ਪ੍ਰੋ :ਨਿਰਮਲ/ ਹਰਚੰਦ ਬਾਸੀ
2020 ਦਾ ਵਰ੍ਹਾ ਚੜ੍ਹਿਆਂ ਦੋ ਮਹੀਨੇ ਹੋ ਗਏ ਹਨ। 2019 ਬੀਤੇ ਦੀ ਗੱਲ ਹੋ ਗਈ ਹੈ। ਇਨ੍ਹਾਂ ਦਿਨਾਂ ਵਿੱਚ ਬਹੁਤ ਕੁੱਝ ਚੰਗਾ ਮਾੜਾ ਵਾਪਰਿਆ ਹੈ, ਹੰਢਾਇਆ ਹੈ। ਸਭ ਕੁੱਝ ਖੱਟੀਆਂ ਮਿੱਠੀਆਂ ਯਾਦਾਂ ਬਣ ਕੇ ਅਨੁਭਵਾਂ ਵਿੱਚ ਸਮਾ ਗਿਆ। ਕਹਿੰਦੇ ਹਨ ਕਿ ਸਿਆਣਾ ਬੰਦਾ ਉਹ ਹੁੰਦਾ ਹੈ ਜੋ ਦੂਜਿਆਂ ਦੀਆਂ ਗ਼ਲਤੀਆਂ ਅਤੇ ਆਪਣੇ ਬੀਤੇ ਤੋਂ ਸਿੱਖਿਆ ਲਵੇ। ਜੋ ਗ਼ਲਤ ਹੋਇਆ ਹੈ ਉਸਨੂੰ ਆਪਣਾ ਉਸਤਾਦ ਸਮਝ ਕੇ ਸਬਕ ਲਵੇ ਅਤੇ ਜੋ ਚੰਗਾ ਹੋਇਆ ਉਹਨੂੰ ਆਪਣੀ ਸੁਨਹਿਰੀ ਕੰਨੀ ਨਾਲ਼ ਬੰਨ੍ਹ ਕੇ ਸੰਭਾਲ ਲਵੇ। ਪੰਜਾਬੀਆਂ ਦੀ ਕੌਮ ਅਗਾਂਹ ਵਧੂਆਂ ਦੀ ਕੌਮ ਹੈ ਇਹ ਕੇਵਲ ਗੱਲਾਂ ਹੀ ਨਹੀਂ ਸਗੋਂ ਕਰਕੇ ਵੀ ਦਿਖਾਇਆ ਹੈ। ਭਾਰਤ ਦੇਸ਼ ਦੀਆਂ ਹਜ਼ਾਰ ਸਾਲ ਦੀਆਂ ਗੁਲਾਮੀ ਦੀਆਂ ਜੰਜੀਰਾ ਤੋੜਨ ਦਾ ਸਿਹਰਾ ਪੰਜਾਬੀਆਂ ਦੇ ਹਿੱਸੇ ਹੀ ਆਇਆ ਹੈ। ਪੱਛਮ ਤੋਂ ਚੜ੍ਹ ਕੇ ਆਉਂਦੇ ਪਠਾਣਾਂ, ਅਫਗਾਨੀਆਂ, ਇਰਾਨੀਆਂ ਆਦਿ ਦਾ ਮੂੰਹ ਭੰਨ ਜਵਾਬ ਦੇ ਕੇ ਅੱਗੇ ਲਈ ਨੱਕਾ ਹੀ ਨਹੀਂ ਲਾਇਆ ਸਗੋਂ ਅਫਗਾਨੀਆਂ ਤੋਂ ਕਰ ਵੀ ਵਸੂਲ ਕੀਤਾ। ਅੱਜ ਤੱਕ ਸੰਸਾਰ ਦਾ ਸਭ ਤੋਂ ‘ਹਲੇਮੀ ਰਾਜ’ ਪੰਜਾਬ ਦੀ ਧਰਤੀ ਉੱਤੇ ਪੰਜਾਬੀਆਂ ਨੇ ਹੀ ਕਾਇਮ ਕੀਤਾ। 40 ਸਾਲ ਦੇ ਰਾਜ ਵਿੱਚ ਕਿਸੇ ਨੂੰ ਮੌਤ ਦੀ ਸਜਾ ਨਹੀਂ ਹੋਈ। ਆਟਾ, ਚੀਨੀ, ਦਾਲ਼ ਆਦਿ ਖਾਣ ਪੀਣ ਦੀਆਂ ਵਸਤੂਆਂ ਦਾ ਇੱਕੋ ਹੀ ਭਾਅ ਰਿਹਾ। ਹਿੰਦੂਆਂ, ਸਿੱਖਾਂ ਅਤੇ ਮੁਸਲਮਾਨਾਂ ਦਾ ਸਾਂਝਾ ਰਾਜ ਇਨਸਾਫ ਤੇ ਅਦਲ ਕਾਰਨ ਸਭ ਨੂੰ ਆਪਣਾ ਹੀ ਰਾਜ ਅਨੁਭਵ ਹੁੰਦਾ ਲੱਗਿਆ। ਸਾਵਣ ਮੱਲ ਵਰਗੇ ਸੁਹਿਰਦ ਕਵੀਆਂ ਦੀ ਕਲਾ ਬੋਲ ਉੱਠੀ, ”ਜੀਹਦੇ ਰਾਜ ਕੁਆਰੀਆਂ ਰਾਹ ਤੁਰੀਆਂ, ਨਹੀਂ ਬੱਕਰੀ ਖੌਫ ਪਲੰਗ (ਭੇੜੀਆ) ਦਾ ਏ।” ਉਨ੍ਹਾਂ ਸਮਿਆਂ ਵਿੱਚ ਪੰਜਾਬ ਸਾਰੀ ਦੁਨੀਆਂ ਵਿੱਚੋਂ ਵੱਧ ਸਾਖਰ ਬਣਿਆਂ। ਇੱਥੋ ਤੱਕ ਕਿ ਪੰਜਾਬ ਦੇ ਪਿੰਡਾਂ ਦੀ ਸਾਖਰਤਾ ਪ੍ਰਤੀਸਤ ਰਾਜਧਾਨੀ ਲਾਹੌਰ ਤੋਂ ਵੀ ਵੱਧ ਸੀ।
ਦੁੱਖ ਦੀ ਗੱਲ ਇਹ ਹੈ ਕਿ ਮਹਾਰਾਜੇ ਦੇ ਅੱਖਾਂ ਮੀਚਦੇ ਹੀ ਪੰਜਾਬ ਵਿੱਚ ਗੱਦਾਰਾਂ ਨੇ ਸਜ਼ਿਸ਼ਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਤੇਗ਼ ਦੇ ਧਨੀ, ਮੈਦਾਨਾਂ ਦੇ ਸੂਰਮੇ ਮਹਿਲਾਂ ਦੀਆਂ ਕੂਟਨੀਤੀਆਂ ਤੋਂ ਹਾਰ ਗਏ। ਪੰਜਾਬ ਦੀ ਕਿਸਮਤ ਰੁੱਸ ਗਈ।
ਅੰਗਰੇਜ਼ਾਂ ਨੇ ਸਾਨੂੰ ਜਾਂਗਲੀ ਮੁਰੱਬੇ ਦਿੱਤੇ। ਅਸੀਂ ਜੰਗਲਾਂ ਵਿੱਚ ਜਾ ਮੰਗਲ ਲਾਏ। ਬਾਰਾਂ ਬਸਾ ਲਈਆਂ। ਖੁੱਲ੍ਹੀ ਆਮਦਨ ਨੇ ਮਾਇਆ ਨਾਲ਼ ਮੋਹ ਪਾ ਦਿੱਤਾ। ਦੋ ਸੰਸਾਰ ਜੰਗਾਂ ਵਿੱਚ ਤੁਸੀਂ ਜਿੱਥੇ ਵੀ ਗਏ ਉੱਥੇ ਦੇ ਲੋਕ ਬੇਫਿਕਰ ਹੋ ਕੇ ਸੁੱਤੇ। ਜਿਹੜੇ ਯੂਰਪੀਅਨ ਤੁਹਾਡੇ ਮਹਾਰਾਜੇ ਦੀ ਨੌਕਰੀ ਕਰਕੇ ਮਾਣ ਮਹਿਸੂਸ ਕਰਦੇ ਸਨ, ਤੁਸੀਂ ਉਨ੍ਹਾਂ ਦੀ ਰਾਖੀ ਲਈ ਲੜੇ। ਅੱਜ ਵੀ ਯੂਰਪੀਅਨ ਦੇਸ਼ਾਂ ਵਿੱਚ ਤੁਹਾਨੂੰ ਸਤਿਕਾਰ ਨਾਲ਼ ਦੇਖਿਆ ਅਤੇ ਮਾਣ ਨਾਲ਼ ਯਾਦ ਕੀਤਾ ਜਾਂਦਾ ਹੈ। ਫਰਾਂਸ ਦੇ ਪਿੰਡ ਸੇਂਟਟ੍ਰੁਪੋਜ਼ੇ ਵਿੱਚ ਤੁਹਾਡੇ ਮਹਾਰਾਜਾ ਰਣਜੀਤ ਸਿੰਘ ਦੇ ਸਤਿਕਾਰ ਵਿੱਚ ਬੁੱਤ ਲਾਇਆ ਗਿਆ। ਸਿੱਖ ਫੌਜੀਆਂ ਦੇ ਨਾਂ ਉੱਤੇ ਟਿਕਟਾਂ ਅਤੇ ਸਿੱਕੇ ਜਾਰੀ ਹੋਏ। ਤੁਹਾਨੂੰ ਹਾਇਫ਼ਾ ਸ਼ਹਿਰ ਦੇ ਬਚਾਉਣ ਵਾਲ਼ੇ ਕਹਿ ਕਿ ਸਤਿਕਾਰਿਆ ਗਿਆ।
1947 ਦੀ ਵੰਡ ਸਮੇਂ ਸ਼ਾਹ ਸਵਾਰਾਂ ਦੀ ਕੌਮ ਮਹਿਲੀ ਕੂਟਨੀਤੀਆਂ ਵਿੱਚ ਫਸ ਕੇ ਇੱਕ ਵਾਰ ਫੇਰ ਘਰੋਂ ਬੇਘਰ ਹੋ ਗਏ। ਸਾਡੇ ਉੱਤੇ ਸਮੇਂ ਦੇ ਲੱਖਾਂ ਝੱਖੜ ਝੁੱਲੇ ਪਰ ਅਸੀਂ ਆਪਣੇ ਪੈਰ ਪੱਕੇ ਕਰਨ ਅਤੇ ਅੱਗੇ ਵਧਣ ਲਈ ਸਦਾ ਤਤਪਰ ਰਹੇ। ਅਸੀਂ ਭਾਰਤ ਦੀ ਭੁੱਖ ਦੇ ਦੁੱਖ ਦੂਰ ਕੀਤੇ, ਅਸੀਂ ਗਰੀਬੀ ਦੇ ਖੰਭ ਕੱਟੇ ਤੇ ਭਾਰਤ ਦੇ ਅੰਨ ਦੇ ਭੰਡਾਰ ਨੱਕੋ ਨੱਕ ਭਰ ਦਿੱਤੇ। ਅਸੀਂ ਫਿਰ ਪੱਛਮ ਦੀ ਥਾਂ ਪੂਰਬ ਵੱਲ ਮੂੰਹ ਕੀਤਾ ਅਤੇ ਯੂਪੀ ਦੇ ਜੰਗਲ ਆਬਾਦ ਕੀਤੇ, ਰਾਜਸਥਾਨ ਦੇ ਟਿੱਬਿਆਂ ਨੂੰ ਸਰਸਬਜ਼ ਬਣਾਇਆ। ਗੁਜਰਾਤ ਦੇ ਖੇਤਾਂ ਵਿੱਚੋਂ ਚਿੱਟਾ ਸੋਨਾ (ਨਰਮਾ) ਪੈਦਾ ਕੀਤਾ। ਪਰ ਇਸ ਬਾਰ ਸਾਡਾ ਵਾਹ ਮੈਦਾਨ ਦੇ ਸੂਰਮਿਆਂ ਨਾਲ਼ ਨਹੀਂ ਸਗੋਂ ਸ਼ੁਕਨੀਆਂ ਦੀ ਸੰਤਾਨ ਨਾਲ਼ ਸੀ। ਉਨ੍ਹਾਂ ਦੇ ਸਾਹਮਣੇ ਸਾਡੀਆਂ ਗੋਟੀਆਂ ਪੁੱਠੀਆਂ ਹੀ ਪੈਂਦੀਆਂ ਗਈਆਂ। ਹਰ ਪਾਸਿਓਂ ਸਾਡਾ ਘੇਰਾ ਤੰਗ ਕਰ ਦਿੱਤਾ ਗਿਆ। ਅਸੀਂ ਅੱਗਾ ਦੇਖਿਆ ਨਾ ਪਿੱਛਾ, ਆਪਣਾ ਮੂੰਹ ਵਿਕਸ਼ਤ ਦੇਸ਼ਾਂ ਵੱਲ ਕਰਕੇ ਜਹਾਜ਼ੀ ਉਡਾਨਾਂ ਭਰ ਲਈਆਂ। ਮੋਗੇ ਤੋਂ ਚੱਲ ਕੇ ਅਮਰੀਕਾ ਵਿੱਚ ਅਸੀਂ ਸੌਗੀ ਦੇ ਬਾਦਸ਼ਾਹ ਬਣ ਗਏ। ਦੀਦਾਰ ਸਿੰਘ ਬੈਂਸ ਵਰਗਿਆਂ ਨੇ ਆਪਣੇ ਹਵਾਈ ਜਹਾਜ ਖਰੀਦ ਲਏ। ਆਸਟ੍ਰੇਲੀਆ ਵਿੱਚ ਸਾਡੇ ਗੰਨੇ ਦੇ ਫਾਰਮਾਂ ਦਾ ਕੋਈ ਸਾਨੀ ਨਹੀਂ। ਅਰਜਨਟਾਈਨਾ ਵਿੱਚ ਆਪਣੇ ਬਲ ਬੁੱਧੀ ਨਾਲ਼ ਇੱਕ ਪੰਜਾਬੀ ਨੇ ਇਲਾਕੇ ਦੇ ਬਾਦਸ਼ਾਹ ਦਾ ਲਕਬ ਪ੍ਰਾਪਤ ਕੀਤਾ। ਅਸੀਂ ਦੁਨੀਆਂ ਦੇ ਸਰਬੋਤਮ ਦੇਸ਼ ਕੈਨੇਡਾ ਆ ਕੇ ਇੱਥੋਂ ਦੀ ਆਰਥਿਕਤਾ ਨੂੰ ਖੰਭ ਲਾਏ ਅਤੇ ਰਾਜਨੀਤੀ ਵਿੱਚ ਨਵੇਂ ਕੀਰਤੀਮਾਨ ਬਣਾਏ। ਕੌਂਸਲਰਾਂ, ਰਿਜਨਲ ਕੌਂਸਲਰਾਂ, ਸਕੂਲ ਟਰੱਸਟੀਆਂ, ਐੱਮ ਪੀ ਪੀ, ਐੱਮ ਪੀ ਬਣਕੇ ਪ੍ਰੀਮੀਅਰ ਅਤੇ ਫੈਡਰਲ ਸਰਕਾਰ ਦੇ ਸਮਰੱਥਾਵਾਨ ਮੰਤਰੀ ਵੀ ਬਣੇ।
ਇਹਨਾਂ ਸ਼ੁਭ ਯਤਨਾਂ ਅਤੇ ਪ੍ਰਾਪਤੀਆਂ ਲਈ ਤੁਸੀਂ ਬਹੁਤ ਹੀ ਵਧਾਈਆਂ ਦੇ ਪਾਤਰ ਹੋ। ਤੁਸੀਂ ਸਦਾ ਹੀ ਚਮਕੇ ਹੋ। ਪਰ ਦੇਖਿਓ ਫੇਰ ਕਿਸੇ ਮੋੜ ਉੱਤੇ ਧੋਖਾ ਨਾ ਖਾ ਜਾਇਓ। ਜੋ ਕਹਿੰਦੇ ਹਨ ਕਿ ਸਿਖਰ ਤੋਂ ਪਿੱਛੋਂ ਉਤਰਾਈ ਵੀ ਆਉਂਦੀ ਹੈ,ਉਹ ਇਹ ਵੀ ਕਹਿੰਦੇ ਹਨ ਕਿ ਸਿਤਾਰਿਆਂ ਤੋਂ ਅੱਗੇ ਜਹਾਂ ਹੋਰ ਵੀ ਹੈ। ਤੁਸੀਂ ਨਿਵਾਣ ਦੀ ਥਾਂ ਸਿਤਾਰਿਆਂ ਤੋਂ ਅਗਲੇ ਜਹਾਨ ਉੱਤੇ ਨਿਗਾ ਰੱਖਣੀ ਹੈ। ਗੁਰੂ ਕਾਲ ਤੋਂ ਲੈ ਕੇ ਅੱਜ ਤੱਕ ਤੁਹਾਡੇ ਖਿਲਾਫ ਵਿਰੋਧੀਆਂ ਦੀ ਵਿਰੋਧ ਦੀ ਖੇਡ ਅੱਜ ਵੀ ਜਾਰੀ ਹੈ। ਇਹ ਖੇਡ ਖੇਡਣ ਵਾਲ਼ੇ ਤੁਹਾਡੇ ਆਪਣੇ ਵਰਗੇ ਬਣਕੇ ਹੀ ਖੇਡਦੇ ਹਨ। ਉਹਨਾਂ ਦਾ ਨਿਸ਼ਾਨਾ ਤੁਹਾਡੇ ਉੱਤੇ ਵੀ ਹੋ ਸਕਦਾ ਅਤੇ ਤੁਹਾਡੇ ਭਵਿੱਖ, ਤੁਹਾਡੀ ਬੱਚਿਆਂ ਉੱਤੇ ਵੀ ਹੋ ਸਕਦਾ ਹੈ। ਜੇ ਬੱਚੇ ਕੁਰਾਹੇ ਪੈ ਗਏ, ਤੁਹਾਡੀਆਂ ਕੀਤੀਆਂ ਮਿਹਨਤਾਂ ਬੇਅਰਥ ਜਾਣਗੀਆਂ, ਤੁਹਾਡੇ ਉਸਾਰੇ ਮਹਿਲ ਮੁਨਾਰਿਆਂ ਦੇ ਕਿੰਗਰੇ ਖੰਡਰ ਬਣ ਜਾਣਗੇ ਤੇ ਤੁਹਾਡੀਆਂ ਵਜ਼ੀਰੀਆਂ ਤੇ ਰੁਤਬੇ ਖਾਕ ਮਿਲ ਜਾਣਗੇ।
ਸੋ ਆਉ ਅੱਜ ਆਪਾਂ ਅਹਿਦ ਕਰੀਏ ਕਿ ਆਪਣੇ ਬੱਚਿਆਂ ਨੂੰ ਪਹਿਲ ਦੇ ਆਧਾਰ ਤੇ ਸੰਭਾਲ਼ੀਏ, ਉਨ੍ਹਾਂ ਦੀਆਂ ਔਕੜਾਂ ਨੂੰ ਸਮਝੀਏ ਅਤੇ ਸੁਲਝਾਈਏ। ਉਨ੍ਹਾਂ ਨੂੰ ਅਪਣੱਤ ਦਾ ਵਾਤਾਵਰਨ ਦੇਈਏ। ਉਨ੍ਹਾਂ ਦੇ ਦਿਮਾਗਾਂ ਵਿੱਚ ਕੋਈ ਤਣਾਉ ਨਾ ਹੋਵੇ ਸਗੋਂ ਤਾਜੇ, ਖਿੜੇ ਫੁੱਲਾਂ ਕਲੀਆਂ ਵਾਂਗੂੰ, ਚਾਵਾਂ ਮੱਤੇ ਆਪਣੇ ਸਕੂਲਾਂ ਕਾਲਜਾਂ, ਯੂਨੀਵਰਸਿਟੀਆਂ ਨੂੰ ਜਾਣ। ਉਨ੍ਹਾਂ ਨਾਲ਼ ਘਰਾਂ ਵਿੱਚ ਵੱਧ ਤੋਂ ਵੱਧ ਸਮਾਂ ਗੁਜ਼ਾਰੋ ਅਤੇ ਆਪਣਾ ਮਾਣ ਕੀਤੇ ਜਾਣ ਵਾਲ਼ਾ ਇਤਿਹਾਸ ਸੁਣਾਉ। ਬੱਚਿਆਂ ਦੇ ਮਨ ਵਿੱਚ ਸੁਪਨੇ ਉਗਾਉਣ ਅਤੇ ਉਨ੍ਹਾਂ ਨੂੰ ਠੀਕ ਰਾਹ ਪਾਉਣ ਦਾ ਕੰਮ ਕੇਵਲ ਅਧਿਆਪਕਾਂ ਦਾ ਹੀ ਨਹੀਂ ਸਗੋਂ ਮਾਪਿਆਂ ਦਾ ਵੀ ਹੈ। ਅਧਿਆਪਕਾਂ ਕੋਲ਼ ਤਾਂ ਬੱਚਾ ਹਫਤੇ ਵਿੱਚ ਕੇਵਲ 25 ਘੰਟੇ ਹੀ ਰਹਿੰਦਾ ਹੈ।
ਇਹ ਵੀ ਜਰੂਰੀ ਹੈ ਕਿ ਆਪਣੇ ਚੁਣੇ ਹੋਏ ਨੁਮਾਇੰਦਿਆਂ ਤੋਂ ਉਤਨੀ ਕੁ ਆਸ ਰੱਖੀਏ ਜਿਤਨਾ ਕੁ ਕੰਮ ਉਹ ਕੈਨੇਡਾ ਦੇ ਕਾਨੂੰਨ ਅਨੁਸਾਰ ਅਤੇ ਆਪਣੀ ਸੀਮਾ ਵਿੱਚ ਰਹਿਕੇ ਕਰ ਕਰਾ ਸਕਦੇ ਹਨ।
ਇੱਕ ਐੱਮ ਪੀ ਨੇ ਕਿਸੇ ਦੀ ਬੇਸਮੈਂਟ ਲੀਗਲ ਨਹੀਂ ਕਰਵਾਉਣੀ। ਉਸ ਲਈ ਕੁੱਝ ਨੇਮ ਬਣੇ ਹੋਏ ਹਨ। ਉਨ੍ਹਾਂ ਨੇਮਾਂ ਦੀ ਪਾਲਣਾ ਜਰੂਰੀ ਹੈ। ਕਿਸੇ ਐੱਮ ਪੀ ਜਾਂ ਐੱਮ ਪੀ ਪੀ ਨੇ ਕਿਸੇ ਦਾ ਬੀਜਾ ਨਹੀਂ ਲਵਾਉਣਾ। ਜਦੋਂ ਕਿ ਅਸੀਂ ਇਸ ਦੀ ਵੀ ਆਸ ਕਰਦੇ ਹਾਂ।
ਸੋ ਆਉ ਨਵੇਂ ਸਾਲ ਵਿੱਚ ਆਪਾਂ ਕੈਨੇਡਾ ਦੇ ਵਧੀਆ ਨਾਗਰਿਕ ਬਣੀਏ। ਕਿਰਤ ਆਪਾਂ ਬਹੁਤ ਕਰ ਰਹੇ ਹਾਂ। ਵੰਡ ਕੇ ਵੀ ਛਕਦੇ ਹਾਂ, ਨਾਮ ਵੀ ਜਪ ਲਈਏ ਕਿਉਂਕਿ, ”ਤ੍ਰਿਸਨਾ ਬੂਝੈ ਹਰਿ ਕੈ ਨਾਮਿ॥” ਜੇ ਤ੍ਰਿਸ਼ਨਾ ਦੇ ਘਨੇੜੇ ਚੜ੍ਹ ਕੇ ਅਸੀਂ ਬੱਚਿਆਂ ਨੂੰ ਭੁੱਲ ਕੇ ਮਾਇਆ ਕਮਾਉਂਦੇ ਰਹੇ। ਜੇ ਅਸੀਂ ਬੱਚਿਆਂ ਦੇ ਸਾਹਮਣੇ ਘਰੇਲੂ ਕਲੇਸ਼ਾਂ ਵਿੱਚ ਉਲਝਾਂਗੇ, ਘਰਾਂ ਵਿੱਚ ਮਹਿਫਲਾਂ ਜਮਾਵਾਂਗੇ, ਨਸ਼ਿਆਂ ਦੀ ਵਰਤੋਂ ਕਰਾਂਗੇ ਤਾਂ ਬੱਚਿਆਂ ਦੇ ਚੰਗੇ ਭਵਿੱਖ ਦੀ ਆਸ ਨਾ ਰੱਖੀਏ। ਗੁਰੂ ਦਾ ਪੱਲਾ ਫੜ ਕੇ ਰੱਖੀਏ। ਗੁਰੂ ਜੀ ਨੇ ਪੰਜ ਸਿੰਘ ਸਜਾ ਕੇ ਜਮਾਨਾ ਬਦਲ ਦਿੱਤਾ ਸੀ। ਆਪਾਂ ਵੀ ਗੁਰੂ ਦੇ ਦਰਸਾਏ ਮਾਰਗ ਉੱਤੇ ਚੱਲੀਏ ਤਾਂ ਹੀ ‘ਲੋਕ ਸੁਖੀਏ ਪਰਲੋਕ ਸੁਹੇਲੇ’ ਹੋ ਸਕਾਂਗੇ।