ਪ੍ਰਿੰ. ਸਰਵਣ ਸਿੰਘ
ਭਾਈ ਜੋਧ ਸਿੰਘ ਤੇ ਖੁਸ਼ਵੰਤ ਸਿੰਘ ਸੈਂਚਰੀ ਮਾਰਦੇ-ਮਾਰਦੇ ਰਹਿ ਗਏ ਸਨ। ਆਸ ਹੁਣ ਜਸਵੰਤ ਸਿੰਘ ਕੰਵਲ ਉਤੇ ਹੈ। ਇਸ ਵੇਲੇ ਪੰਜਾਬੀ ਦਾ ਉਹ ਸਭ ਤੋਂ ਵੱਡਉਮਰਾ ਲੇਖਕ ਹੈ। ਭਾਈ ਜੋਧ ਸਿੰਘ 31 ਮਈ 1882 ਤੋਂ 4 ਦਸੰਬਰ 1981 ਤਕ 99 ਸਾਲ 6 ਮਹੀਨੇ 4 ਦਿਨ ਜੀਵੇ। ਖੁਸ਼ਵੰਤ ਸਿੰਘ 2 ਫਰਵਰੀ 1915 ਤੋਂ 20 ਮਾਰਚ 2014 ਤਕ 99 ਸਾਲ 1 ਮਹੀਨਾ 18 ਦਿਨ ਜਿਉਂਦਾ ਰਿਹਾ। ਦੇਵਿੰਦਰ ਸਤਿਆਰਥੀ 28 ਮਈ 1908 ਤੋਂ 12 ਫਰਵਰੀ 2003 ਤੇ ਕਰਤਾਰ ਸਿੰਘ ਦੁੱਗਲ 1 ਮਾਰਚ 1917 ਤੋਂ 26 ਜਨਵਰੀ 2012 ਤਕ ਲਗਭਗ 95 ਸਾਲ ਜੀਵੇ। ਜਗਜੀਤ ਸਿੰਘ ਅਨੰਦ 28 ਦਸੰਬਰ 1921 ਤੋਂ 19 ਜੂਨ 2015 ਤਕ, ਕਰਨੈਲ ਸਿੰਘ ਪਾਰਸ 28 ਜੂਨ 1916 ਤੋਂ 28 ਫਰਵਰੀ 2009, ਨਾਟਕਕਾਰ ਹਰਚਰਨ ਸਿੰਘ 10 ਦਸੰਬਰ 1914 ਤੋਂ 4 ਦਸੰਬਰ 2006, ਪ੍ਰੋ. ਪ੍ਰੀਤਮ ਸਿੰਘ 11 ਜਨਵਰੀ 1918 ਤੋਂ 26 ਅਕਤੂਬਰ 2008 ਤੇ ਡਾ. ਜਸਵੰਤ ਸਿੰਘ ਨੇਕੀ 27 ਅਗੱਸਤ 1925 ਤੋਂ 11 ਸਤੰਬਰ 2015 ਤਕ ਜਿਉਂਦੇ ਰਹੇ। ਨੱਬੇ ਸਾਲਾਂ ਦੀ ਉਮਰ ਤੋਂ ਟੱਪਣ ਵਾਲੇ ਇਹੀ ਨਾਮੀ ਪੰਜਾਬੀ ਲੇਖਕ ਹਨ।
ਸ਼ੈਕਸਪੀਅਰ ਸਿਰਫ਼ 52 ਸਾਲ ਤੇ ਮੁਨਸ਼ੀ ਪ੍ਰੇਮ ਚੰਦ 56 ਸਾਲ ਜੀਵੇ ਸਨ। ਟੈਗੋਰ ਨੇ 80 ਸਾਲ ਤੇ ਬਰਟਰੰਡ ਰੱਸਲ ਨੇ 97 ਸਾਲ ਉਮਰ ਭੋਗੀ। ਲਿਓ ਤਾਲਸਤਾਏ ਨੇ 82 ਸਾਲ, ਜਦ ਕਿ ਦੁਨੀਆ ਦੇ ਬਹੁਤ ਸਾਰੇ ਨਾਮਵਰ ਲੇਖਕ ਸੱਤਰ ਬਹੱਤਰ ਸਾਲਾਂ ਤੋਂ ਵੀ ਘੱਟ ਜੀਵਨ ਜੀਵੇ। ਨਾਵਲਕਾਰ ਕੰਵਲ ਨੇ 27 ਜੂਨ 2019 ਨੂੰ ਸੌ ਸਾਲਾਂ ਦਾ ਹੋਣਾ ਹੈ। ਸੌਵਾਂ ਸਾਲ ਕ੍ਰਿਕਟ ਦੀ ਸੈਂਚਰੀ ਵਾਂਗ ਸੌਵੇਂ ਰੱਨ ਵਾਂਗ ਹੀ ਰਿਸਕੀ ਹੁੰਦੈ। ਕੰਵਲ ਦੀ ਸੈਂਚਰੀ ਵੱਜ ਗਈ ਤਾਂ ਸਾਡੇ ਪੰਜਾਬੀ ਲੇਖਕ ਦਾ ਵਿਸ਼ਵ ਰਿਕਾਰਡ ਹੋਵੇਗਾ!
ਮੈਂ ਜਦੋਂ ਕੈਨੇਡਾ ਤੋਂ ਪੰਜਾਬ ਆਉਂਦਾ ਹਾਂ ਤਾਂ ਢੁੱਡੀਕੇ ਜਸਵੰਤ ਸਿੰਘ ਕੰਵਲ ਨੂੰ ਜ਼ਰੂਰ ਮਿਲਦਾ ਹਾਂ। ਐਤਕੀਂ 9 ਦਸੰਬਰ ਨੂੰ ਸਵੇਰਸਾਰ ਮਿਲਣ ਗਿਆ ਤਾਂ ਉਹ ਚੜ੍ਹਦੀ ਕਲਾ ‘ਚ ਮਿਲਿਆ। ਸਰੀਰ ਜ਼ਰੂਰ ਕੁਝ ਝੰਵਿਆਂ ਲੱਗਾ ਪਰ ‘ਮੈਂ ਕਾਇਮ ਹਾਂ’ ਦੇ ਬੋਲ ਗੜ੍ਹਕਵੇਂ ਲੱਗੇ। ਕੰਵਲ ਦੀਆਂ ਫੋਟੋਆਂ ਵਿਚਕਾਰ ਡਾ. ਜਸਵੰਤ ਗਿੱਲ ਦੀ ਫੋਟੋ ਲੱਗੀ ਹੋਈ ਸੀ। ਤੀਹ ਸਾਲ ਢੁੱਡੀਕੇ ਕਾਲਜ ਵਿਚ ਪੜ੍ਹਾਉਂਦਿਆਂ ਮੈਂ ਸੈਂਕੜੇ ਵਾਰ ਬਾਹਰਲੀ ਕੋਠੀ ਗਿਆ ਸਾਂ। ਕੋਠੀ ਉਵੇਂ ਹੀ ਸੀ ਪਰ ਡਾ. ਜਸਵੰਤ ਗਿੱਲ ਦੀ ਰੌਣਕ ਨਹੀਂ ਸੀ।
ਲੰਮੇ ਝੰਮੇ ਕੰਵਲ ਦਾ ਲਿਖਣ-ਮੇਜ਼ ਨਿੱਕਾ ਜਿਹਾ ਹੈ ਜੀਹਦੀ ਉਮਰ ਅੱਧੀ ਸਦੀ ਤੋਂ ਵੱਧ ਹੋ ਗਈ ਹੈ। ਉਹ ਉਹਦੇ ਗੁਆਂਢੀ ਕਾਰੀਗਰ ਨੇ ਬਣਾਇਆ ਸੀ। ਮੇਜ਼ ਨਾਲ ਦੀ ਹੀ ਪੁਰਾਣੀ ਕੁਰਸੀ ਹੈ ਜਿਹੜੀ ਹਲਕੇ ਫੁਲਕੇ ਕੰਵਲ ਦਾ ਭਾਰ ਸਹਿਣ ਜੋਗੀ ਹੀ ਹੈ। ਇਕ ਵਾਰ ਜੁਆਨੀ ‘ਚ ਮੈਂ ਉਹਦੇ ‘ਤੇ ਬੈਠਾ ਤਾਂ ਉਹ ਜਰਕ ਗਈ ਸੀ ਪਰ ਪੱਤੀਆਂ ਲੁਆ ਕੇ ਕੰਵਲ ਨੇ ਫਿਰ ਬਹਿਣ ਜੋਗੀ ਕਰ ਲਈ ਸੀ। ਫਿਰ ਮੈਂ ਉਹਦੇ ਉਤੇ ਬਹਿਣ ਦਾ ਖ਼ਤਰਾ ਨਹੀਂ ਸਹੇੜਿਆ। ਐਤਕੀਂ ਜੀਅ ਕੀਤਾ 79ਵੇਂ ਸਾਲ ਦੀ ਵਡੇਰੀ ਉਮਰ ‘ਚ ਫਿਰ ਬਹਿ ਕੇ ਵੇਖਾਂ। ਸਹਿੰਦਾ-ਸਹਿੰਦਾ ਭਾਰ ਪਾਇਆ ਤਾਂ ਉਹ ਚੀਕੀ ਜ਼ਰੂਰ ਪਰ ਭਾਰ ਪੂਰਾ ਹੀ ਸਹਿ ਲਿਆ। ਉਹ ਕੁਰਸੀ ਮੇਜ਼ ਬਾਹਰ ਰੁੱਖ ਹੇਠਾਂ ਡੱਠੇ ਰਹਿੰਦੇ ਸਨ ਤੇ ਮੀਂਹ ਕਣੀ ‘ਚ ਭਿੱਜਦੇ ਰਹੇ ਸਨ। ਸੱਤਰ ਸਾਲ ਦੀਆਂ ‘ਵਾਵਾਂ ਉਸ ਮੇਜ਼ ਕੁਰਸੀ ਤੋਂ ਲੰਘੀਆਂ ਹਨ। ਐਤਕੀਂ ਉਹ ਕੰਵਲ ਦੇ ਬੈੱਡ ਰੂਮ ਵਿਚ ਰੱਖੇ ਵੇਖੇ। ਕੰਵਲ ਨੂੰ ਵਹਿਮ ਵਰਗਾ ਵਿਸ਼ਵਾਸ ਹੈ ਕਿ ਉਹ ਉਸੇ ਮੇਜ਼ ਕੁਰਸੀ ‘ਤੇ ਹੀ ਚੰਗਾ ਲਿਖ ਸਕਦੈ!
ਇਕ ਪ੍ਰਕਾਸ਼ਕ ਨੇ ਕਿਹਾ ਹੈ ਕਿ ਮੈਂ ‘ਜੀਵਨ ਕਣੀਆਂ’ ਤੋਂ ‘ਧੁਰ ਦਰਗਾਹ’ ਤਕ ਪੁੱਜੇ ਜਸਵੰਤ ਸਿੰਘ ਕੰਵਲ ਬਾਰੇ ‘ਨੇੜਿਓਂ ਡਿੱਠਾ ਕੰਵਲ’ ਪੁਸਤਕ ਲਿਖਾਂ ਜੋ ਉਹਦੇ ਇਕੋਤਰ ਸੌਵੇਂ ਜਨਮ ਦਿਵਸ ‘ਤੇ 27 ਜੂਨ 2019 ਨੂੰ ਰਿਲੀਜ਼ ਹੋਵੇ। ਕਿਤਾਬ ਲਿਖਣੀ ਸ਼ੁਰੂ ਕਰ ਲਈ ਹੈ, ਹੋ ਸਕਦੈ ਸਮੇਂ ਸਿਰ ਛਪ ਵੀ ਜਾਵੇ। ਸਾਡੀ ਦੁਆ ਹੈ, ਕੰਵਲ ਲੰਮੀ ਉਮਰ ਦਾ ਅਜਿਹਾ ਰਿਕਾਰਡ ਰੱਖੇ ਜੋ ਛੇਤੀ ਕੀਤਿਆਂ ਨਾ ਟੁੱਟੇ।