Breaking News
Home / ਨਜ਼ਰੀਆ / ਵਿਗਿਆਨਕ ਅਤੇ ਵਾਤਾਵਰਣੀ ਸਾਹਿਤ ਦੇ ਰਚੇਤਾ ਡਾ.ਡੀ. ਪੀ. ਸਿੰਘ ਨਾਲ ਇਕ ਖਾਸ ਮੁਲਾਕਾਤ

ਵਿਗਿਆਨਕ ਅਤੇ ਵਾਤਾਵਰਣੀ ਸਾਹਿਤ ਦੇ ਰਚੇਤਾ ਡਾ.ਡੀ. ਪੀ. ਸਿੰਘ ਨਾਲ ਇਕ ਖਾਸ ਮੁਲਾਕਾਤ

(ਆਖਰੀ ਕਿਸ਼ਤ)
ਜੇ ਕੁਝ ਹੱਥ ਵਾਤਾਵਰਣ ਉਜਾੜ ਰਹੇ ਹਨ ਤਾਂ ਸੈਂਕੜੇ ਹੱਥ ਸੰਵਾਰਨ ਵਿਚ ਵੀ ਜੁਟੇ ਹਨ : ਡਾ. ਡੀ.ਪੀ. ਸਿੰਘ
ਮੁਲਾਕਾਤ ਕਰਤਾ
ਸ਼੍ਰੀਮਤੀ ਮੀਨਾ ਸ਼ਰਮਾ
ਪੰਜਾਬ ਯੂਨੀਵਰਸਿਟੀ ਐਸ. ਐਸ.ਜੀ. ਰਿਜ਼ਨਲ ਸੈਂਟਰ, ਹੁਸ਼ਿਆਰਪੁਰ
ਮੀਨਾ ਸ਼ਰਮਾ:ਪਾਠਕਾਂ ਦਾ ਇਸ਼ਕ ਕਿਤਾਬਾਂ ਨਾਲੋਂ ਘੱਟ ਕੇ ઠਸ਼ੋਸ਼ਲ ਮੀਡੀਆ ਨਾਲ ਵੱਧ ਰਿਹਾ ਹੈ। ਪਾਠਕਾਂ ਨੂੰ ਕਿਤਾਬਾਂ ਵੱਲ ਮੋੜਣ ਲਈ ਕੋਈ ਹੱਲ?
ਡਾ. ਸਿੰਘ: ਪਾਠਕਾਂ ਨੂੰ ਕਿਤਾਬਾਂ ਨਾਲ ਜੋੜਣ ਲਈ ਅਜੋਕੇ ਸਮੇਂ ਦੀਆਂ ਗਿਆਨ ਸੰਬੰਧਤ ਲੋੜਾਂ ਦੀ ਪੂਰਤੀ ਵਾਲੀਆਂ ਕਿਤਾਬਾਂ ਦੀ ਆਮ ਉਪਲਬਧੀ ਜ਼ਰੂਰੀ ਹੈ। ਗੁਣਤਾ ਵਾਲੇ ਸਾਹਿਤ ਦੀ ਲੋੜ ਹੈ। ਲਾਇਬ੍ਰੇਰੀ ਕਲਚਰ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ। ਬੱਚਿਆਂ ਨੂੰ ਸਾਹਿਤਕ ਚੇਟਕ ਲਾਉਣ ਲਈ ਹਰ ਸਕੂਲ ਦੇ ਟਾਇਮ ਟੇਬਲ ਵਿਚ ਇਕ ਪੀਰੀਅਡ ਲਾਇਬ੍ਰੇਰੀ ਲਈ ਰਾਖਵਾਂ ਹੋਣਾ ਚਾਹੀਦਾ ਹੈ। ਅੱਜ ਸਾਡੀਆਂ ਲਾਇਬ੍ਰੇਰੀਆਂ ਸਮੇਂ ਦੇ ਹਾਣ ਦੀਆਂ ਨਹੀਂ ਰਹੀਆਂ। ਆਮ ਕਰਕੇ ਸਾਡੀਆਂ ਲਾਇਬ੍ਰੇਰੀਆਂ ਵਿਚ ਕਿਤਾਬਾਂ ਤਾਲੇ ਬੰਦ ਅਲਮਾਰੀਆਂ ਵਿਚ ਰੱਖੀਆਂ ਜਾਂਦੀਆਂ ਹਨ। ਲਾਇਬ੍ਰੇਰੀ ਤੋਂ ਕਿਤਾਬ ਲੈਣ ਲਈ ਲਾਇਬ੍ਰੇਰੀ ਦੇ ਸਟਾਫ ਦੀ ਮਿਹਰਬਾਨੀ ਉੱਤੇ ਨਿਰਭਰ ਕਰਨਾ ਪੈਂਦਾ ਹੈ ਜੋ ਆਪਣੇ ਆਪ ਵਿਚ ਮਨ-ਅਕਾਊ ਕ੍ਰਿਆ ਹੈ। ਲਾਇਬ੍ਰੇਰੀ ਸਟਾਫ ਵਿਚ ਕਿਤਾਬੀ ਕਲਚਰ ਨੂੰ ਉਤਸ਼ਾਹਿਤ ਕਰਨ ਦੀ ਵੱਡੀ ਘਾਟ ਦੇਖੀ ਜਾ ਰਹੀ ਹੈ। ਬਹੁਤ ਲਾਇਬ੍ਰੇਰੀਆਂ ਵਿਚ ਕਿਤਾਬਾਂ ਦੀ ਘਾਟ ਹੈ, ਬਹੁਤ ਜਗ੍ਹਾ ਕਾਫੀ ਪੁਰਾਣੀਆਂ ਕਿਤਾਬਾਂ ਹੀ ਉਪਲਬਧ ਹਨ, ਸਮੇਂ ਦੀ ਲੋੜ/ਉਨੱਤੀ ਮੁਤਾਬਕ ਨਵੇਂ ਗਿਆਨ ਦੀਆਂ ਕਿਤਾਬਾਂ ਉਪਲਬਧ ਹੀ ਨਹੀਂ ਹਨ। ਮੈਂ ਤਾਂ ਕੁਝ ਕੁ ਲਾਇਬਰੇਰੀਆਂ ਵਿਚ ਕਿਤਾਬਾਂ ਘੱਟੇ-ਮਿੱਟੀ ਦੀ ਪਰਤ ਹੇਠ ਵੀ ਦੱਬੀਆਂ ਦੇਖੀਆਂ ਹਨ। ਮਾਇਟਸ ਅਤੇ ਡਸਟ ਅਲਰਜੀ ਦੇ ਡਰੋਂ ਜਿਨ੍ਹਾਂ ਨੂੰ ਹੱਥ ਲਾਉਣ ਤੋਂ ਵੀ ਮਨ ਗੁਰੇਜ਼ ਕਰਦਾ ਹੈ।ઠ
ਅੱਜ ਲਾਇਬ੍ਰੇਰੀਆਂ ਨੂੰ ਨਵੀਂ ਦਿੱਖ ਪ੍ਰਦਾਨ ਕਰਨ ਦੀ ਵੱਡੀ ਲੋੜ ਹੈ। ਲਾਇਬ੍ਰੇਰੀ ਸਟਾਫ ਵਿਚ ਪਾਠਕ-ਸਹੂਲੀਅਤ ਕੇਂਦਿਰਤ ਦ੍ਰਿਸ਼ਟੀਕੋਣ ਪੈਦਾ ਕਰਨ ਲਈ ਲੋੜ ਹੈ। ਲਾਇਬ੍ਰੇਰੀ ਵਿਚ ਪਾਠਕਾਂ ਦੇ ਅਰਾਮ ਨਾਲ ਬੈਠ ਕੇ ਪੜ੍ਹ ਸਕਣ ਦੀਆਂ ਸੁਵਿਧਾਵਾਂ ਮੁਹਈਆ ਕਰਨ ਦੀ ਲੋੜ ਹੈ। ਸੁਖਾਵਾਂ ਅਤੇ ਖੁਸ਼ਨੁਮਾ ਮਾਹੌਲ ਸਿਰਜਣ ਦੀ ਲੋੜ ਹੈ। ਓਪਨ-ਸ਼ੈਲਫ ਸਿਸਟਮ ਅਪਨਾਉਣ ਦੀ ਲੋੜ ਹੈ ਤਾਂ ਜੋ ਕੋਈ ਵੀ ਪਾਠਕ ਆਪਣੇ ਮਨਪਸੰਦ ਦੀ ਕਿਤਾਬ ਚੁਨਣ ਲਈ ਲਾਇਬਰੇਰੀ ਸਟਾਫ ਦੀ ਮਿਹਰਬਾਨੀ ਦਾ ਮੁਥਾਜ ਨਾ ਰਹੇ।ઠ
ਆਉ ਦੇਖੀਏ ਕਿ ਪੱਛਮੀ ਦੇਸ਼ਾਂ ਨੇ ਪਾਠਕ ਨੂੰ ਕਿਤਾਬਾਂ ਨਾਲ ਜੋੜਣ ਲਈ ਕਿਹੋ ਜਿਹੇ ਪ੍ਰਬੰਧ ਕੀਤੇ ਹਨ। ਪੱਛਮੀ ਦੇਸ਼ਾਂ ਦੀਆਂ ਲਾਇਬ੍ਰੇਰੀਆਂ ਵਿਚ, ਕਿਸੇ ਵੀ ਲਾਇਬ੍ਰੇਰੀ ਦੀ ਮੈਂਬਰਸ਼ਿਪ ਲੈਣ ਲਈ ਕੋਈ ਸਿਕਿਓਰਟੀ ਫੀਸ ਜਮਾਂ ਨਹੀਂ ਕਰਵਾਉਣੀ ਪੈਂਦੀ। ਸਿਰਫ਼ ਸ਼ਨਾਖਤੀ ਕਾਰਡ ਦਿਖਾਣ ਨਾਲ ਮੈਂਬਰਸ਼ਿਪ ਮਿਲ ਜਾਂਦੀ ਹੈ। ਜਿਸ ਨਾਲ ਸ਼ਹਿਰ ਦੀ ਹਰ ਲਾਇਬ੍ਰੇਰੀ ਦੀ ਸੁਵਿਧਾ ਉਪਲਬਧ ਹੋ ਜਾਂਦੀ ਹੈ। ਇਥੇ ਓਪਨ-ਸ਼ੈਲਫ ਸਿਸਟਮ ਦੇ ਨਾਲ ਨਾਲ ਖੁਦ ਕਿਤਾਬ ਇਸ਼ੂ ਕਰਨ ਦੀ ਸੁਵਿਧਾ ਵੀ ਹੈ। ਇੱਕੀ ਦਿਨਾਂ ਲਈ ਕਿਤਾਬ ਇਸ਼ੂ ਕੀਤੀ ਜਾਂਦੀ ਹੈ। ਜੇ ਹੋਰ ਵਧੇਰੇ ਸਮੇਂ ਲਈ ਉਸੇ ਕਿਤਾਬ ਦੀ ਲੋੜ ਹੈ ਤਾਂ ਘਰ ਬੈਠੇ ਬਿਠਾਏ ਇੰਟਰਨੈੱਟ ਜ਼ਰੀਏ ਅਗਲੇ ਇੱਕੀ ਦਿਨਾਂ ਲਈ ਇਹ ਕਿਤਾਬ ਰਿਨਿਊ ਕਰ ਸਕਣ ਦੀ ਸੁਵਿਧਾ ਹੈ। ਜੇ ਕਿਸੇ ਹੋਰ ਪਾਠਕ ਨੂੰ ਇਸ ਕਿਤਾਬ ਦੀ ਲੋੜ ਨਹੀਂ ਤਾਂ ਇਹੋ ਕਿਤਾਬ ਘੱਟੋ ਘੱਟ ਪੰਜ ਵਾਰ ਇੱਕੀ ਇੱਕੀ ਦਿਨਾਂ ਲਈ ਇਸ਼ੂ ਕੀਤੀ ਜਾ ਸਕਦੀ ਹੈ। ਜੇ ਕਿਤਾਬ ਕਿਸੇ ਹੋਰ ਨੂੰ ਚਾਹੀਦੀ ਹੈ ਤਾਂ ਉਸ ਦੀ ਜਾਣਕਾਰੀ ਵੀ ਰਿਨਿਊ ਕਰਨ ਸਮੇਂ ਮੈਂਬਰ (ਪਾਠਕ) ਦੀ ਕੰਪਿਊਟਰ ਸਕਰੀਨ ਉੱਤੇ ਆ ਜਾਂਦੀ ਹੈ ਤਦ ਕਿਤਾਬ ਰਿਨਿਊ ਨਹੀਂ ਕੀਤੀ ਜਾ ਸਕਦੀ। ਪੂਰੇ ਸ਼ਹਿਰ ਦੀਆਂ ਲਾਇਬ੍ਰੇਰੀਆਂ ઠਇੰਟਰਨੈੱਟ ਰਾਹੀਂ ਜੁੜੀਆਂ ਹੁੰਦੀਆਂ ਹਨ। ਤੁਸੀਂ ਕਿਸੇ ਵੀ ਲਾਇਬ੍ਰੇਰੀ ਤੋਂ ਇਸ਼ੂ ਕਰਵਾਈ ਕਿਤਾਬ ਕਿਸੇ ਵੀ ਹੋਰ ਲਾਇਬ੍ਰੇਰੀ ਵਿਚ ਵਾਪਸ ਕਰ ਸਕਦੇ ਹੋ। ਕਿਤਾਬ ਵਾਪਸ ਕਰਨ ਸਮੇਂ ਲਾਇਬ੍ਰੇਰੀ ઠਅੰਦਰ ਜਾਣ ਦੀ ਵੀ ਲੋੜ ਨਹੀਂ, ਤੁਸੀਂ ਇਹ ਕਿਤਾਬ ਲਾਇਬ੍ਰੇਰੀ ਦੀ ਬਾਹਰਲੀ ਕੰਧ ਵਿਚ ਬਣਾਏ ਸੁਰਾਖ ਰਾਹੀਂ ਸਬਮਿਟ ਕਰ ਸਕਦੇ ਹੋ। ਅਜਿਹਾ ਕਰਨ ਲਈ ਕਿਸੇ ਵੀ ਲਾਇਬਰੇਰੀ ਸਟਾਫ ਦੀ ਮਦਦ ਦੀ ਲੋੜ ਨਹੀਂ ਪੈਂਦੀ।ઠ
ਲਾਇਬ੍ਰੇਰੀ ਸਟਾਫ਼ ਵਲੋਂ ਹਰ ਹਫਤੇ, ਕਿਸੇ ਨਾ ਕਿਸੇ ਵਿਸ਼ੇ ਸੰਬੰਧਤ, ਚੋਣਵੀਆਂ ਪੁਸਤਕਾਂ ਡਿਸਪਲੇ ਉੱਤੇ ਰੱਖੀਆਂ ਜਾਂਦੀਆਂ ਹਨ ਤਾਂ ਜੋ ਪਾਠਕਾਂ ਨੂੰ ਵਿਸ਼ੇ ਸੰਬੰਧਤ ਪੁਸਤਕ ਚੋਣ ਵਿਚ ਸੁਵਿਧਾ ਮਿਲ ਸਕੇ। ਇਹ ਇਕ ਚੰਗੀ ਰਿਵਾਇਤ ਹੈ। ਲਾਇਬ੍ਰੇਰੀ ਵਿਚ ਮਹੀਨੇ ਦੇ ਇਕ ਖਾਸ ਦਿਨ ਪਾਠਕਾਂ ਦੀ ਸਥਾਨਕ ਲੇਖਕਾਂ ਨਾਲ ਰੁਬਰੂ ਦਾ ਆਯੋਜਨ ਕੀਤਾ ਜਾਂਦਾ ਹੈ। ਫਰੈਂਡਜ਼ ਆਫ਼ ਲਾਇਬ੍ਰੇਰੀ ਪ੍ਰੋਗਰਾਮ ਤਹਿਤ ਸਸਤੇ ਭਾਅ ਉੱਤੇ ਕਿਤਾਬਾਂ ਪਾਠਕਾਂ ਦੀ ਖਰੀਦਦਾਰੀ ਲਈ ਮੁਹਈਆਂ ਕਰਵਾਈਆਂ ਜਾਂਦੀਆਂ ਹਨ। ਹਰ ਵਿਸ਼ੇ ਦੀ ਲੇਟੇਸਟ ਕਿਤਾਬ ਲਾਇਬਰੇਰੀ ਵਿਚ ਉਪਬਧ ਹੋਣ ਦਾ ਪ੍ਰਬੰਧ ਹੁੰਦਾ ਹੈ। ਜੇ ਕਿਸੇ ਪਾਠਕ ਨੂੰ ਕੋਈ ਖਾਸ ਕਿਤਾਬ ਚਾਹੀਦੀ ਹੈ ਤੇ ਉਹ ਲਾਇਬਰੇਰੀ ਵਿਚ ਉਪਲਬਧ ਨਹੀਂ ਤਾਂ, ਪਾਠਕ ਦੀ ਬੇਨਤੀ ਉੱਤੇ ਤੁਰੰਤ ਹੀ ਸ਼ਹਿਰ ਦੀ ਹਰ ਲਾਇਬ੍ਰੇਰੀ ਵਿਚ ਇਸ ਕਿਤਾਬ ਦੀ ਮੌਜੂਦਗੀ ਚੈੱਕ ਕਰਕੇ, ਜਿਸ ਵੀ ਲਾਇਬਰੇਰੀ ਵਿਚ ਇਹ ਕਿਤਾਬ ਮੌਜੂਦ ਹੈ, ਉਥੋਂ ਮੰਗਵਾਉਣ ਦਾ ਪ੍ਰਬੰਧ ਕਰ ਕੇ, ਪਾਠਕ ਨੂੰ ਮੁਹਈਆ ਕਰਵਾਈ ਜਾਂਦੀ ਹੈ। ਜੇ ਉਹ ਕਿਤਾਬ ਸ਼ਹਿਰ ਦੀ ਕਿਸੇ ਵੀ ਲਾਇਬ੍ਰੇਰੀ ਵਿਚ ਉਲਪਬਧ ਨਹੀਂ ਤਾਂ ਉਸ ਕਿਤਾਬ ਦੀ ਤੁਰੰਤ ਖਰੀਦ ਦਾ ਇੰਤਜ਼ਾਮ ਕੀਤਾ ਜਾਂਦਾ ਹੈ। ਕਿਸੇ ਵੀ ਕਿਤਾਬ ‘ਚੋਂ ਲੋੜੀਂਦਾ ਮੈਟੀਰੀਅਲ ਫੋਟੋ ਕਾਪੀ ਕਰਨ ਲਈ, ਮਾਮੂਲੀ ਕੀਮਤ ਉੱਤੇ ਫੋਟੋ ਕਾਪੀ ਕਰਨ ਦੀ ਸੁਵਿਧਾ ਵੀ ਉਪਲਬਧ ਹੁੰਦੀ ਹੈ। ਆਪਣੀ ਮਨਪਸੰਦ ਕਿਤਾਬ ਦੀ ਲਾਇਬ੍ਰੇਰੀ ਵਿਚ ਉਪਲਬਧੀ ਜਾਂਚਣ ਲਈ, ਲਾਇਬ੍ਰੇਰੀ-ਕੈਟਾਲੋਗ ਕੰਪਿਊਟਰ ਦੇ ਜ਼ਰੀਏ ਉਪਲਬਧ ਹੁੰਦਾ ਹੈ। ਜਿਸ ਦੀ ਮਦਦ ਨਾਲ ਪਾਠਕ ਖੁੱਦ ਸ਼ਹਿਰ ਦੀ ਕਿਸੇ ਵੀ ਲਾਇਬ੍ਰੇਰੀ ਵਿਚ ਲੋੜੀਂਦੀ ਕਿਤਾਬ ਦੀ ਉਪਲਬਧੀ ਬਾਰੇ ਜਾਣ ਸਕਦਾ ਹੈ। ਸ਼ਹਿਰ ਦੇ ਵਿਭਿੰਨ ਸ਼ਾਪਿੰਗ ਸੈਂਟਰਾਂ ਵਿਖੇ ਵੀ ਕਿਤਾਬਾਂ ਖਰੀਦਣ ਦੀ ਸੁਵਿਧਾ ਉਪਲਬਧ ਹੁੰਦੀ ਹੈ। ਕਿਤਾਬਾਂ ਵੇਚਣ ਵਾਲੀਆਂ ਦੁਕਾਨਾਂ ਵਿਚ ਜਿਥੇ ਵਿਸ਼ਾ ਵਿਭਿੰਨਤਾ ਦੀ ਭਰਮਾਰ ਹੁੰਦੀ ਹੈ ਉਥੇ ਦੁਕਾਨ ਵਿਚ ਹੀ ਬੈਠ ਮਨਮਰਜ਼ੀ ਦੀ ਕਿਤਾਬ ਪੜ੍ਹਣ ਦੀ ਵੀ ਸੁਵਿਧਾ ਹੁੰਦੀ ਹੈ। ਕਿਤਾਬ ਪੜ੍ਹਦਿਆਂ ਚਾਹ/ਕੌਫੀ ਦੀ ਇੱਛਾ ਪੂਰਤੀ ਲਈ ਉਚਤ ਪ੍ਰਬੰਧ ਵੀ ਮੌਜੂਦ ਹੁੰਦੇ ਹਨ। ਇੰਝ ਲਾਇਬ੍ਰੇਰੀ ਜਗਤ ਪੱਛਮ ਦੇ ਪਾਠਕ ਨੂੰ ਕਿਤਾਬੀ ਸੰਸਾਰ ਨਾਲ ਜੋੜੇ ਰੱਖਣ ਵਿਚ ਕਾਫੀ ਹੱਦ ਤਕ ਸਫਲ ਰਿਹਾ ਹੈ/ਯਤਨਸ਼ੀਲ ਹੈ। ਸਪਸ਼ਟ ਹੈ ਕਿ ਉਪਰੋਕਤ ਲੀਹਾਂ ਉੱਤੇ ਚਲ ਕੇ ਅਸੀਂ ਵੀ ਪੰਜਾਬੀ ਜਗਤ ਨੂੰ ਕਿਤਾਬੀ ਸੰਸਾਰ ਨਾਲ ਜੋੜਣ ਦੇ ਸਮਰਥ ਹੋ ਸਕਦੇ ਹਾਂ।
ਮੀਨਾ ਸ਼ਰਮਾ: ਇੱਕੀਵੀਂ ਸਦੀ (ਖਾਸ ਕਰ ਦੂਜੇ ਦਹਾਕੇ) ਦੇ ਲੇਖਕਾਂ ਨੂੰ ਆਪ ਵਾਤਾਵਰਣ ਦੇ ਸੰਦਰਭ ਵਿਚ ਕੀ ਸੰਦੇਸ਼ ਦੇਣਾ ਚਾਹੁੰਦੇ ਹੋ?
ਡਾ. ਸਿੰਘ : ਇੱਕੀਵੀਂ ਸਦੀ (ਖਾਸ ਕਰ ਦੂਜੇ ਦਹਾਕੇ) ਦੇ ਲੇਖਕਾਂ ਨੂੰ ਵਾਤਾਵਰਣ ਦੇ ਸੰਦਰਭ ਵਿਚ ਮੈਂ ਇਹ ਹੀ ਕਹਿਣਾ ਚਾਹਾਂਗਾ ਕਿ ਉਹ ਇਸ ਖੇਤਰ ਵਿਚ ਹੋ ਰਹੀਆਂ ਨਵੀਆਂ ਖੋਜਾਂ ਦੀ ਜਾਣਕਾਰੀ ਨੂੰ ਆਪਣੀਆਂ ਰਚਨਾਵਾਂ ਦਾ ਵਿਸ਼ਾ ਬਣਾਉਣ। ਸਮਕਾਲੀ ਵਾਤਾਵਰਣੀ ਤੱਥਾਂ ਦੀ ਸਹੀ ਜਾਣਕਾਰੀ ਜਨ-ਸਮੂਹ ਤਕ ਪਹੁੰਚਾਣ ਲਈ ਅਜੋਕੇ ਟੈਕਨਾਲੋਜੀ ਦੇ ਜ਼ਮਾਨੇ ਵਿਚ ਉਪਬਲਧ ਸੰਚਾਰ ਸੁਵਿਧਾਵਾਂ ਖ਼ਾਸ ਕਰ ਇੰਟਰਨੈੱਟ, ਸੋਸ਼ਲ ਮੀਡੀਆ, ਬਲਾਗ ਰਾਇੰਟਿੰਗ, ਇਲੈੱਕਟ੍ਰਾਨਿਕ ਮੈਗਜੀਨਾਂ ਤੇ ਅਖਬਾਰਾਂ ਆਦਿ ਦੀ ਵਰਤੋਂ ਨੂੰ ਵੀ ਆਪਣੇ ਸੰਚਾਰ ਕਾਰਜਾਂ ਦਾ ਅੰਗ ਬਣਾਉਣ। ਵਾਤਵਰਣੀ ਵਰਤਾਰਿਆਂ ਸੰਬੰਧਤ ਸੰਦੇਸ਼ਾਂ/ਸੁਝਾਵਾਂ ਨੂੰ, ਰੋਜ਼ਾਨਾ ਜ਼ਿੰਦਗੀ ਦੇ ਸਮਾਜਿਕ, ਸੱਭਿਆਚਾਰਕ, ਆਰਥਿਕ, ਧਾਰਮਿਕ, ਰਾਜਨੀਤਕ ਤੇ ਵਿਗਿਆਨਕ ਪਰਿਪੇਖਾਂ ਨਾਲ ਅੋਤ-ਪ੍ਰੋਤ ਕਰ ਕੇ ਕਹਾਣੀਆਂ, ਨਾਟਕਾਂ, ਨਾਵਲਾਂ ਦੇ ਰੂਪ ਵਿਚ ਰੌਚਕਮਈ ਲੇਖਣ ਕਾਰਜ ਕਰਨ। ਵਾਤਾਵਰਣੀ ਸ਼ਬਦਾਵਲੀ ਸੰਬੰਧਤ ਸ਼ਬਦ ਕੋਸ਼ ਤਿਆਰ ਕਰਨ ਵਲ ਵੀ ਧਿਆਨ ਦੇਣ ਦੀ ਲੋੜ ਹੈ।
ਮੀਨਾ ਸ਼ਰਮਾ: ਵਿਗਿਆਨ, ਵਾਤਾਵਰਣ ਅਤੇ ਮਾਂ-ਬੋਲੀ, ਇਨ੍ਹਾਂ ਤਿੰਨਾਂ ਨੂੰ ਇਕ ਦੂਜੇ ਦੇ ਆੜ੍ਹੀ ਬਣਾ ਕੇ ਰੱਖਣ ਲਈ ਅੱਜ ਕੱਲ੍ਹ ਕੀ ਕੁਝ ਕਰ ਰਹੇ ਹੋ?ઠ
ਡਾ. ਸਿੰਘ : ਵਿਗਿਆਨਕ ਖੋਜਾਂ ਦੁਆਰਾ ਲੱਭੇ ਵਾਤਾਵਰਣੀ ਤੱਥਾਂ ਦੀ ਜਾਣਕਾਰੀ, ਪੰਜਾਬੀ ਭਾਸ਼ਾ ਦੇ ਆਮ ਪਾਠਕਾਂ ਲਈ ਨਿਬੰਧਾਂ ਤੇ ਕਹਾਣੀਆਂ ਦੇ ਰੂਪ ਵਿਚ ਅਤੇ ਬਾਲਾਂ ਲਈ ਕਹਾਣੀਆਂ ਤੇ ਨਾਟਕਾਂ ਦੇ ਰੂਪ ਵਿਚ, ਅਖਬਾਰਾਂ ਤੇ ਮੈਗਜ਼ੀਨਾਂ ਵਿਚ ਪ੍ਰਕਾਸ਼ਨ ਰਾਹੀਂ ਸਾਂਝੀ ਕਰਦਾ ਰਹਿੰਦਾ ਹਾਂ। ਇਸ ਦੇ ਨਾਲ ਨਾਲ ਇੰਟਰਨੈੱਟ, ਰੇਡੀਓ, ਟੈਲੀਵਿਯਨ ਅਤੇ ਯੂਟਿਊਬ ਮਾਧਿਅਮਾਂ ਦੀ ਵਰਤੋਂ ਨਾਲ ਵੀ ਅਜਿਹਾ ਗਿਆਨ ਸੱਭ ਨਾਲ ਸਾਂਝਾ ਕਰਨ ਲਈ ਯਤਨਸ਼ੀਲ ਹਾਂ।
ਮੀਨਾ ਸ਼ਰਮਾ: ਸਮੂਹ ਪੰਜਾਬੀ ਸਾਹਿਤਕਾਰਾਂ ਵਲੋਂ ਭਾਵੇਂ ਉਹ ਸਾਹਿਤ ਦੀ ਕਿਸੇ ਵੀ ਵਿਧਾ ਵਿਚ ਲਿਖਦੇ ਹੋਣ, ਹੁਣ ਤਕ ਛੱਪੇ ਵਾਤਾਵਰਣਿਕ ਸਰੋਕਾਰਾਂ ਅਤੇ ਅਜੋਕੀ ਵਾਤਾਵਰਣਿਕ ਸਥਿਤੀ ਵਿਚ ਆਪ ਕੋਈ ਵਿੱਥ ਮਹਿਸੂਸ ਕਰਦੇ ਹੋ?
ਡਾ. ਸਿੰਘ : ਪੰਜਾਬੀ ਸਾਹਿਤਕਾਰਾਂ ਵਲੋਂ, ਵਾਤਾਵਰਣਿਕ ਸਰੋਕਾਰਾਂ ਸੰਬੰਧਤ, ਹੁਣ ਤਕ ਛਾਪੇ ਗਏ ਸਾਹਿਤ ਵਿਚ ਮੁੱਖ ਤੌਰ ਉੱਤੇ ਇਨ੍ਹਾਂ ਸਰੋਕਾਰਾਂ ਦੇ ਵਿਭਿੰਨ ਪੱਖਾਂ/ਸਰੂਪਾਂ, ਕਾਰਣਾਂ, ਤੇ ਪ੍ਰਭਾਵਾਂ ਦਾ ਜ਼ਿਕਰ ਕੀਤਾ ਗਿਆ ਹੈ। ਇਨ੍ਹਾਂ ਸਰੋਕਾਰਾਂ ਦੇ ਹੱਲ/ਖਾਤਮੇ ਲਈ ਵਿਅਕਤੀਗਤ ਤੌਰ ਉੱਤੇ ਕੀਤੇ ਜਾ ਸਕਣ ਵਾਲੇ ਅਮਲੀ ਕਾਰਜਾਂ ਬਾਰੇ ਜਾਣਕਾਰੀ ਕਾਫ਼ੀ ਘੱਟ ਮਿਲਦੀ ਹੈ। ਲੋੜ ਹੈ ਕਿ ਅਸੀਂ ਇਨ੍ਹਾਂ ਮਸਲਿਆਂ ਸੰਬੰਧੀ ਸਮਾਜ ਦੇ ਵਿਭਿੰਨ ਵਰਗਾਂ (ਉਦਾਹਰਣ ਲਈ ਬੱਚੇ, ਨੌਜਵਾਨ, ਬਾਲਗ ਅਤੇ ਬਜ਼ੁਰਗ ਆਦਿ) ਦੁਆਰਾ ਅਪਨਾਏ ਜਾ ਸਕਣਯੋਗ ਹੱਲਾਂ ਦੀ ਜਾਣਕਾਰੀ ਵੀ ਸੱਭ ਨਾਲ ਸਾਂਝੀ ਕਰੀਏ। ਅਜਿਹੇ ਸਾਹਿਤ ਦੀ ਰਚਨਾ ਕਰੀਏ ਕਿ ਪਾਠਕ ਇਸ ਤੋਂ ਪ੍ਰੇਰਿਤ ਹੋ ਖੁੱਦ ਬਖੁੱਦ ਆਪਣੇ ਚੋਗਿਰਦੇ ਵਿਚ ਮੌਜੂਦ ਵਾਤਾਵਰਣੀ ਸਮੱਸਿਆਵਾਂ ਨੂੰ ਪਛਾਣ ਸਕੇ ਤੇ ਉਨ੍ਹਾਂ ਦੇ ਹੱਲ ਵਿਚ ਆਪਣਾ ਯੋਗਦਾਨ ਪਾਣ ਲਈ ਕਾਰਜ਼ਸ਼ੀਲ ਹੋ ਜਾਵੇ।ઠ
ਮੀਨਾ ਸ਼ਰਮਾ : ਡਾ. ਰਾਜਿੰਦਰ ਪਾਲ ਸਿੰਘ ਬਰਾੜ ਅਨੁਸਾਰ ਈਕੋ-ਕ੍ਰਿਟੀਸਿਜ਼ਮ ਭਾਵ ਈਕੋ ਆਲੋਚਨਾ ਪੰਜਾਬੀ ਸਾਹਿਤ ਲਈ ਅਜੇ ਨਵਾਂ ਸ਼ਬਦ ਹੈ। ਆਪ ਇਸ ਕਥਨ ਨੂੰ ਕਿਸ ਤਰ੍ਹਾਂ ਵਾਚਦੇ ਹੋ?
ਡਾ. ਸਿੰਘ : ਡਾ. ਰਾਜਿੰਦਰ ਪਾਲ ਸਿੰਘ ਬਰਾੜ ਦਾ ਕਥਨ: ”ਈਕੋ-ਕ੍ਰਿਟੀਸਿਜ਼ਮ ਜਾਂ ઠਈਕੋ ਆਲੋਚਨਾ ਪੰਜਾਬੀ ਸਾਹਿਤ ਲਈ ਅਜੇ ਨਵਾਂ ਸ਼ਬਦ ਹੈ।” ਬਿਲਕੁਲ ਸਹੀ ਕਥਨ ਹੈ। ਈਕੋ-ਕ੍ਰਿਟੀਸ਼ਿਜ਼ਮ, ਵਾਤਾਵਰਣ ਤੇ ਸਾਹਿਤ ਦੇ ਅੰਤਰ-ਵਿਸ਼ਅਕ ਨਜ਼ਰੀਏ ਤੋਂ ਕੀਤੇ ਜਾ ਰਹੇ ਅਧਿਐਨ ਕਾਰਜਾਂ ਦੇ ਮੁਲਾਂਕਣ ਦਾ ਨਾਂ ਹੈ । ਕੁਦਰਤ ਨਾਲ ਸੰਬੰਧਤ ਇਸ ਖੇਤਰ ਨੂੰ ਸਾਹਿਤ ਵਿਚ ਕਿਹੜੇ ਢੰਗਾਂ ਨਾਲ ਪੇਸ਼ ਕੀਤਾ ਗਿਆ ਹੈ, ਖੋਜਕਾਰ ਉਨ੍ਹਾਂ ਢੰਗਾਂ ਦੀ ਜਾਂਚ ਕਰਦੇ ਹਨ। ਵਿਆਪਕ ਪਰਿਪੇਖ ਵਿਚ ਸਾਹਿਤਕ ਅਤੇ ਸਭਿਆਚਾਰਕ ਖੋਜੀ, ਵਿਸ਼ਵ-ਵਿਆਪੀ ਵਾਤਾਵਰਣੀ ਮਸਲਿਆਂ ਨੂੰ ਸਾਹਿਤ, ਸਭਿਆਚਾਰ ਅਤੇ ਭੌਤਿਕ ਵਾਤਾਵਰਣ ਦੀ ਪ੍ਰਸਪਰਤਾ ਤੇ ਪ੍ਰਸੰਗਤਾ ਵਿਚ ਜਾਂਚਦੇ ਹਨ। ਅਜਿਹੇ ਅਧਿਐਨ ਕਾਰਜ ਪੰਜਾਬੀ ਸਾਹਿਤ ਵਿਚ ਬਿਲਕਲੁ ਹੀ ਨਵੇਂ ਹਨ। ਵੈਸੇ ਵੀ ਵਾਤਾਵਰਣੀ ਸਰੋਕਾਰ, ਬੀਹਵੀਂ ਸਦੀ ਦੇ ਦੂਸਰੇ ਅੱਧ ਵਿਚ ਵਧੇਰੇ ਪ੍ਰਬਲਤਾ ਨਾਲ ਲੋਕਾਂ ਸਾਹਮਣੇ ਪ੍ਰਗਟ ਹੋਏ ਅਤੇ ਤਦ ਹੀ ਸਾਹਿਤ ਵਿਚ ਇਨ੍ਹਾਂ ਸੰਬੰਧੀ ਵਰਨਣ ਕੀਤਾ ਜਾਣਾ ਆਰੰਭ ਹੋਇਆ। ਇੱਕੀਵੀਂ ਸਦੀ ਦੇ ਮੁੱਢਲੇ ਦਹਾਕਿਆਂ ਵਿਚ ਅਜਿਹੀ ਖੋਜ ਲਈ ਮੈਦਾਨ ਤਿਆਰ ਹੋ ਚੁੱਕਾ ਹੋਣ ਕਾਰਣ ਅਜੋਕੇ ਵਿਦਵਾਨ ਤੇ ਖੋਜਕਾਰ ਇਸ ਖੇਤਰ ਵਿਚ ਖੋਜ ਕਾਰਜਾਂ ਲਈ ਯਤਨਸ਼ੀਲ ਹਨ, ਜੋ ਬਹੁਤ ਹੀ ਵਧੀਆ ਗੱਲ ਹੈ।ઠ
ਮੀਨਾ ਸ਼ਰਮਾ: ਡਾ. ਸਾਹਿਬ ਆਪ ਇੱਕੀਵੀਂ ਸਦੀ ਦੇ ਦੂਜੇ ਦਹਾਕੇ ਦੀ ਵਾਤਾਵਰਣਿਕ ਪ੍ਰਸੰਗਿਕਤਾ ਵਿਚ ਪੰਜਾਬੀ ਸਾਹਿਤ ਦੀ ਸਥਿਤੀ ਦਾ ਮੁਲਾਂਕਣ ਕਿਵੇਂ ਕਰਨਾ ਚਾਹੋਗੇ?
ਡਾ. ਸਿੰਘ: ਇੱਕੀਵੀਂ ਸਦੀ ਦੇ ਦੂਜੇ ਦਹਾਕੇ ਦੀ ਵਾਤਾਵਰਣਿਕ ਪ੍ਰਸੰਗਿਕਤਾ ਵਿਚ, ਪੰਜਾਬੀ ਸਾਹਿਤ ਦੀ ਸਥਿਤੀ ਬਹੁਤੀ ਤਸੱਲੀ ਬਖ਼ਸ਼ ਨਹੀਂ ਹੈ। ਬੇਸ਼ਕ ਪਿਛਲੇ ਦਹਾਕਿਆਂ ਦੌਰਾਨ, ਸਾਹਿਤ ਦੀਆਂ ਕਈ ਵਿਧਾਵਾਂ ਜਿਵੇਂ ਕਿ ਨਿਬੰਧਾਂ, ਕਹਾਣੀਆਂ, ਨਾਟਕਾਂ, ਕਵਿਤਾਵਾਂ ਆਦਿ ਵਿਚ ਵਾਤਾਵਰਣੀ ਸਰੋਕਾਰਾਂ ਬਾਰੇ ਕਾਫ਼ੀ ਕੁਝ ਰਚਿਆ ਗਿਆ ਹੈ ਅਤੇ ਰਚਿਆ ਵੀ ਜਾ ਰਿਹਾ ਹੈ। ਈਕੋ-ਕ੍ਰਿਟੀਸ਼ਿਜ਼ਮ ਦੇ ਖੇਤਰ ਵਿਚ ਵੀ ਖੋਜ ਕਾਰਜ ਸ਼ੁਰੂ ਹੋ ਚੁੱਕੇ ਹਨ। ਪਰ ਕਈ ਖੇਤਰਾਂ ਖਾਸ ਕਰ ਕੇ ਵਾਤਾਵਰਣੀ ਵਿਸ਼ਿਆਂ ਸੰਬੰਧਤ ਨਾਵਲ ਰਚਨਾ ਕਾਰਜ, ਇਤਹਾਸਿਕ ਗਲਪ ਰਚਨਾਵਾਂ, ਵਾਸਤਵਿਕ ਗਲਪ ਰਚਨਾਵਾਂ, ਨੀਤੀਕਥਾਵਾਂ ਅਤੇ ਕਲਪਨਿਕ ਕਿੱਸੇ ਕਹਾਣੀਆਂ ਆਦਿ ਦਾ ਅਜੇ ਆਰੰਭ ਵੀ ਨਹੀਂ ਹੋਇਆ ਹੈ। ਸਮਕਾਲੀ ਪੰਜਾਬੀ ਫਿਲਮਾਂ ਵਿਚ ਕਿਧਰੇ ਕਿਧਰੇ ਵਾਤਾਵਰਣੀ ਸਰੋਕਾਰਾਂ ਬਾਰੇ ਗੱਲ ਆਰੰਭੀ ਗਈ ਹੈ। ਜੋ ਇਕ ਵਧੀਆ ਰੁਝਾਣ ਹੈ। ਵਾਤਾਵਰਣੀ ਸਰੋਕਾਰਾਂ ਅਧਾਰਿਤ ਟੈਲੀਵਿਯਨ ਸੀਰੀਅਲ ਤੇ ਡਕੂਮੈਂਟਰੀਜ਼ ਦੀ ਘਾਟ ਰੜਕਦੀ ਹੈ। ਈਕੋ-ਫੈਮੀਨਿਜ਼ਮ (ਵਾਤਾਵਰਣੀ ਨਾਰੀਵਾਦ), ਈਕੋ-ਟੈਰਰਿਜ਼ਮ (ਵਾਤਾਵਰਣੀ ਆਤੰਕਵਾਦ) ਅਤੇ ਈਕੋ-ਟੂਰਿਜ਼ਮ (ਵਾਤਾਵਰਣੀ ਸੈਰ-ਸਪਾਟਾ) ਧਾਰਨਾਵਾਂ ਬਾਰੇ ਚੇਤੰਨ ਹੋਣ ਦੇ ਨਾਲ ਨਾਲ ਇਨ੍ਹਾਂ ਧਾਰਨਾਵਾਂ ਸੰਬੰਧਤ ਸਾਹਿਤ ਦੇ ਵਿਕਾਸ ਵੱਲ ਵੀ ਧਿਆਨ ਦੇਣ ਦੀ ਲੋੜ ਹੈ।ઠ
ਮੀਨਾ ਸ਼ਰਮਾ:ਆਪ ਆਮ ਨਾਗਰਿਕਾਂ, ਨੌਜਵਾਨਾਂ, ਕਿਰਤੀਆਂ, ਉਭਰਦੇ ਲੇਖਕਾਂ ઠਅਤੇ ਖੋਜਾਰਥੀਆਂ ਨੂੰ ਵਾਤਾਵਰਣ ਸੰਭਾਲਣ ਹਿਤ ਕੀ ਸੰਦੇਸ਼ ਦੇਣਾ ਚਾਹੁੰਦੇ ਹੋ?ઠ
ਡਾ. ਸਿੰਘ : ਮੇਰਾ ਖਿਆਲ ਹੈ ਕਿ ਸਮਾਜ ਦੇ ਹਰ ਵਰਗ ਨੂੰ ਹੀ ਵਾਤਵਰਣ ਸਾਂਭ-ਸੰਭਾਲ ਪ੍ਰਤੀ ਆਪਣੀ ਜੁੰਮੇਵਾਰੀ ਸਮਝਣੀ ਚਾਹੀਦੀ ਹੈ ਅਤੇ ਵਾਤਾਵਰਣੀ ਹਿੱਤ ਸੰਬੰਧਤ ਸੁਯੋਗ ਕਾਰਵਾਈਆਂ ਕਰਨ ਵਿਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਆਮ ਨਾਗਰਿਕ ਨੂੰ ਵਾਤਾਵਰਣੀ ਸੁਰੱਖਿਅਣ ਦੇ ਤਿੰਨ ਮਸ਼ਹੂਰ ਅਸੂਲਾਂ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ। ਇਹ ਅਸੂਲ ਹਨ: ਘੱਟ ਕਰੋ (reduce), ਦੁਬਾਰਾ ਵਰਤੋਂ ਕਰੋ, (reuse), ਵਾਰ ਵਾਰ ਵਰਤੋਂ ਕਰੋ (recycle) । ਇਥੇ ਘੱਟ ਕਰਨ (reduce) ਦਾ ਮਤਲਬ ਹੈ ਕਿ ਚੀਜ਼ਾਂ ਦੀ ਫਜੂਲ ਵਰਤੋਂ ਤੋਂ ਗੁਰੇਜ਼ ਕਰਨਾ ਤੇ ਅਜਿਹੀ ਵਰਤੋਂ ਦੀ ਮਾਤਰਾ ਨੂੰ ਘੱਟ ਕਰਦੇ ਹੋਏ ਵਾਤਾਵਰਣ ਦੀ ਸ਼ੁੱਧਤਾ ਬਣਾਈ ਰੱਖਣ ਵਿਚ ਯੋਗਦਾਨ ਪਾਉਣਾ। ਅਜਿਹਾ ਕਰਨ ਦੇ ਅਨੇਕ ਢੰਗ ਹਨ ਜਿਵੇਂ ਕਿ ਫਜੂਲ ਵਗ ਰਹੇ ਪਾਣੀ ਦੇ ਨਲ ਨੂੰ ਬੰਦ ਕਰਨਾ। ਘਰਾਂ ਤੇ ਦਫ਼ਤਰਾਂ ਵਿਚ ਬੇਵਜਹ ਜਗ ਰਹੀਆਂ ਲਾਇਟਾਂ ਨੂੰ ਬੰਦ ਕਰਨਾ। ਘਰਾਂ, ਦਫਤਰਾਂ ਤੇ ਅਦਾਰਿਆਂ ਵਿਖੇ ઠਪੈਦਾ ਹੋ ਰਹੇ ਕੱਚਰੇ ਦੀ ਮਾਤਰਾ ਨੂੰ ਘੱਟ ਕਰਨਾ ਅਤੇ ਉਸ ਦੇ ਨਿਪਟਾਰੇ ਦੀ ਉਚਿਤ ਵਿਵਸਥਾ ਦਾ ਸਹੀ ਪਾਲਣ ਕਰਨਾ, ਆਦਿ। ਦੂਸਰਾ ਅਸੂਲ ਹੈ ਪੁਰਾਣੀਆਂ ਵਰਤੋਂਯੋਗ ਚੀਜ਼ਾਂ ਨੂੰ ਸੁੱਟਣ ਦੀ ਥਾਂ ਉਨ੍ਹਾਂ ਦੀ ਦੁਬਾਰਾ ਵਰਤੋਂ (reuse) ਕਰਨਾ। ਉਦਾਹਰਣ ਵਜੋਂ ਤੁਸੀਂ ਖਰੀਦੋ ਫਰੋਖ਼ਤ ਲਈ ਜਾਣ ਸਮੇਂ ਕੱਪੜੇ ਦਾ ਥੈਲਾ ਲਿਜਾ ਸਕਦੇ ਹੋ ਤਾਂ ਜੋ ਖਰੀਦੀਆਂ ਗਈਆਂ ਵਸਤਾਂ ਨੂੰ ਘਰ ਲਿਆਉਣ ਲਈ ਪਲਾਸਟਿਕ ਜਾਂ ਕਾਗਜ ਦੇ ਲਿਫਾਫੇ ਦੀ ਲੋੜ ਨਾ ਪਵੇ। ઠਇੰਝ ਤੁਸੀਂ ਰੁੱਖਾਂ ਨੂੰ ਬਚਾਉਣ ਵਿਚ ਰੋਲ ਅਦਾ ਕਰ ਰਹੇ ਹੋਵੋਗੇ। ਪੁਰਾਣੇ ਕੱਪੜੇ, ਖਿਡੌਣੇ, ਸਮਾਨ ਅਤੇ ਹੋਰ ਚੀਜ਼ਾਂ, ਜਿਸ ਦੀ ਤੁਹਾਨੂੰ ਲੋੜ ਨਹੀਂ ਰਹੀ, ਉਹ ਆਪਣੇ ਦੋਸਤਾਂ ਮਿੱਤਰਾਂ ਵਿਚ ਵੰਡ ਦਿਓ ਜਾਂ ਫਿਰ ਹੋਰ ਲੋੜਵਦਾਂ ਨੂੰ ਦਾਨ ਕਰ ਦਿਓ, ਆਦਿ । ਵਾਤਾਵਰਣੀ ਸੁਰੱਖਿਅਣ ਦਾ ਤੀਸਰਾ ਅਸੂਲ ਹੈ: ਵਾਰ ਵਾਰ ਵਰਤੋਂ ਕਰੋ (recycle)। ਉਦਾਹਰਣ ਲਈ ਦੁਕਾਨ ਤੋਂ ਕਰਿਆਨਾ ਲਿਆਉਣ ਲਈ ਕਾਗਜ਼ ਜਾਂ ਪਲਾਸਟਿਕ ਦੇ ਲਿਫਾਫੇ ਅਤੇ ਪਲਾਸਟਿਕ ਦੀਆਂ ਬੋਤਲਾਂ ਜਾਂ ਡੱਬਿਆਂ ਦੀ ਵਰਤੋਂ ਵਾਰ ਵਾਰ ਕੀਤੀ ਜਾ ਸਕਦੀ ਹੈ। ਵਾਰ ਵਾਰ ਵਰਤੋਂਯੋਗ ਪਦਾਰਥਾਂ ਤੋਂ ਬਣੀਆਂ ਵਸਤਾਂ ਨੂੰ ਰੋਜ਼ਾਨਾ ਜ਼ਿੰਦਗੀ ਵਿਚ ਇਸਤੇਮਾਲ ਕਰਨ ਨੂੰ ਤਰਜ਼ੀਹ ਦਿਉ, ਆਦਿ। ਹਰ ਕੋਈ, ਭਾਵੇਂ ਉਹ ਆਮ ਨਾਗਰਿਕ ਹੋਵੇ, ਜਾਂ ਫਿਰ ਨੌਜਵਾਨ ਜਾਂ ਕਿਰਤੀ ਹੋਵੇ, ਇਨ੍ਹਾਂ ਅਸੂਲਾਂ ਨੂੰ ਆਪਣੇ ਜੀਵਨ ਵਿਚ ਅਪਨਾ ਕੇ ਵਾਤਾਵਰਣ ਦੀ ਸਾਂਭ-ਸੰਭਾਲ ਤੇ ਸੁੱਰਖਿਅਣ ਵਿਚ ਅਹਿਮ ਯੋਗਦਾਨ ਪਾ ਸਕਦਾ ਹੈ। ਉਭਰਦੇ ਲੇਖਕਾਂ ਨੂੰ ਮੇਰੀ ਸਲਾਹ ਹੈ ਕਿ ਉਹ ਆਪਣੀਆਂ ਰਚਨਾਵਾਂ ਵਿਚ ਵਾਤਾਵਰਣ ਸਾਂਭ-ਸੰਭਾਲ ਦੇ ਨਵੇਂ ਨਵੇਂ ਤਰੀਕਿਆਂ ਦਾ ਗਿਆਨ ਆਮ ਲੋਕਾਂ ਵਿਚ ਸਰਲ ਤੇ ਰੌਚਕਮਈ ਭਾਸ਼ਾ ਵਿਚ ਪਹੁੰਚਾਣ ਵਾਸਤੇ ਲਗਾਤਾਰ ਯਤਨਸ਼ੀਲ ਰਹਿਣ। ਵਾਤਾਵਰਣੀ ਖੋਜਾਰਥੀਆਂ ਨੂੰ ਵਾਤਾਵਰਣ ਦੇ ਮਸਲਿਆਂ ਦੇ ਹੱਲ ਲਈ ਜਿਥੇ ਨਵੇਂ ਤਰੀਕੇ ਲੱਭਣੇ ਜ਼ਰੂਰੀ ਹਨ ਉਥੇ ਉਨ੍ਹਾਂ ਨੂੰ ਸਥਾਨਕ ਵਾਤਾਵਰਣੀ ਮਸਲਿਆਂ ਦੇ ਹੱਲ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਅਜਿਹੇ ਹੱਲਾਂ ਦਾ ਗਿਆਨ ਜਨ-ਸਾਧਾਰਣ ਤੱਕ ਪਹੁੰਚਾਣ ਦਾ ਉੱਦਮ ਕਰਨਾ ਵੀ ਜ਼ਰੂਰੀ ਹੈ ਤਾਂ ਜੋ ਇਹ ਹੱਲ ਆਪਣੇ ਅਮਲੀ ਰੂਪ ਵਿਚ ਪ੍ਰਗਟ ਹੋ ਸਾਡੇ ਵਾਤਾਵਰਣੀ ਮਾਹੌਲ ਨੂੰ ਸੁਖਾਵਾਂ ਅਤੇ ਲਾਹੇਵੰਦ ਬਣਾਈ ਰੱਖਣ ਵਿਚ ਸਹਾਈ ਹੋ ਸਕਣ।ઠ
ਮੀਨਾ ਸ਼ਰਮਾ: ਆਧੁਨਿਕ ਨੌਜਵਾਨ ਵਰਗ ਵਧੇਰੇ ਪੜ੍ਹਿਆ ਲਿਖਿਆ ਹੈ, ਤਕਨਾਲੋਜੀ ਨਾਲ ਲੈਸ ਹੈ, ਫ਼ਿਰ ਕਿਉਂ ਵਾਤਾਵਰਣ ਨੂੰ ਹੋਰ ਖਰਾਬ ਕਰੀ ਜਾ ਰਿਹਾ ਹੈ।………. ਜਦ ਕਿ ਉਸ ਨੂੰ ਆਪਣੇ ਹਰ ਨਫ਼ੇ ਨੁਕਸਾਨ ਦਾ ਗਿਆਨ ਹੈ।
ਡਾ. ਸਿੰਘ : ਤੁਹਾਡੇ ਸਵਾਲ ਵਿਚ ਵਿਰੋਧਾਭਾਸ ਹੈ। ਇਹ ਤਾਂ ਠੀਕ ਹੈ ਕਿ ਆਧੁਨਿਕ ਨੌਜਵਾਨ ਵਰਗ ਵਧੇਰੇ ਪੜ੍ਹਿਆ ਲਿਖਿਆ ਹੈ, ਤਕਨਾਲੋਜੀ ਨਾਲ ਲੈਸ ਹੈ। ਪਰ ਸਵਾਲ ਦਾ ਦੂਜਾ ਭਾਗ ”ਫ਼ਿਰ ਕਿਉਂ ਵਾਤਾਵਰਣ ਨੂੰ ਹੋਰ ਖਰਾਬ ਕਰੀ ਜਾ ਰਿਹਾ ਹੈ।…… ਜਦ ਕਿ ਉਸ ਨੂੰ ਆਪਣੇ ਹਰ ਨਫ਼ੇ ਨੁਕਸਾਨ ਦਾ ਗਿਆਨ ਹੈ”, ਵਿਰੋਧਾਭਾਸ ਪ੍ਰਗਟਾਉਂਦਾ ਹੈ। ਜਦ ਕੋਈ ਵੀ ਨੌਜਵਾਨ ਹਰ ਨਫ਼ੇ ਨੁਕਸਾਨ ਦਾ ਗਿਆਨਵਾਨ ਹੋਵੇਗਾ ਤਾਂ ਉਹ ਆਪਣੇ ਚੌਗਿਰਦੇ (ਵਾਤਾਵਰਣ) ਨਾਲ ਖਿਲਵਾੜ ਨਹੀਂ ਕਰ ਸਕਦਾ। ਸਪਸ਼ਟ ਹੈ ਕਿ ਜਾਂ ਤਾਂ ਸਾਡੀ ਨੌਜਵਾਨ ਪੀੜ੍ਹੀ ਆਪਣੇ ਗਿਆਨ ਅਤੇ ਤਕਨੀਕੀ ਮੁਹਾਰਤ ਦੀ ਸਹੀ ਵਰਤੋਂ ਨਹੀਂ ਕਰ ਰਹੀ, ਜਿਸ ਕਾਰਣ ਉਹ ਅਜੋਕੇ ਜੀਵਨ ਦੀਆਂ ਅਹਿਮ ਸਮੱਸਿਆਵਾਂ (ਉਦਾਹਰਣ: ਵਾਤਾਵਰਣੀ ਮਸਲੇ) ਬਾਰੇ ਸੁਚੇਤ ਨਹੀਂ ਜਾਂ ਫਿਰ ਅਵੇਸਲੇ ਹਨ। ਜਾਂ ਫਿਰ ਸਾਡੀ ਪੀੜ੍ਹੀ ਉਨ੍ਹਾਂ ਨੂੰ ਸਹੀ ਜੀਵਨ ਜਾਚ ਦੀ ਸਿਖਲਾਈ ਦੇਣ ਵਿਚ ਅਸਫ਼ਲ ਰਹੀ ਹੈ। ਪਰ ਅਜਿਹਾ ਵੀ ਨਹੀਂ ਹੈ ਕਿ ਸਮਾਜ ਦਾ ਸਮੁੱਚਾ ਨੌਜਵਾਨ ਵਰਗ ਹੀ ਵਾਤਾਵਰਣ ਨੂੰ ਹੋਰ ਖਰਾਬ ਕਰੀ ਜਾਣ ਵਿਚ ਮਗਨ ਹੈ, ઠਬਹੁਤ ਸਾਰੇ ਨੌਜਵਾਨ ਆਪਣੇ ਤੌਰ ਉੱਤੇ ਜਾਂ ਵਿਭਿੰਨ ਸਮਾਜਿਕ ਸੰਸਥਾਵਾਂ ਵਿਚ ਸ਼ਮੂਲੀਅਤ ਰਾਹੀਂ, ਸਮਾਜ ਦੇ ਵਿਕਾਸ ਤੇ ਵਾਤਾਵਰਣੀ ਸੁੱਰਖਿਅਣ ਸੰਬੰਧੀ ਉਸਾਰੂ ਗਤੀਵਧੀਆਂ ਵਿਚ ਭਾਗ ਲੈ ਰਹੇ ਹਨ। ਜੋ ਬਹੁਤ ਹੀ ਆਸ਼ਾਪੂਰਣ ਰਵਈਆ ਹੈ। ਹਾਂ ਜੇ ਅਸੀਂ ਅਜਿਹੇ ਹਾਲਤ ਦੇਖਦੇ ਹਾਂ ਕਿ ਨੌਜਵਾਨ ਵਰਗ ਦਾ ਕੁਝ ਹਿੱਸਾ ਵਾਤਾਵਰਣ ਨੂੰ ਹੋਰ ਖਰਾਬ ਕਰੀ ਜਾ ਰਿਹਾ ਹੈ ਤਾਂ ਸਾਨੂੰ ਉਨ੍ਹਾਂ ਵਿਚ ਵਾਤਾਵਰਣੀ ਚੇਤੰਨਤਾ ਪੈਦਾ ਕਰਨ ਲਈ ਉੱਦਮ ਕਰਨੇ ਜ਼ਰੂਰੀ ਹਨ।
(ਸਮਾਪਤ)

Check Also

CLEAN WHEELS

Medium & Heavy Vehicle Zero Emission Mission (ਚੌਥੀ ਤੇ ਆਖਰੀ ਕਿਸ਼ਤ) ਲੜੀ ਜੋੜਨ ਲਈ ਪਿਛਲਾ …