-1.4 C
Toronto
Thursday, January 22, 2026
spot_img
Homeਪੰਜਾਬ'ਆਪ' ਵਿਧਾਇਕ ਖਿਲਾਫ ਨਸ਼ਾ ਤਸਕਰੀ ਦੇ ਆਰੋਪਾਂ ਬਾਰੇ ਸਪੱਸ਼ਟੀਕਰਨ ਦੇਵੇ ਸਰਕਾਰ :...

‘ਆਪ’ ਵਿਧਾਇਕ ਖਿਲਾਫ ਨਸ਼ਾ ਤਸਕਰੀ ਦੇ ਆਰੋਪਾਂ ਬਾਰੇ ਸਪੱਸ਼ਟੀਕਰਨ ਦੇਵੇ ਸਰਕਾਰ : ਸੁਨੀਲ ਜਾਖੜ

ਕਿਹਾ : ਪੰਜਾਬ ਸਰਕਾਰ ‘ਤੇ ਵੀ ਚੁੱਕੇ ਸਵਾਲ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਰੋਪ ਲਾਇਆ ਹੈ ਕਿ ਸੂਬੇ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਲੀਹੋਂ ਲੱਥ ਚੁੱਕੀ ਹੈ ਤੇ ਦਿਨ-ਦਿਹਾੜੇ ਅਪਰਾਧਿਕ ਘਟਨਾਵਾਂ ਵਾਪਰ ਰਹੀਆਂ ਹਨ।
ਜਾਖੜ ਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਚੰਡੀਗੜ੍ਹ ਵਿਚ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਇਸ ਮੌਕੇ ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ‘ਆਪ’ ਵਿਧਾਇਕ ਸਵਰਨ ਸਿੰਘ ਧੂੰਨ ਦੇ ਪਰਿਵਾਰਕ ਮੈਂਬਰ ਦਾ ਨਾਂ ਨਸ਼ਾ ਤਸਕਰੀ ਵਿੱਚ ਆਉਣ ਦੇ ਮੁੱਦੇ ‘ਤੇ ਸਥਿਤੀ ਸਪੱਸ਼ਟ ਕਰਨ।
ਜਾਖੜ ਨੇ ਕਿਹਾ ਕਿ ਵਿਧਾਇਕ ਸਵਰਨ ਸਿੰਘ ਧੂੰਨ ਖਿਲਾਫ ਸਾਲ 2002 ਵਿੱਚ ਹਰੀਕੇ ਥਾਣੇ ‘ਚ ਤਸਕਰੀ ਦੇ ਆਰੋਪ ਹੇਠ ਕੇਸ ਦਰਜ ਹੋਇਆ ਸੀ। ਉਨ੍ਹਾਂ ਇਸ ਸਬੰਧੀ ਐੱਫਆਈਆਰ ਦੀ ਕਾਪੀ ਵੀ ਜਨਤਕ ਕੀਤੀ। ਉਨ੍ਹਾਂ ਆਰੋਪ ਲਾਇਆ ਕਿ ਹੁਣ ਵਿਧਾਇਕ ਕਿਲੋ ਹੈਰੋਇਨ ਨਾਲ ਫੜੇ ਗਏ ਆਪਣੇ ਰਿਸ਼ਤੇਦਾਰ ਨਾਲ ਸਬੰਧਾਂ ਤੋਂ ਇਨਕਾਰੀ ਹੋ ਰਹੇ ਹਨ। ਇਸ ਮੌਕੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ‘ਆਪ’ ਸਰਕਾਰ ਸੂਬੇ ਲਈ ਖ਼ੁਦ ਕੁੱਝ ਕਰਨ ਦੀ ਥਾਂ ਦੂਜੀਆਂ ਸਰਕਾਰਾਂ ਵੱਲੋਂ ਕੀਤੇ ਕੰਮਾਂ ਦਾ ਸਿਹਰਾ ਆਪਣੇ ਸਿਰ ਬੰਨ੍ਹਣ ‘ਤੇ ਲੱਗੀ ਹੋਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਵੱਲੋਂ ਹੁਸ਼ਿਆਰਪੁਰ ਤੇ ਕਪੂਰਥਲਾ ਦੇ ਮੈਡੀਕਲ ਕਾਲਜਾਂ ਲਈ 60-40 ਦੇ ਅਨੁਪਾਤ ਅਨੁਸਾਰ ਪੰਜਾਬ ਨੂੰ 467 ਕਰੋੜ ਰੁਪਏ ਜਾਰੀ ਕੀਤੇ ਹੋਏ ਹਨ, ਪਰ ਸੂਬਾ ਸਰਕਾਰ ਨੇ ਇਹ ਪ੍ਰਾਜੈਕਟ ਮੁਕੰਮਲ ਕਰਨ ਵਿੱਚ ਕੋਈ ਦਿਲਸਚਪੀ ਨਹੀਂ ਦਿਖਾਈ। ਉਨ੍ਹਾਂ ਕਿਹਾ ਕਿ 1563 ਕਰੋੜ ਰੁਪਏ ਨਾਲ ਫਗਵਾੜਾ-ਮੁਕੇਰੀਆਂ ਸੜਕ ਨੂੰ ਚਹੁੰ-ਮਾਰਗੀ ਕਰਨ ਦਾ ਪ੍ਰਾਜੈਕਟ ਪ੍ਰਵਾਨ ਹੋਇਆ ਹੈ।
ਇਸੇ ਤਰ੍ਹਾਂ 411 ਕਰੋੜ ਰੁਪਏ ਨਾਲ ਫਗਵਾੜਾ ਵਿੱਚ ਅੰਡਰਪਾਸ ਬਣਨਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਜਿਸ ਗੁਰੂ ਰਵਿਦਾਸ ਆਡੀਟੋਰੀਅਮ ਦਾ ਸਿਹਰਾ ਆਪਣੇ ਸਿਰ ਲੈ ਰਹੀ ਹੈ, ਉਹ ਤਾਂ ਪਹਿਲਾਂ ਹੀ ਪਿਛਲੀ ਅਕਾਲੀ-ਭਾਜਪਾ ਤੇ ਕਾਂਗਰਸ ਦੀਆਂ ਸਰਕਾਰਾਂ ਵੇਲੇ ਦਾ ਬਣਿਆ ਹੋਇਆ ਹੈ।

 

RELATED ARTICLES
POPULAR POSTS