Breaking News
Home / ਨਜ਼ਰੀਆ / ਸਿਆਸੀ ਆਗੂ ਸ਼ਹੀਦਾਂ ਨੂੰ ਦਿੱਤੀ ਜਾਣ ਵਾਲੀ ਸ਼ਰਧਾਂਜਲੀ ਨੂੰ ਵੀ ਚਾੜ੍ਹਦੇ ਹਨ ਸਿਆਸੀ ਪੁੱਠ

ਸਿਆਸੀ ਆਗੂ ਸ਼ਹੀਦਾਂ ਨੂੰ ਦਿੱਤੀ ਜਾਣ ਵਾਲੀ ਸ਼ਰਧਾਂਜਲੀ ਨੂੰ ਵੀ ਚਾੜ੍ਹਦੇ ਹਨ ਸਿਆਸੀ ਪੁੱਠ

ਲਕਸ਼ਮੀਕਾਂਤਾ ਚਾਵਲਾ
ਤੇਰਾਂ ਅਪਰੈਲ 1919 ਦੀ ਵਿਸਾਖੀ। ਉਸ ਦਿਨ ਫ਼ਸਲ ਕਟਣ ਲਈ ਤਿਆਰ ਸੀ ਅਤੇ ਦੇਸ਼ ਦੇ ਧੀਆਂ ਪੁੱਤ ਜਾਨ ਹਥੇਲੀ ਉੱਤੇ ਰੱਖ ਕੇ ਸਿਰ ਉੱਤੇ ਕਫ਼ਨ ਬੰਨ੍ਹ ਕੇ ਭਾਰਤ ਮਾਤਾ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਅਜ਼ਾਦ ਕਰਵਾਉਣ ਖਾਤਰ ਸਿਰ ਦੇਣ ਨੂੰ ਤਿਆਰ ਸਨ। ਉਂਜ ਤਾਂ 1917 ਦੇ ਰੌਲਟ ਐਕਟ ਮਗਰੋਂ ਕ੍ਰਾਂਤੀ ਦੀ ਅੱਗ ਅੰਦਰੋ-ਅੰਦਰ ਸੁਲਗ ਰਹੀ ਸੀ ਤੇ ਵਿਸਫੋਟ ਲਈ ਤਿਆਰ ਸੀ। ਅੰਮ੍ਰਿਤਸਰ ਵਿਚ 8 ਅਪਰੈਲ ਤੋਂ ਲੈ ਕੇ 13 ਅਪਰੈਲ ਤੱਕ ਵਾਪਰੀਆਂ ਘਟਨਾਵਾਂ ਕਾਰਨ ਪੂਰਾ ਮੁਲਕ ਕੁਝ ਪਲਾਂ ਲਈ ਕੰਬ ਉੱਠਿਆ ਅਤੇ ਉਸ ਮਗਰੋਂ ਦ੍ਰਿੜ੍ਹ ਇਰਾਦੇ ਨਾਲ ਕੁਰਬਾਨੀ ਦੇ ਮਾਰਗ ‘ਤੇ ਅੱਗੇ ਵਧਣ ਲਈ ਜਾਗ ਪਿਆ। ਦੇਸ਼ ਦੀ ਅਜ਼ਾਦੀ ਇਸੇ ਦਾ ਨਤੀਜਾ ਸੀ।
1919 ਦੀ ਵਿਸਾਖੀ ਮੌਕੇ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ਼ ਵਿਚ ਸ਼ਾਮ ਵੇਲੇ ਹਜ਼ਾਰਾਂ ਲੋਕ ਜਮ੍ਹਾਂ ਸਨ। ਅੰਮ੍ਰਿਤਸਰ ਵਿਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਜ਼ਿੰਮੇਵਾਰ ਜਨਰਲ ਡਾਇਰ ਇਸ ਦਿਨ ਸਵੇਰੇ ਸ਼ਹਿਰ ਦੀਆਂ ਗਲੀਆਂ ਵਿਚ ਭਾਰੀ ਬਲਾਂ ਨਾਲ ਘੁੰਮਦਿਆਂ ਡੌਂਡੀ ਪਿਟਵਾਉਂਦਾ ਰਿਹਾ ਕਿ ਲੋਕ ਘਰਾਂ ਤੋਂ ਬਾਹਰ ਨਾ ਨਿਕਲਣ। ਉਸ ਦਾ ਉਦੇਸ਼ ਸੀ ਕਿ ਕੋਈ ਵੀ ਹਿੰਦੁਸਤਾਨੀ, ਅੰਗਰੇਜ਼ ਸਰਕਾਰ ਖਿਲਾਫ਼ ਆਵਾਜ਼ ਨਾ ਉਠਾਏ। ਉਸੇ ਦਿਨ ਇਕ ਅੱਲ੍ਹੜ ਮੁੰਡਾ, ਜਿਸ ਬਾਰੇ ਕੋਈ ਨਹੀਂ ਜਾਣਦਾ ਕਿ ਕੌਣ ਸੀ, ਟੀਨ ਦੇ ਬਣੇ ਕਨਸਤਰ ਨੂੰ ਡੰਡੇ ਨਾਲ ਵਜਾਉਂਦਾ ਚੌਕ ਚੁਰਾਹਿਆਂ ਵਿਚ ਇਹ ਕਹਿੰਦਾ ਰਿਹਾ ਕਿ ਸਾਰੇ ਲੋਕ ਮੀਟਿੰਗ ਵਿਚ ਪਹੁੰਚੋ, ਜਲ੍ਹਿਆਂਵਾਲੇ ਬਾਗ਼ ਪਹੁੰਚੋ। ਲਾਹੌਰ ਤੋਂ ਪ੍ਰਕਾਸ਼ਿਤ ‘ਡੰਡਾ ਅਖ਼ਬਾਰ’ ਵੀ ਅੰਗਰੇਜ਼ਾਂ ਲਈ ਸਿਰਦਰਦੀ ਬਣਿਆ ਹੋਇਆ ਸੀ। ਇਹ ਅਖ਼ਬਾਰ ਅੰਗਰੇਜ਼ਾਂ ਨਾਲ ਸ਼ਰੇਆਮ ਟੱਕਰ ਲੈਣ ਅਤੇ ਦੇਸ਼ ਹਿੱਤ ਪ੍ਰਾਣ ਨਿਛਾਵਰ ਕਰਨ ਦਾ ਐਲਾਨ ਕਰਦਾ ਸੀ। ਬਰਤਾਨਵੀ ਸਾਮਰਾਜ ਦੇ ਸਾਰੇ ਹਥਕੰਡਿਆਂ ਦੇ ਬਾਵਜੂਦ ਹਜ਼ਾਰਾਂ ਲੋਕ ਜਲ੍ਹਿਆਂਵਾਲਾ ਬਾਗ਼ ਪੁੱਜੇ। ਸਾਰੇ ਭਾਰਤ ਮਾਤਾ ਦੀ ਜੈ, ਵੰਦੇ ਮਾਤਰਮ ਦੇ ਨਾਹਰੇ ਲਗਾ ਰਹੇ ਸਨ। ਮੁਕਾਮੀ ਆਗੂ ਮੰਚ ਤੋਂ ਭਾਸ਼ਣ ਦੇ ਰਹੇ ਸਨ। ਕਿਸੇ ਨੂੰ ਰੱਤੀ ਭਰ ਵੀ ਸ਼ੱਕ ਨਹੀਂ ਸੀ ਕਿ ਬਰਤਾਨਵੀ ਸਾਮਰਾਜ ਕਹਿਰ ਢਾਹੇਗਾ। ਪਰ ਡਾਇਰ ਦੀ ਅਗਵਾਈ ਵਿਚ ਅਨੇਕਾਂ ਪੁਲਿਸ ਕਰਮਚਾਰੀ ਜਲ੍ਹਿਆਂਵਾਲਾ ਬਾਗ਼ ਪੁੱਜੇ ਅਤੇ ਬਿਨਾ ਕੋਈ ਚਿਤਾਵਨੀ ਦਿੱਤਿਆਂ ਗੋਲੀਆਂ ਵਰ੍ਹਾ ਦਿੱਤੀਆਂ। ਜਿਸ ਸਮੇਂ ਗੋਲੀਆਂ ਚੱਲੀਆਂ ਉਸ ਸਮੇਂ ਇਸ ਜਨ ਅੰਦੋਲਨ ਦੇ ਨੇਤਾ ਦੁਰਗਾ ਦਾਸ ਭਾਸ਼ਣ ਦੇ ਰਹੇ ਸਨ। ਉਨ੍ਹਾਂ ਤੋਂ ਪਹਿਲਾਂ ਰਾਏ ਰਾਮ ਸਿੰਘ, ਦਾਰ ਸਿੰਘ, ਅਬਦੁਲ ਮਜੀਦ, ਬ੍ਰਿਜਗੋਪਾਲ ਨਾਥ, ਹੰਸਰਾਜ ਅਤੇ ਗੁਰਬਖਸ਼ ਰਾਏ ਭਾਸ਼ਣ ਦੇ ਚੁੱਕੇ ਸਨ। ਗੋਪੀਨਾਥ ਨੇ ਦੇਸ਼ ਭਗਤੀ ਭਰਪੂਰ ਕਵਿਤਾ ਸੁਣਾਈ ਅਤੇ ਲੋਕਾਂ ਨੂੰ ਉਤਸ਼ਾਹਿਤ ਕੀਤਾ।
ਡਾਇਰ ਵੱਲੋਂ ਕਰਵਾਈ ਗੋਲੀਬਾਰੀ ਦੀ ਚਰਚਾ ਤਾਂ ਭਾਸ਼ਣਾਂ ਵਿਚ ਹੋ ਜਾਂਦੀ ਹੈ, ਪਰ ਇਸ ਸਾਕੇ ਦੌਰਾਨ ਸ਼ਹੀਦ ਹੋਏ ਅੰਮ੍ਰਿਤਸਰ ਦੇ ਪੁੱਤਰਾਂ ਦੀ ਗਾਥਾ ਕੋਈ ਨਹੀਂ ਸੁਣਾਉਂਦਾ। ਇਸ ਦਾ ਕੀ ਕਾਰਨ ਹੈ?ਡਾ. ਸਤਿਆਪਾਲ ਅਤੇ ਸੈਫ਼ੁਦੀਨ ਕਿਚਲੂ ਵਾਂਗੂੰ ਹਜ਼ਾਰਾਂ ਲੋਕਾਂ ਨੇ ਬਰਤਾਨਵੀ ਹਕੂਮਤ ਨਾਲ ਟੱਕਰ ਲਈ। ਸਤਿਆਪਾਲ ਤੇ ਕਿਚਲੂ ਨੂੰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੇ ਆਪਣੇ ਬੰਗਲੇ ‘ਤੇ ਸੱਦ ਕੇ ਗ੍ਰਿਫ਼ਤਾਰ ਕਰਕੇ ਧਰਮਸ਼ਾਲਾ ਭੇਜ ਦਿੱਤਾ, ਪਰ ਇਨ੍ਹਾਂ ਦੇ ਦੇਸ਼ਭਗਤ ਸਾਥੀ ਡਟੇ ਰਹੇ ਤੇ ਅੰਗਰੇਜ਼ਾਂ ਨਾਲ ਟੱਕਰ ਲੈ ਕੇ ਗੋਲੀਆਂ ਸਹੀਆਂ। ਹਿੰਦੁਸਤਾਨ ਦੀਆਂ ਧੀਆਂ ਨੇ ਵੀ ਅੰਗਰੇਜ਼ਾਂ ਨਾਲ ਲੋਹਾ ਲਿਆ। ਅੰਮ੍ਰਿਤਸਰ ਦੇ ਤਿੰਨ ਵੱਡੇ ਅੰਗਰੇਜ਼ੀ ਬੈਂਕਾਂ ਨੂੰ ਉਨ੍ਹਾਂ ਦੇ ਪ੍ਰਬੰਧਕਾਂ ਸਮੇਤ ਅੱਗ ਲਾ ਦਿੱਤੀ ਗਈ। ਲਾਸ਼ਾਂ ਵਿਛੀਆਂ। ਅੰਮ੍ਰਿਤਸਰ ਵਾਸੀ ਅਤੇ ਇਤਿਹਾਸਕਾਰ ਵੀ ਭੁੱਲ ਗਏ ਕਿ 8 ਤੋਂ 10 ਅਪਰੈਲ ਦਰਮਿਆਨ 11 ਲੋਕ ਸ਼ਹੀਦ ਹੋਏ ਸਨ ਅਤੇ ਸ਼ਹੀਦਾਂ ਦੇ ਅੰਤਿਮ ਸੰਸਕਾਰ ਦੇ ਰਸਤੇ ਵਿਚ ਵੀ ਅੰਗਰੇਜ਼ਾਂ ਨੇ ਵੱਡੀਆਂ ਰੁਕਾਵਟਾਂ ਖੜ੍ਹੀਆਂ ਕੀਤੀਆਂ ਸਨ। ਅੱਜ ਸਵਾਲ ਇਹ ਹੈ ਕਿ ਕੀ ਆਗੂ ਸਿਆਸੀ ਭਾਸ਼ਣਾਂ ਨਾਲ ਜਲ੍ਹਿਆਂਵਾਲਾ ਬਾਗ਼ ਵਿਚ ਫੁੱਲ ਅਰਪਿਤ ਕਰਕੇ ਜਾਂ ਪੁਲਿਸ ਤੋਂ ਸਲਾਮੀ ਲੈ ਕੇ ਚਲੇ ਜਾਣਗੇ? ਜਲ੍ਹਿਆਂਵਾਲਾ ਬਾਗ਼ ਦੀ ਧਰਤੀ ਨੂੰ ਜਿਸ ਪਵਿੱਤਰ ਖ਼ੂਨ ਨੇ ਸਿੰਜਿਆ, ਕੀ ਅਸੀਂ ਉਸ ਦਾ ਇਤਿਹਾਸ ਜਾਣਨ ਦੀ ਕੋਸ਼ਿਸ਼ ਕਰਾਂਗੇ?ਕੀ ਅਸੀਂ ਅੰਮ੍ਰਿਤਸਰ ਦੇ ਸ਼ਹੀਦ ਹੋਏ ਧੀਆਂ ਪੁੱਤਰਾਂ ਅਤੇ ਉਨ੍ਹਾਂ ਵੱਲੋਂ ਅੰਗਰੇਜ਼ਾਂ ਵਿਰੁੱਧ ਕੀਤੇ ਸ਼ਕਤੀਸ਼ਾਲੀ ਅੰਦੋਲਨ ਬਾਰੇ ਵੀ ਜਾਣਾਂਗੇ? ਅੱਜ ਕਿੰਨੇ ਕੁ ਪੰਜਾਬੀ ਲੋਕ ਜਾਣਦੇ ਹਨ ਕਿ ਚੌਧਰੀ ਬੁੱਗਾ ਅਤੇ ਰੱਤੋ ਰਤਨ ਚੰਦ ਦੇ ਨਾਂ ਤੋਂ ਅੰਗਰੇਜ਼ ਕੰਬਦੇ ਸਨ। ਇਨ੍ਹਾਂ ਦੋਵਾਂ ਨੂੰ ਬ੍ਰਿਟਿਸ਼ ਹਕੂਮਤ ਵਿਰੁੱਧ ਬਗ਼ਾਵਤ ਕਰਨ ਦੇ ਦੋਸ਼ ਵਿਚ ਫ਼ਾਂਸੀ ਦੀ ਸਜ਼ਾ ਮੁਕੱਰਰ ਕੀਤੀ ਗਈ ਜਿਸ ਨੂੰ ਬਾਅਦ ਵਿਚ ਸ੍ਰੀ ਮਦਨ ਮੋਹਨ ਮਾਲਵੀਆ ਨੇ ਆਪਣੇ ਯਤਨਾਂ ਨਾਲ ਉਮਰ ਕੈਦ ਵਿਚ ਤਬਦੀਲ ਕਰਵਾਇਆ। ਇਸ ਮਗਰੋਂ ਇਨ੍ਹਾਂ ਦੋਵਾਂ ਨੂੰ ਕਾਲੇ ਪਾਣੀ ਦੀ ਸਜ਼ਾ ਹੋਈ ਜਿੱਥੇ ਇਨ੍ਹਾਂ ਨੇ ਅਣਮਨੁੱਖੀ ਤਸੀਹੇ ਝੱਲੇ ਅਤੇ 17 ਸਾਲ ਬਾਅਦ ਰਿਹਾਅ ਹੋਏ। ਬ੍ਰਿਟਿਸ਼ ਸ਼ਾਸਕਾਂ ਦੇ ਪ੍ਰਤੀਨਿਧੀ ਮਹਿਸੂਸ ਕਰਦੇ ਸਨ ਕਿ ਕਨ੍ਹੱਈਆ ਲਾਲ, ਚੌਧਰੀ ਬੁੱਗਾ ਅਤੇ ਰੱਤੋ ਜਦੋਂ ਜਨਤਾ ਨੂੰ ਆਵਾਜ਼ ਦਿੰਦੇ ਹਨ ਤਾਂ ਉਸ ਦਿਨ ਪੂਰਾ ਅੰਮ੍ਰਿਤਸਰ ਉਨ੍ਹਾਂ ਦੇ ਪਿੱਛੇ ਚੱਲਦਾ ਹੈ। ਡਾਇਰ ਵੱਲੋਂ ਕਰਵਾਈ ਗਈ ਗੋਲੀਬਾਰੀ ਤੋਂ ਪਹਿਲਾਂ ਤੇ ਇਸ ਦੌਰਾਨ ਭਾਸ਼ਣ ਦੇ ਰਹੇ ਦੁਰਗਾ ਦਾਸ ਵੱਲੋਂ ਕੀਤੇ ਗਏ ਮਹਾਨ ਕਾਰਜ ਕਿੱਥੇ ਗੁਆਚ ਗਏ? ਇੱਕ ਚੰਗੀ ਗੱਲ ਹੈ ਕਿ ਪੂਰੇ ਭਾਰਤ ਤੋਂ ਆਉਣ ਵਾਲੇ ਮੁਸਾਫ਼ਿਰ ਪੂਰੀ ਸ਼ਰਧਾ ਨਾਲ ਜਲ੍ਹਿਆਂਵਾਲਾ ਬਾਗ਼ ਪੁੱਜਦੇ ਹਨ, ਪਰ ਅਫ਼ਸੋਸ ਇਹ ਮਹਿਜ਼ ਸੈਰ ਸਪਾਟਾ ਸਥਾਨ ਬਣ ਕੇ ਰਹਿ ਗਿਆ ਹੈ। ਹਾਲਾਂਕਿ ਹੁਣ ਉੱਥੇ ਕੁਝ ਸ਼ਹੀਦਾਂ ਦੇ ਨਾਮ ਲਿਖੇ ਹੋਏ ਹਨ, ਪਰ ਨਾਮ ਤੋਂ ਇਲਾਵਾ ਉਨ੍ਹਾਂ ਦੇ ਕਿੱਤਿਆਂ ਤੇ ਪਰਿਵਾਰ ਆਦਿ ਬਾਰੇ ਕੋਈ ਨਹੀਂ ਜਾਣਦਾ। ਜੇਕਰ ਕੋਈ ਇਸ ਸਭ ਬਾਰੇ ਸਵਾਲ ਪੁੱਛ ਵੀ ਲਵੇ ਤਾਂ ਇਸ ਦਾ ਜਵਾਬ ਨਹੀਂ ਮਿਲਦਾ। ਬਦਕਿਸਮਤੀ ਇਹ ਹੈ ਕਿ ਪੰਜਾਬ ਦੀ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਅੰਮ੍ਰਿਤਸਰ ਵਿਚ ਬਣਵਾਈ ਗਈ ਜੰਗ-ਏ-ਆਜ਼ਾਦੀ ਯਾਦਗਾਰ ਵਿਚ ਅੰਗਰੇਜ਼ਾਂ ਲਈ ਲੜਨ ਵਾਲੇ ਬ੍ਰਿਟਿਸ਼ ਫ਼ੌਜ ਦੇ ਪੰਜਾਬੀ ਸਿਪਾਹੀਆਂ ਨੂੰ ਥਾਂ ਦਿੱਤੀ ਗਈ, ਪਰ ਜਲ੍ਹਿਆਂਵਾਲਾ ਬਾਗ਼ ਦੇ ਸ਼ਹੀਦਾਂ ਨੂੰ ਵਿਸਾਰ ਦਿੱਤਾ ਗਿਆ। ਉੱਥੇ ਜਲ੍ਹਿਆਂਵਾਲਾ ਬਾਗ਼ ਸਾਕੇ ਅਤੇ ਉਸ ਦੇ ਸ਼ਹੀਦਾਂ ਦੇ ਨਾਂ ਸੁਨਹਿਰੀ ਅੱਖਰਾਂ ਵਿਚ ਦਰਜ ਹੋਣੇ ਚਾਹੀਦੇ ਸਨ।
ਸ਼ਹੀਦਾਂ ਦੀ ਧਰਤੀ ਅੰਮ੍ਰਿਤਸਰ ‘ਤੇ ਮੇਲਾ ਤਾਂ ਲੱਗਦਾ ਹੈ। ਇਸ ਦੇ ਇਤਿਹਾਸਕ ਮਹੱਤਵ ਬਾਰੇ ਦੂਰੋਂ ਨੇੜਿਉਂ ਆਉਣ ਵਾਲੇ ਆਮ ਵਿਅਕਤੀ ਬਹੁਤਾ ਨਹੀਂ ਜਾਣਦੇ ਅਤੇ ਉਨ੍ਹਾਂ ਨੂੰ ਇਸ ਬਾਬਤ ਜਾਣਕਾਰੀ ਦੇਣ ਦੀ ਕੋਈ ਕੋਸ਼ਿਸ਼ ਵੀ ਨਹੀਂ ਕਰਦਾ। ਮੰਚਾਂ ਉੱਤੇ ਬਿਰਾਜਮਾਨ ਸਿਆਸੀ ਆਗੂ ਸ਼ਹੀਦਾਂ ਨੂੰ ਦਿੱਤੀ ਜਾਂਦੀ ਸ਼ਰਧਾਂਜਲੀ ਨੂੰ ਵੀ ਸਿਆਸੀ ਪੁੱਠ ਚਾੜ੍ਹ ਕੇ ਚਲੇ ਜਾਂਦੇ ਹਨ। ਚੰਗਾ ਹੋਵੇਗਾ ਜੇਕਰ ਭਾਰਤ ਸਰਕਾਰ, ਪੰਜਾਬ ਸਰਕਾਰ ਅਤੇ ਹਰ ਜਾਗਰੂਕ ਨਾਗਰਿਕ ਜਲ੍ਹਿਆਂਵਾਲਾ ਬਾਗ਼ ਦੀ ਮਿੱਟੀ ਨਾਲ ਤਿਲਕ ਲਾ ਕੇ ਬਲਿਦਾਨੀਆਂ ਦੀ ਆਵਾਜ਼ ਨੂੰ ਸੁਣੇ।

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …