ਪ੍ਰੋ. ਬਡੂੰਗਰ ਦਾ ਖਾਲਿਸਤਾਨ ਬਾਰੇ ਆਇਆ ਸੀ ਬਿਆਨ
ਚੰਡੀਗੜ੍ਹ/ਬਿਊਰੋ ਨਿਊਜ਼
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ.ਕਿਰਪਾਲ ਸਿੰਘ ਬਡੂੰਗਰ ਖ਼ਾਲਿਸਤਾਨ ਦੀ ਮੰਗ ਦੇ ਪੱਖ ਵਿੱਚ ਦਿੱਤੇ ਬਿਆਨ ਤੋਂ ਪਲਟ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮੀਡੀਆ ਨੇ ਉਸ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਹੈ।
ਪਟਿਆਲਾ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਡੂੰਗਰ ਨੇ ਕਿਹਾ ਕਿ ਉਸ ਨੇ ਤਾਂ ਸਿੱਖਾਂ ਨਾਲ ਸਮੇਂ ਦੀਆਂ ਸਰਕਾਰਾਂ ਵੱਲੋਂ ਕੀਤੇ ਜਾਂਦੇ ਵਿਤਕਰੇ ਬਾਰੇ ਚਰਚਾ ਕੀਤੀ ਸੀ। ਸਦੀਆਂ ਤੋਂ ਸਿੱਖ ਕੌਮ ਦੇ ਹੱਕਾਂ ਨੂੰ ਹੁੰਗਾਰਾ ਨਹੀਂ ਦਿੱਤਾ ਜਾ ਰਿਹਾ। ਜਿਸ ਕਾਰਨ ਸਿੱਖ ਕੌਮ ਨੇ ਖ਼ਾਲਿਸਤਾਨ ਦੀ ਮੰਗ ਉਠਾਈ ਸੀ। ਇਸ ਮੰਗ ਨੂੰ ਦੇਸ਼ ਦੀ ਸਰਵ-ਉਚ ਅਦਾਲਤ ਨੇ ਵੀ ਗ਼ੈਰ-ਕਾਨੂੰਨੀ ਨਹੀਂ ਕਿਹਾ। ਪਰ ਮੀਡੀਆ ਨੇ ਇਸ ਬਿਆਨ ਨੂੰ ਇਸ ਤਰ੍ਹਾਂ ਪੇਸ਼ ਕਰ ਦਿੱਤਾ ਕਿ ਉਸਨੇ ਖਾਲਿਸਤਾਨ ਦੀ ਮੰਗ ਉਠਾਈ ਹੈ। ਬਡੂੰਗਰ ਦਾ ਕਹਿਣਾ ਹੈ ਕਿ ਸਿੱਖ ਕੌਮ ਨੇ ਇਸ ਭਾਰਤ ਦੀ ਸੱਭਿਅਤਾ, ਧਰਮ ਅਤੇ ਵਿਰਸੇ ਨੂੰ ਬਚਾਉਣ ਲਈ 80 ਫ਼ੀਸਦੀ ਕੁਰਬਾਨੀਆਂ ਕੀਤੀਆਂ ਸਨ। ਕਿਸੇ ਨੂੰ ਵੀ ਸਿੱਖਾਂ ਦੀ ਦੇਸ਼ ਭਗਤੀ ‘ਤੇ ਸ਼ੱਕ ਨਹੀ ਕਰਨਾ ਚਾਹੀਦਾ।