ਅੰਤਰਰਾਸ਼ਟਰੀ ਨੰਗਲ ਡੈਮ ਜਲਗਾਹ ਦਾ ਵੀ ਨਹੀਂ ਹੋਇਆ ਚੌਗਿਰਦਾ ਮਿੱਤਰ ਵਿਕਾਸ
ਨੰਗਲ/ਬਿਊਰੋ ਨਿਊਜ਼ : ਭਗਵੰਤ ਮਾਨ ਦੇ ਮੁੱਖ ਮੰਤਰੀ ਬਣਦਿਆਂ ਹੀ ਇਲਾਕੇ ਦੇ ਲੋਕ ਬਾਗੋ ਬਾਗ਼ ਹੋ ਗਏ ਸਨ ਕਿਉਂਕਿ ਲੋਕਾਂ ਨੂੰ ਉਮੀਦ ਸੀ ਕਿ ਹੁਣ ਨੰਗਲ ਵੱਡੀ ਸੈਰਗਾਹ ਬਣੇਗਾ। ਮਾਨ ਦੀ ਨੀਤੀ ਤੇ ਨੀਯਤ ਵੀ ਸਾਫ ਸੀ ਕਿਉਂਕਿ ਭਾਵੇਂ ਉਹ ਸੰਗਰੂਰ ਤੋਂ ਸੰਸਦ ਮੈਂਬਰ ਸਨ ਪਰ ਉਹ ਲੋਕ ਸਭਾ ‘ਚ ਨੰਗਲ ਦੇ ਸੁਹੱਪਣ ਦੇ ਸੋਹਲੇ ਗਾਇਆ ਕਰਦੇ ਸਨ। ਜਿਵੇਂ ਹੀ ਮਾਨ 2022 ‘ਚ ਚੋਣ ਪ੍ਰਚਾਰ ਕਰਨ ਨੰਗਲ ਆਏ ਤਿਵੇਂ ਹੀ ਲੋਕਾਂ ਦੀ ਵੱਡੀ ਭੀੜ ਜਮ੍ਹਾਂ ਹੋ ਗਈ। ਲੋਕਾਂ ਨੇ ਹੱਥੀਂ ਛਾਂਵਾਂ ਕਰਨੀਆਂ ਹੀ ਸੀ ਕਿਉਂਕਿ ਮਾਨ ਨੇ ਇਹ ਐਲਾਨ ਕੀਤਾ ਸੀ ਕਿ ਸਰਕਾਰ ਬਣਨ ‘ਤੇ ਨੰਗਲ ਨੂੰ ਵੱਡੀ ਸੈਰਗਾਹ ਬਣਾਇਆ ਜਾਵੇਗਾ। ਇਲਾਕੇ ‘ਚ ਸੁਨਾਮੀ ਵਾਂਗ ਆਏ ਹਰਜੋਤ ਸਿੰਘ ਬੈਂਸ ਸੈਰ ਸਪਾਟਾ ਮੰਤਰੀ ਵੀ ਬਣ ਗਏ। ਬੈਂਸ ਨੇ ਵੀ ਸ਼ੁਰੂ ਸ਼ੁਰੂ ‘ਚ ਇਲਾਕੇ ਦੇ ਵਿਕਾਸ ਲਈ ਆਪਣੇ ਭਾਸ਼ਣਾਂ ‘ਚ ਕਈ ਵੱਡੀਆਂ ਗੱਲਾਂ ਆਖੀਆਂ। ਉਨ੍ਹਾਂ ਨੇ ਬਤੌਰ ਸੈਰ ਸਪਾਟਾ ਮੰਤਰੀ ਮਿਤੀ 6 ਅਪ੍ਰੈਲ 2022 ਨੂੰ ਬੰਦ ਪਏ ਕਦੰਬਾ ਟੂਰਿਸਟ ਬੰਗਲੋ ਦਾ ਦੌਰਾ ਕੀਤਾ। ਮੰਤਰੀ ਦੇ ਦੌਰੇ ਮਗਰੋਂ ਤੁਰੰਤ ਐਕਸ਼ਨ ਵੀ ਹੋਇਆ, ਪਰ ਛੇਤੀ ਹੀ ‘ਸਰਕਾਰੀ ਹਨੇਰਾ’ ਫੇਰ ਛਾਅ ਗਿਆ। ਕਦੰਬਾ ਟੂਰਿਸਟ ਬੰਗਲੋ ਹੁਣ ਵੀ ਦੁਰਦਸ਼ਾ ਹੰਢਾਅ ਰਿਹਾ ਹੈ, ਨਾ ਨਵੀਂ ਇਮਾਰਤ ਬਣੀ, ਨਾ ਨਵੀਨੀਕਰਨ ਹੋਇਆ।
ਪਤਾ ਲੱਗਾ ਹੈ ਕਿ ਕਿਸੇ ਤਕਨੀਕੀ ਨੁਕਤੇ ਕਾਰਨ ਕੰਮ ਰੁਕ ਗਿਆ ਹੈ। ਮਿਤੀ 9 ਅਪ੍ਰੈਲ 2022 ਨੂੰ ਹਰਜੋਤ ਸਿੰਘ ਬੈਂਸ ਨੇ ਆਪਣੇ ਸਮਰਥਕਾਂ ਤੇ ਮੀਡੀਆ ਨਾਲ ਸਤਲੁਜ ਪਾਰਕ/ਸਵੀਮਿੰਗ ਪੂਲ ਦਾ ਦੌਰਾ ਤਾਂ ਕੀਤਾ ਪਰ ਬਦਲਿਆ ਕੱਖ ਨਹੀਂ। ਲੰਘੀ 2019 ਦੇ ਅੰਤਲੇ ਦਿਨਾਂ ‘ਚ ਰਾਮਸਰ (ਈਰਾਨ) ਸੰਧੀ ਅਧੀਨ ਨੰਗਲ ਡੈਮ ਜਲਗਾਹ ਨੂੰ ਅੰਤਰਰਾਸ਼ਟਰੀ ਦਰਜਾ ਤਾਂ ਮਿਲਿਆ ਪਰ ਸਰਕਾਰ ਨੇ ਝੀਲ ਦੇ ਚੌਗਿਰਦਾ ਮਿੱਤਰ ਵਿਕਾਸ ਲਈ ਕੁੱਝ ਨਹੀਂ ਕੀਤਾ। ਨੰਗਲ ਭਾਖੜਾ ਡੈਮ ਚੱਲਦੀ ਅਨੋਖੀ ਰੇਲ ਗੱਡੀ/ਭਾਖੜਾ ਬਿਆਸ ਪ੍ਰਬੰਧ ਬੋਰਡ ਦਾ ਰੇਲ ਟਰੈਕ ਵੀ ਦਮ ਤੋੜ ਰਿਹਾ ਹੈ। ਇਸ ਮੁਫਤ ਰੇਲ ਦੀ ਨੰਗਲ ਭਾਖੜਾ ਪ੍ਰਾਜੈਕਟ ਦੇ ਨਿਰਮਾਣ ਸਮੇਂ (1948-1963) ਬੜੀ ਅਹਿਮ ਭੂਮਿਕਾ ਰਹੀ।
ਚੇਤੇ ਰਹੇ ਕਿ ਭਾਖੜਾ ਡੈਮ ਦੇ ਨਿਰਮਾਣ ਸਮੇਂ ਦੌਰਾਨ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ 13 ਵਾਰੀ ਨੰਗਲ ਆਏ ਸਨ। ਚੀਨ ਤੇ ਹਿੰਦੁਸਤਾਨ ਦੇ ਮੁਖੀਆਂ ਪੰਡਤ ਜਵਾਹਰ ਲਾਲ ਨਹਿਰੂ ਤੇ ਚਾਓ ਐਨ. ਲੀ ਨੇ ਇਤਿਹਾਸਕ ‘ਪੰਚਸ਼ੀਲ ਸਮਝੌਤਾ’ ਵੀ ਮਿਤੀ 28.4.1954 ਨੂੰ ਨੰਗਲ ਦੇ ‘ਸ਼ੀਸ਼ਾ ਘਰ’ ਵਿਚ ਕੀਤਾ ਸੀ। ਇਸ ਨੀਮ ਪਹਾੜੀ ਖ਼ਿੱਤੇ ‘ਚ ਜ਼ਮੀਨ ਏਕੜਾਂ ‘ਚ ਨਹੀਂ, ਮਰਲਿਆਂ ‘ਚ ਹੈ। ਕੋਈ ਵੱਡਾ ਉਦਯੋਗ ਵੀ ਨਹੀਂ ਹੈ। ਸੈਰਗਾਹ ਬਣਨ ਨਾਲ ਇਲਾਕੇ ਨੂੰ ਆਰਥਿਕ ਹੁਲਾਰਾ ਮਿਲ ਸਕਦਾ ਹੈ। ਨੰਗਲ ਲਈ ‘ਸਵਿਟਜ਼ਰਲੈਂਡ’ ਸ਼ਬਦ ਪਹਿਲੀ ਵਾਰੀ ਪੰਜ ਦਹਾਕੇ ਪਹਿਲਾਂ ਸਵਰਗੀ ਕਾਂਗਰਸੀ ਵਿਧਾਇਕ ਸਰਲਾ ਪਰਾਸ਼ਰ ਨੇ ਵਰਤਿਆ ਸੀ। ਹਰ ਚੋਣ ‘ਚ ਨੰਗਲ ਸੈਰਗਾਹ ਬਣਦਾ ਹੈ। ਸ਼ਹੀਦ ਭਗਤ ਸਿੰਘ ਦਾ ਹਵਾਲਾ ਹਰ ਗੱਲ ‘ਚ ਦੇਣ ਵਾਲੀ ‘ਆਪ’ ਸਰਕਾਰ ਤੋਂ ਲੋਕਾਂ ਨੂੰ ਵੱਡੀ ਉਮੀਦ ਸੀ ਪਰ ਹੋਇਆ ਕੱਖ ਨਹੀਂ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …