ਗੁਰਦੁਆਰੇ ਵਿਚਲੇ ‘ਭੇਤਭਰੇ ਬੰਦੇ’ ਬਾਰੇ ਭੇਤ ਬਰਕਰਾਰ
ਚੰਡੀਗੜ੍ਹ : ਗੁਰਦੁਆਰਾ ਬੁਰਜ ਜਵਾਹਰ ਸਿੰਘ ਵਾਲਾ ‘ਚੋਂ 1 ਜੂਨ 2015 ਨੂੰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਣ ਵਾਲੇ ਦਿਨ ਖਰਬੂਜ਼ੇ ਵੇਚਣ ਵਾਲੇ ਵਿਅਕਤੀ ਦੀ ਸ਼ਨਾਖਤ ਦੇ ਮਾਮਲੇ ਦਾ ਭੇਤ ਬਰਕਰਾਰ ਰਹਿਣ ਦੇ ਬਾਵਜੂਦ ਸੀਬੀਆਈ ਨੇ ਬੇਅਦਬੀ ਮਾਮਲਿਆਂ ਵਿੱਚ ਕਲੋਜ਼ਰ ਰਿਪੋਰਟ ਦਾਖ਼ਲ ਕਰ ਦਿੱਤੀ ਹੈ। ਜਾਂਚ ਵਿੱਚ ਇਹ ਪਤਾ ਨਹੀਂ ਲੱਗਿਆ ਕਿ ਦੁਪਹਿਰ ਵੇਲੇ ਗੁਰਦੁਆਰੇ ‘ਚੋਂ ਖਰਬੂਜ਼ੇ ਵੇਚਣ ਦਾ ਐਲਾਨ ਕਰਨ ਵਾਲਾ ਵਿਅਕਤੀ ਕੌਣ ਸੀ। ਇਸ ਦੇ ਨਾਲ ਹੀ ਬਰਗਾੜੀ ਮਾਮਲੇ ਦੇ 39 ਸ਼ੱਕੀਆਂ ਦੀ ਹੱਥਲਿਖਤ ਦੇ ਨਮੂਨਿਆਂ ਦੀ ਫੋਰੈਂਸਿਕ ਰਿਪੋਰਟ ਦਾ ਇੰਤਜ਼ਾਰ ਕੀਤੇ ਬਿਨਾ ਹੀ ਸੀਬੀਆਈ ਨੇ ਕਲੋਜ਼ਰ ਰਿਪੋਰਟ ਦਾਖਲ ਕਰ ਦਿੱਤੀ ਹੈ। ਸੀਬੀਆਈ ਨੂੰ ਸ਼ੱਕੀਆਂ ਦੀਆਂ ਹੱਥ ਲਿਖ਼ਤਾਂ ਦੇ ਨਮੂਨਿਆਂ ਦੀ ਰਿਪੋਰਟ ਹਾਸਲ ਕਰਨ ਵਿੱਚ ਦੋ ਵਰ੍ਹਿਆਂ ਤੋਂ ਵੱਧ ਦਾ ਸਮਾਂ ਲੱਗ ਗਿਆ। ਸੀਬੀਆਈ ਨੇ ਗ੍ਰਿਫ਼ਤਾਰ ਕੀਤੇ 10 ਮੁਲਜ਼ਮਾਂ ਨੂੰ ਇਹ ਕਹਿ ਕੇ ਕਲੀਨ ਚਿੱਟ ਦੇ ਦਿੱਤੀ ਸੀ ਕਿ ਉਨ੍ਹਾਂ ਦੀ ਹੱਥ ਲਿਖਤ ਅਤੇ ਫਿੰਗਰਪ੍ਰਿੰਟ ਪੋਸਟਰ ਨਾਲ ਨਹੀਂ ਮਿਲਦੇ। ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਮਾਮਲੇ ਦੇ ਦੋ ਮੁੱਖ ਗਵਾਹਾਂ ਬੁਰਜ ਜਵਾਹਰ ਸਿੰਘ ਵਾਲਾ ਦੇ ਹੈੱਡ ਗ੍ਰੰਥੀ ਗੋਰਾ ਸਿੰਘ ਅਤੇ ਉਸ ਦੀ ਪਤਨੀ ਸਵਰਨਜੀਤ ਕੌਰ ਨੇ ਖਰਬੂਜ਼ਾ ਵੇਚਣ ਵਾਲੇ ਦਾ ਜ਼ਿਕਰ ਕੀਤਾ ਸੀ।
ਕਲੋਜ਼ਰ ਰਿਪੋਰਟ ਵਿਰੁੱਧ ਸਵਾਲ ਉਠਾਉਣ ਦੇ ਸੁਖਬੀਰ ਬਾਦਲ ਕਰ ਰਿਹੈ ਡਰਾਮੇ
ਸੁਖਬੀਰ ਨੇ ਬੰਨ੍ਹਿਆ ਸੀ ਡੇਰਾ ਮੁਖੀ ਦੀ ਰਿਹਾਈ ਦਾ ਮੁੱਢ : ਸੁਖਪਾਲ ਖਹਿਰਾ
ਜਲੰਧਰ/ਬਿਊਰੋ ਨਿਊਜ਼ : ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਸਿਰਸਾ ਦੇ ਡੇਰਾ ਮੁਖੀ ਦੀ ਰਿਹਾਈ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਢ ਬੰਨ੍ਹਿਆ ਸੀ ਤੇ ਹੁਣ ਉਹ ਸੀਬੀਆਈ ਦੀ ਕਲੋਜ਼ਰ ਰਿਪੋਰਟ ਵਿਰੁੱਧ ਸਵਾਲ ਉਠਾਉਣ ਦੇ ਡਰਾਮੇ ਕਰ ਰਿਹਾ ਹੈ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦਸਤਾਵੇਜ਼ ਜਨਤਕ ਕਰਦਿਆਂ ਕਿਹਾ ਕਿ ਪੰਜਾਬ ਦੇ ਉਪ ਮੁੱਖ ਮੰਤਰੀ ਹੁੰਦਿਆਂ ਸੁਖਬੀਰ ਸਿੰਘ ਬਾਦਲ ਨੇ ਡੇਰਾ ਮੁਖੀ ਨੂੰ ਗੁਰੂ ਗੋਬਿੰਦ ਸਿੰਘ ਜੀ ਵਾਂਗ ਸਵਾਂਗ ਰਚਣ ਦੇ ਕੇਸ ਵਿੱਚੋਂ ਬਚਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਸੀ।
ਖਹਿਰਾ ਨੇ ਕਿਹਾ ਕਿ 2007 ਵਿੱਚ ਜਦੋਂ ਡੇਰਾ ਮੁਖੀ ਸਵਾਂਗ ਰਚਣ ਦੇ ਮਾਮਲੇ ਵਿੱਚ ਘਿਰ ਗਿਆ ਸੀ ਤਾਂ ਉਸ ਨੂੰ ਜਿੱਥੇ ਅਕਾਲ ਤਖਤ ਸਾਹਿਬ ਤੋਂ ਉਦੋਂ ਮੁਆਫ਼ੀ ਦੁਆਉਣ ਦਾ ਯਤਨ ਕੀਤਾ ਗਿਆ ਉਥੇ ਗ੍ਰਹਿ ਮੰਤਰੀ ਹੁੰਦਿਆਂ 2012 ਦੀਆਂ ਵਿਧਾਨ ਸਭਾ ਚੋਣਾਂ ਤੋਂ ਕੁਝ ਦਿਨ ਪਹਿਲਾਂ ਡੇਰਾ ਮੁਖੀ ਵਿਰੁੱਧ ਦਰਜ ਐਫਆਈਆਰ ਨੂੰ ਰੱਦ ਕਰਨ ਲਈ ਪੰਜਾਬ ਪੁਲਿਸ ਨੇ ਅਦਾਲਤ ਤੱਕ ਪਹੁੰਚ ਕੀਤੀ ਸੀ। ਖਹਿਰਾ ਨੇ ਸਵਾਲ ਕੀਤਾ ਕਿ 2012 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਡੇਰਾ ਮੁਖੀ ਵਿਰੁੱਧ ਦਰਜ ਐਫਆਈਆਰ ਰੱਦ ਕਰਵਾਉਣ ਲਈ ਸੁਖਬੀਰ ਸਿੰਘ ਬਾਦਲ ਦੇ ਵਿਭਾਗ ਵੱਲੋਂ ਦਿਖਾਈ ਗਈ ਤੇਜ਼ੀ ਬਾਰੇ ਸ਼੍ਰੋਮਣੀ ਕਮੇਟੀ ਕਿਉਂ ਚੁੱਪ ਹੈ। ਖਹਿਰਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਪੰਥਕ ਸਫ਼ਾਂ ਵਿੱਚ ਆਪਣੇ ਗੁਆਚੇ ਵਕਾਰ ਨੂੰ ਬਹਾਲ ਕਰਨ ਲਈ ਸੀਬੀਆਈ ਦੀ ਕਲੋਜ਼ਰ ਰਿਪੋਰਟ ਨੂੰ ਰਾਜਨੀਤਕ ਹਥਿਆਰ ਵਜੋਂ ਵਰਤਣ ਲਈ ਯਤਨ ਕਰ ਰਿਹਾ ਹੈ। ਖਹਿਰਾ ਨੇ ਆਈਜੀ ਕੁੰਵਰ ਵਿਜੈਪ੍ਰਤਾਪ ਸਿੰਘ ਵੱਲੋਂ ਕੋਟਕਪੂਰਾ ਤੇ ਬਹਿਬਲ ਕਲਾਂ ਬਾਰੇ ਪੇਸ਼ ਕੀਤੇ ਗਏ ਚਲਾਨ ਦੀ ਰਿਪੋਰਟ ਦਿਖਾਉਂਦਿਆਂ ਕਿਹਾ ਕਿ ਇਸ ਵਿੱਚ ਸਪੱਸ਼ਟ ਲਿਖਿਆ ਗਿਆ ਹੈ ਕਿ ਡੇਰਾ ਮੁਖੀ ਵਿਰੁੱਧ ਦਰਜ ਕੇਸ ਨੂੰ ਰੱਦ ਕਰਵਾਉਣ ਲਈ 2012 ਦੀਆਂ ਵਿਧਾਨ ਸਭਾ ਚੋਣਾਂ ਤੋਂ ਮਹਿਜ਼ ਪੰਜ ਦਿਨ ਪਹਿਲਾਂ ਪੰਜਾਬ ਪੁਲਿਸ ਨੇ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਸੀ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ ਜਿਹੜਾ ਚਲਾਨ ਹੁਣ ਪੇਸ਼ ਕੀਤਾ ਹੈ ਉਸ ਨੇ ਸੁਖਬੀਰ ਬਾਦਲ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।
ਉਨ੍ਹਾਂ ਇਹ ਦੋਸ਼ ਵੀ ਲਾਇਆ ਕਿ ਇਸੇ ਸਾਲ 2 ਫਰਵਰੀ ਨੂੰ ਜਦੋਂ ਜੇਲ੍ਹ ਅੰਦਰ ਡੇਰਾ ਮੁਖੀ ਕੋਲੋਂ ਬੇਅਦਬੀ ਕਾਂਡ ਬਾਰੇ ਪੁੱਛਗਿੱਛ ਕਰਨ ਲਈ ਸਿਟ ਗਈ ਸੀ ਤਾਂ ਉਸ ਨੂੰ ਜੇਲ੍ਹ ਅੰਦਰ ਨਹੀਂ ਸੀ ਜਾਣ ਦਿੱਤਾ ਗਿਆ ਜਦ ਕਿ ਟੀਮ ਕੋਲ ਅਦਾਲਤ ਦੇ ਹੁਕਮ ਵੀ ਸਨ।
ਗੁਟਕੇ ਦੇ ਅੰਗਾਂ ਦੀ ਬੇਅਦਬੀ ਕਰਨ ਦੇ ਦੋਸ਼ ਹੇਠ ਬਜ਼ੁਰਗ ਕਾਬੂ
ਮੋਗਾ/ਬਿਊਰੋ ਨਿਊਜ਼ : ਮੋਗਾ ਸ਼ਹਿਰ ਵਿਚ ਅਕਾਲਸਰ ਰੋਡ ਦੇ ਬੰਦ ਫਾਟਕ ਨੇੜਿਓਂ ਗੁਟਕਾ ਸਾਹਿਬ ਦੇ ਅੰਗ ਮਿਲਣ ‘ਤੇ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਮੌਕੇ ਇੱਕ ਵਿਅਕਤੀ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਸੈਰ ਕਰਨ ਜਾ ਰਿਹਾ ਸੀ । ਜਦੋਂ ਉਹ ਗਲੀ ਵਿੱਚੋ ਲੰਘਿਆ ਤਾਂ ਉਸ ਨੇ ਸੜਕ ‘ਤੇ ਗੁਟਕਾ ਸਾਹਿਬ ਦੇ ਅੰਗ ਖਿੱਲਰੇ ਦੇਖੇ। ਮਗਰੋਂ ਸਤਿਕਾਰ ਕਮੇਟੀ ਆਗੂ ਮਨਜਿੰਦਰ ਸਿੰਘ ਉਰਫ਼ ਰਾਜਾ ਖੁਖਰਾਣਾ, ਅਰਸ਼ਦੀਪ ਸਿੰਘ, ਭਾਈ ਜਸਵਿੰਦਰ ਸਿੰਘ ਘੋਲੀਆ ਪਹੁੰਚੇ। ਇਸ ਦੌਰਾਨ ਸੀਸੀਟੀਵੀ ਕੈਮਰੇ ਵਿਚ ਗੁਟਕਾ ਸਾਹਿਬ ਦੇ ਅੰਗਾਂ ਦੀ ਬੇਅਦਬੀ ਕਰਨ ਵਾਲੇ ਦੀ ਪਛਾਣ ਹੋ ਗਈ। ਪੁਲਿਸ ਨੇ ਮੁਲਜ਼ਮ ਬਜ਼ੁਰਗ ਨੂੰ ਉਸ ਦੇ ਘਰ ਤੋਂ ਕਾਬੂ ਕਰ ਲਿਆ। ਸਿੱਖ ਜਥੇਬੰਦੀ ਆਗੂ ਅਰਸ਼ਦੀਪ ਸਿੰਘ ਨੇ ਦੱਸਿਆ ਕਿ ਪੜਤਾਲ ਦੌਰਾਨ ਪਤਾ ਲੱਗਾ ਕਿ ਪਰਿਵਾਰ ਪਹਿਲਾਂ ਡੇਰੇ ਨਾਲ ਜੁੜਿਆ ਹੋਇਆ ਸੀ ਤੇ ਹੁਣ ਕਾਫ਼ੀ ਅਰਸੇ ਤੋਂ ਗੁਰਦੁਆਰੇ ਜਾਂਦਾ ਹੈ।