22.8 C
Toronto
Friday, September 12, 2025
spot_img
Homeਪੰਜਾਬਸੀਬੀਆਈ ਵੱਲੋਂ ਜਲੰਧਰ ਦੂਰਦਰਸ਼ਨ ਉੱਤੇ ਛਾਪਾ

ਸੀਬੀਆਈ ਵੱਲੋਂ ਜਲੰਧਰ ਦੂਰਦਰਸ਼ਨ ਉੱਤੇ ਛਾਪਾ

logo-2-1-300x105-3-300x105ਭ੍ਰਿਸ਼ਟਾਚਾਰ ਬਾਰੇ ਹੋਈ ਸੀ ਸ਼ਿਕਾਇਤ; ਦੋ ਫਿਲਮੀ ਡਿਸਟ੍ਰੀਬਿਊਟਰਾਂ ‘ਤੇ ਵੀ ਛਾਪੇ
ਜਲੰਧਰ/ਬਿਊਰੋ ਨਿਊਜ਼
ਦੂਰਦਰਸ਼ਨ ਕੇਂਦਰ ਜਲੰਧਰ ਦੇ ਅਧਿਕਾਰੀਆਂ ਵਿਰੁੱਧ ਭ੍ਰਿਸ਼ਟਾਚਾਰ ਦੇ ਦੋਸ਼ ਲੱਗਣ ਕਾਰਨ ਸੋਮਵਾਰ ਸਵੇਰੇ ਸੀਬੀਆਈ ਨੇ ਇੱਥੇ ਛਾਪਾ ਮਾਰਿਆ, ਜਿਸ ਕਾਰਨ ਕੇਂਦਰ ਵਿੱਚ ਸਾਰਾ ਦਿਨ ਤਰਥੱਲੀ ਮਚੀ ਰਹੀ। ਸੀਬੀਆਈ ਦੀ ਟੀਮ ਨੇ ਡਿਪਟੀ ਡਾਇਰੈਕਟਰ ਜਨਰਲ (ਪ੍ਰੋਗਰਾਮ) ਓਮ ਗੌਰੀ ਦੱਤ ਸ਼ਰਮਾ ਦਾ ਦਫ਼ਤਰ ਵੀ ਸੀਲ ਕਰ ਦਿੱਤਾ। ਟੀਮ ਨੇ ਕੇਂਦਰ ਦੇ ਨਾਲ-ਨਾਲ ਸ਼ਰਮਾ ਦੀ ਜਲੰਧਰ ਵਿਚਲੀ ਰਿਹਾਇਸ਼ ‘ਤੇ ਵੀ ਛਾਪਾ ਮਾਰਿਆ। ਚਾਰ ਗੱਡੀਆਂ ਵਿੱਚ ਆਈ ਸੀਬੀਆਈ ਦੀ ਟੀਮ ਵਿੱਚ ਦੋ ਦਰਜਨ ਤੋਂ ਵੱਧ ਅਧਿਕਾਰੀ ਸਨ। ਛਾਪੇ ਦੌਰਾਨ ਨਾ ਕਿਸੇ ਨੂੰ ਦੂਰਦਰਸ਼ਨ ਕੇਂਦਰ ਅੰਦਰ ਜਾਣ ਦਿੱਤਾ ਗਿਆ ਤੇ ਨਾ ਬਾਹਰ ਆਉਣ ਦਿੱਤਾ ਗਿਆ। ਇੱਥੋਂ ਤੱਕ ਕਿ ਪ੍ਰੈੱਸ ਫੋਟੋਗ੍ਰਾਫਰਾਂ ਨੂੰ ਵੀ ਦੂਰਦਰਸ਼ਨ ਕੇਂਦਰ ਦੇ ਬਾਹਰ ਰੋਕ ਦਿੱਤਾ ਗਿਆ। ਸੀਬੀਆਈ ਦੀ ਟੀਮ ਵਿੱਚ ਦਿੱਲੀ ਤੇ ਚੰਡੀਗੜ੍ਹ ਦੇ ਅਧਿਕਾਰੀ ਹਾਜ਼ਰ ਸਨ।
ਸੂਤਰਾਂ ਅਨੁਸਾਰ ਸੀਬੀਆਈ ਨੂੰ ਕੀਤੀ ਸ਼ਿਕਾਇਤ ਵਿੱਚ ਇਹ ਦਾਅਵਾ ਕੀਤਾ ਗਿਆ ਸੀ ਕਿ ਜੇ ਬਾਰੀਕੀ ਨਾਲ ਜਾਂਚ ਕੀਤੀ ਜਾਵੇ ਤਾਂ ਦੂਰਦਰਸ਼ਨ ਦੇ ਪ੍ਰੋਗਰਾਮਾਂ ਵਿੱਚ ਕਰੋੜਾਂ ਦੀ ਹੇਰਾਫੇਰੀ ਸਾਹਮਣੇ ਆ ਸਕਦੀ ਹੈ। ਸੀਬੀਆਈ ਨੇ ਇਸ ਦੌਰਾਨ ਪੁਰਾਣੇ ਰੇਲਵੇ ਰੋਡ ‘ਤੇ ਵੀ ਦੋ ਫਿਲਮੀ ਡਿਸਟ੍ਰੀਬਿਊਟਰਾਂ ਦੇ ਦਫ਼ਤਰਾਂ ‘ਤੇ ਛਾਪੇ ਮਾਰੇ। ਜਾਣਕਾਰੀ ਅਨੁਸਾਰ ਇਹ ਛਾਪੇ ਸੁਰਜੀਤ ਸਿੰਘ ਨਾਂ ਦੇ ਵਿਅਕਤੀ ਵੱਲੋਂ ਕੀਤੀ ਸ਼ਿਕਾਇਤ ‘ਤੇ ਮਾਰੇ ਗਏ। ਦੱਸਿਆ ਜਾ ਰਿਹਾ ਹੈ ਕਿ ਦੂਰਦਰਸ਼ਨ ‘ਤੇ ਚੱਲਣ ਵਾਲੀਆਂ ਫਿਲਮਾਂ ਅਤੇ ਲੜੀਵਾਰਾਂ ਬਾਰੇ ਜੋ ਰਾਇਲਟੀ ਬਣਦੀ ਹੈ, ਉਸ ਵਿੱਚ ਕਥਿਤ ਤੌਰ ‘ਤੇ ਵੱਡੀ ਪੱਧਰ ‘ਤੇ ਹੇਰਾਫੇਰੀ ਕੀਤੀ ਗਈ ਹੈ।
ਇਸ ਤੋਂ ਇਲਾਵਾ ਬਿੱਲਾਂ ਵਿੱਚ ਵੀ ਕਥਿਤ ਬੇਨਿਯਮੀਆਂ ਪਾਈਆਂ ਗਈਆਂ ਹਨ, ਜਿਨ੍ਹਾਂ ਰਾਹੀਂ ਮੋਟੀ ਰਕਮ ਇਧਰੋਂ-ਉਧਰ ਕੀਤੀ ਦੱਸੀ ਜਾ ਰਹੀ ਹੈ। ਕੇਂਦਰ ਵਿੱਚ ਆਰਜ਼ੀ ਪੱਤਰਕਾਰਾਂ ਦੀਆਂ ਕੀਤੀਆਂ ਨਿਯੁਕਤੀਆਂ ਵਿੱਚ ਵੀ ਕਥਿਤ ਤੌਰ ‘ਤੇ ਮੋਟੇ ਪੈਸੇ ਲੈਣ ਦੇ ਵੀ ਚਰਚੇ ਚੱਲ ਰਹੇ ਹਨ।ਓਮ ਗੌਰੀ ਦੱਤ ਸ਼ਰਮਾ ਕੋਲ ਦੂਰਦਰਸ਼ਨ ਕੇਂਦਰ ਸ਼ਿਮਲਾ ਦਾ ਵੀ ਵਾਧੂ ਚਾਰਜ ਹੈ। ਸੀਬੀਆਈ ਨੇ ਉਥੇ ਵੀ 10 ਜੂਨ ਨੂੰ ਛਾਪਾ ਮਾਰਿਆ ਸੀ। ਇਸ ਬਾਰੇ ਸ਼ਰਮਾ ਨਾਲ ਸੰਪਰਕ ਕਰਨ ਦੀ ਵਾਰ-ਵਾਰ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਦਾ ਫੋਨ ਬੰਦ ਆ ਰਿਹਾ ਸੀ।

ਓਮ ਗੌਰੀ ਦੱਤ ਵਿਰੁੱਧ ਧੋਖਾਧੜੀ ਦਾ ਕੇਸ ਦਰਜ
ਦੂਰਦਰਸ਼ਨ ਕੇਂਦਰ ਜਲੰਧਰ ‘ਤੇ ਛਾਪਾ ਮਾਰਨ ਵਾਲੀ ਟੀਮ ਨੂੰ 15 ਬੈਂਕ ਖਾਤਿਆਂ ਦਾ ਪਤਾ ਲੱਗਾ ਹੈ ਤੇ ਦੋ ਬੈਂਕ ਲਾਕਰਾਂ ਦੀਆਂ ਚਾਬੀਆਂ ਮਿਲੀਆਂ ਹਨ। ਸੀਬੀਆਈ ਨੇ ਜਲੰਧਰ ਵਿਚ 6 ਥਾਵਾਂ ‘ਤੇ ਤੇ ਸ਼ਿਮਲੇ ‘ਚ 2 ਥਾਵਾਂ ‘ਤੇ ਛਾਪੇ ਮਾਰੇ ਸਨ। ਉਥੋਂ ਪ੍ਰਾਪਤ ਜਾਇਦਾਦ ਦੇ ਦਸਤਾਵੇਜ਼ਾਂ ਨੂੰ ਵੀ ਖੰਘਾਲਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਸੀ.ਬੀ.ਆਈ. ਨੇ ਦੂਰਦਰਸ਼ਨ ‘ਤੇ ਛਾਪੇਮਾਰੀ ਦੀ ਜਾਂਚ ਨੂੰ ਜਾਰੀ ਰੱਖਦਿਆਂ ਦੂਰਦਰਸ਼ਨ ਕੇਂਦਰ ਜਲੰਧਰ ਦੇ ਡਿਪਟੀ ਡਾਇਰੈਕਟਰ (ਜਨਰਲ) ਓਮ ਗੌਰੀ ਦੱਤ ਸ਼ਰਮਾ ਵਿਰੁੱਧ ਆਈਪੀਸੀ ਦੀ ਧਾਰਾ 420, 120 ਬੀ ਤੇ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ ਤਹਿਤ ਮਾਮਲਾ ਦਰਜ ਕਰ ਲਿਆ।

RELATED ARTICLES
POPULAR POSTS