ਪ੍ਰਦੂਸ਼ਿਤ ਨਦੀਆਂ ਨੂੰ ਸਸਤੇ ਤੇ ਟਿਕਾਊ ਮਾਡਲ ਨਾਲ ਹੀ ਸਾਫ਼ ਰੱਖਿਆ ਜਾ ਸਕਦਾ
ਜਲੰਧਰ/ਬਿਊਰੋ ਨਿਊਜ਼
ਗੰਗਾ ਦੇ ਨਿਰੰਤਰ ਵਹਾਅ ਲਈ ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਤਿੰਨ ਦੇਸ਼ਾਂ ਦੀ ਹੋਈ ਕੌਮਾਂਤਰੀ ਕਾਨਫਰੰਸ ਵਿੱਚ ਸੀਚੇਵਾਲ ਮਾਡਲ ਦੀ ਚਰਚਾ ਹੋਈ। ਨੇਪਾਲ, ਭਾਰਤ, ਬੰਗਲਾ ਦੇਸ਼ ਦੇ ਵਾਤਾਵਰਨ ਮਾਹਿਰਾਂ ਦੀ ਦੋ ਦਿਨ ਚੱਲੀ ਇਸ ਕਾਨਫਰੰਸ ਵਿੱਚ ਗੰਗਾ ਨੂੰ ਥਾਂ-ਥਾਂ ‘ਤੇ ਡੈਮ ਲਾ ਕੇ ਰੋਕਣ ਨਾਲ ਇਸ ਦੀ ਹੋਂਦ ‘ਤੇ ਮੰਡਰਾ ਰਹੇ ਖ਼ਤਰੇ ਉਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ। ਭਾਰਤ ਦੀ ਇਸ ਕੌਮੀ ਨਦੀ ਨੂੰ ਬਚਾਈ ਰੱਖਣ ਲਈ ਇਸ ਦੇ ਵਹਾਅ ਨੂੰ ਨਿਰੰਤਰ ਜਾਰੀ ਰੱਖਣ ਤੇ ਇਸ ਦੇ ਪ੍ਰਦੂਸ਼ਣ ਨੂੰ ਸਮਾਪਤ ਕਰਨ ਦਾ ਅਹਿਦ ਕੀਤਾ ਗਿਆ।ਇਸ ਕੌਮਾਂਤਰੀ ਕਾਨਫਰੰਸ ਵਿਚ ਹਿੱਸਾ ਲੈ ਕੇ ਪਰਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਏਸ਼ੀਆ ਦੀਆਂ ਸਾਰੀਆਂ ਪ੍ਰਦੂਸ਼ਿਤ ਨਦੀਆਂ ਨੂੰ ਉਨ੍ਹਾਂ ਵੱਲੋਂ ਸਥਾਪਿਤ ਕੀਤੇ ਗਏ ਸਰਲ, ਸਸਤੇ ਤੇ ਟਿਕਾਊ ਮਾਡਲ ਨਾਲ ਹੀ ਸਾਫ਼-ਸੁਥਰਾ ਰੱਖਿਆ ਜਾ ਸਕਦਾ ਹੈ ਤੇ ਇਸ ਨਾਲ ਧਰਤੀ ਹੇਠਲੇ ਪਾਣੀ ਦਾ ਬਚਾਅ ਵੀ ਕੀਤਾ ਜਾ ਸਕਦਾ ਹੈ। ਇਸ ਕਾਨਫਰੰਸ ਵਿੱਚ ਗੰਗਾ ਦੇ ਵਹਾਅ ਨੂੰ ਬਿਨਾਂ ਕਿਸੇ ਅੜਿੱਕੇ ਤੋਂ ਜਾਰੀ ਰੱਖਣ ਲਈ ਸੱਤਿਆਗ੍ਰਹਿ ਸ਼ੁਰੂ ਕਰਨ ਦਾ ਸੱਦਾ ਦਿੱਤਾ ਗਿਆ। ਇਸ ਕਾਨਫਰੰਸ ਵਿੱਚ ਸ਼ਾਮਲ ਹੋਏ ਮੈਗਾਸਾਸੇ ਐਵਾਰਡੀ ਰਜਿੰਦਰ ਸਿੰਘ ਨੇ ਦੱਸਿਆ ਕਿ ਜਿਸ ਢੰਗ ਨਾਲ ਦੇਸ਼ ਦੇ ਦਰਿਆ ਤੇ ਖ਼ਾਸ ਕਰਕੇ ਗੰਗਾ ਪਲੀਤ ਹੋ ਰਹੀ ਹੈ ਅਤੇ ਇਸ ਦੇ ਵਹਾਅ ਨੂੰ ਰੋਕਿਆ ਜਾ ਰਿਹਾ ਹੈ, ਉਸ ‘ਤੇ ਕੌਮੀ ਬਹਿਸ ਹੋਣੀ ਚਾਹੀਦੀ ਹੈ। ਜਲ ਪੁਰਸ਼ ਦੇ ਨਾਂ ਨਾਲ ਜਾਣੇ ਜਾਂਦੇ ਰਜਿੰਦਰ ਸਿੰਘ ਨੇ ਕਿਹਾ ਕਿ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਜਿਸ ਢੰਗ ਨਾਲ ਲੋਕਾਂ ਨੂੰ ਨਾਲ ਲੈ ਕੇ ਕਾਲੀ ਵੇਈਂ ਨੂੰ ਮੁੜ ਨਿਰਮਲ ਕੀਤਾ ਹੈ, ਉਸੇ ਢੰਗ ਨਾਲ ਦੇਸ਼ ਦੀਆਂ ਹੋਰ ਨਦੀਆਂ ਤੇ ਦਰਿਆਵਾਂ ਨੂੰ ਸਾਫ਼ ਰੱਖਣ ਦੀ ਲੋੜ ਹੈ।
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇ ਬਿਹਾਰ ਦੇ ਪਿੰਡਾਂ ਤੇ ਸ਼ਹਿਰਾਂ ਦੇ ਗੰਦੇ ਪਾਣੀਆਂ ਨੂੰ ਸੋਧ ਕੇ ਖੇਤੀ ਲਈ ਵਰਤਿਆ ਜਾਵੇ ਤਾਂ ਬਿਹਾਰ ਵਿੱਚ ਪਾਣੀ ਦੀ ਕਮੀ ਨਹੀਂ ਰਹਿ ਸਕਦੀ। ਉਨ੍ਹਾਂ ਕਿਹਾ ਕਿ ਪਟਨਾ ਵਿੱਚ ਲੋਕ ਲਹਿਰ ਪੈਦਾ ਕਰ ਕੇ ਹੀ ਗੰਗਾ ਦੇ ਵਹਾਅ ਨੂੰ ਬਚਾਇਆ ਜਾ ਸਕਦਾ ਹੈ।
ਇਸ ਕਾਨਫਰੰਸ ਦਾ ਉਦਘਾਟਨ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕੀਤਾ ਸੀ ਤੇ ਉਨ੍ਹਾਂ ਨੇ ਮਾਹਿਰਾਂ ਨੂੰ ਗੰਗਾ ਦਾ ਵਹਾਅ ਦਿਖਾਉਣ ਲਈ ਹਵਾਈ ਸਰਵੇ ਵੀ ਕਰਵਾਇਆ ਸੀ। ਇਸ ਕਾਨਫਰੰਸ ਵਿਚ ਸੀਚੇਵਾਲ ਮਾਡਲ ‘ਤੇ ਬਣਾਈ ਗਈ ਦਸਤਾਵੇਜ਼ੀ ਫਿਲਮ ਵੀ ਦਿਖਾਈ ਗਈ।
Check Also
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸੁਖਬੀਰ ਸਿੰਘ ਬਾਦਲ ਨੇ ਮੁੜ ਕੀਤੀ ਅਪੀਲ
ਤਨਖਾਹੀਆ ਕਰਾਰ ਦਿੱਤੇ ਗਏ ਸੁਖਬੀਰ ਨੇ ਕਿਹਾ-ਜਲਦੀ ਕਰੋ ਫੈਸਲਾ ਚੰਡੀਗੜ੍ਹ/ਬਿਊਰੋ ਨਿਊਜ਼ ਸ੍ਰੀ ਅਕਾਲ ਤਖਤ ਸਾਹਿਬ …