Breaking News
Home / ਪੰਜਾਬ / ਭਗਵੰਤ ਮਾਨ ਨੇ ਸ਼ੋਸ਼ਲ ਮੀਡੀਆ ਰਾਹੀਂ ਨੌਜਵਾਨਾਂ ਨਾਲ ਸਾਂਝੀ ਕੀਤੀ ਆਪਣੀ ਗੱਲ

ਭਗਵੰਤ ਮਾਨ ਨੇ ਸ਼ੋਸ਼ਲ ਮੀਡੀਆ ਰਾਹੀਂ ਨੌਜਵਾਨਾਂ ਨਾਲ ਸਾਂਝੀ ਕੀਤੀ ਆਪਣੀ ਗੱਲ

ਕਿਹਾ : ਨੌਜਵਾਨ ਆਪਣਾ ਰੋਲ ਮਾਡਲ ਆਪ ਬਣਨ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਨੌਜਵਾਨਾਂ ਨਾਲ ਗੱਲਬਾਤ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਨੌਜਵਾਨ ਆਪਣੇ ਰੋਲ ਮਾਡਲ ਖੁਦ ਆਪ ਬਣਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨ ਬਹੁਤ ਹੀ ਕਾਬਲ ਹਨ, ਸਾਡੇ ਪੰਜਾਬੀ ਨੌਜਵਾਨਾਂ ਨੇ ਵਿਦੇਸ਼ਾਂ ਵਿਚ ਜਾ ਕੇ ਸਖਤ ਮਿਹਨਤ ਕੀਤੀ ਹੈ। ਜਿਸਦੀ ਬਦੌਲਤ ਅੱਜ ਉਹ ਵਿਦੇਸ਼ਾਂ ਵਿਚ ਉਥੋਂ ਦੇ ਮੂਲ ਨਿਵਾਸੀਆਂ ਨਾਲੋਂ ਵੀ ਅੱਗੇ ਲੰਘ ਗਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਵਿਦੇਸ਼ ਵਿਚ ਜਾ ਕੇ ਸਾਡੇ ਨੌਜਵਾਨ ਕੰਮ ਕਰਦੇ ਹਨ ਅਤੇ ਉਥੇ ਵਰਕ ਕਲਚਰ ਹੈ। ਭਗਵੰਤ ਮਾਨ ਹੋਰਾਂ ਕਿਹਾ ਕਿ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕਰਦਾ ਹਾਂ ਕਿ ਪੜ੍ਹਾਈ ਕਰੋ ਅਤੇ ਹਾਈ ਪ੍ਰੋਫਾਈਲ ਨੌਕਰੀਆਂ ਲਈ ਅਪਲਾਈ ਕਰੋ। ਉਨ੍ਹਾਂ ਕਿਹਾ ਕਿ ਹੁਣ ਜ਼ਮਾਨਾ ਟੈਕਨੀਕਲ ਐਜੂਕੇਸ਼ਨ ਦਾ ਹੈ ਅਤੇ ਸਾਨੂੰ ਉਚੇ ਅਹੁਦਿਆਂ ‘ਤੇ ਪਹੁੰਚ ਕੇ ਫੈਸਲੇ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਟੂਡੈਂਟਸ ਨੂੰ ਵੀ ਸਹੂਲਤਾ ਦੇਵੇਗੀ। ਮਾਨ ਨੇ ਕਿਹਾ ਕਿ ਨੌਜਵਾਨ ਆਪਣਾ ਬਿਜ਼ਨਸ ਕਰਨ, ਭਾਵੇਂ ਉਹ ਬਿਜਨਸ ਛੋਟਾ ਹੀ ਕਿਉਂ ਨਾ ਹੋਵੇ, ਇਸ ਲਈ ਪੰਜਾਬ ਸਰਕਾਰ ਸੂਬੇ ਦੇ ਨੌਜਵਾਨਾਂ ਦਾ ਪੂਰਾ ਸਾਥ ਦੇਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦਾ ਕੋਈ ਵੀ ਨੌਜਵਾਨ ਇਸ ਕਰਕੇ ਪਿੱਛੇ ਨਹੀਂ ਰਹੇਗਾ ਜਿਸਦਾ ਇਲਾਕਾ ਪੱਛੜਿਆ ਹੈ। ਸਗੋਂ ਸਰਕਾਰ ਹਰ ਇਕ ਇਲਾਕੇ ਨੂੰ ਵਿਕਸਤ ਕਰਨ ਦੀ ਪੂਰੀ ਕੋਸ਼ਿਸ਼ ਕਰੇਗੀ। ਉਨ੍ਹਾਂ ਨੇ ਇਕ ਮਹੀਨੇ ‘ਚ ਦੋ ਵਾਰ ਨੌਜਵਾਨ ਸਭਾਵਾਂ ਕਰਨ ਦਾ ਵੀ ਐਲਾਨ ਕੀਤਾ। ਜਿਸ ‘ਚ ਨੌਜਵਾਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਕੀਤਾ ਜਾਵੇਗਾ।

 

Check Also

ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਜਥਾ ਨਹੀਂ ਭੇਜੇਗੀ ਸ਼੍ਰੋਮਣੀ ਕਮੇਟੀ

ਐਸਜੀਪੀਸੀ ਦੇ ਸਕੱਤਰ ਵਲੋਂ ਦਿੱਤੀ ਗਈ ਜਾਣਕਾਰੀ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 29 ਜੂਨ ਨੂੰ ਮਨਾਈ ਜਾ ਰਹੀ ਬਰਸੀ ਮੌਕੇ ਪਾਕਿਸਤਾਨ ਵਿਖੇ ਹੋਣ ਵਾਲੇ ਸਮਾਗਮਾਂ ਵਿਚ ਸ਼ਮੂਲੀਅਤ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸ਼ਰਧਾਲੂਆਂ ਦਾ ਜਥਾ ਲਹਿੰਦੇ ਪੰਜਾਬ ਨਹੀਂ ਭੇਜਿਆ ਜਾਵੇਗਾ। ਇਹ ਜਾਣਕਾਰੀ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਸਿੱਖ ਸ਼ਰਧਾਲੂਆਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਜਾਣ ਲਈ ਆਪਣੇ ਪਾਸਪੋਰਟ ਸ਼੍ਰੋਮਣੀ ਕਮੇਟੀ ਦਫ਼ਤਰ ਦੇ ਯਾਤਰਾ ਵਿਭਾਗ ਵਿਖੇ ਜਮ੍ਹਾਂ ਕਰਵਾਏ ਸਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਹਰ ਸਾਲ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਪਾਕਿਸਤਾਨ ਵਿਖੇ ਸਿੱਖ ਸ਼ਰਧਾਲੂਆਂ ਦਾ ਜਥਾ ਭੇਜਿਆ ਜਾਂਦਾ ਹੈ, ਪ੍ਰੰਤੂ ਇਸ ਵਾਰ ਦੋਹਾਂ ਦੇਸ਼ਾਂ ਵਿਚ ਬਣੇ ਤਨਾਅ ਵਾਲੇ ਮਾਹੌਲ ਅਤੇ ਭਾਰਤ ਸਰਕਾਰ ਵੱਲੋਂ ਯਾਤਰਾ ਸਬੰਧੀ ਲਾਈਆਂ ਪਾਬੰਦੀਆਂ ਤੇ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਸ਼੍ਰੋਮਣੀ ਕਮੇਟੀ ਨੇ ਇਸ ਵਾਰ ਇਹ ਜਥਾ ਨਾ ਭੇਜਣ ਦਾ ਫੈਸਲਾ ਲਿਆ ਹੈ।