Breaking News
Home / ਨਜ਼ਰੀਆ / ‘ਵਿਸ਼ਵ ਰੰਗਮੰਚ ਦਿਵਸ’ ਮੌਕੇ ਵਿਸ਼ੇਸ਼

‘ਵਿਸ਼ਵ ਰੰਗਮੰਚ ਦਿਵਸ’ ਮੌਕੇ ਵਿਸ਼ੇਸ਼

ਦੁਨੀਆਂ ਭਰ ਦੇ ਰੰਗਕਰਮੀਆਂ ਦਾ ਦਿਨ ‘ਵਿਸ਼ਵ ਰੰਗਮੰਚ ਦਿਵਸ’
ਹੀਰਾ ਰੰਧਾਵਾ
ਫੋਨ: 416-319-0551
ਜੂਨ 1961 ਵਿੱਚ ‘ਇੰਟਰਨੈਸ਼ਨਲ ਥੀਏਟਰ ਇੰਸਟੀਚਿਊਟ’ (ਆਈ ਟੀ ਆਈ) ਦੀ ਵੀਆਨਾ ਵਿਖੇ ਹੋਈ ਨੌਵੀਂ ਵਿਸ਼ਵ ਕਾਂਗਰਸ ਵਿੱਚ ਸੰਸਥਾ ਦੇ ਪ੍ਰਧਾਨ ਐਰਵੀ ਕਿਵੀਨਾ ਨੇ ‘ਵਿਸ਼ਵ ਰੰਗਮੰਚ ਦਿਵਸ’ ਮਿਥਣ ਦਾ ਮਤਾ ਰੱਖਿਆ ਜਿਸ ਦੀ ਤਾਈਦ ਸਕੈਂਡੀਨੈਵੀਆਨਾ ਸੈਂਟਰ ਨੇ ਕੀਤੀ ਜਿਸ ਨੂੰ ਰੰਗਮੰਚ ਖੇਤਰ ਵਿੱਚ ਕੰਮ ਕਰਦੇ ਸਭਨਾਂ ਲੋਕਾਂ ਨੇ ਪ੍ਰਵਾਨਗੀ ਦਿੱਤੀ। ਇਸ ਮਗਰੋਂ ਹਰ ਸਾਲ 27 ਮਾਰਚ ਨੂੰ ਮਨਾਇਆ ਜਾਣ ਲੱਗਾ ਅਤੇ ਪਹਿਲੀ ਵਾਰ ਇਸ ਨੂੰ 1962 ਨੂੰ ਇਸੇ ਦਿਨ ਪੈਰਿਸ ਵਿੱਚ ‘ਥੀਏਟਰ ਆਫ਼ ਨੇਸ਼ਨਜ਼’ ਦੇ ਤੌਰ ‘ਤੇ ਮਨਾਇਆ ਗਿਆ। ਇਸ ਸਾਲ ਮਗਰੋਂ ਇੰਟਰਨੈਸ਼ਨਲ ਥੀਏਟਰ ਇੰਸਟੀਚਿਊਟ ਦੇ ਵਿਸ਼ਵ ਭਰ ਵਿਚਲੇ 100 ਤੋਂ ਵੱਧ ਸੈਂਟਰਾਂ ਵਿੱਚ ਮਨਾਇਆ ਜਾ ਰਿਹਾ ਹੈ। ਯੂਨੈਸਕੋ ਅਤੇ ਸੰਸਾਰ ਭਰ ਦੀਆਂ ਜਾਣੀਆਂ ਪਛਾਣੀਆਂ ਰੰਗਮੰਚ ਸ਼ਖ਼ਸੀਅਤਾਂ, ‘ਇੰਟਰਨੈਸ਼ਨਲ ਥੀਏਟਰ ਇੰਸਟੀਚਿਊਟ’ ਜੋ ਇੱਕ ਸ਼ੁਰੂ ਤੋਂ ਹੀ ਇਸ ਖੇਤਰ ਵਿੱਚ ਕੰਮ ਕਰਨ ਵਾਲੀ ਮੁਨਾਫ਼ਾ ਰਹਿਤ ਸੰਸਥਾ ਹੈ, ਅਤੇ ਹੋਰ ਗੈਰ-ਸਰਕਾਰੀ ਸੰਸਥਾਵਾਂ ਨੇ ਆਪਸੀ ਆਦਾਨ ਪ੍ਰਦਾਨ ਕਰਕੇ ਇਸ ਖੇਤਰ ਵਿੱਚ 1948 ਤੋਂ ਹੀ ਕੰਮ ਕਰਨਾ ਸ਼ੁਰੂ ਕੀਤਾ ਸੀ। ਇਹਨਾਂ ਸੰਸਥਾਵਾਂ ਦਾ ਮੁੱਖ ਮਕਸਦ ਪ੍ਰਫਾਰਮਿੰਗ ਆਰਟ ਦੀ ਅੰਤਰਰਾਸ਼ਟਰੀ ਪੱਧਰ ਦੀ ਜਾਣਕਾਰੀ ਰੰਗਕਰਮੀਆਂ ਵਿੱਚ ਵੰਡਣਾ ਸੀ ਤਾਂ ਕਿ ਆਪਸੀ ਸੂਝਬੂਝ ਤੇ ਇਸ ਵਿਧਾ ਰਾਹੀਂ ਵਿਸ਼ਵ ਸ਼ਾਂਤੀ ਅਤੇ ਭਾਈਚਾਰੇ ਨੂੰ ਮਜ਼ਬੂਤ ਕਰਕੇ ਯੂਨੈਸਕੋ ਦੇ ਨਿਸ਼ਾਨਿਆਂ ਨੂੰ ਵਿਸ਼ਵ ਭਰ ਦੇ ਲੋਕਾਂ ਤੱਕ ਪਹੁੰਚਾਇਆ ਜਾਵੇ।
27 ਮਾਰਚ ਨੂੰ ਹਰੇਕ ਸਾਲ ਕਿਸੇ ਪ੍ਰਮੁੱਖ ਥੀਏਟਰ ਸ਼ਖ਼ਸੀਅਤ ਜਾਂ ਕਿਸੇ ਦੂਸਰੇ ਖੇਤਰ ਦੇ ਪ੍ਰਮੁੱਖ ਵਿਅਕਤੀ ਨੂੰ ਵਿਸ਼ਵ ਭਾਈਚਾਰੇ ਲਈ ਆਪਣੇ ਪ੍ਰਭਾਵ ਸਾਂਝੇ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ ਜਿਸ ਵੱਲੋਂ ਇੱਕ ਸੰਦੇਸ਼ ਜਾਰੀ ਕੀਤਾ ਜਾਂਦਾ ਹੈ ਜਿਸ ਦਾ 20 ਭਾਸ਼ਾਵਾਂ ਵਿੱਚ ਤਰਜਮਾ ਕਰਕੇ ਵਿਸ਼ਵ ਭਰ ਵਿੱਚ ਲੱਖਾਂ ਕਰੋੜਾਂ ਨਾਟਕ ਪ੍ਰੇਮੀਆਂ ਸਾਹਮਣੇ ਨਾਟ-ਪੇਸ਼ਕਾਰੀਆਂ ਤੋਂ ਪਹਿਲਾਂ ਰੰਗਕਰਮੀਆਂ ਵੱਲੋਂ ਪੜ੍ਹਿਆ ਜਾਂਦਾ ਹੈ। ਇਹ ਸੰਦੇਸ਼ ਵੱਖ ਵੱਖ ਭਾਸ਼ਾਵਾਂ ਵਿੱਚ ਛਪਦੀਆਂ ਅਖ਼ਬਾਰਾਂ ਅਤੇ ਰਸਾਲਿਆਂ ਵਿੱਚ ਛਾਪਿਆ ਜਾਂਦਾ ਹੈ। ਇਸੇ ਸੰਦੇਸ਼ ਨੂੰ ਵਿਸ਼ਵ ਭਰ ਦੇ ਟੈਲੀਵਿਜ਼ਨ ਅਤੇ ਰੇਡੀਓ ਪ੍ਰੋਗਰਾਮਾਂ ਵਿੱਚ ਨਸ਼ਰ ਕੀਤਾ ਜਾਂਦਾ ਹੈ। ਸੰਨ 1962 ਵਿੱਚ ਪਹਿਲੇ ਵਿਸ਼ਵ ਰੰਗਮੰਚ ਦਿਵਸ ਮੌਕੇ ਜਾਰੀ ਕੀਤੇ ਸੰਦੇਸ਼ ਦਾ ਲੇਖਕ ਜੀਨ ਕੋਕਟੀਓ ਸੀ। ਸੰਨ 1993 ਵਿੱਚ ਵੇਨੇਯੂਇਲਨ ਦੇ ਇੰਟਰਨੈਸ਼ਨਲ ਥੀਏਟਰ ਇੰਸਟੀਚਿਊਟ ਸੈਂਟਰ ਨੇ 1962 ਤੋਂ ਲੈ ਕੇ 1993 ਤੱਕ ਜਾਰੀ ਕੀਤੇ ਪ੍ਰਮੁੱਖ ਸ਼ਖ਼ਸੀਅਤਾਂ ਦੇ ਸੰਦੇਸ਼ਾਂ ਨੂੰ ਛਾਪਣ ਦਾ ਉਪਰਾਲਾ ਕੀਤਾ ਸੀ ਜਦ ਕਿ ਇਸ ਦਾ ਇੱਕ ਖਰੜਾ ਸਪੈਨਿਸ਼ ਭਾਸ਼ਾ ਵਿੱਚ ਛਾਪ ਕੇ ਵੰਡਿਆ ਗਿਆ ਸੀ।
ਰੰਗਮੰਚ ਦਿਵਸ ਮੌਕੇ ਹੁੰਦੀਆਂ ਸਰਗਰਮੀਆਂ :
ਵਿਸ਼ਵ ਰੰਗਮੰਚ ਦਿਵਸ ਮਨਾਉਣ ਦਾ ਮੁੱਖ ਮਕਸਦ ਰੰਗਮੰਚ ਦੇ ਲੋਕਾਂ ਵੱਲੋਂ ਪ੍ਰਫਾਰਮਿੰਗ ਆਰਟ ਦੀ ਸ਼ਕਤੀ ਰਾਹੀਂ ਲੋਕਾਂ ਨੂੰ ਇੱਕ ਦੂਜੇ ਦੇ ਨੇੜੇ ਲਿਆਉਣਾ ਹੈ। ਇਹ ਉਹਨਾਂ ਲਈ ਇੱਕ ਅਜਿਹਾ ਵਿਸ਼ੇਸ਼ ਦਿਨ ਹੁੰਦਾ ਹੈ ਜਿਸ ਦਿਨ ਉਹ ਲੋਕਾਂ ਨੂੰ ਵਿਖਾਉਂਦੇ ਹਨ ਕਿ ਕਲਾ ਹੀ ਇੱਕ ਅਜਿਹਾ ਮਾਧਿਅਮ ਹੈ ਜਿਸ ਵਿੱਚ ਇੰਨੀ ਤਾਕਤ ਹੈ ਜਿਸ ਰਾਹੀਂ ਲੋਕਾਂ ਵਿੱਚ ਸਮਾਜਿਕ ਇਕਸੁਰਤਾ ਅਤੇ ਸ਼ਾਂਤੀ ਦਾ ਸੁਨੇਹਾ ਸੁਸ਼ਕਤ ਤਰੀਕੇ ਨਾਲ ਪਹੁੰਚਾਇਆ ਜਾ ਸਕਦਾ ਹੈ। ਸੋ ਇਸ ਤਰ੍ਹਾਂ ਸਮਾਜ ਦੇ ਸਭ ਵਰਗਾਂ ਦੇ ਲੋਕਾਂ ਦੇ ਵਿਸ਼ੇਸ਼ ਦਿਨਾਂ ਵਾਂਗ ਵਿਸ਼ਵ ਰੰਗਮੰਚ ਦਿਵਸ ਵੀ ਇੱਕ ਵਿਸ਼ੇਸ਼ ਦਿਨ ਬਣ ਗਿਆ ਜਿਸ ਨੂੰ ਉਹ ਆਪਣਾ ਕਹਿ ਸਕਣ ਦੇ ਯੋਗ ਹੋਏ। ਵਿਸ਼ਵ ਭਰ ਵਿੱਚ ਇਸ ਦਿਨ ਵਿਸ਼ੇਸ਼ ਪ੍ਰੋਗਰਾਮ ਕੀਤੇ ਜਾਂਦੇ ਹਨ। ਇਸ ਦਿਨ ਤੋਂ ਪਹਿਲਾਂ ਆਉਣ ਵਾਲੇ ਹਫ਼ਤੇ ਸਮੇਤ ਮਾਰਚ ਦੇ ਸ਼ੁਰੂ ਤੋਂ ਲੈ ਕੇ ਜਾਪਾਨ, ਕੈਮੇਰੂਨ, ਬਰਕੀਨਾ ਫੇਸੋ, ਕੁਵੈਤ ਆਦਿ ਵਿੱਚ ਲਗਾਤਾਰ ਇੰਟਰਨੈਸ਼ਨਲ ਫੈਸਟੀਵਲ ਆਯੋਜਿਤ ਕੀਤੇ ਜਾਦੇ ਹਨ। ਇਸੇ ਕੜੀ ਅਧੀਨ ਬੈਲਜੀਅਮ, ਫਿਲੀਪਾਈਨਜ਼, ਸਾਈਪਰਸ, ਤੁਨੀਸੀਆ, ਰੋਮਾਨੀਆ, ਸਵੀਡਨ, ਸਪੇਨ, ਜ਼ੈਰੇ ਆਦਿ ਦੇਸ਼ਾਂ ਵਿੱਚ ਵਿਸ਼ੇਸ਼ ਪੇਸ਼ਕਾਰੀਆਂ ਕੀਤੀਆਂ ਜਾਂਦੀਆਂ ਹਨ। ਇਸੇ ਦਿਨ ਗਰੀਸ, ਬੰਗਲਾਦੇਸ਼, ਰੋਮਾਨੀਆ, ਮੈਕੇਡੋਨੀਆ ਅਤੇ ਭਾਰਤ ਵਿੱਚ ਸਮਾਜ ਵਿੱਚ ਰੰਗਮੰਚ ਦੇ ਵੱਖ ਵੱਖ ਪਹਿਲੂਆਂ ‘ਤੇ ਗੋਲਮੇਜ਼ ਕਾਨਫਰੰਸਾਂ, ਸੈਮੀਨਾਰ ਆਦਿ ਕੀਤੇ ਜਾਂਦੇ ਹਨ। ਇਸ ਦਿਨ ਡਾਂਸ ਅਤੇ ਰੰਗਮੰਚ ਖੇਤਰ ਵਿੱਚ ਵਿਸ਼ੇਸ਼ ਘਾਲਣਾ ਘਾਲਣ ਵਾਲੇ ਲੋਕਾਂ ਨੂੰ ਵਿਸ਼ੇਸ਼ ਇਨਾਮ ਦਿੱਤੇ ਜਾਂਦੇ ਹਨ। ਇਸ ਪਾਸੇ ਸਰਗਰਮੀਆਂ ਇੰਗਲੈਂਡ, ਇਸਰਾਈਲੀ, ਪੋਲਿਸ਼, ਯੁਗਾਂਡਾ, ਰੂਸੀ ਅਤੇ ਜਰਮਨ ਦੇ ਸੈਂਟਰ ਵਿਸ਼ੇਸ਼ ਤੌਰ ‘ਤੇ ਕਰਦੇ ਹਨ। ਇਸੇ ਦਿਨ ਨਵੇਂ ਥੀਏਟਰਾਂ, ਥੀਏਟਰ ਅਜਾਇਬ ਘਰਾਂ ਅਤੇ ਥੀਏਟਰੀਕਲ ਨੁਮਾਇਸ਼ਾਂ ਦੇ ਉਦਘਾਟਨ ਕੀਤੇ ਜਾਂਦੇ ਹਨ। ਕਰੋਸ਼ੀਆ, ਰੋਮਾਨੀਆ, ਜਿੰਬਾਵੇ, ਸਕੈਂਡੀਨੈਵੀਅਨ ਅਤੇ ਲੈਟਿਨ ਅਮਰੀਕਾ ਦੇ ਕੁਝ ਹੋਰ ਮੁਲਕਾਂ ਵਿੱਚ ਕੌਮੀ ਸੰਦੇਸ਼ ਜਾਰੀ ਕੀਤੇ ਜਾਂਦੇ ਹਨ। ਪ੍ਰੈਸ ਵਿੱਚ ਆਰਟੀਕਲ ਛਪਵਾਏ ਜਾਂਦੇ ਹਨ ਅਤੇ ਇਸੇ ਦਿਨ ਇੰਟਨੈਸ਼ਨਲ ਸੁਨੇਹੇ ‘ਤੇ ਕੁਮੈਂਟਰੀਆਂ ਕੀਤੀਆਂ ਜਾਂਦੀਆਂ ਹਨ। ਭਾਰਤ ਸਮੇਤ ਹੋਰ ਮੁਲਕਾਂ ਵੱਲੋਂ ਇਸ ਦਿਨ ਬਹੁਤ ਸਾਰੇ ਗਰੁੱਪਾਂ ਵੱਲੋਂ ਕੀਤੀਆਂ ਪੇਸ਼ਕਾਰੀਆਂ ਨੂੰ ਖੇਤਰੀ ਟੀ ਵੀ ਅਤੇ ਰੇਡੀਓ ‘ਤੇ ਰਿਲੇਅ ਕੀਤਾ ਜਾਂਦਾ ਹੈ ਅਤੇ ਈਜ਼ੀਪਟ, ਚਿੱਲੀ, ਸਪੇਨ, ਗਰੀਸ, ਬੈਲਜੀਅਮ, ਟਰਕੀ, ਆਦਿ ਦੇਸ਼ਾਂ ਵਿੱਚ ਨਾਟਕ ਵੇਖਣ ਲਈ ਮੁਫ਼ਤ ਟਿਕਟਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਇਸ ਦਿਨ ਥੀਏਟਰ ਹਾਲਾਂ ਨੂੰ ਵਿਸ਼ੇਸ਼ ਤੌਰ ‘ਤੇ ਸਜਾਇਆ ਜਾਂਦਾ ਹੈ ਅਤੇ ਖਾਸ ਤੌਰ ‘ਤੇ ਇਸ ਦਿਨ ਲਈ ਪੋਸਟਰ ਜਾਰੀ ਕੀਤੇ ਜਾਂਦੇ ਹਨ। ਫਰਾਂਸ ਵੱਲੋਂ 1962 ਵਿੱਚ ਵਿਸ਼ਵ ਰੰਗਮੰਚ ਦਿਵਸ ਦੇ ਮੌਕੇ ਇੱਕ ਡਾਕ ਟਿਕਟ ਜਾਰੀ ਕੀਤੀ ਗਈ ਸੀ ਅਤੇ ਭਾਰਤੀ ਡਾਕ ਤਾਰ ਮਹਿਕਮੇ ਵੱਲੋਂ ਇਸ ਦਿਨ ਮੁਫ਼ਤ ਡਾਕ ਭੇਜੀ ਗਈ ਸੀ। ਇਸੇ ਦਿਨ ਯੂਲ਼ਕੇਲ਼ ਵਿੱਚ ਥੀਏਟਰ ਕਰਮੀਆਂ ਦੀ ਸਹਾਇਤਾ ਲਈ ਚੈਰਟੀ ਸ਼ੋਅ ਕੀਤੇ ਜਾਂਦੇ ਹਨ। ਇਸ ਦਿਨ ਬੰਗਲਾਦੇਸ਼ ਦੇ ਸ਼ਹਿਰ ਢਾਕਾ ਵਿੱਚ ਵੱਖ ਵੱਖ ਥੀਏਟਰ ਗਰੁੱਪਾਂ ਦੀ ਫੈਡਰੇਸ਼ਨ ਵੱਲੋਂ ਵਿਸ਼ੇਸ਼ ਤੌਰ ‘ਤੇ ਮਨਾਇਆ ਜਾਂਦਾ ਹੈ ਜਿਸ ਦੌਰਾਨ 1000 ਦੇ ਕਰੀਬ ਥੀਏਟਰ ਐਕਟਰ ਅਤੇ ਐਕਟਰਸਾਂ ਵੱਲੋਂ ਥੀਏਟਰ ਡਰਾਮਿਆਂ ਦੇ ਕਾਸਟਿਊਮਜ਼ ਵਿੱਚ ਸੱਜ ਕੇ ਇੱਕ ਅਨੋਖੀ ਪਰੇਡ ਕੱਢੀ ਜਾਂਦੀ ਹੈ।
ਅਜੋਕਾ ਪੰਜਾਬੀ ਰੰਗਮੰਚ ਤੇ ਵਿਸ਼ਵ ਰੰਗਮੰਚ ਦਿਵਸ:
ਪੰਜਾਬ ਵਿੱਚ ਵੀ ਵਿਸ਼ਵ ਰੰਗਮੰਚ ਦਿਵਸ ਮਨਾਉਣ ਦੀ ਪਿਰਤ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਰੰਗਮੰਚ ਚੱਲ ਰਹੀ ਹੈ। ਉਥੇ ਵਿਸ਼ਵ ਰੰਗਮੰਚ ਦਿਵਸ ਨੂੰ ਕੇਂਦਰੀ ਪੰਜਾਬੀ ਰੰਗਮੰਚ ਸਭਾ ਵੱਲੋਂ ਹਰ ਸਾਲ ਪੰਜਾਬ ਦੇ ਵੱਖ ਵੱਖ ਕੋਨਿਆਂ ਵਿੱਚ ਮਨਾਇਆ ਜਾਂਦਾ ਹੈ। ਜਿਥੇ ਆਮ ਤੌਰ ‘ਤੇ ਦੋ ਦਿਨ ਤੱਕ ਇਹ ਦਿਵਸ ਮਨਾਇਆ ਜਾਂਦਾ ਹੈ। ਉਥੇ ਸੈਮੀਨਾਰ ਕਰਵਾਏ ਜਾਂਦੇ ਹਨ, ਥੀਏਟਰ ਕਰਮੀਆਂ ਵੱਲੋਂ ਆਪੋ ਆਪਣੇ ਪਹਿਰਾਵਿਆਂ ਵਿੱਚ ਪਰੇਡ ਕੱਢੀ ਜਾਂਦੀ ਹੈ ਅਤੇ ਦੋਵੇਂ ਦਿਨ ਰਾਤ ਨੂੰ ਨਾਟਕ ਖੇਡੇ ਜਾਂਦੇ ਹਨ। ਵੈਸੇ ਪੰਜਾਬੀ ਰੰਗਮੰਚ ਖ਼ੇਤਰ ਵਿੱਚ ਇਸ ਦਿਵਸ ਦਾ ਮਕਸਦ ਭਾਅ ਜੀ ਗੁਰਸ਼ਰਨ ਸਿੰਘ ਵੱਲੋਂ ਨਾਟਕ ਨੂੰ ਲੋਕਾਂ ਦੇ ਚੁਲ੍ਹਿਆਂ ਤੱਕ ਪਹੁੰਚਾ ਕੇ ਲੱਗਭੱਗ ਚਾਰ ਦਹਾਕਿਆਂ ਤੱਕ ਕੀਤਾ ਗਿਆ ਜਿਨ੍ਹਾਂ ਦੀ ਘਾਲਣਾ ਨੂੰ ਇੱਕ ਇਤਿਹਾਸਕ ਕਾਰਜ ਕਹਿਣ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ। ਸ਼ਾਇਦ ਪੰਜਾਬ ਵਿੱਚ ਉਸ ਦਾ ਬਦਲ ਲੱਭਣਾ ਅਸੰਭਵ ਹੈ। ਇਸੇ ਨੂੰ ਮੱਦੇਨਜ਼ਰ ਰੱਖਦੇ ਹੋਏ ਦੁਨੀਆ ਭਰ ਵਿੱਚ ਭਾਅਜੀ ਗੁਰਸ਼ਰਨ ਸਿੰਘ ਹੋਰਾਂ ਦੀ ਬਰਸੀ ਵਾਲੇ ਦਿਨ ਨੂੰ ਵਿਸ਼ਵ ਇਨਕਲਾਬੀ ਰੰਗਮੰਚ ਦਿਵਸ ਮਨਾਉਣ ਦਾ ਫੈਸਲਾ ਪੰਜਾਬ ਵਿੱਚ ਸਰਗਰਮ ਇਨਕਲਾਬੀ ਧਿਰਾਂ ਵੱਲੋਂ ਲਿਆ ਗਿਆ ਸੀ। ਵਿਸ਼ਵ ਰੰਗਮੰਚ ਦਿਵਸ ਮਨਾਉਣ ਦੀ ਕੜੀ ਵਿੱਚ ਪੰਜਾਬ ਵਿੱਚ ਨਾਟਸ਼ਾਲਾ ਅੰਮ੍ਰਿਤਸਰ ਵਰਗਾ ਅੰਤਰਰਾਸ਼ਟਰੀ ਸਹੂਲਤਾਂ ਵਾਲਾ ਅਤੀ ਆਧੁਨਿਕ ਥੀਏਟਰ ਜਿਸ ਨੂੰ ਉਦਯੋਗਪਤੀ ਨਾਟਕਕਾਰ ਜਤਿੰਦਰ ਬਰਾੜ ਨੇ ਖੁਦ ਪੈਸੇ ਲਗਾ ਕੇ 1999 ਦੇ ਵਿਸ਼ਵ ਰੰਗਮੰਚ ਦਿਵਸ ਮੌਕੇ ਲੋਕ-ਪੱਖੀ ਨਾਟਕਕਾਰ ਅਜਮੇਰ ਔਲਖ ਹੱਥੋਂ ਉਦਘਾਟਨ ਕਰਵਾ ਕੇ ਰੰਗਮੰਚ ਨੂੰ ਸਮਰਪਿਤ ਕੀਤਾ ਸੀ। ਬਿਆਸ ਵਿਖੇ ਪੇਂਡੂ ਖੇਤਰ ਵਿੱਚ ਸੀਮਿਤ ਸਹੂਲਤਾਂ ਵਾਲੇ ਓਪਨ ਏਅਰ ਥੀਏਟਰ (ਜਿਸ ਨੂੰ ਰੰਗਮੰਚ ਦੇ ਪ੍ਰਤੀਬੱਧ ਰੰਗਕਰਮੀ ਹੰਸਾ ਸਿੰਘ ਨੇ ਆਪਣੀ ਜ਼ਿੰਦਗ਼ੀ ਭਰ ਦੀ ਕਮਾਈ ਲਾ ਕੇ ਤਿਆਰ ਕੀਤਾ) ਦਾ ਉਦਘਾਟਨ ਵੀ 2002 ਵਿੱਚ ਵਿਸ਼ਵ ਰੰਗਮੰਚ ਵਾਲੇ ਦਿਨ ਹੀ ਕੀਤਾ ਗਿਆ ਸੀ। ਇਸੇ ਤਰ੍ਹਾਂ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਵੱਲੋਂ ਵੀ ਗੁਰਸ਼ਰਨ ਰੰਗਮੰਚ ਤਿਆਰ ਕੀਤਾ ਤੇ ਰੰਗਮੰਚ ਨੂੰ ਸਮਰਪਿਤ ਕੀਤਾ। ਪੰਜਾਬੀ ਰੰਗਮੰਚ ਇਸ ਵੇਲੇ ਆਪਣਾ ਇੱਕ ਨਵਾਂ ਇਤਿਹਾਸ ਸਿਰਜ ਰਿਹਾ ਹੈ। ਕਦੇ ਵੇਲਾ ਸੀ ਜਦ ਅਸੀਂ ਭਾਰਤ ਦੇ ਦੂਜੇ ਸੂਬਿਆਂ ਦੇ ਰੰਗਮੰਚ ਨੂੰ ਸਲਾਹੁੰਦੇ ਹੁੰਦੇ ਸਾਂ ਅਤੇ ਆਪਣੇ ਰੰਗਮੰਚ ਨੂੰ ਉਹਨਾਂ ਨਾਲੋਂ ਨੀਵੇਂ ਪੱਧਰ ਦਾ ਸਮਝਦੇ ਹੁੰਦੇ ਸਾਂ। ਪਰ ਅੱਜ ਆਲਮ ਇਹ ਹੈ ਕਿ ਅਸੀ ਭਾਰਤ ਦੇ ਬਾਰੇ ਸੂਬਿਆਂ ਦੇ ਰੰਗਮੰਚ ਨਾਲੋਂ ਵਧੀਆ ਰੰਗਮੰਚ ਕਰ ਰਹੇ ਹਾਂ। ਅੱਜ ਜਿੰਨੀ ਵਰਾਇਟੀ ਪੰਜਾਬੀ ਰੰਗਮੰਚ ਵਿੱਚ ਹੈ ਉਨੀ ਹੋਰ ਕਿਸੇ ਭਾਸ਼ਾ ਦੇ ਰੰਗਮੰਚ ਵਿੱਚ ਨਹੀਂ। ਅੱਜ ਪੰਜਾਬ ਵਿੱਚ ਯੂਨੀਵਰਸਿਟੀਆਂ ਦੇ ਮੁਕਾਬਲਿਆਂ ਦਾ ਰੰਗਮੰਚ, ਸ਼ਹਿਰਾਂ ਦਾ ਥੀਏਟਰਾਂ ਦਾ ਰੰਗਮੰਚ, ਇਤਿਹਾਸਿਕ ਨਾਟਕਾਂ ਦਾ ਰੰਗਮੰਚ, ਤਰਕਸ਼ੀਲ ਰੰਗਮੰਚ, ਖੱਬੇ ਪੱਖੀ ਰਾਜਨੀਤਕ ਪਾਰਟੀਆਂ ਦਾ ਰੰਗਮੰਚ, ਸਾਖਰਤਾ ਸੰਮਤੀਆਂ ਦਾ ਰੰਗਮੰਚ, ਪੇਂਡੂ ਥੜ੍ਹੇ ਦਾ ਰੰਗਮੰਚ, ਬਾਲ ਰੰਗਮੰਚ, ਨੁੱਕੜ ਨਾਟਕ ਆਦਿ ਸਮੇਤ ਬਹੁਤ ਸਾਰੀ ਵੰਨਗੀ ਹੈ। ਪੰਜਾਬੀ ਰੰਗਮੰਚ ਵਿੱਚ ਓਪੇਰਾ ਥੀਏਟਰ ਦੀ ਬੜੀ ਅਮੀਰ ਪਰੰਪਰਾ ਦਾ ਵਿਰਸਾ ਹੈ ਜਿਸ ਵਿੱਚ ਤੇਰਾ ਸਿੰਘ ਚੰਨ, ਜਗਦੀਸ਼ ਫਰਿਹਾਦੀ, ਜੋਗਿੰਦਰ ਬਾਹਰਲਾ, ਸ਼ੀਲਾ ਭਾਟੀਆ ਆਦਿ ਮਾਣਮੱਤੇ ਹਸਤਾਖ਼ਰ ਹਨ ਜਿੰਨਾਂ ਨੇ ਇਪਟਾ ਲਹਿਰ ਦੀ ਚੜ੍ਹਤ ਵੇਲੇ ਪੰਜਾਬੀ ਰੰਗਮੰਚ ਦਾ ਮਾਣ ਵਧਾਇਆ। ਪੰਜਾਬੀ ਰੰਗਮੰਚ ਵਿੱਚ ਪੰਜਾਬੀ ਰੰਗਮੰਚ ਦੀ ਨੱਕੜ ਦਾਦੀ ਪ੍ਰੇਰਨਾ ਲੈਕੇ ਨਾਟਕ ਲਿਖਣ ਵਾਲੇ ਆਈ ਸੀ ਨੰਦਾ ਤੋਂ ਲੈ ਕੇ ਡਾਲ਼ਗੁਰਦਿਆਲ ਸਿੰਘ ਫੁੱਲ, ਪ੍ਰਿੰਸੀਪਲ ਸੰਤ ਸਿੰਘ ਸੇਖੋਂ, ਡਾਲ਼ ਹਰਚਰਨ ਸਿੰਘ, ਚਰਨ ਦਾਸ ਸਿੱਧੂ,  ਹਰਸਰਨ ਸਿੰਘ, ਭਾਅਜੀ ਗੁਰਸ਼ਰਨ ਸਿੰਘ, ਪ੍ਰੋਲ਼ ਅਜਮੇਰ ਸਿੰਘ ਔਲਖ, ਡਾਲ਼ਆਤਮਜੀਤ, ਦਵਿੰਦਰ ਦਮਨ, ਜਤਿੰਦਰ ਬਰਾੜ, ਡਾਲ਼ ਐੱਸ਼ਐੱਨਲ਼ਸੇਵਕ,  ਅਤੇ ਉਹਨਾਂ ਤੋਂ ਅਗਲੀ ਪੀੜ੍ਹੀ ਕੇਵਲ ਧਾਲੀਵਾਲ, ਪਾਲੀ ਭੁਪਿੰਦਰ ਸਿੰਘ, ਸਾਹਿਬ ਸਿੰਘ, ਸੋਮਪਾਲ, ਨਿਰਮਲ ਜੋੜਾ, ਜਗਦੀਸ਼ ਸੱਚਦੇਵਾ, ਸਵਰਾਜਬੀਰ, ਤ੍ਰੈਲੋਚਨ ਸਿੰਘ ਆਦਿ ਜਿਹੇ ਨਾਟਕਕਾਰ ਹਨ ਜਿਨ੍ਹਾਂ ਦੀਆਂ ਸਕ੍ਰਿਪਟਾਂ ਦਾ ਮੰਚਣ ਦੇਸ਼ ਵਿਦੇਸ਼ ਵਿੱਚ ਅਕਸਰ ਹੁੰਦਾ ਰਹਿੰਦਾ ਹੈ। ਹੋਰ ਤਾਂ ਹੋਰ ਹਿੰਦੁਸਤਾਨ ਤੋਂ ਬਾਹਰ ਅਮਰੀਕਾ, ਕੈਨੇਡਾ, ਇੰਗਲੈਂਡ ਆਦਿ ਦੇਸ਼ਾਂ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਪੰਜਾਬੀ ਰੰਗਮੰਚ ਕੀਤਾ ਜਾ ਰਿਹਾ ਹੈ। ਇਹਨਾਂ ਮੁਲਕਾਂ ਵਿੱਚ ਬਹੁਤ ਸਾਰੇ ਸਿਰੜੀ ਰੰਗਕਰਮੀ ਆਪਣੇ ਪਰਿਵਾਰ ਦੇ ਹਿੱਸੇ ਦਾ ਸਮਾ੬ ਰੰਗਮੰਚ ਨੂੰ ਦੇਕੇ ਆਪਣਾ ਸਿਰੜ ਪਾਲ ਰਹੇ ਹਨ।
ਕੈਨੇਡੀਅਨ ਪੰਜਾਬੀ ਰੰਗਮੰਚ :
ਕੈਨੇਡਾ ਦੀ ਗੱਲ ਕਰੀਏ ਤਾਂ ਇਥੇ ਵੀ ਬਹੁਤ ਸਾਰੇ ਨਵੇਂ ਨਾਟਕ ਸਿਰਜੇ ਜਾ ਰਹੇ ਹਨ। ਸ਼ੁਰੂਆਤੀ ਦੌਰ ਵਿੱਚ ਸੁਖਵੰਤ ਹੁੰਦਲ, ਸਾਧੂ ਬਿਨਿੰਗ, ਅਮਨਪਾਲ ਸਾਰਾ, ਅਜਮੇਰ ਰੋਡੇ, ਰਵਿੰਦਰ ਰਵੀ, ਕਿਰਪਾਲ ਕੰਵਲ, ਆਦਿ ਰੰਗਕਰਮੀ/ਨਾਟਕਕਾਰਾਂ  ਨੇ ਬਹੁਤ ਵਧੀਆ ਨਾਟਕ ਕੈਨੇਡਾ ਦੇ ਪੰਜਾਬੀ ਰੰਗਮੰਚ ਨੂੰ ਦਿੱਤੇ  ਪਰ ਇਹਨਾਂ ਵਿੱਚੋਂ ਲੱਗਭੱਗ ਸਾਰੇ ਨਹੀਂ ਤਾਂ ਬਹੁਤੇ ਹਿੰਦੁਸਤਾਨ ਦੀਆਂ ਹਾਲਤਾਂ ਤੇ ਵਿਸ਼ਿਆਂ ਨਾਲ ਹੀ ਸੰਬੰਧਿਤ ਸਨ। ਵਰਤਮਾਨ ਸਮੇਂ ਜਸਪਾਲ ਢਿਲੋਂ, ਪਰਮਜੀਤ ਗਿੱਲ, ਹੀਰਾ ਰੰਧਾਵਾ, ਕਲਵਿੰਦਰ ਖੈਹਰਾ, ਰਾਜ ਕੈਲਗਰੀ, ਉਂਕਾਰਪ੍ਰੀਤ, ਪਰਮਿੰਦਰ ਸਵੈਚ, ਨਾਹਰ ਔਜਲਾ, ਗੁਰਚਰਨ ਆਦਿ ਜਿਹੇ ਰੰਗਕਰਮੀ ਇਸ ਧਰਤੀ ‘ਤੇ ਨਵੇਂ ਨਾਟਕ ਸਿਰਜ ਅਤੇ ਖੇਡ ਰਹੇ ਹਨ। ਪੰਜਾਬੀ ਰੰਗਮੰਚ ਦੇ ਨਾਮਵਾਰ ਨਾਟਕਕਾਰ ਤੇ ਨਿਰਦੇਸ਼ਕ ਜਿਵੇਂ ਡਾਲ਼ ਆਤਮਜੀਤ, ਡਾਲ਼ ਹਰਚਰਨ ਸਿੰਘ, ਭਾਅਜੀ ਗੁਰਸ਼ਰਨ ਸਿੰਘ, ਹੰਸਾ ਸਿੰਘ, ਲੋਕ ਕਲਾ ਮੰਚ ਮੁਲਾਂਪੁਰ, ਅਨੀਤਾ, ਹਰਦੀਪ ਗਿੱਲ, ਕੇਵਲ ਧਾਲੀਵਾਲ, ਸੈਮੂਅਲ ਜੌਨ, ਤਰਲੋਚਨ ਮਾਛੀਵਾੜਾ, ਪਾਲੀ ਭੁਪਿੰਦਰ ਸਿੰਘ, ਆਦਿ ਸਮੇਂ ਸਮੇਂ ਇਥੋਂ ਦੀਆਂ ਸੰਸਥਾਵਾਂ ਵੱਲੋਂ ਨਾਟਕ ਤਿਆਰ ਕਰਨ ਲਈ ਬੁਲਾਏ ਜਾਂਦੇ ਰਹੇ ਹਨ। ਦਿਨ ਰਾਤ ਦੀ ਰੁਝੇਵੇਂ ਭਰੀ ਜ਼ਿੰਦਗ਼ੀ ਵਿੱਚ ਆਪਣੇ ਪਰਿਵਾਰ ਦੇ ਹਿੱਸੇ ਦੇ ਸਮੇਂ ਵਿੱਚੋਂ ਸਮਾਂ ਕੱਢ ਕੇ ਇਸ ਕਲਾ ਨਾਲ ਬਿਨਾਂ ਕਿਸੇ ਮੁਆਵਜ਼ੇ ਤੋਂ ਸ਼ੌਕੀਆ ਜੁੜ ਕੇ ਪੰਜਾਬੀ ਰੰਗਮੰਚ ਦਾ ਸ਼ਮਲਾ ਹੋਰ ਉੱਚਾ ਚੁੱਕ ਰਹੇ ਹਨ। ਇਸ ਦੇ ਨਾਲ ਹੀ ਦੇਸ਼ ਵਿਦੇਸ਼ ਦੀਆਂ ਕੁਝ ਵਰਤਮਾਨ ਹਾਲਾਤਾਂ ‘ਤੇ ਮਜ਼ਾਹੀਆ ਘਟਨਾਵਾਂ ਦੇ ਟੋਟਕਿਆਂ ਨੂੰ ਜੋੜਕੇ, ਉਸ ਨੂੰ ਨਾਟਕ ਬਣਾ, ਕਾਮੇਡੀ ਦੇ ਰੂਪ ਵਿੱਚ ਕੈਨੇਡਾ ਵਿੱਚ ਕਮਰਸ਼ੀਅਲ ਪੱਧਰ ‘ਤੇ ਪੇਸ਼ ਕੀਤਾ ਜਾ ਰਿਹਾ ਹੈ ਅਤੇ ਪ੍ਰਮੋਟਰਾਂ ਵੱਲੋਂ ਚੰਗੇ ਪੈਸੇ ਬਣਾਏ ਜਾ ਰਹੇ ਹਨ। ਅੱਜ ਜੇ ਮੋਟੇ ਤੌਰ ‘ਤੇ ਕਹਿਣਾ ਹੋਵੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਜਿੰਨੀ ਵੱਡੀ ਗਿਣਤੀ ਵਿੱਚ ਪੰਜਾਬੀ ਦਾ ਰੰਗਮੰਚ ਇਸ ਵੇਲੇ ਟੋਰਾਂਟੋ ਮਹਾਂਨਗਰ ਦੇ ਸ਼ਹਿਰਾਂ ਵਿੱਚ ਹੋ ਰਿਹਾ ਹੈ ਉਨ੍ਹਾਂ ਪੰਜਾਬ ਤੋਂ ਬਾਹਰ ਵਿਦੇਸ਼ਾਂ ਵਿਚਲੇ ਸ਼ਹਿਰਾਂ ਵਿੱਚ ਕਿਤੇ ਵੀ ਨਹੀਂ ਹੋ ਰਿਹਾ ਜਿਸ ‘ਤੇ ਇਥੋਂ ਦੇ ਰੰਗਕਰਮੀ ਮਾਣ ਕਰ ਸਕਦੇ ਹਨ। ਪੰਜਾਬੀ ਰੰਗਮੰਚ ਦੇ ਨਾਮਵਰ ਹਸਤਾਖ਼ਰ ਇਸ ਖ਼ਿੱਤੇ ਵਿੱਚ ਰਹਿੰਦੇ ਹਨ। ਕੈਨੇਡਾ ਦੇ ਪੰਜਾਬੀ ਰੰਗਮੰਚ ਦੇ ਖੇਤਰ ਵਿੱਚ ਇਸ ਵੇਲੇ ਜੋ ਤਜਰਬੇ ਕੀਤੇ ਜਾ ਰਹੇ ਹਨ ਅਤੇ ਜਿਸ ਤਰ੍ਹਾਂ ਅਧੁਨਿਕ ਤਕਨੀਕਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਉਹਨਾਂ ਤੋਂ ਲੱਗਦਾ ਹੈ ਕਿ ਪੰਜਾਬੀ ਰੰਗਮੰਚ ਦਾ ਭਵਿੱਖ ਕਾਫ਼ੀ ਰੋਸ਼ਨ ਹੈ।
ਕੈਨੇਡਾ ‘ਚ ਵਿਸ਼ਵ ਰੰਗਮੰਚ ਦਿਵਸ :
ਕੈਨੇਡਾ ਵਿੱਚ ਵੀ ਹੁਣ ਵਿਸ਼ਵ ਰੰਗਮੰਚ ਵੱਖ ਵੱਖ ਹਿੱਸਿਆਂ ਵਿੱਚ ਮਨਾਇਆ ਜਾਣ ਲੱਗ ਪਿਆ ਹੈ। ਟੋਰਾਂਟੋ ਇਲਾਕੇ ਵਿੱਚ ‘ਹੈਟਸ-ਅੱਪ’ ਸੰਸਥਾ ਵੱਲੋਂ ਇਹ ਦਿਵਸ ਵੱਡੀ ਪੱਧਰ ‘ਤੇ ਮਨਾਇਆ ਜਾਂਦਾ ਹੈ। ਹਰ ਸਾਲ ਜਿਥੇ ਨਾਟਕਾਂ ਦੀ ਪੇਸ਼ਕਾਰੀ ਕੀਤੀ ਜਾਂਦੀ ਹੈ ਉਥੇ ਕਿਸੇ ਨਾ ਕਿਸੇ ਥੀਏਟਰ ਦੀ ਨਾਮਵਰ ਸ਼ਖ਼ਸ਼ੀਅਤ ਨੂੰ ਗੁਰਸ਼ਰਨ ਸਿੰਘ ਯਾਦਗਾਰੀ ਸਨਮਾਨ ਦੇ ਸਨਮਾਨਿਤ ਕੀਤਾ ਜਾਂਦਾ ਹੈ। ਇਸ ਸਾਲ ਵੀ 58ਵੇਂ ਵਿਸ਼ਵ ਰੰਗਮੰਚ ਦਿਵਸ ਇੱਕ ਵੱਡਾ ਸਮਾਗਮ ਬਰੈਂਪਟਨ ਵਿਚਲੇ ਬਰੈਮਲੀ ਸਿਟੀ ਸੈਂਟਰ ਵਿਖੇ ਸਥਿੱਤ ਲੈਸਟਰ ਬੀ ਪੀਅਰਸਨ ਥੀਏਟਰ ਵਿੱਚ ਕੀਤਾ ਜਾ ਰਿਹਾ ਹੈ। ਇਹ ਸਮਾਗਮ ਫਿਲਮੀ ਤੇ ਰੰਗਮੰਚ ਸਖ਼ਸ਼ੀਅਤ ਸ੍ਰੀ ਓਮ ਪੁਰੀ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ ਜਿਸ ਵਿੱਚ ਦੋ ਨਾਟਕ ਖੇਡੇ ਜਾਣੇ ਹਨ। ਪਹਿਲਾ ਨਾਟਕ ਪਾਲੀ ਭੁਪਿੰਦਰ ਦਾ ਲਿਖਿਆ ‘ਇੱਕ ਸੁਪਨੇ ਦਾ ਪੁਲੀਟੀਕਲ ਮਰਡਰ’ ਪੰਜਾਬੀ ਆਰਟਸ ਐਸੋਸੀਏਸ਼ਨ ਵੱਲੋਂ ਬਲਜਿੰਦਰ ਲੇਲਨਾਂ ਦੀ ਨਿਰਦੇਸ਼ਨਾਂ ਹੇਠ ਖ਼ੇਡਿਆ ਜਾਵੇਗਾ। ਦੂਸਰਾ ਨਾਟਕ ਹੈਟਸ-ਅੱਪ ਦੀ ਟੀਮ ਵੱਲੋਂ ਸਰਵਮੀਤ ਦੀ ਕਹਾਣੀ ਕਲਾਣ ‘ਤੇ ਅਧਾਰਿਤ ਭਾਅਜੀ ਗੁਰਸ਼ਰਨ ਸਿੰਘ ਦਾ ਲਿਖਿਆ ਨਾਟਕ ‘ਨਵਾਂ ਜਨਮ’ ਹੀਰਾ ਰੰਧਾਵਾ ਦੀ ਨਿਰਦੇਸ਼ਨਾਂ ਹੇਠ ਖ਼ੇਡਿਆ ਜਾਵੇਗਾ।

Check Also

ਹੈਰਾਨੀਜਨਕ ਮਾਮਲਾ

ਪਤੀ-ਪਤਨੀ ਮਿਲ ਕੇ ਪੀ ਗਏ 1 ਕਰੋੜ ਦਾ ਨਸ਼ਾ ਗਰਭ ਕਾਲ ਦੀ ਪੀੜ ਖਤਮ ਕਰਨ …