breaking News
Home / ਨਜ਼ਰੀਆ / ਨਾਵਲ ‘ਸੂਰਜ ਦੀ ਅੱਖ’ ਪੜ੍ਹਨ ਪਿੱਛੋਂ

ਨਾਵਲ ‘ਸੂਰਜ ਦੀ ਅੱਖ’ ਪੜ੍ਹਨ ਪਿੱਛੋਂ

ਪ੍ਰਿੰ. ਸਰਵਣ ਸਿੰਘ
ਮੈਂ ਆਲੋਚਕ ਨਹੀਂ। ਪਾਠਕ ਹਾਂ ਅਤੇ ਮਾੜਾ ਮੋਟਾ ਲੇਖਕ। ਪੜ੍ਹਦਿਆਂ-ਗੁੜ੍ਹਦਿਆਂ ਕਾਲਜ ਦੇ ਵਿਦਿਆਰਥੀਆਂ ਨੂੰ ਪੰਜਾਬੀ ਸਾਹਿਤ ਪੜ੍ਹਾਉਂਦਾ ਰਿਹਾਂ। ਨਾਨਕ ਸਿੰਘ ਤੇ ਜਸਵੰਤ ਸਿੰਘ ਕੰਵਲ ਦੇ ਨਾਵਲਾਂ ਤੋਂ ਲੈ ਕੇ ਵਿਸ਼ਵ ਦੇ ਸ਼ਾਹਕਾਰ ਨਾਵਲ ਪੜ੍ਹੇ ਨੇ। ਪਰ ਪਿਛਲੇ ਕੁਝ ਸਮੇਂ ਤੋਂ ਲਿਖਣ ਦੇ ਰੁਝੇਵੇਂ ਵਧ ਜਾਣ ਕਰਕੇ ਪੰਜਾਬੀ ਨਾਵਲ, ਖ਼ਾਸ ਕਰ ਕੇ ਵਡੇਰੇ ਆਕਾਰ ਦੇ ਨਾਵਲ ਨਹੀਂ ਪੜ੍ਹ ਸਕਿਆ। ਮਹਾਰਾਜਾ ਰਣਜੀਤ ਸਿੰਘ ਬਾਰੇ 600 ਪੰਨਿਆਂ ਦਾ ਨਾਵਲ ‘ਸੂਰਜ ਦੀ ਅੱਖ’ ਮੇਰੇ ਹੱਥ ਪੰਦਰਾਂ ਕੁ ਦਿਨ ਪਹਿਲਾਂ ਆਇਆ ਜੋ ਮੈਂ ਧਿਆਨ ਨਾਲ ਅੱਖਰ-ਅੱਖਰ ਪੜ੍ਹਿਆ। ਹੁਣ ਆਪਣਾ ਅਨੁਭਵ ਲਿਖਣਾ ਜ਼ਰੂਰੀ ਸਮਝਦਾਂ। ਵੈਸੇ ਵੀ ਵਿਚਾਰ ਵਟਾਂਦਰਾ ਕਰਨਾ ਚੰਗਾ ਹੁੰਦੈ। ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ।
ਮਹਾਰਾਜਾ ਰਣਜੀਤ ਸਿੰਘ ਨੇ ਸੱਸੀ ਹਾਸ਼ਮ ਦਾ ਕਿੱਸਾ ਲਿਖਣ ਵਾਲੇ ਹਾਸ਼ਮ ਸ਼ਾਹ ਨੂੰ ਇਨਾਮ ‘ਚ ਖੂਹ ਬਖਸ਼ਿਆ ਸੀ। ਉਹ ਕਵੀਆਂ/ਕਲਾਕਾਰਾਂ ਦਾ ਕਦਰਦਾਨ ਸੀ। ਮੈਨੂੰ ਪੱਕਾ ਯਕੀਨ ਹੈ ਜੇਕਰ ਮਹਾਰਾਜਾ ਰਣਜੀਤ ਸਿੰਘ ਅੱਜ ਜਿਊਂਦਾ ਹੁੰਦਾ ਤਾਂ ਇਹ ਨਾਵਲ ਪੜ੍ਹ/ਸੁਣ ਕੇ ਬਲਦੇਵ ਸਿੰਘ ਨੂੰ ਹਾਸ਼ਮ ਸ਼ਾਹ ਤੋਂ ਵੀ ਵੱਡੀ ਜਾਗੀਰ ਬਖਸ਼ਦਾ। ਫ਼ਕੀਰ ਅਜ਼ੀਜ਼ਉਦਦੀਨ ਨੇ ਮਹਾਰਾਜੇ ਦੀ ਵਡਿਆਈ ਵਿਚ ਬੜੇ ਚੰਗੇ ਸ਼ਬਦ ਆਖੇ ਹਨ। ਪਰ ‘ਸੂਰਜ ਦੀ ਅੱਖ’ ਬਲਦੇਵ ਸਿੰਘ ਨੇ ਹੀ ਆਖਿਆ ਹੈ। 21 ਸਾਲ ਦੀ ਉਮਰ ਵਿਚ ਮਹਾਰਾਜਾ ਬਣਨ ਸਮੇਂ ਰਣਜੀਤ ਸਿੰਘ ਦੇ ਨਾਵਲ ਵਿਚਲੇ ਸੰਵਾਦ ਉਸ ਦੀ ਵਡਿਆਈ ਹੀ ਤਾਂ ਹਨ। ਤਾਜਪੋਸ਼ੀ ਦੀ ਰਸਮ ਪੂਰੀ ਹੋ ਗਈ। ਬਾਬਾ ਸਾਹਿਬ ਸਿੰਘ ਬੇਦੀ ਨੇ ਸੰਮਨ ਬੁਰਜ ਅੰਦਰ ਪਏ ਮੁਗ਼ਲਾਂ ਦੇ ਤਖ਼ਤ ਉਪਰ ਰਣਜੀਤ ਸਿੰਘ ਨੂੰ ਬਿਰਾਜਮਾਨ ਹੋਣ ਲਈ ਕਿਹਾ। ਪਰ ਰਣਜੀਤ ਸਿੰਘ ਨੇ ਦ੍ਰਿੜਤਾ ਨਾਲ ਕਿਹਾ, ”ਬਾਬਾ ਜੀ, ਖ਼ਿਮਾ ਕਰਨਾ, ਮੈਂ ਇਸ ਤਖ਼ਤ ਉਪਰ ਕਦੇ ਨਹੀਂ ਬੈਠਾਂਗਾ।”
ਦੋਹਾਂ ਵਿਚਕਾਰ ਕੁਝ ਬਚਨ ਬਿਲਾਸ ਹੁੰਦੇ ਹਨ। ਰਣਜੀਤ ਸਿੰਘ ਕਹਿੰਦਾ ਹੈ, ”ਮੈਂ ਇਕ ਸਿਰ ਨਾਲ ਨਹੀਂ, ਵਧੇਰੇ ਸਿਰਾਂ ਨਾਲ ਹਕੂਮਤ ਕਰਾਂਗਾ।” ”ਬਾਬਾ ਜੀ, ਫਿਰ ਵੀ ਮੈਂ ਇਸ ਤਖ਼ਤ ਉੱਪਰ ਨਹੀਂ ਬੈਠ ਸਕਦਾ, ਮੈਨੂੰ ਇਸ ਤਖ਼ਤ ਵਿਚੋਂ ਲੱਖਾਂ ਪੰਜਾਬੀ ਮਰਦ, ਔਰਤਾਂ, ਬੱਚਿਆਂ ਦੀਆਂ ਚੀਖਾਂ ਕੁਰਲਾਹਟਾਂ ਸੁਣਦੀਆਂ ਹਨ। ਲਹੂ ਰਿਸਦਾ ਦਿਸਦਾ ਹੈ।” ਰਣਜੀਤ ਸਿੰਘ ਨੇ ਤਖਤ ਵੱਲੋਂ ਮੂੰਹ ਘੁੰਮਾ ਲਿਆ।
”ਸਿੰਘ ਸਾਹਿਬ ਜੀ, ਮੈਨੂੰ ਫਿਰ ਖ਼ਿਮਾ ਕਰਨਾ। ਮੈਂ ਤਾਜ ਨਹੀਂ ਪਹਿਨਾਂਗਾ। ਨਾ ਹੀ ਤਾਜ ਪਹਿਨ ਕੇ ਮੈਨੂੰ ‘ਮਹਾਰਾਜਾ’ ਅਖਵਾਉਣ ਦਾ ਸ਼ੌਕ ਹੈ। ਮੇਰੀ ਤਲਵਾਰ ਹੀ ਮੈਨੂੰ ਇਹ ਰੁਤਬਾ ਬਖਸ਼ਦੀ ਹੈ। ਬਾਹਰੀ ਵਿਖਾਵਿਆਂ ਦੀ ਮੈਨੂੰ ਕੋਈ ਲੋੜ ਨਹੀਂ। ਲੋਕਾਂ ਵੱਲੋਂ ‘ਸਿੰਘ ਸਾਹਿਬ’ ਅਖਵਾ ਕੇ ਮੈਂ ਵਧੇਰੇ ਖ਼ੁਸ਼ ਹੋਵਾਂਗਾ।”
ਪੇਸ਼ਾਵਰ ਉਪਰ ਕਬਜ਼ੇ ਤੋਂ ਬਾਅਦ ਰਣਜੀਤ ਸਿੰਘ ਨੇ ਐਲਾਨ ਕੀਤਾ, ”ਕਿਸੇ ਵੀ ਸ਼ਹਿਰੀ ਨੂੰ ਤੰਗ ਨਹੀਂ ਕੀਤਾ ਜਾਏਗਾ। ਕਿਸੇ ਵੀ ਘਰ ਨੂੰ ਲੁੱਟਿਆ ਨਹੀਂ ਜਾਏਗਾ। ਪੇਸ਼ਾਵਰ ਦੇ ਬਸ਼ਿੰਦਿਆਂ ਦੀ ਜਾਇਦਾਦ ਅਤੇ ਜਾਨ-ਮਾਲ ਦੀ ਰਾਖੀ ਕੀਤੀ ਜਾਏਗੀ। ਲੋਕ ਪਹਿਲਾਂ ਵਾਂਗ ਹੀ ਕੰਮ-ਧੰਦੇ ਬਿਨਾਂ ਖ਼ੌਫ਼ ਕਰਦੇ ਰਹਿਣ।” ਲੇਖਕ ਹੋਰ ਵਡਿਆਈ ਕਿਵੇਂ ਕਰਦਾ?
ਸੂਰਜ ਉਦੈ ਹੋ ਰਿਹਾ ਸੀ। ਰਣਜੀਤ ਸਿੰਘ ਨੇ ਵੇਖਿਆ, ਉਸ ਦੀਆਂ ਕਿਰਨਾਂ ਨੇ ਅਟਕ ਦੇ ਪਾਣੀ ਨੂੰ ਢਲੇ ਹੋਏ ਸੋਨੇ ਵਾਂਗ ਬਣਾ ਦਿੱਤਾ। ਕਿਨਾਰਿਆਂ ਉਪਰ ਜੰਗਲੀ ਫੁੱਲ ਖਿੜੇ ਹੋਏ ਸਨ। ਰਣਜੀਤ ਸਿੰਘ ਸੋਚਣ ਲੱਗਾ, ਦਿਨ ਢਲਦਿਆਂ ਹੀ ਇਹ ਫੁੱਲ ਮੁਰਝਾ ਜਾਣਗੇ। ਕੀ ਬੰਦੇ ਦਾ ਜੀਵਨ ਵੀ ਇਸ ਤਰ੍ਹਾਂ ਹੀ ਹੈ? ਉਸ ਨੇ ਲੰਮਾ ਸਾਹ ਲਿਆ। ਸੋਚਿਆ…ਆਪਣੇ ਰਾਜ ਨੂੰ, ਆਪਣੇ ਤਖ਼ਤ ਨੂੰ ਬਚਾਉਣ ਲਈ, ਦੂਸਰੇ ਦੇ ਤਖ਼ਤ ਨੂੰ ਤਬਾਹ ਕਰਨਾ ਜ਼ਰੂਰੀ ਹੋ ਜਾਂਦਾ ਹੈ। ਖੁਦ ਜਿਊਂਦਾ ਰਹਿਣ ਲਈ, ਦੂਜਿਆਂ ਨੂੰ ਮਾਰਨਾ ਜ਼ਰੂਰੀ ਏ।
ਮੁਸਲਮਾਨਾਂ ਦੇ ਮੁਕਾਬਲੇ ਸਿੱਖ 7% ਸਨ। 40 ਸਾਲ ਮਿਨਾਰਟੀ ਰਾਜ ਕਰਦੀ ਰਹੀ। ਇਕ ਵੀ ਵਿਦਰੋਹ ਨਹੀਂ ਹੋਇਆ ਜਾਤੀ ਦੇ ਨਾਮ ‘ਤੇ। ਇਕ ਵੀ ਅਜਿਹੀ ਘਟਨਾ ਨਹੀਂ ਵਾਪਰੀ ਕਿ ਮੁਸਲਮਾਨਾਂ ਨੇ ਕਿਹਾ ਹੋਵੇ, ਸਾਨੂੰ ਸਿੱਖ ਮਹਾਰਾਜਾ ਮਨਜ਼ੂਰ ਨਹੀਂ। ਉਸ ਨੇ ਬਿਨਾਂ ਜਾਤੀ ਭੇਦ ਭਾਵ ਦੇ ਕਿਸੇ ਦੀ ਵੀ ਕਾਬਲੀਅਤ ਨੂੰ ਇਗਨੋਰ ਨਹੀਂ ਕੀਤਾ। ਬਰਨਜ਼ ਨੇ ਲਿਖਿਆ, ”ਕੁਦਰਤ ਨੇ ਇਸ ਵਿਅਕਤੀ ਨੂੰ ਬੜੀ ਕੰਜੂਸੀ ਨਾਲ ਦਾਤਾਂ ਬਖਸ਼ੀਆਂ ਨੇ ਤੇ ਇਹ ਦਾਤਾਂ ਦੇਣ ਸਮੇਂ ਜ਼ਰੂਰ ਹੀ ਬੁੱਧੀ ਅਤੇ ਜਿਸਮ ਦਰਮਿਆਨ ਝਗੜਾ ਹੋਇਆ ਹੋਵੇਗਾ। ਉਸ ਦੀ ਇਕ ਅੱਖ ਹੈ। ਚਿਹਰਾ ਮਾਤਾ ਦੇ ਦਾਗ਼ਾਂ ਨਾਲ ਭਰਿਆ ਹੋਇਆ ਹੈ। ਉਸ ਦਾ ਕੱਦ ਯਕੀਨਨ 5 ਫੁੱਟ 3 ਇੰਚ ਤੋਂ ਵੱਧ ਨਹੀਂ। ਉਹ ਵਿਖਾਵੇ ਤੋਂ ਪੂਰੀ ਤਰ੍ਹਾਂ ਮੁਕਤ ਹੈ ਤੇ ਤੜਕ-ਫੜਕ ਤੋਂ ਬੇ-ਨਿਆਜ਼।”
ਜੈਕਮਾਊਂਟ ਨੇ ਆਪਣੀ ਡਾਇਰੀ ਵਿਚ ਲਿਖਿਆ: …ਉਹ ਕਮਾਲ ਦਾ ਇੰਡੀਅਨ ਹੈ। ਹਰ ਗੱਲ ਜਾਨਣੀ ਚਾਹੁੰਦਾ ਹੈ। ਉਹ ਹੈਰਾਨ ਕਰਨ ਵਾਲੇ ਸੁਆਲ ਪੁੱਛਦਾ ਹੈ। ਅੰਗਰੇਜ਼ਾਂ ਬਾਰੇ, ਨਪੋਲੀਅਨ ਬਾਰੇ, ਰੂਸ ਬਾਰੇ, ਯੂਰਪ ਬਾਰੇ, ਸੰਸਾਰ ਬਾਰੇ, ਅਗਲੀ ਦੁਨੀਆ ਬਾਰੇ, ਸਵਰਗ ਬਾਰੇ, ਨਰਕ ਬਾਰੇ, ਰੱਬ ਬਾਰੇ, ਸ਼ੈਤਾਨ ਬਾਰੇ…।”
ਰਾਤ ਨੂੰ ਜੰਗਲ ਵਿਚ ਭਟਕਦੀ ਸ਼ੇਰਨੀ ਰੋ ਰਹੀ ਸੀ। ਮਹਾਰਾਜਾ ਸ਼ਿਕਾਰ ਖੇਡਣ ਪਿੱਛੋਂ ਆਪਣੇ ਤੰਬੂ ਵਿਚ ਸੌਣ ਦੀ ਤਿਆਰੀ ਕਰ ਰਿਹਾ ਸੀ। ਸੈਨਿਕ ਨੇ ਦੱਸਿਆ, ”ਸ਼ੇਰ ਦਾ ਜਿਹੜਾ ਬੱਚਾ ਅਸੀਂ ਪਕੜਿਆ ਹੈ, ਇਹ ਰੋਂਦੀ ਆਵਾਜ਼ ਇਸ ਬੱਚੇ ਦੀ ਮਾਂ ਦੀ ਹੈ।”
”ਔਹ, ਇਸ ਬੱਚੇ ਦੀ ਮਾਂ!” ਕੂਲਾ ਜਿਹਾ ਬਲੂੰਗੜਾ ਬੱਚਾ ਮਹਾਰਾਜੇ ਦੇ ਕੋਲ ਸੀ।
”ਹਾਂ ਮਹਾਰਾਜ, ਏਧਰ ਓਧਰ ਭਟਕ ਰਹੀ ਹੈ ਤੇ ਕੁਰਲਾ ਰਹੀ ਹੈ।”
”ਆਖ਼ਰ ਮਾਂ ਹੈ ਨਾ। ਬੱਚੇ ਲਈ ਤੜਪ ਰਹੀ ਹੈ।” ਰਣਜੀਤ ਸਿੰਘ ਨੇ ਜਿਵੇਂ ਅੰਦਰਲੇ ਨੂੰ ਕਿਹਾ। ਫਿਰ ਬੋਲਿਆ, ”ਬੱਚੇ ਨੂੰ ਲੈ ਜਾਓ ਤੇ ਇਸ ਦੀ ਮਾਂ ਦੇ ਲਾਗੇ ਛੱਡ ਦਿਓ।”
ਸੈਨਿਕ ਬੱਚੇ ਦੇ ਬਹਾਨੇ ਸ਼ੇਰਨੀ ਵੀ ਕਾਬੂ ਕਰਨਾ ਚਾਹੁੰਦੇ ਸਨ ਪਰ ਸੂਰਜ ਦੀ ਅੱਖ ਵੇਖ ਕੇ ਡਰ ਗਏ।
ਮਹਾਰਾਜਾ ਰਣਜੀਤ ਸਿੰਘ ਨੇ 1801 ਤੋਂ 1839 ਤਕ ਰਾਜ ਕੀਤਾ ਜਿਸ ਦੇ ਰਾਜ ਦਾ ਖੇਤਰਫਲ ਸਵਾ ਲੱਖ ਵਰਗ ਮੀਲ ਦੇ ਕਰੀਬ ਸੀ। ਜੇ ਉਹ ਆਪਣੇ ਨਿੱਜੀ ਜੀਵਨ ਵਿਚ ਸੰਜਮ ਅਤੇ ਸਵੈਕਾਬੂ ਰੱਖਦਾ ਅਤੇ ਆਪਣੀਆਂ ਇਤਿਹਾਸਕ ਜ਼ਿੰਮੇਵਾਰੀਆਂ ਵੱਲ ਉਚੇਚਾ ਧਿਆਨ ਦਿੰਦਾ ਤਾਂ ਸ਼ਾਇਦ ਕੌਮੀ ਦੁਖਾਂਤ ਤੋਂ ਅਤੇ ਰਾਜਨੀਤਕ ਹਾਰ ਤੋਂ ਬਚਿਆ ਜਾ ਸਕਦਾ ਸੀ। ਆਪਣੇ ਜੀਵਨ ਕਾਲ ਵਿਚ ਮਹਾਰਾਜੇ ਨੇ ਆਪਣੇ ਆਪ ਨੂੰ ਕੌਮ ਅਤੇ ਪਰਜਾ ਦਾ ਸੇਵਕ ਸਮਝਿਆ। ਉਸ ਨੇ ਰਾਜਨੀਤਕ ਆਦਰਸ਼ਾਂ ਵਿਚ ਉਸ ਖ਼ਾਲਸਾਈ-ਤੰਤਰ ਨੂੰ ਸਨਮੁੱਖ ਰੱਖਣ ਦਾ ਵਿਖਾਵਾ ਤਾਂ ਕੀਤਾ, ਪਰ ਉਸ ਦੇ ਨਿੱਗਰ ਤੇ ਸਥਾਈ ਅੰਸ਼ਾਂ ਵੱਲੋਂ ਅੱਖਾਂ ਮੁੰਦ ਲਈਆਂ। ਨਾ ਗੁਰਮਤੇ ਵਾਲੀ, ਨਾ ਸਾਂਝੀਵਾਲਤਾ ਵਾਲੀ ਪ੍ਰੰਪਰਾ ਕਾਇਮ ਰਹੀ, ਨਾ ਹੀ ਸਿੱਖ ਮਿਸ਼ਨ ਕਾਲ ਦੇ ਰਾਸ਼ਟਰ ਮੰਡਲ ਵਾਲੀ ਸਮੂਹਕ ਭਰਾਤਰੀ ਭਾਵਨਾ ਅੱਗੇ ਤੁਰ ਸਕੀ। ਇਸ ਦੀ ਜਗ੍ਹਾ ਸਮਰਾਟ ਦੇ ਨਿੱਜੀ ਜੀਵਨ ਉਤੇ ਸਭ ਸ਼ਕਤੀਆਂ ਕੇਂਦਰਿਤ ਹੋ ਗਈਆਂ ਤੇ ਖ਼ਾਲਸਾ ਰਾਜ ਇਕ ਪੁਰਖੀ ਨਿਰੰਕੁਸ਼ ਰਾਜ-ਤੰਤਰ ਦਾ ਰੂਪ ਧਾਰਨ ਕਰ ਗਿਆ। ਰਣਜੀਤ ਸਿੰਘ ਨੇ ਖ਼ਾਲਸਾ ਆਦਰਸ਼ਾਂ ਦੀ ਥਾਂ ਮੁਗ਼ਲ ਬਾਦਸ਼ਾਹਾਂ ਵਾਲੀਆਂ ਨੀਤੀਆਂ ਨੂੰ ਹੀ ਸਾਹਮਣੇ ਰੱਖਿਆ।
ਸਰ ਲੇਪਿਲ ਗਰਿਫਨ ਨੇ ਲਿਖਿਆ, ”ਰਣਜੀਤ ਸਿੰਘ ਨੇ ਜਿਸ ਤਰ੍ਹਾਂ ਦਾ ਬੀਜ ਬੀਜਿਆ, ਉਹੋ ਜਿਹੀ ਹੀ ਫਸਲ ਉੱਗੀ। ਪਿਤਾ ਨੇ ਖੱਟੇ ਅੰਗੂਰ ਖਾਧੇ, ਦੰਦ ਖੱਟੇ ਉਸ ਦੀ ਔਲਾਦ ਦੇ ਹੋਏ। ਸਾਰੀਆਂ ਕੋਸ਼ਿਸਾਂ ਰਾਜ ਦੀਆਂ ਹੱਦਾਂ ਅਤੇ ਫੌਜੀ ਸ਼ਕਤੀ ਵਧਾਉਣ ਵੱਲ ਲੱਗੀਆਂ ਰਹੀਆਂ। ਪਰ ਕੌਮ ਦੀ ਫ਼ਿਤਰਤ ਅਤੇ ਇਖਲਾਕ ਨੂੰ ਸੁਧਾਰਨ ਵੱਲ ਕੋਈ ਧਿਆਨ ਨਾ ਦਿੱਤਾ ਗਿਆ। ਸਾਡਾ ਮਹਾਰਾਜਾ ਧਰਮੀ ਰਾਜੇ ਵਜੋਂ ਜਾਣਿਆਂ ਜਾਂਦਾ ਹੈ। ਆਪਣੇ ਰਾਜ ਕਾਲ ਵਿਚ ਉਸ ਨੇ ਕਿਸੇ ਨੂੰ ਵੀ ਮੌਤ ਦੀ ਸਜ਼ਾ ਨਹੀਂ ਦਿੱਤੀ। ਪਰ ਇਕ ਲੈਲੀ ਘੋੜੀ ਪਿੱਛੇ ਤੇ ਕੋਹੇਨੂਰ ਪਿੱਛੇ ਉਸ ਨੇ ਹਜ਼ਾਰਾਂ ਸੈਨਿਕ ਮਰਵਾ ਘੱਤੇ।
ਨਾਵਲ ਸਮਾਪਤ ਹੋ ਕੇ ਵੀ ਸਮਾਪਤ ਨਹੀਂ ਹੁੰਦਾ। ਨਾਵਲ ਦੇ ਗਰਭ ਵਿਚ ਅਨੇਕਾਂ ਨਾਵਲ ਹੋ ਸਕਦੇ ਹਨ। ਇਤਿਹਾਸ, ਰਾਤ ਵੇਲੇ ਇਕ ਪੁਰਾਣੀ ਹਵੇਲੀ ਵਾਂਗ ਹੁੰਦਾ ਹੈ ਜਿਸ ਦੀਆਂ ਸਾਰੀਆਂ ਬੱਤੀਆਂ ਮੱਧਮ ਜਿਹੀਆਂ ਜਗਦੀਆਂ ਹੋਣ ਤੇ ਉਸ ਅੰਦਰ ਪੁਰਖੇ ਫੁਸਫਸਾ ਰਹੇ ਹੋਣ। ਨਗਰ ਵਸਦੇ ਉਜੜਦੇ ਰਹਿੰਦੇ ਨੇ। ਰਾਜਾਂ ਤੇ ਰਾਸ਼ਟਰਾਂ ਦੇ ਨਾਮ ਨਿਸ਼ਾਨ ਮਿਟ ਜਾਂਦੇ ਨੇ। ਸਿਰਫ਼ ਵੀਰਤਾ ਦੇ ਮਹਾਂ-ਕਾਰਜ ਸਦਾ ਯਾਦ ਰਹਿੰਦੇ ਨੇ। ਕਿਸੇ ਵੀ ਸਭਿਅਤਾ ਦਾ ਅਖ਼ੀਰ ਕਹਿਣਾ ਸੌਖਾ ਹੈ, ਪਰ ਅਖ਼ੀਰ ਵੇਖਣਾ ਬਹੁਤ ਔਖਾ ਹੈ। ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਦਾ ਅੰਤ ਵੀ ਬਹੁਤ ਦੁਖਦਾਈ ਸੀ। ਬੀਤ ਗਈਆਂ ਨੂੰ ਕੁਝ ਚਿਰ ਤਾਂ ਢਕਿਆ ਜਾ ਸਕਦਾ ਹੈ ਪਰ ਇਤਿਹਾਸ ਜਾਂ ਜੀਵਨ ਵਿਚੋਂ ਕੱਢ ਕੇ ਵੱਖ ਨਹੀਂ ਕੀਤਾ ਜਾ ਸਕਦਾ। ਰਣਜੀਤ ਸਿੰਘ ਸੂਰਜ ਵਾਂਗ ਚਮਕਿਆ। ਸ਼ੁਹਰਤ ਦੀ ਸਿਖਰ ਵੇਲੇ ਉਸ ਵੱਲ ਖੁੱਲ੍ਹੀਆਂ ਅੱਖਾਂ ਨਾਲ ਨਹੀਂ ਸੀ ਦੇਖਿਆ ਜਾ ਸਕਦਾ। ਉਹੀ ਸੂਰਜ ਆਥਣ ਹੁੰਦਿਆਂ ਢਲ ਗਿਆ।
”ਕੀ, ਅਜਿਹੇ ਇਤਿਹਾਸ ਤੋਂ, ਸਾਡੇ ਰਹਿਬਰ, ਸਾਡੇ ਆਗੂ, ਸਾਡੇ ਨੇਤਾ, ਕੋਈ ਸਬਕ ਸਿੱਖਣਗੇ? ਜਦੋਂ ਕਿ ਉਹਨਾਂ ਨੂੰ ਪਤਾ ਹੈ, ਕੁਝ ਵੀ ਸਥਾਈ ਨਹੀਂ, ਸਿਰਫ਼ ਲੋਕਾਂ ਲਈ ਕੀਤੇ ਮਹਾਂ-ਕਾਰਜ ਹੀ ਸਦਾ ਯਾਦ ਰਹਿੰਦੇ ਹਨ। ਕੀ ਅਜਿਹੇ ਸੁਆਲ ਤੁਹਾਡੇ ਮਨਾਂ ਵਿਚ ਨਹੀਂ ਉਪਜਦੇ?”
ਇਹ ਹੈ ‘ਸੂਰਜ ਦੀ ਅੱਖ’ ਦਾ ਸਾਰ। ਅੱਖਾਂ ਖੋਲ੍ਹ ਕੇ, ਖੁੱਲ੍ਹੇ ਦਿਮਾਗ ਨਾਲ ਪੜ੍ਹਨ ਦੀ ਲੋੜ ਹੈ। ਇਕ ਰਣਜੀਤ ਸਿੰਘ ‘ਮਹਾਰਾਜਾ’ ਸੀ, ਦੂਜਾ ਸੀ ‘ਮਨੁੱਖ’। ਉਸ ਵਿਚ ‘ਮਹਾਰਾਜਿਆਂ’ ਵਾਲੇ ਤੇ ‘ਮਨੁੱਖਾਂ’ ਵਾਲੇ ਗੁਣ-ਔਗੁਣ ਸਨ। ਉਹ ਸੂਰਬੀਰ, ਬਹਾਦਰ, ਨਿਆਂਕਾਰ, ਸਖ਼ੀ, ਦਾਨੀ ਤੇ ਸਿਰੇ ਦਾ ਅਯਾਸ਼ ਸੀ। ਰਾਣੀਵਾਸ ਵਿਚ ਰਾਣੀਆਂ, ਮਹਾਂਰਾਣੀਆਂ, ਰਖੈਲਾਂ ਤੇ ਦਾਸੀਆਂ ਸਨ। ਮਹਿਤਾਬ ਕੌਰ, ਦਾਤਾਰ ਕੌਰ, ਰੂਪ ਕੌਰ, ਲੱਛਮੀ, ਗੁੱਡਾਂ, ਰਾਜ ਬੰਸੋ, ਮੋਰਾਂ, ਗੁਲਬਹਾਰ ਬੇਗ਼ਮ, ਸੰਮਨ ਕੌਰ, ਗੁਲਾਬ ਕੌਰ ਤੇ ਅਨੇਕਾਂ ਹੋਰ। ਤੇ ਮਰਨ ਨੇੜੇ ਢੁੱਕੇ ਨੇ ਵਿਆਹੀ ਆਪਣੇ ਤੋਂ ਅੱਧੀ ਉਮਰ ਦੀ ਰਾਣੀ ਜਿੰਦਾਂ ਜਿਸ ਨੇ ਭਰਾ ਜਵਾਹਰ ਸਿੰਘ ਦੇ ਕਤਲ ਪਿੱਛੋਂ ਕਿਹਾ ਸੀ:
ਜਿਨ੍ਹਾਂ ਕੋਹਕੇ ਮਾਰਿਆ ਵੀਰ ਮੇਰਾ, ਮੈਂ ਤਾਂ ਖੁਹਾਊਂਗੀ ਉਨ੍ਹਾਂ ਦੀਆਂ ਜੁੰਡੀਆਂ ਨੀ, ਧਾਕਾਂ ਜਾਣ ਵਲਾਇਤੀ ਦੇਸ਼ ਸਾਰੇ, ਪਾਵਾਂ ਬੱਕਰੇ ਵਾਂਗ ਚਾ ਵੰਡੀਆਂ ਨੀ,
ਚੂੜੇ ਲਹਿਣਗੇ ਬਹੁਤ ਸੁਹਾਗਣਾਂ ਦੇ, ਨੱਥ ਚੌਕ ਤੇ ਵਾਲੀਆਂ ਡੰਡੀਆਂ ਨੀ,
ਸ਼ਾਹ ਮੁਹੰਮਦਾ ਪੈਣਗੇ ਵੈਣ ਡੂੰਘੇ, ਜਦੋਂ ਹੋਣ ਪੰਜਾਬਣਾਂ ਰੰਡੀਆਂ ਨੀ।
ਮਹਾਰਾਜੇ ਦਾ ਦਰਸ਼ਨੀ ਦਰਬਾਰ ਸੀ, ਦਰਬਾਰੀ ਸਨ, ਸੈਨਾਪਤੀ, ਜਰਨੈਲ ਤੇ ਸੱਤ ਸ਼ਹਿਜ਼ਾਦੇ। ਪਰ ਰਾਜ ਸੰਭਾਲਣ ਜੋਗਾ ਇਕ ਵੀ ਨਾ। 27 ਜੂਨ 1939 ਨੂੰ ਮਹਾਰਾਜੇ ਦਾ ਅਕਾਲ ਚਲਾਣਾ ਹੋਇਆ। ਸ਼ਾਹ ਮੁਹੰਮਦਾ ਜਾਣ ਪਚਾਸ ਬਰਸਾਂ, ਅੱਛਾ ਰੱਜ ਕੇ ਰਾਜ ਕਮਾਇ ਗਿਆ। ਉਹਦੀ ਚਿਖਾ ‘ਚ ਚਾਰ ਰਾਣੀਆਂ, ਗੁੱਡਾਂ, ਹਰਦੇਵੀ, ਰਾਜ ਕੁੰਵਰ, ਰਾਣੀ ਬਿਨਾਲੀ ਤੇ ਸੱਤ ਦਾਸੀਆਂ, ਚੰਨੋ ਜਮਾਦਾਰਨੀ, ਬਦਾਮੋ, ਸੂਬੀ, ਚੰਨੀ, ਜਵਾਹਰੋ, ਨਾਮੋ ਕਾਲੀ ਤੇ ਭਾਨੀ ਸਤੀ ਹੋਈਆਂ। ਚਿਖਾ ਠੰਢੀ ਹੋਣ ਸਾਰ ਆਪਸੀ ਕਤਲੋਗਾਰਤ ਸ਼ੁਰੂ ਹੋ ਗਈ… ਅੱਗੇ ਰਾਜ ਆਇਆ ਹੱਥ ਬੁਰਛਿਆਂ ਦੇ, ਪਈ ਖੜਕਦੀ ਨਿੱਤ ਤਲਵਾਰ ਮੀਆਂ।
ਮੁਦਕੀ ਤੇ ਫੇਰੂ ਸ਼ਹਿਰ ਦੀਆਂ ਲੜਾਈਆਂ ਤੋਂ ਸ਼ੁਰੂ ਹੋ ਕੇ 11 ਮਾਰਚ 1949 ਦੇ ਦਿਨ ਚਤਰ ਸਿੰਘ ਤੇ ਸ਼ੇਰ ਸਿੰਘ ਨੇ ਰਾਵਲਪਿੰਡੀ ਨੇੜੇ ਮੇਜਰ ਗਿਲਬਰਟ ਅੱਗੇ ਆਤਮ ਸਮਰਪਣ ਕਰ ਦਿੱਤਾ। ਜਨਰਲ ਥੈਕਵੈਲ ਨੇ ਲਿਖਿਆ, ”ਕੁਝ ਹੰਢੇ ਤਜਰਬੇਕਾਰ ਖ਼ਾਲਸੇ ਹਥਿਆਰ ਛੱਡਣ ਲਈ ਰਾਜ਼ੀ ਨਹੀਂ ਸਨ। ਕੁਝ ਤਾਂ ਆਪਣੇ ਹੰਝੂਆਂ ਉਪਰ ਵੀ ਕਾਬੂ ਨਾ ਰੱਖ ਸਕੇ। ਕੁਝ ਇਕਨਾਂ ਦੇ ਚਿਹਰੇ ਘ੍ਰਿਣਾ, ਨਫਰਤ ਅਤੇ ਗੁੱਸੇ ਨਾਲ ਭਖ਼ ਰਹੇ ਸਨ। ਇਕ ਪ੍ਰੌੜ ਖਾਲਸੇ ਨੇ ਹਥਿਆਰ ਰੱਖਦਿਆਂ ਕਿਹਾ: ਅੱਜ ਰਣਜੀਤ ਸਿੰਘ ਮਰ ਗਿਆ!” ਕਾਰਪੋਰੇਟ ਰਾਈਡਰ ਨੇ ਲਿਖਿਆ, ”ਅਸੀਂ, ਆਤਮ ਸਮਰਪਣ ਕੀਤੇ ਕੁਝ ਸਿੱਖ ਸੈਨਿਕਾਂ ਨੂੰ ਪੁੱਛਿਆ, ਹੁਣ ਹੋਰ ਤਾਂ ਨਹੀਂ ਲੜੋਗੇ ਸਾਡੇ ਨਾਲ? ਉਹਨਾਂ ਪੂਰੇ ਜੋਸ਼ ਨਾਲ ਕਿਹਾ, ਜ਼ਰੂਰ ਲੜਾਂਗੇ, ਜੇ ਤੁਸੀਂ ਕਾਇਦੇ ਕਾਨੂੰਨ ਨਾਲ ਲੜੇ ਤਾਂ ਅਸੀਂ ਜਿੱਤਾਂਗੇ ਵੀ ਜ਼ਰੂਰ।”
30 ਮਾਰਚ 1949 ਨੂੰ ਅੰਗਰੇਜ਼ਾਂ ਨੇ ਪੰਜਾਬ ਉਪਰ ਕਬਜ਼ੇ ਦਾ ਐਲਾਨ ਕਰ ਦਿੱਤਾ। ਕਿਲ੍ਹੇ ਉਪਰੋਂ ਖ਼ਾਲਸਾ ਰਾਜ ਦਾ ਝੰਡਾ ਉਤਾਰ ਕੇ ‘ਯੂਨੀਅਨ ਜੈਕ’ ਲਹਿਰਾ ਦਿੱਤਾ ਗਿਆ।
ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ।
ਰਣਜੀਤ ਸਿੰਘ ‘ਧਰਮੀ ਰਾਜਾ’ ਬਣ ਕੇ ਵੀ ‘ਮਨੁੱਖੀ’ ਕਾਮਜ਼ੋਰੀਆਂ ਉਤੇ ਕਾਬੂ ਨਾ ਪਾ ਸਕਿਆ। ਸ਼ਰਾਬ, ਅਫ਼ੀਮ, ਨਾਚੀਆਂ, ਰਾਗ-ਰੰਗ, ਰੰਗ-ਰਲੀਆਂ, ਹੋਲੀਆਂ…ਸਭ ਕੁਝ ਸੀ। ਮਹਾਰਾਜਾ ਸੀ ਨਾ! ਨਾਵਲਕਾਰ ਇਹ ਸਾਰਾ ਕੁਝ ਵੇਰਵੇ ਨਾਲ ਚਿੱਤਰ ਬੈਠਾ। ਕਈਆਂ ਨੂੰ ਭਾਇਆ, ਕਈਆਂ ਨੂੰ ਨਾ ਭਾਇਆ। ਪਰ ਨਾਵਲਕਾਰ ਨੇ ਰਣਜੀਤ ਸਿੰਘ ਦਾ ਕੋਈ ਐਸਾ ਐਬ ਜਾਹਿਰ ਨਹੀਂ ਕੀਤਾ ਜੋ ਪਹਿਲਾਂ ਹੀ ਇਤਿਹਾਸਕ ਡਾਇਰੀਆਂ ਤੇ ਕਿਤਾਬਾਂ ‘ਚ ਨਸ਼ਰ ਨਾ ਹੋਇਆ ਹੋਵੇ। ਵਡਿਆਈ ਵਧਾ ਕੇ ਵੀ ਕੀਤੀ ਲੱਗਦੀ ਹੈ। ਸਿੱਖ ਰਾਜ ਦੇ ਆਤਮਘਾਤ ਦਾ ਅਫ਼ਸੋਸ ਵੀ ਹੋਇਆ ਲੱਗਦਾ ਹੈ।
ਲੱਗਦੈ ਕੁਝ ਵੀਰਾਂ ਨੇ ਪੂਰਾ ਨਾਵਲ ਪੜ੍ਹਨ ਤੋਂ ਬਿਨਾਂ ਹੀ ਸਿੱਟਾ ਕੱਢ ਲਿਆ ਹੋਵੇ ਕਿ ਲੇਖਕ ਮਹਾਰਾਜੇ ਦੀ ਬਦਖੋਹੀ ਕਰ ਰਿਹੈ। ਹੋ ਸਕਦੈ ਉਹ ਰਣਜੀਤ ਸਿੰਘ ਨੂੰ ‘ਮਹਾਰਾਜਾ’ ਮੰਨਣ ਦੀ ਥਾਂ ਗੁਰਬਾਣੀ ਵਾਲਾ ‘ਗੁਰਸਿੱਖ’ ਮੰਨਦੇ ਹੋਣ। ਵੀਰ ਮੇਰਿਓ ਉਹ ਗੁਰਮਤਿ ਦੇ ਅਸੂਲਾਂ ‘ਤੇ ਪੂਰਾ ਉਤਰਨ ਵਾਲਾ ‘ਗੁਰਸਿੱਖ’ ਨਹੀਂ ਸੀ। ਕੇਸ ਦਾੜ੍ਹੀ ਜ਼ਰੂਰ ਸਿੱਖਾਂ ਵਾਲੇ ਸਨ। ਕਹਾਉਂਦਾ ਵੀ ਸਿੰਘ ਸਾਹਿਬ ਸੀ। ਪਰ ਮਰਨਿਆਂ ਪਰਨਿਆਂ ਸਮੇਂ ਸਿੱਖੀ ਨਾਲੋਂ ਬ੍ਰਾਹਮਣੀ ਰਹੁ-ਰੀਤ ਭਾਰੂ ਸੀ। ਚਿਖਾ ਨੂੰ ਅਗਨੀ ਦੇਣ ਦਾ ਸ਼ੁਭ ਸਮਾਂ ਬ੍ਰਾਹਮਣਾਂ ਦੇ ਦੱਸਣ ਮੁਤਾਬਿਕ ਤੈਅ ਹੋਇਆ ਸੀ। ਵੀਰ ਜੀਓ, ਐਵੇਂ ਧੱਕੇ ਨਾਲ ਨਾ ਮਹਾਰਾਜੇ ਨੂੰ ‘ਗੁਰਮੁਖ’ ਬਣਾਈ ਜਾਓ। ਕਿਰਪਾ ਕਰ ਕੇ ਇਸ ਨਾਵਲ ਨੂੰ ਨੀਝ ਨਾਲ ਪੜ੍ਹੋ। ਆਪਾਂ ਸੁਚੇਤ ਸੰਸਾਰ ਵਿਚ ਜਿਊਂਦੇ ਹਾਂ। ਰਣਜੀਤ ਸਿੰਘ ਆਦਿ ਕਾਲ ਵਿਚ ਨਹੀਂ ਹੋਇਆ। ਅਜੇ ਕੱਲ੍ਹ ਦੀ ਤਾਂ ਗੱਲ ਹੈ। ਤੱਥ ਮੌਜੂਦ ਹਨ। ਆਓ ਤੱਥਾਂ ਨੂੰ ਤੱਥ ਮੰਨੀਏ। ਆਲੋਚਕ ਸੁਹਿਰਦ ਆਲੋਚਨਾ ਕਰਨ। ਨਾਵਲ ਦੀਆਂ ਕਮੀਆਂ ਪੇਸ਼ੀਆਂ ਦਲੀਲ ਨਾਲ ਦੱਸਣ/ਸੁਣਨ ਤਾਂ ਕਿ ਸਾਰਥਕ ਬਹਿਸ ਛਿੜੇ। ਧਮਕੀਆਂ ਦੀ ਲੋੜ ਨਹੀਂ।
ਮੈਂ ਭਾਵੇਂ ਇਤਿਹਾਸ ਦਾ ਵਿਦਿਆਰਥੀ ਵੀ ਰਿਹਾਂ ਪਰ ਇਹ ਨਾਵਲ ਪੜ੍ਹ ਕੇ ਹੀ ਪਤਾ ਲੱਗਾ ਪਈ ਕਈ ਪੀੜ੍ਹੀਆਂ ਪਹਿਲਾਂ ਰਣਜੀਤ ਸਿੰਘ ਦੇ ਵਡੇਰੇ ਕਾਲੂ ਵੜੈਚ ਨੇ 15ਵੀਂ ਸਦੀ ਦੇ ਅੰਤ ਵਿਚ ਅੰਮ੍ਰਿਤਸਰ ਵਾਲੀ ਜਗ੍ਹਾ ਤੋਂ ਚਾਰ ਕੁ ਕੋਹ ਦੂਰ ਸਾਂਹਸੀ ਪਿੰਡ ਵਿਚ ਡੇਰਾ ਲਾਇਆ ਸੀ। ਉਦੋਂ ਕੋਈ ਨਹੀਂ ਸੀ ਜਾਣਦਾ ਸੀ ਕਿ ਕਾਲੂ ਵੜੈਚ ਦਾ ਕੋਈ ਵਾਰਸ 19ਵੀਂ ਸਦੀ ‘ਚ ਪੰਜਾਬ ਦਾ ਮਹਾਰਾਜਾ ਬਣੇਗਾ? ਜਿਸ ਨੇ ਪੰਜਾਬ ਦੇ ਇਤਿਹਾਸ ਨੂੰ, ਸਿੱਖ ਕੌਮ ਨੂੰ ਅਤੇ ‘ਮਹਾਰਾਜੇ’ ਤੇ ‘ਗੁਰਸਿੱਖ’ ਨੂੰ ਚੰਗੀ ਤਰ੍ਹਾਂ ਸਮਝਣਾ, ਉਹ ਇਸ ਨਾਵਲ ਨੂੰ ਨੀਝ ਨਾਲ ਪੜ੍ਹੇ।
‘ਸੂਰਜ ਦੀ ਅੱਖ’ ਅੱਖਾਂ ਖੋਲ੍ਹਣ ਵਾਲਾ ਨਾਵਲ ਹੈ। ਅਜਿਹਾ ਨਾਵਲ ਕਿਸੇ ਹੋਰ ਦੇਸ਼/ਕੌਮ ਦੀ ਭਾਸ਼ਾ ਵਿਚ ਲਿਖਿਆ ਹੁੰਦਾ ਤਾਂ ਵੱਡੇ ਤੋਂ ਵੱਡੇ ਇਨਾਮ, ਏਥੋਂ ਤਕ ਕਿ ਨੋਬਲ ਪ੍ਰਾਈਜ਼ ਲਈ ਵੀ ਵਿਚਾਰਿਆ ਜਾਂਦਾ। ਕਾਸ਼! ਸਾਡੇ ਅਜੋਕੇ ‘ਪੰਜਾਬੀ’ ਮਹਾਰਾਜਾ ਰਣਜੀਤ ਸਿੰਘ ਵਾਂਗ ਕਲਾਕਾਰਾਂ ਦੀ ਕਦਰ ਕਰਨੀ ਸਿੱਖ ਜਾਣ। ਬਲਦੇਵ ਸਿਅ੍ਹਾਂ, ਵੇਖੀਂ ਕਿਤੇ ਗੁਰੂ ਨਾਨਕ ਦੇਵ ਜੀ ਵੱਲੋਂ ‘ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ’ ਦੀ ਪਾਈ ਪਿਰਤ ਤੋਂ, ਡਰਦਾ ਮਾਰਾ ਮੂੰਹ ਨਾ ਮੋੜ ਬੈਠੀਂ।
: : :

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …