ਜੱਲ੍ਹਿਆਂਵਾਲਾ ਬਾਗ਼ ਦੀ ਬਦਲੇਗੀ ਦਿੱਖ
ਅੰਮ੍ਰਿਤਸਰ : ਜੱਲ੍ਹਿਆਂਵਾਲਾ ਬਾਗ਼ ਦੇ ਸਾਕੇ ਦੀ ਸ਼ਤਾਬਦੀ ਤਹਿਤ ਕੇਂਦਰ ਸਰਕਾਰ ਵੱਲੋਂ ਇਸ ਦੇ ਵਿਕਾਸ ਲਈ ਬਣਾਈ ਗਈ ਯੋਜਨਾ ਤਹਿਤ ਲਗਪਗ 18 ਕਰੋੜ ਰੁਪਏ ਦੀ ਲਾਗਤ ਨਾਲ ਇਸ ਕੌਮੀ ਯਾਦਗਾਰ ਦੀ ਦਿੱਖ ਨੂੰ ਸਵਾਰਿਆ ਜਾ ਰਿਹਾ ਹੈ। ਇਸ ਤਹਿਤ ਇੱਥੇ ਰੌਸ਼ਨੀ ਅਤੇ ਆਵਾਜ਼ ‘ਤੇ ਆਧਾਰਿਤ ਨਵਾਂ ਸ਼ੋਅ, ਥ੍ਰੀ ਡੀ ਆਡੀਟੋਰੀਅਮ, ਨਵੀਂ ਲੈਂਡ ਸਕੇਪਿੰਗ, ਸ਼ਹੀਦੀ ਗੈਲਰੀ ਦੀ ਨਵੀਂ ਦਿੱਖ, ਸ਼ਹੀਦੀ ਖੂਹ ਅਤੇ ਗੋਲੀਆਂ ਦੇ ਨਿਸ਼ਾਨਾਂ ਵਾਲੀਆਂ ਕੰਧਾਂ ਦੀ ਸਾਂਭ ਸੰਭਾਲ ਸਮੇਤ ਯਾਤਰੂਆਂ ਦੇ ਬਾਹਰ ਨਿਕਲਣ ਲਈ ਨਵਾਂ ਰਸਤਾ ਬਣਾਇਆ ਜਾਵੇਗਾ। ਇਸ ਯੋਜਨਾ ਤਹਿਤ ਪਿਛਲੇ ਕੁਝ ਸਮੇਂ ਤੋਂ ਕੰਮ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਸਮੁੱਚੀ ਯੋਜਨਾ ਦਾ ਕੰਮ ਅਗਲੇ ਚਾਰ ਮਹੀਨਿਆਂ ਵਿਚ ਮੁਕੰਮਲ ਹੋਣ ਦੀ ਉਮੀਦ ਹੈ। ਇਸੇ ਤਹਿਤ ਸ਼ਹੀਦੀ ਖੂਹ ਦਾ ਉੱਪਰਲਾ ਢਾਂਚਾ ਖਸਤਾ ਹਾਲਤ ਵਿਚ ਹੋਣ ਕਾਰਨ ਢਾਹ ਦਿੱਤਾ ਗਿਆ ਹੈ ਅਤੇ ਹੁਣ ਉਸੇ ਤਰਜ਼ ‘ਤੇ ਨਵਾਂ ਢਾਂਚਾ ਉਸਾਰਿਆ ਜਾਵੇਗਾ। ਹੁਣ ਖੂਹ ਦੇ ਚੁਫੇਰੇ ਇਸ ਨੂੰ ਦੇਖਣ ਦਾ ਪ੍ਰਬੰਧ ਹੋਵੇਗਾ। ਆਵਾਜ਼ ਅਤੇ ਰੌਸ਼ਨੀ ‘ਤੇ ਆਧਾਰਿਤ ਨਵਾਂ ਸ਼ੋਅ ਵੀ ਸ਼ੁਰੂ ਕੀਤਾ ਜਾਵੇਗਾ, ਜੋ ਲਗਪਗ 55 ਮਿੰਟ ਦਾ ਹੋਵੇਗਾ। ਇਹ ਸ਼ੋਅ ਹਿੰਦੀ ਅਤੇ ਅੰਗਰੇਜ਼ੀ ਆਦਿ ਭਾਸ਼ਾਵਾਂ ਵਿਚ ਹੋਵੇਗਾ। ਗੋਲੀਆਂ ਦੇ ਨਿਸ਼ਾਨ ਵਾਲੀਆਂ ਕੰਧਾਂ ਨੂੰ ਬਿਹਤਰ ਢੰਗ ਨਾਲ ਸੰਭਾਲਿਆ ਜਾਵੇਗਾ। ਸ਼ਹੀਦੀ ਸਮਾਰਕ ਦੇ ਹੇਠਾਂ ਬਣੇ ਤਲਾਅ ਨੂੰ ਵੀ ਹੁਣ ਲਿਲੀ ਦੇ ਫੁੱਲ ਦਾ ਆਕਾਰ ਦਿੱਤਾ ਜਾਵੇਗਾ। ਇਸ ਦੇ ਆਲੇ ਦੁਆਲੇ ਲੈਂਡ ਸਕੇਪਿੰਗ ਦਾ ਡਿਜ਼ਾਈਨ ਵੀ ਬਦਲਿਆ ਜਾ ਰਿਹਾ ਹੈ। ਸ਼ਹੀਦੀ ਗੈਲਰੀ ਨੂੰ ਵੀ ਬਿਹਤਰ ਤੇ ਨਵੀਂ ਦਿੱਖ ਦੇਣ ਦੀ ਯੋਜਨਾ ਹੈ। ਇਸੇ ਤਰ੍ਹਾਂ ਇਮਾਰਤ ਵਿਚ ਬਣੇ ਚਾਰ ਮਿਊਜ਼ੀਅਮ ਵੀ ਹੋਰ ਬਿਹਤਰ ਬਣਾਏ ਜਾਣਗੇ। ਇਕ ਥ੍ਰੀ ਡੀ ਆਡੀਟੋਰੀਅਮ ਵੀ ਹੋਵੇਗਾ, ਜਿਸ ਵਿਚ ਸਾਕੇ ਦੀ ਦਾਸਤਾਨ ਨੂੰ ਪੇਸ਼ ਕੀਤਾ ਜਾਵੇਗਾ। ਯਾਤਰੂਆਂ ਦੇ ਦਾਖ਼ਲੇ ਵਾਸਤੇ ਤਾਂ ਪੁਰਾਣਾ ਰਸਤਾ ਹੀ ਰਹੇਗਾ ਪਰ ਬਾਹਰ ਨਿਕਲਣ ਲਈ ਨਵਾਂ ਰਸਤਾ ਤਿਆਰ ਕੀਤਾ ਜਾ ਰਿਹਾ ਹੈ।